ਪਾਣੀ ਖ਼ਤਮ ਤਾਂ ਜੀਵਨ ਪਿਆਸਾ - ਸ਼ਾਮ ਸਿੰਘ ਅੰਗ-ਸੰਗ

ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਧਰਤੀ 'ਤੇ ਲੋੜੀਂਦੀਆਂ ਵਸਤਾਂ ਇੱਕੋ ਵਾਰ ਪੈਦਾ ਕਰ ਦਿੱਤੀਆਂ ਗਈਆਂ, ਜਿਨ੍ਹਾਂ ਨਾਲ ਧਰਤੀ ਉੱਤੇ ਵਸਦੇ ਜੀਵਨ ਦੀ ਜ਼ਰੂਰੀ ਪੂਰਤੀ ਹੁੰਦੀ ਰਹੇਗੀ। ਦਿਸਦੇ ਸਮੁੰਦਰ, ਦਰਿਆ, ਨਦੀ-ਨਾਲਿਆਂ ਤੋਂ ਬਿਨਾਂ ਧਰਤੀ ਹੇਠ ਵੀ ਏਨਾ ਪਾਣੀ ਭਰ ਦਿੱਤਾ ਗਿਆ ਕਿ ਲੱਗਦਾ ਹੀ ਨਹੀਂ ਸੀ ਕਿ ਇਹ ਮੁੱਕ ਜਾਵੇਗਾ। ਸਦੀਆਂ ਤੋਂ ਬੰਦਾ ਇਹ ਪਾਣੀ ਕੱਢੀ ਜਾ ਰਿਹਾ, ਜੋ ਮਨੁੱਖ ਦੇ ਨਾਲ-ਨਾਲ ਪਸ਼ੂ-ਪੰਛੀਆਂ ਅਤੇ ਬਨਸਪਤੀ ਦੇ ਕੰਮ ਆਉਂਦਾ ਰਿਹਾ। ਫ਼ਸਲਾਂ ਪਾਣੀ ਬਗ਼ੈਰ ਨੇਪਰੇ ਨਹੀਂ ਚੜ੍ਹ ਸਕਦੀਆਂ।
      ਨਾ ਮੰਨਣ ਵਾਲੇ ਇਹ ਕਹਿੰਦੇ ਹਨ ਕਿ ਧੁੱਪ, ਹਵਾ, ਪਾਣੀ ਅਤੇ ਗੈਸਾਂ ਕਦੇ ਖ਼ਤਮ ਨਹੀਂ ਹੋ ਸਕਦੀਆਂ, ਕਿਉਂਕਿ ਇਹ ਆਪਸੀ ਰੂਪ ਵੀ ਵਟਾਉਂਦੀਆਂ ਰਹਿੰਦੀਆਂ ਅਤੇ ਇੱਕ-ਦੂਜੇ 'ਚੋਂ ਨਿਕਲ ਕੇ ਨਵਾਂ ਰੂਪ ਹੀ ਬਦਲ ਲੈਂਦੀਆਂ। ਇਹ ਵਰਤਾਰਾ ਅੱਜ ਦਾ ਨਹੀਂ, ਸਗੋਂ ਸਦੀਆਂ ਤੋਂ ਚੱਲਦਾ ਆ ਰਿਹਾ ਅਤੇ ਸਦੀਆਂ ਤੱਕ ਚੱਲਦਾ ਰਹੇਗਾ। ਇਸ ਲਈ ਧਰਤੀ ਹੇਠਲਾ ਪਾਣੀ ਵੀ ਨਹੀਂ ਮੁੱਕੇਗਾ, ਕਿਉਂਕਿ ਉਹ ਅਥਾਹ ਹੈ, ਅਮੁੱਕ ਵੀ। ਇਹ ਤਾਂ ਹਰ ਜੀਵ ਨੂੰ ਭਲੀ ਭਾਂਤ ਪਤਾ ਹੈ ਕਿ ਪਾਣੀ ਖ਼ਤਮ ਤਾਂ ਜੀਵਨ ਪਿਆਸਾ ਰਹਿ ਜਾਵੇਗਾ। ਪਾਣੀ ਬਿਨਾਂ ਮੁਰਝਾਏ ਪੌਦਿਆਂ ਨੂੰ ਦੇਖਿਆ ਜਾ ਸਕਦਾ ਹੈ ਅਤੇ ਸੁੱਕਦੇ ਬੁੱਲ੍ਹਾਂ ਨੂੰ, ਜਿਨ੍ਹਾਂ ਦਾ ਪਾਣੀ ਬਿਨਾਂ ਸਰ ਹੀ ਨਹੀਂ ਸਕਦਾ। ਪਾਣੀ ਤਾਂ ਅਜਿਹੀ ਜ਼ਰੂਰੀ ਵਸਤੂ ਹੈ, ਜੋ ਜੀਵਨ ਦਾ ਲਾਜ਼ਮੀ ਆਸਰਾ ਹੈ, ਜਿਸ ਬਿਨਾਂ ਜੀਵਨ ਕਾਇਮ ਨਹੀਂ ਰਹਿ ਸਕਦਾ। ਜੇ ਵਨਸਪਤੀ ਪਿਆਸੀ ਤਾਂ ਹਰ ਪਾਸੇ ਉਦਾਸੀ। ਏਹੀ ਹਾਲ ਮਨੁੱਖਾਂ ਦਾ ਹੈ, ਜਿਸ ਨੂੰ ਪਲ-ਪਲ ਹਵਾ ਦੀ ਲੋੜ ਤੇ ਨਾਲ ਦੀ ਨਾਲ ਪਾਣੀ ਦੀ ਜ਼ਰੂਰਤ, ਜਿਸ ਦੇ ਬਗ਼ੈਰ ਇੱਛਾ ਦੇ ਬੁੱਲ੍ਹ ਤੜਫ਼ਦੇ ਰਹਿੰਦੇ ਹਨ, ਅਸਲੀ ਬੁੱਲ੍ਹ ਸੁੱਕੇ।
ਅਸੀਂ ਪਾਣੀ ਦੀ ਵਰਤੋਂ ਵੇਲੇ ਕਿਸੇ ਲਾਟ ਦੀ ਪਰਵਾਹ ਨਹੀਂ ਕਰਦੇ। ਬੇਤਹਾਸ਼ਾ ਰੋੜ੍ਹੀ ਵੀ ਜਾਂਦੇ ਹਾਂ, ਗੁਆਈ ਵੀ, ਕਿਉਂਕਿ ਮੁਫ਼ਤ ਮਿਲਦਾ ਹੈ ਜਾਂ ਫਿਰ ਸਸਤਾ। ਪਾਣੀ ਵਰਤਣ ਵੇਲੇ ਆਪਣੇ ਬਾਰੇ ਹੀ ਸੋਚਦੇ ਹਾਂ, ਦੂਜਿਆਂ ਬਾਰੇ ਤਾਂ ਨਹੀਂ। ਇਸ ਬਾਰੇ ਤਾਂ ਸੋਚਣ ਲਈ ਵਿਹਲ ਹੀ ਨਹੀਂ ਕਿ ਪਾਣੀ ਮੁੱਕ ਚੱਲਿਆ, ਜਿਸ ਲਈ ਬੰਦੇ ਦਾ ਹੀ ਕਸੂਰ ਹੈ, ਧਰਤੀ ਦਾ ਨਹੀਂ। ਆਦਮੀ ਦੀ ਲਾਪ੍ਰਵਾਹੀ ਹੀ ਦੋਸ਼ੀ ਹੈ, ਜਾਨਵਰਾਂ ਦੀ ਨਹੀਂ। ਜਦ ਪਿਆਸ ਹੀ ਭਾਰੂ ਹੋ ਜਾਵੇਗੀ ਤਾਂ ਪੂਰਾਂ ਦੇ ਪੂਰ ਖ਼ਤਮ ਹੋ ਜਾਣਗੇ, ਕਿਧਰੇ ਨੂਰ ਨਹੀਂ ਦਿਸੇਗਾ।
        ਕਵੀ ਨੇ ਤਾਂ ਆਪਣਾ ਫ਼ਰਜ਼ ਨਿਭਾਅ ਕੇ ਕੇਵਲ ਦੱਸਣਾ ਹੀ ਹੁੰਦਾ। ਉਹ ਲੋਕਾਂ ਦੇ ਹੱਥ ਫੜ ਕੇ ਪਾਣੀ ਰੋੜ੍ਹਨ ਤੋਂ ਜਬਰੀ ਰੋਕ ਤਾਂ ਨਹੀਂ ਸਕਦਾ। ਕਵੀ ਤਾਂ ਇੰਜ ਬੋਲ ਰਿਹਾ :

ਮੁੱਕ ਚੱਲਿਆ ਹੇਠਲਾ ਪਾਣੀ
ਜ਼ਮੀਨ ਦਾ ਕਸੂਰ ਕੋਈ ਨਾ
ਰਹਿ ਜਾਣਗੇ ਪਿਆਸੇ ਜਦ ਸਾਰੇ
ਬਚੂ ਇਥੇ ਪੂਰ ਕੋਈ ਨਾ।
