ਹੁਣ ਪੰਜਾਬੀ ਸਿਨਮੇ ਲਈ ਸਰਗਰਮ ਹੋਈ ਜਤਿੰਦਰ ਕੌਰ - ਹਰਜਿੰਦਰ ਸਿੰਘ 

ਪੰਜਾਬੀ ਰੰਗਮੰਚ ਦੀ ਮਾਂ ਜਤਿੰਦਰ ਕੌਰ ਨੇ ਆਪਣੀ ਜਿੰਦਗੀ ਦੇ 50 ਸਾਲ ਰੰਗਮੰਚ ਦੇ ਲੇਖੇ ਲਾ ਦਿੱਤੇ ਅਤੇ 22 ਸਾਲ ਟੈਲੀਵਿਜ਼ਨ ਦੇ ਪਰਦੇ 'ਤੇ ਰਾਜ ਕੀਤਾ ਜਿਸਦੀ ਬਦੌਲਤ ਉਹ ਪੰਜਾਬੀ ਬੋਲਦੇ ਗੁਆਂਢੀ ਮੁਲਕਾਂ ਦੀ ਵੀ ਚਹੇਤੀ ਅਦਾਕਾਰਾ ਬਣ ਗਈ। ਹਰਭਜਨ ਜੱਬਲ ਤੇ ਜਤਿੰਦਰ ਕੌਰ ਦੀ ਝਗੜਾਲੂ ਜੋੜੀ ਅੱਜ ਵੀ ਉਸ ਵੇਲੇ ਦੇ ਦਰਸ਼ਕਾਂ ਦੇ ਮਨਾਂ 'ਚ ਵਸੀ ਹੋਈ ਹੈ।ਆਪਣਾ ਬਚਪਨ, ਜਵਾਨੀ ਤੇ ਕਬੀਲਦਾਰੀ ਸਮਾਂ ਰੰਗਮੰਚ ਤੇ ਟੀ ਵੀ ਨੂੰ ਸਮਰੱਪਤ ਕਰਨ ਵਾਲੀ ਜਤਿੰਦਰ ਕੌਰ ਅੱਜ ਵੀ ਕਲਾ ਨੂੰ ਸਮੱਰਪਤ ਹੁੰਦੀ ਹੋਈ ਪੰਜਾਬੀ ਸਿਨਮੇ ਲਈ ਆਪਣਾ ਭਰਵਾਂ ਯੋਗਦਾਨ ਪਾ ਰਹੀ ਹੈ।'ਸਰਦਾਰ ਮੁਹੰਮਦ,ਕਾਲਾ ਸ਼ਾਹ ਕਾਲਾ,ਸੁਪਰ ਸਿੰਘ,ਖੁੰਦੋ ਖੁੰਡੀ, ਕੱਚੇ ਧਾਗੇ ਅਤੇ ਮੁੰਡਾ ਫਰੀਦਕੋਟੀਆ' ਤੋਂ ਬਾਅਦ ਹੁਣ ਨੀਰੂ ਬਾਜਵਾ ਦੀ ਫਿਲਮ 'ਮੁੰਡਾ ਹੀ ਚਾਹੀਦਾ' ਵਿੱਚ ਲੜਾਕੀ ਸੱਸ ਦੇ ਜਬਰਦਸਤ ਕਿਰਦਾਰ 'ਚ ਨਜ਼ਰ ਆਵੇਗੀ। ਆਪਣੀ ਇਸ ਫਿਲਮ ਬਾਰੇ ਗੱਲ ਕਰਦਿਆਂ ਜਤਿੰਦਰ ਕੌਰ ਨੇ ਕਿਹਾ ਕਿ ਇਹ ਇੱਕ ਸਮਾਜਿਕ ਵਿਸ਼ੇ ਦੀ ਫਿਲਮ ਹੈ ਜਿਸ ਵਿੱਚ ਸੱਸ ਆਪਣੀ ਨੂੰਹ ਤੋਂ ਪੋਤੇ ਦੀ ਆਸ ਰੱਖਦੀ ਹੈ ਜੋ ਪਹਿਲਾਂ ਧੀਆਂ ਜੰਮਣ ਕਰਕੇ ਘਿਰਣਾ ਦੀ ਪਾਤਰ ਬਣੀ ਹੋਈ ਹੈ।ਇਸ ਫਿਲਮ ਰਾਹੀਂ ਸਮਾਜ ਨੂੰ ਇੱਕ ਬਹੁਤ ਵੱਡਾ ਮੈਸਜ ਦਿੱਤਾ ਗਿਆ ਹੈ। ਬੇਟੀ ਬਚਾਓ ਬੇਟੀ ਪੜਾਓ ਦਾ ਨਾਹਰਾ ਤਾਂ ਹਰ ਕੋਈ ਲਾਉਂਦਾ ਹੈ ਪਰ ਅਮਲ ਬਹੁਤ ਘੱਟ ਕਰਦੇ ਹਨ। ਇਸ ਫਿਲਮ ਵਿੱਚ ਰੂਬੀਨਾ ਬਾਜਵਾ ਨੇ ਮੇਰੀ ਨੂੰਹ ਦਾ ਕਿਰਦਾਰ ਨਿਭਾਇਆ ਹੈ ਤੇ ਹਰੀਸ਼ ਵਰਮਾ ਨੇ ਪੁੱਤ ਦਾ।ਇਹ ਫਿਲਮ ਕੁੱਖਾਂ 'ਚ ਧੀਆਂ ਮਾਰਨ ਵਾਲੇ ਲੋਕਾਂ ਦੇ ਮੂੰਹ 'ਤੇ ਇੱਕ ਕਰਾਰੀ ਚਪੇੜ ਮਾਰਦੀ ਹੈ।
ਨੀਰੂ ਬਾਜਵਾ ਇੰਟਰਟੇਨਮੇਂਟ ਅਤੇ ਸ੍ਰੀ ਨਰੋਤਮਜੀ ਫਿਲਮ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਲੇਖਕ ਤੇ ਨਿਰਦਸ਼ੇਕ ਸੰਤੋਸ ਸੁਭਾਸ਼ ਥੀਟੇ ਹੈ। ਜਿਸਨੇ ਬਹੁਤ ਹੀ ਬਾਰੀਕੀ ਨਾਲ ਫਿਲਮ ਦੇ ਵਿਸ਼ੇ ਨੂੰ ਪਰਦੇ 'ਤੇ ਉਤਾਰਿਆ ਹੈ। ਫਿਲਮ ਵਿੱਚ ਰੂਬੀਨਾ ਬਾਜਵਾ,ਨੀਰੂ ਬਾਜਵਾ, ਹਰੀਸ਼ ਵਰਮਾ, ਜਤਿੰਦਰ ਕੋਰ, ਜੱਗੀ ਧੂਰੀ, ਰਵਿੰਦਰ ਮੰਡ, ਹਨੀ ਮੱਟੂ, ਰਾਜ ਧਾਲੀਵਾਲ ਕਮਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ,ਗੁਰਮੋਹਰ, ਗੁਰਚਰਨ ਸਿੰਘ ਨੇ ਦਿੱਤਾ ਹੈ। ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ।ਇਹ ਫਿਲਮ 12 ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੁਆਏ ਵਲੋਂ ਵਰਲਡਵਾਈਡ ਰਿਲੀਜ਼ ਕੀਤੀ ਜਾਵੇਗੀ।