ਮੂਰਖਤਾ ਦੀ ਦੌੜ - ਅਵਤਾਰ ਸਿੰਘ ਸੌਜਾ

ਕਹਿੰਦੇ ਹਨ ਕਿ ਜਿੰਦਗੀ ਇੱਕ ਦੌੜ ਹੈ ਜਿਸ ਵਿੱਚ ਇਨਸਾਨ ਹਰ ਰੋਜ ਆਪਣੀਆਂ ਲੋੜਾਂ 'ਤੇ ਇਛਾਵਾਂ ਨਾਲ ਦੌੜ ਲਗਾਉਂਦਾ ਹੈ।ਕਈ ਵਾਰ ਜਿੱਤਦਾ ਹੈ ,ਕਈ ਵਾਰ ਨਿਰਾਸਾ ਪੱਲੇ ਪੈਂਦੀ ਹੈ।ਇਹ ਦੌੜ ਵੀ ਜਿੰਦਗੀ ਦੇ ਪੜਾਵਾਂ ਵਾਂਗ ਵੱਖੋ ਵੱਖਰੀ ਹੈ,ਪੈਸੇ ਦੀ ਦੌੜ ,ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ,ਸੌਹਰਤ ਪ੍ਰਾਪਤੀ ਦੀ ਦੌੜ ਵਗੈਰਾ ૶ਵਗੈਰਾ।ਵੈਸੇ ਲੋੜ ਇਸ ਕੋਸ਼ਿਸ਼ ਦੀ ਹੈ ਕਿ ਇਸ ਦੌੜ ਤੋਂ ਪਰੇ ਆਪਣੇ ਖੁਦ ਨਾਲ ਹੀ ਮੁਕਾਬਲਾ ਕੀਤਾ ਜਾਵੇ ਕਿ ਕੱਲ੍ਹ ਮੇਰੇ ਵਿੱਚ ਕੀ ਕਮੀ ਰਹਿ ਗਈ ,ਅੱਜ ਮੈਂ ਉਸਨੂੰ ਸੁਧਾਰ ਪਾਇਆ ਹਾਂ ਜਾਂ ਨਹੀਂ ,ਬੀਤੀ ਕੱਲ੍ਹ ਨਾਲੋਂ ਮੈਂ ਅੱਜ ਕਿੰਨਾ ਬੇਹਤਰ ਕਰ ਪਾਇਆ ਹਾਂ।ਪਰ ਰੋਜਾਨਾ ਜਿੰਦਗੀ ਵਿੱਚ ਵਿਚਰਦੇ ਹੋਏ ਕਈ ਵਾਰ ਨਾ ਚਾਹੁੰਦੇ ਹੋਏ ਵੀ ਇਨਸਾਨ ਇਸ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ।
      ਜਤਿੰਦਰ ਰੋਜਾਨਾ ਵਾਂਗ ਕੰਮ ਤੇ ਜਾਂਦੇ ਹੋਏ ਆਪਣੇ ਮੋਟਰਸਾਈਕਲ ਤੇ ਜਦੋਂ ਪਿੰਡਾਂ ਵਿੱਚੋਂ ਲੰਘਦਾ ਹੋਇਆ ਮੇਨ ਰੋਡ 'ਤੇ ਜਾ ਰਿਹਾ ਸੀ ਤਾਂ ਅੱਗੇ ਫੌਜੀ ਜਾਵਾਨਾਂ ਦੇ ਟਰੱਕ ਜਾ ਰਹੇ ਸੀ। ਥੌੜੀ ਦੇਰ ਬਾਅਦ ਚਲਦੇ ਚਲਦੇ ਉਹਨਾਂ ਟਰੱਕਾਂ ਸਿਗਨਲ ਦੇ ਕੇ ਸੜਕ ਦੇ ਖੱਬੇ ਪਾਸੇ ਸੜਕ ਕਿਨਾਰੇ ਰੁਕਣਾ ਸ਼ੁਰੂ ਕਰ ਦਿੱਤਾ। ਕਿਉਂਕਿ ਜਤਿੰਦਰ ਉਹਨਾਂ ਟਰੱਕਾਂ ਦੇ ਬਿਲਕੁੱਲ ਪਿੱਛੇ ਚਲ ਰਿਹਾ ਸੀ ,ਉਸਨੂੰ ਟਰੱਕਾਂ ਨੂੰ ਓਵਰਟੇਕ ਕਰਕੇ ਅੱਗੇ ਲੰਗਣਾ ਪੈਣਾ ਸੀ ਜਿਵੇਂ ਹੀ ਉਹ ਟਰੱਕਾਂ ਦੇ ਰੁਕੇ ਕਾਫਲੇ ਦੇ ਕੋਲੋਂ ਦੀ ਉਹਨਾਂ ਨੂੰ ਪਾਰ ਕਰਦਾ ਅੱਧ ਵਿਚਕਾਰ ਪਹੁੰਚਿਆਂ ,ਪਿੱਛੋਂ ਆ ਰਹੀ ਬਸ ਦਾ ਡ੍ਰਾਇਵਰ ਸਾਈਡ ਦੇਣ ਲਈ ਹੌਰਨ ਤੇ ਹੌਰਨ ਵਜਾਉਣ ਲੱਗਾ।