ਭਲਕੇ ਨੂੰ ਭੁੱਲ ਕੇ ਅਸੂਲ ਤੋੜੀ ਜਾਂਦੇ
ਬੇਅਕਲੀ ਦੀ ਏਸ ਗੱਲ 'ਤੇ
ਹੋਣਾ ਕਿਸੇ ਨੂੰ ਗਰੂਰ ਕੋਈ ਨਾ।
ਜਿੰਨੇ ਵੀ ਸੁਣਦੇ ਹੋ ਸਾਰੇ
ਸਮਝੋ ਵਕਤਾਂ ਦੇ ਮਾਰੇ
ਤੁਪਕਾ ਤੁਪਕਾ ਬਚਾ ਲਓ ਪਾਣੀ
ਨਹੀਂ ਤਾਂ ਲੱਭੂ ਨੂਰ ਕੋਈ ਨਾ।

ਹੁਣ ਤਾਂ ਥਾਂ-ਥਾਂ ਲਿਖਿਆ ਤੁਰਿਆ ਫਿਰਦਾ ਕਿ ਪਾਣੀ ਦੀ ਨਾਜਾਇਜ਼ ਵਰਤੋਂ ਰੋਕੋ, ਨਹੀਂ ਤਾਂ ਮਾਰੇ ਜਾਓਗੇ। ਨਾ ਪਿਆਸ ਕੱਟੀ ਜਾ ਸਕਦੀ ਹੈ ਅਤੇ ਨਾ ਹੀ ਭੁੱਖ। ਪਿਆਸ ਤੇ ਭੁੱਖ ਨਿਰੇ ਹੀ ਦੁੱਖ। ਫੇਰ ਕਿਉਂ ਨਾ ਸੰਭਲੀਏ। ਪਾਣੀ ਜ਼ਰੂਰੀ ਲੋੜ ਲਈ ਹੀ ਵਰਤਿਆ ਜਾਵੇ, ਬੇਲੋੜਾ ਉੱਕਾ ਹੀ ਨਹੀਂ।
       ਪੁਰਾਣੇ ਵਕਤਾਂ 'ਚ ਜਦ ਬਜ਼ੁਰਗ ਖੂਹ 'ਚੋਂ ਡੋਲ ਪਾਣੀ ਦਾ ਕੱਢ ਪਿੰਡੇ 'ਤੇ ਪਾਉਂਦੇ ਸਨ ਤਾਂ ਉਨ੍ਹਾਂ ਦੇ ਮੂੰਹੋਂ ਆਪ-ਮੁਹਾਰੇ ਨਿਕਲਦਾ ਸੀ-ਜਲ ਮਿਲਿਆ ਪ੍ਰਮੇਸ਼ਰ ਮਿਲਿਆ। ਬੜੀ ਕਦਰ ਸੀ ਪਾਣੀ ਦੀ ਅਤੇ ਲੋਕ ਪਾਣੀ ਦਾ ਆਦਰ ਕਰਦੇ ਹੋਏ ਇਸ ਦੀ ਵਰਤੋਂ ਕਰਦੇ ਰਹੇ। ਲਓ ਫੇਰ ਧੁੱਪ, ਹਵਾ, ਪਾਣੀ ਬਾਰੇ ਕਵੀ ਨੂੰ ਸੁਣੀਏ -


ਜਲ ਮਿਲਿਆ ਪ੍ਰਮੇਸ਼ਰ ਮਿਲਿਆ, ਗੱਲ ਇਹ ਬੜੀ ਪੁਰਾਣੀ
ਪਾਣੀ ਬਿਨਾਂ ਕਦੇ ਨਾ ਸਰਦਾ, ਇਹ ਜੀਵਨ ਦੀ ਤੰਦ-ਤਾਣੀ।
ਪੌਣ ਵਗਦੀ ਸਦਾ ਨਿਰੰਤਰ, ਖੁਲ੍ਹਦਿਲੀ ਮਨ ਦੀ ਰਾਣੀ
ਹਰਦਮ ਮੁਫ਼ਤੋ ਮੁਫ਼ਤੀ ਮਿਲਦੀ, ਏਸੇ ਤਰ੍ਹਾਂ ਹੀ ਪਾਣੀ।
ਧਰਤੀ ਪੁੱਤਰ ਮੁਫ਼ਤ ਪਾਲਦੀ, ਪੌਣ ਜੋ ਵਗਦੀ ਰਹਿੰਦੀ
ਬੱਦਲਾਂ ਦੇ ਵਿੱਚ ਛੁਪਿਆ ਪਾਣੀ, ਹਵਾ ਹੀ ਸਿਰ 'ਤੇ ਸਹਿੰਦੀ।
ਧਰਤੀ ਹੇਠਲਾ ਮੁੱਕਦਾ ਜਾਂਦਾ, ਸਦੀਆਂ ਤੋਂ ਵਗਦਾ ਪਾਣੀ
ਫੇਰ ਵੀ ਬੰਦਾ ਹੁੰਦਾ ਨਾਈਂ, ਅਕਲਾਂ ਦਾ ਖ਼ੁਦ ਹਾਣੀ।
ਧਰਤੀ ਮਾਂ ਨੇ ਸਾਂਭੇ ਬੰਦੇ, ਹਵਾ ਤਾਂ ਸਦਾ ਸੁਹਾਣੀ
ਸਾਹ ਦੇ ਕੇ ਗੁਰੂ ਬਣ ਜਾਂਦੀ, ਪਿਤਾ ਸਮਾਨ ਹੈ ਪਾਣੀ।
ਲੋੜ ਮੁਤਾਬਕ ਕੇਵਲ ਵਰਤੋ, ਪਿਤਾ ਵਾਂਗ ਜੋ ਪਾਣੀ
ਮੁੱਕ ਗਿਆ ਤਾਂ ਹੋ ਜਾਓਗੇ, ਸ਼ਰਮ 'ਚ ਪਾਣੀ ਪਾਣੀ
ਪਾਣੀ ਬਿਨਾਂ ਨਾ ਲਗਰ ਝੂਲਦੀ, ਹਵਾ ਬਗੈਰ ਨਾ ਟਾਹਣੀ
ਐਵੇਂ ਨਾ ਮੁੱਕ ਜਾਏ ਕਿਧਰੇ, ਜਿੰਦ ਦੀ ਰਾਮ ਕਹਾਣੀ
ਹੁਣੇ ਸੋਚੀਏ ਹੁਣ ਸਮਝੀਏ, ਫੇਰ ਇਹ ਘੜੀ ਨਾ ਆਣੀ
ਤੁਪਕਾ ਤੁਪਕਾ ਸਾਂਭ ਰੱਖੀਏ, ਇਹ ਬਹੁਮੁੱਲਾ ਪਾਣੀ।

ਪਾਣੀ ਦੇ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ, ਜਿਸ ਕਾਰਨ ਇਸ ਦੀ ਵਰਤੋਂ ਵੇਲੇ ਸਾਵਧਾਨ ਹੋਣ ਦੀ ਲੋੜ ਵੀ ਹੈ ਅਤੇ ਸੰਜੀਦਾ ਵੀ। ਇੱਕ ਸੁਨੇਹੇ ਵਿੱਚ ਦੱਸਿਆ ਗਿਆ ਹੈ ਕਿ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ 2020 ਤੱਕ ਧਰਤੀ ਹੇਠ ਪਾਣੀ ਨਹੀਂ ਰਹੇਗਾ। ਸੋਚਣ ਵਾਲੀ ਗੱਲ ਹੈ ਕਿ ਇਹ ਦੂਜਿਆਂ ਜ਼ਿਲ੍ਹਿਆਂ ਤੱਕ ਪਹੁੰਚ ਕਰਕੇ ਧਰਤੀ ਹੇਠ ਨਹਿਰਾਂ ਵੀ ਨਹੀਂ ਬਣਾ ਸਕਦੇ। ਇਸ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਵੀ ਹੈ ਅਤੇ ਸਾਵਧਾਨ ਵੀ। ਪਾਣੀ ਗਿਆ ਤਾਂ ਜੀਵਨ ਪਿਆਸਾ, ਰਹਿ ਜਾਣਗੇ ਹੰਝੂ ਈ ਹੰਝੂ, ਲੱਭਣਾ ਨਹੀਂ ਲੱਭਿਆਂ ਵੀ ਹਾਸਾ।