ਲੰਘਣ ਲਈ ਰਸਤਾ ਪੂਰਾ ਪੂਰਾ ਸੀ ਕਿਉਂਕਿ ਇੱਕ ਪਾਸੇ ਟਰੱਕਾਂ ਦਾ ਕਾਫਲਾ ਸੀ ਤੇ ਦੂਜੇ ਪਾਸੇ ਸੜਕ ਡਿਵਾਇਡਰ।ਜਤਿੰਦਰ ਨੇ ਰਸਤਾ ਨਾ ਹੋਣ ਕਾਰਣ ਉਪਰ ਹੱਥ ਕਰਕੇ ਸਾਈਡ ਲਈ ਉਡੀਕ ਕਰਣ ਦਾ ਇਸ਼ਾਰਾ ਕੀਤਾ ਪਰ ਬਸ ਡ੍ਰਾਇਵਰ ਜਿਆਦਾ ਹੀ ਕਾਹਲੀ ਵਿੱਚ ਸੀ,ਉਹ ਲਗਾਤਾਰ ਹੌਰਨ ਵਜਾ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਮੈਂ ਉਡੀਕ ਨੀ ਕਰ ਸਕਦਾ ।ਆਖਰ ਕੁੱਝ ਸਕਿੰਟਾਂ ਬਾਅਦ ਟਰੱਕਾਂ ਦਾ ਕਾਫਲਾ ਸਮਾਪਤ ਹੋ ਗਿਆ ਤੇ ਜਤਿੰਦਰ ਨੇ ਆਪਣਾ ਮੋਟਰਸਾਈਕਲ ਸਾਈਡ ਕੀਤਾ ਤੇ ਬਸ ਨੂੰ ਲੰਘਣ ਲਈ ਰਸਤਾ ਮਿਲ ਗਿਆ। ਪਰ ਬਸ ਵਾਲੇ ਨੇ ਬਸ ਹੌਲੀ ਕਰਕੇ ਜਤਿੰਦਰ ਕੇ ਕੋਲ ਲੈ ਆਂਦੀ ਅਤੇ ਖਿੜਕੀ ਚੋਂ ਕੰਡਕਟਰ ਬਾਹਰ ਮੂੰਹ ਕੱਢ ਬੋਲਣ ਲੱਗਾ,'ਬੁਲੇਟ ਈ ਆ ਉਏ..ਜਹਾਜ ਤਾਂ ਨੀ! ਭੇਜ ਦਿੰਦੇ ਆਂ ਘਰ ਦੇ ਵਿਹਲੜਾ ਨੂੰ ਲੈ ਕੇ ਅਵਾਰਾ ਗਰਦੀਆਂ ਲਈ!'' ਉਸਦੀ ਗੱਲ ਸੁਣ ਜਤਿੰਦਰ ਨੂੰ ਬੁਰਾ ਲੱਗਾ ਕਿ ਪਹਿਲੀ ਗੱਲ ਉਹ ਆਪਣੇ ਕਿੱਤੇ ਤੇ ਜਾ ਰਿਹਾ ਹੈ ਅਵਾਰਾ ਗਰਦੀ ਲਈ ਨਹੀਂ ਜਿਸ ਲਈ ਉਸਨੇ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਉਸੇ ਮਿਹਨਤ ਦੀ ਕਮਾਈ ਨਾਲ ਉਸਨੇ ਆਪਣਾ ਮੋਟਰਸਾਈਕਲ ਖਰੀਦਿਆ ਹੈ।ਬਾਕੀ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਰਿਹਾ ਸੀ।