       ਜ਼ਰੂਰੀ ਹੈ ਕਿ ਹਰ ਖੇਤਰ ਦੇ ਆਗੂ ਜਾਗਣ ਅਤੇ ਲੋਕਾਂ ਨੂੰ ਜਗਾਉਣ। ਹਵਾ ਨੂੰ ਦੂਸ਼ਿਤ ਨਾ ਕਰਨ, ਪਾਣੀ ਨੂੰ ਅਜਾਈਂ ਨਾ ਰੁੜ੍ਹਾਉਣ। ਪਾਣੀ ਕੁਦਰਤ ਦੀ ਨੇਹਮਤ ਹੈ, ਜੋ ਜੀਵਨ ਦੀ ਪਿਆਸ ਮਿਟਾਣ ਲਈ ਅਤੀ ਜ਼ਰੂਰੀ ਹੈ, ਜਿਸ ਨੂੰ ਆਜ਼ਾਦ ਹੀ ਰਹਿਣ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਾਣੀ ਪ੍ਰਾਪਤ ਕਰਨ ਲਈ ਮੁਸ਼ਕਲ ਨਾ ਆਵੇ। ਬੋਤਲਾਂ ਵਾਲੇ ਪਾਣੀ ਨੂੰ ਬੋਤਲਾਂ 'ਚ ਬੰਦ ਕਰਨਾ ਛੱਡ ਕੇ ਕੋਈ ਹੋਰ ਕਾਰੋਬਾਰ ਕਰਨ ਤਾਂ ਚੰਗਾ ਰਹੇਗਾ।
        ਚੰਗਾ ਹੋਵੇਗਾ ਜੇ ਬਰਸਾਤੀ ਪਾਣੀ ਜਮ੍ਹਾਂ ਕਰ ਕੇ ਸਾਫ਼ ਕੀਤਾ ਜਾਵੇ ਅਤੇ ਵਰਤੋਂ ਵਿੱਚ ਲਿਆ ਕੇ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਪਾਣੀ ਨੂੰ ਦੂਸ਼ਿਤ ਕਰਨ ਵਾਲੇ ਵੀ ਹੁਣ ਜਾਗ ਪੈਣ, ਕਿਉਂਕਿ ਕੁਦਰਤ ਦੀ ਇਸ ਪਵਿੱਤਰ ਦੇਣ ਦਾ ਜਿੰਨਾ ਵੀ ਸਤਿਕਾਰ ਕੀਤਾ ਜਾਵੇ, ਉਹ ਥੋੜ੍ਹਾ ਹੀ ਰਹੇਗਾ। ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਿੱਚ ਵਗਦੀਆਂ ਕੂਲ੍ਹਾਂ ਅੱਗੇ ਬਰਤਨਾਂ ਦੀਆਂ ਲੰਮੀਆਂ  ਕਤਾਰਾਂ ਦੇਖੀਆਂ ਜਾ ਸਕਦੀਆਂ ਹਨ ਜੋ ਪਾਣੀ ਦੀ ਉਡੀਕ ਕਰਦੀਆਂ ਕਦੇ ਵੀ ਨਹੀਂ ਥੱਕਦੀਆਂ। ਕੁਦਰਤੀ ਨਿਆਮਤਾਂ ਦਾ ਸਦਾ ਸਵਾਗਤ ਅਤੇ ਆਦਰ ਕਰਨਾ ਸਿੱਖੀਏ ਤਾਂ ਕਿ ਇਹ ਹੋਰ ਮਿਲਦੀਆਂ ਰਹਿਣ। ਇਨ੍ਹਾਂ ਦੀ ਕਦੇ ਤੋਟ ਨਾ ਆਵੇ, ਲੋਕਾਂ ਦੀ ਪਿਆਸ ਬੁਝਦੀ ਰਹੇ।
ਜੇ ਕੁਦਰਤ ਦੇ ਇਸ ਵਰਤਾਰੇ ਵਿੱਚ ਰੌਚਿਕਤਾ ਨਾ ਰਹੀ ਤਾਂ ਜੀਣ ਦੀ ਦਿਲਚਸਪੀ ਜਾਂਦੀ ਰਹੇਗੀ।

ਜੀਣ 'ਚ ਦਿਲਚਸਪੀ ਨਾ ਰਹੂ