ਜਤਿੰਦਰ ਕੁੱਝ ਨਾ ਬੋਲਿਆ ਅਤੇ ਉਸਨੇ ਹੱਥ ਨਾਲ ਹੀ ਕੰਡਕਟਰ ਨੂੰ ਅੱਗੇ ਜਾਣ ਦਾ ਇਸ਼ਾਰਾ ਕੀਤਾ। ਖਿੜਕੀ ਚੋਂ ਬਸ ਦਾ ਡ੍ਰਾਈਵਰ ਵੀ ਇੰਜਣ ਤੇ ਬੈਠੇ ਬੰਦੇ ਨਾਲ ਉਸ ਵੱਲ ਦੇਖ ਬੁੜਬੁੜਾਉਂਦਾ ਨਜਰ ਆ ਰਿਹਾ ਸੀ ਤੇ ਕੰਡਕਟਰ ਨੇ ੳਸਨੂੰ ਚੁੱਪ ਦੇਖ ਫਿਰ ਘੁਰੀ ਵੱਟੀ ਅਤੇ ਕੁੱਝ ਬੋਲਿਆ ਪਰ ਹਵਾ ਕਾਰਣ ਉਸਦੀ ਪੂਰੀ ਆਵਾਜ ਸੁਣਾਈ ਨਾ ਦਿੱਤੀ ਬਸ ਏਨਾ ਕੁ ਸੁਣਿਆ ਕਿ ਦੋ ਟਾਈਰੇ ਲੈ ਕੇ ਰੀਸਾਂ ਗੱਡੀਆਂ ਦੀਆਂ ਨੀ ਕਰੀਦੀਆਂ। ਕਹਿੰਦੇ ਨੇ ਪੰਜਾਬੀ ਖੂਨ ਦੇ ਗਰਮ ਹੁੰਦੇ ਹਨ ਪਹਿਲਾਂ ਤਾਂ ਉਹ ਕਿਸੇ ਨੂੰ ਕੁੱਝ ਬੋਲਦੇ ਨਹੀਂ ਪਰ ਜੇ ਕੋਈ ਬਿਨਾਂ ਮਤਲਬ ਸਿਰ ਚੜ੍ਹੇ ਫਿਰ ਸਹਿੰਦੇ ਵੀ ਨਹੀਂ। ਸਾਂਤ ਸੁਭਾੳੇ ਦੇ ਮਾਲਕ ਜਤਿੰਦਰ ਦਾ, ਉਸ ਕੰਡਕਟਰ ਤੇ ਡ੍ਰਾਈਵਰ ਦੀਆਂ ਗੱਲਾਂ ਸੁਣ ਕਦੋਂ ਖੁਨ ਕਦੋਂ ਉਬਾਲਾ ਖਾ ਗਿਆ ਉਸਨੂੰ ਆਪ ਪਤਾ ਨਹੀਂ ਲੱਗਾ ਅਤੇ ਉਸਦੇ ਹੱਥਾਂ ਨੇ ਮੋਟਰਸਾਈਕਲ ਦੀ ਰੇਸ ਖਿਚੀ ਅਤੇ ਬੰਬੂਕਾਟ ਫਿਲਮ ਵਾਂਗ ਉਸ ਲਾਰੀ (ਬਸ) ਨੂੰ ਪਿੱਛੇ ਛੱਡ ਦਿੱਤਾ। ਇਹ ਦੇਖ ਬਸ ਦੇ ਡ੍ਰਾਈਵਰ ਨੂੰ ਹੋਰ ਖੁੰਦਕ ਆ ਗਈ ਤੇ ਉਸਨੇ ਰੇਸ ਦੇ ਕੇ ਬਸ ਮੋਟਰ ਸਾਈਕਲ ਦੇ ਬਰਾਬਰ ਲੈ ਆਂਦੀ। ਇੱਕ ਦੌੜ ਲੱਗ ਪਈ ।ਜਤਿੰਦਰ ਨੇ ਰੇਸ਼ ਵਧਾਈ ਤੇ ਬਸ ਨੂੰ ਕਾਫੀ ਪਿੱਛੇ ਛੱਡ ਦਿਤਾ।ਬਸ ਡ੍ਰਾਈਵਰ ਜੋਰ ਲਾ ਰਿਹਾ ਸੀ ।ਜਦੋਂ ਬਸ ਕੋਲੋਂ ਦੀ ਅੱਗੇ ਲੰਘ ਜਾਂਦੀ ਵਿੱਚ ਬੈਠੀਆਂ ਸਵਾਰੀਆਂ ਦੇ ਚਿਹਰੇ ਤੇ ਵੀ ਖੁਸ਼ੀ ਆ ਜਾਂਦੀ ਜੋ ਸੀਸੇ ਚੋਂ ਬਾਹਰ ਦੇਖਦੇ ਕਿ ਮੋਟਰ ਸਾਈਕਲ ਵਾਲਾ ਪਿੱਛੇ ਰਹਿ ਗਿਆ।ਜਿਵੇਂ ਸਵਾਰੀਆਂ ਦਾ ਵੀ ਜੋਰ ਲੱਗਾ ਹੋਵੇ ਰੇਸ ਲਾਉਣ ਵਿੱਚ। ਪਰ ਅਚਾਨਕ ਜਤਿੰਦਰ ਮਨ ਅੰਦਰੋਂ ਆਵਾਜ ਆਈ ਕਿ ਮੈਂ ਉਸ ਬਸ ਦੇ ਡ੍ਰਾਈਵਰ ਅਤੇ ਕੰਡਕਟਰ ਦੀ ਮੂਰਖਤਾ ਪਿੱਛੇ ਲੱਗ ਇਹ ਕੀ ਕਰ ਰਿਹਾ ਹਾਂ? ਉਸ ਬਸ ਵਿੱਚ ਕਿੰਨੀਆਂ ਹੀ ਸਵਾਰੀਆਂ ਹਨ ਜਿਹਨਾਂ ਨੂੰ ਡ੍ਰਾਈਵਰ ਦੀ ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਨੁਕਸਾਨ ਪਹੁੰਚ ਸਕਦਾ ਹੈ। ਜਤਿੰਦਰ ਨੇ ਮੋਟਰਸਾਈਕਲ ਦੀ ਰੇਸ ਘਟਾਈ ਤੇ ਬਸ ਨੂੰ ਅੱਗੇ ਲੰਘਾ ਦਿੱਤਾ। ਡ੍ਰਾਈਵਰ ਹੁਣ ਵੀ ਹੌਰਨ ਵਜਾਉਂਦਾ ਜਾ ਰਿਹਾ ਸੀ ਜਿਵੇਂ ਇਸ ਮੂਰਖਤਾ ਦੀ ਦੌੜ ਵਿੱਚ ਆਪਣੀ ਜਿੱਤ ਦਾ ਐਲਾਨ ਕਰ ਰਿਹਾ ਹੋਵੇ। ਪਰ ਜਤਿੰਦਰ ਦੇ ਚਿਹਰੇ ਤੇ ਖੁਸ਼ੀ ਸੀ ਕਿ ਉਸਨੇ ਸਮਝ ਤੋਂ ਕੰਮ ਲਿਆ।ਉਸਤੋਂ ਇੱਕ ਗਲਤੀ ਜਰੂਰ ਹੋ ਗਈ ਕਿ ਉਸ ਬਸ ਦਾ ਨੰਬਰ ਨੋਟ ਕਰਨਾ ਯਾਦ ਨਹੀਂ ਰਿਹਾ ਤਾਂ ਕਿ ਉਸਦੇ ਸੰਬੰਧਿਤ ਦਫਤਰ ਨੂੰ ਉਸਦੀ ਗਲਤ ਡ੍ਰਾਈਵਿੰਗ ਬਾਰੇ ਦੱਸ ਸਕੇ ਕਿ ਭਵਿੱਖ ਵਿੱਚ ਉਹ ਦੁਬਾਰਾ ਇਹੋ ਜੀ ਗਲਤੀ ਨਾ ਕਰਣ। ਜਤਿੰਦਰ ਨੂੰ ਇੱਕ ਸਿਕਵਾ ਬਸ ਵਿੱਚ ਬੈਠੀਆਂ ਸਵਾਰੀਆਂ ਨਾਲ ਵੀ ਸੀ ਜੋ ਆਪ ਇਸ ਮੂਰਖਤਾ ਵਾਲੀ ਰੇਸ ਦਾ ਮਜਾ ਲੈ ਰਹੀਆਂ ਸਨ ਬਜਾਏ ਇਸਦੇ ਕਿ ਉਹਨਾਂ ਡ੍ਰਾਈਵਰ ਤੇ ਕੰਡਕਟਰ ਨੂੰ ਰੋਕਣ ਜੋ ਕਿ ਆਪਣੀ ਹਊਮੈ ਕਾਰਣ ਸਭ ਦੀ ਜਾਨ ਖਤਰੇ ਵਿੱਚ ਪਾ ਰਹੇ ਸੀ।ਸਾਇਦ ਇਹੀ ਗਲਤ ਡਰਾਇਵਿੰਗ ਅਤੇ ਮੂਰਖਤਾ ਭਰੀ ਦੌੜ ਕਾਰਣ ਰੋਜਾਨਾ ਸੜਕਾਂ ਤੇ ਅਨੇਕਾਂ ਹਾਦਸੇ ਵਾਪਰਦੇ ਹਨ ।ਲੋੜ ਹੈ ਜਤਿੰਦਰ ਵਾਂਗ ਸਮਝਦਾਰੀ ਤੋਂ ਕੰਮ ਲੈਣ ਦੀ। ਬਿਨਾਂ ਜਾਣਕਾਰੀ ਅਤੇ ਟਰੇਨਿੰਗ ਦੇ ਰੱਖੇ ਡ੍ਰਾਈਵਰ ਵੀ ਦੂਸਰਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਨ।
    
ਅਵਤਾਰ ਸਿੰਘ ਸੌਜਾ
ਮੋਬਾਇਲ ਨੰ 98784 29005

ਪਿੰਡ - ਸੌਜਾ ,ਡਾਕ-ਕਲੇਹਮਾਜਰਾ, ਤਹਿਸੀਲ-ਨਾਭਾ, ਜਿਲ੍ਹਾ- ਪਟਿਆਲਾ