ਜੇ ਮਿਲਿਆ ਨਾ ਕੋਈ ਹਾਣੀ
ਪਾਣੀ ਪਾਣੀ ਹੋ ਜਾਵਾਂਗੇ
ਜਦ ਮਿਲਿਆ ਨਾ ਕਿਧਰੇ ਪਾਣੀ।
ਬੰਜਰ ਫਿਰ ਹੋ ਜਾਊ ਜੀਵਨ
ਰੁਕ ਜਾਊ ਜਿੰਦ ਦੀ ਕਹਾਣੀ
ਓਹੀ ਬਚ ਰਹਿਣਗੇ ਸਾਈਆਂ
ਕਦਰ ਪਾਣੀ ਦੀ ਜਿਨ੍ਹਾਂ ਨੇ ਜਾਣੀ।

ਸ਼ਾਇਦ ਅਜਿਹਾ ਕੋਈ ਵੀ ਨਹੀਂ, ਜਿਸ ਨੂੰ ਪਾਣੀ ਦੀ ਅਹਿਮੀਅਤ ਦਾ ਪਤਾ ਨਾ ਹੋਵੇ। ਫੇਰ ਵੀ ਪਾਣੀ ਨੂੰ ਅਜਾਈਂ ਗੁਆਉਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਾਰਨ ਹੀ ਫਿਕਰਮੰਦੀ ਦਾ ਆਲਮ ਸ਼ੁਰੂ ਹੁੰਦਾ ਹੈ, ਜਿਸ 'ਤੇ ਕਾਬੂ ਪਾਉਣ ਦੇ ਜਤਨ ਵੀ ਸ਼ੁਰੂ ਹੁੰਦੇ ਹਨ ਅਤੇ ਕਦਮ ਵੀ ਭਰੇ ਜਾਂਦੇ ਹਨ ਤਾਂ ਜੋ ਪਾਣੀ ਦੇ ਬਚਾਅ ਲਈ ਢੂਕਵੀਆਂ ਥਾਵਾਂ 'ਤੇ ਹੋਕਾ ਦਿੱਤਾ ਜਾ ਸਕੇ। ਪਿਆਸ ਦਾ ਇਲਾਜ ਪਾਣੀ ਹੈ, ਜਿਸ ਬਿਨਾਂ ਪਿਆਸ ਨਹੀਂ ਮਿਟਦੀ। ਪਿਆਸ ਮਿਟਾਏ ਬਗੈਰ ਜੀਵਨ ਬਚਾਉਣਾ ਆਸਾਨ ਨਹੀਂ। ਆਓ ਸਾਰੇ ਮਿਲ ਕੇ ਪਾਣੀ ਬਚਾਈਏ ਤਾਂ ਕਿ ਕੱਲ੍ਹ ਅੱਗੇ ਸ਼ਰਮਿੰਦਾ ਨਾ ਹੋਈਏ, ਆਉਣ ਵਾਲਿਆਂ ਅੱਗੇ ਝੰਡਾ ਉੱਚਾ ਰਹੇ।


ਲਤੀਫ਼ੇ ਦਾ ਚਿਹਰਾ-ਮੋਹਰਾ

ਮੌਸਮ ਵਿਭਾਗ ਵਾਲਿਆਂ ਦੱਸਿਆ ਕਿ ਆਉਣ ਵਾਲੇ ਦੋ-ਤਿੰਨ ਦਿਨ ਭਾਰੀ ਬਾਰਸ਼ ਪਏਗੀ ਤੇ ਤੂਫ਼ਾਨ ਆਵੇਗਾ। ਪਤੀ ਨੇ ਪਤਨੀ ਨੂੰ ਕਿਹਾ, ''ਤੂਫ਼ਾਨ ਦਾ ਮੁਕਾਬਲਾ ਮੈਂ ਤਾਂ ਕਰ ਨੀ ਸਕਦਾ।''
ਪਤਨੀ - ''ਸਿੱਧਾ ਕਹੋ ਕਿ ਮਤਲਬ ਕਿਆ ਹੈ ?''
ਪਤੀ - 'ਤੂਫ਼ਾਨ ਦਾ ਮੁਕਾਬਲਾ ਤੂੰ ਹੀ ਕਰ ਸਕਦੀ ਹੈਂ -''ਜਾਣੀ ਤੂਫਾਨ ਦਾ ਮੁਕਾਬਲਾ ਤੂਫਾਨ।''

ਸੰਪਰਕ : 98141-13338