ਡਾਇਰੀ ਦੇ ਪੰਨੇ : ਸੇਖਾ ਤਾਇਆ - ਨਿੰਦਰ ਘੁਗਿਆਣਵੀ

ਸੇਖੇ ਨੂੰ ਮੈਂ 'ਤਾਇਆ' ਆਖ ਕੇ ਬੁਲਾਉਂਦਾ ਹਾਂ ਪਹਿਲੇ ਦਿਨ ਤੋਂ ਹੀ। ਇਸ ਨਿਬੰਧ ਵਿਚ ਵੀ ਮੈਂ 'ਤਾਇਆ' ਹੀ ਆਖਾਂਗਾ। ਟੋਰਾਂਟੋ ਵਾਲੇ ਬਲਜਿੰਦਰ ਤੇ ਸਰ੍ਹੀ ਵਾਲੇ ਹਰਪ੍ਰੀਤ ਸੇਖੇ ਨੇ ਕੋਈ ਠੇਕਾ ਨਹੀਂ ਲੈ ਰੱਖਿਆ ਕਿ ਜਰਨੈਲ ਸਿੰਘ 'ਸੇਖਾ' ਸਿਰਫ ਉਹਨਾਂ ਦਾ ਹੀ 'ਤਾਇਆ' ਹੈ, ਉਹ ਮੇਰਾ ਤੇ ਗੁਰਮੀਤ ਕੜਿਆਲਵੀ ਦਾ ਵੀ ਤਾਇਆ ਹੈ। ਤਾਏ ਸੇਖੇ ਦੀ ਸੰਗਤ ਸੁਖ ਦੇਣ ਵਾਲੀ ਹੁੰਦੀ ਹੈ। ਸ਼ਾਂਤ, ਸਹਿਜ, ਸਿਆਣੀ ਤੇ ਸੁਹਣੀ ਜਿਹੀ ਸੰਗਤ! ਉਹਦਾ ਘੱਟ ਬੋਲਣਾ ਤੇ ਵੱਧ ਸੁਣਨਾ, ਚੰਗਾ-ਚੰਗਾ ਲਗਦੈ। ਮਿੰਨ੍ਹਾਂ-ਮਿੰਨ੍ਹਾ ਮੁਸਕ੍ਰਾਉਣਾ ਤੇ ਤੇਜ਼-ਤੇਜ਼ ਤੁਰਨਾ ਵੀ। ਉਹ ਲੰਮੀਆਂ ਲਾਂਘਾਂ ਭਰ-ਭਰ ਤੁਰਦੈ। ਸਰ੍ਹੀ ਦੀਆਂ ਕਿੰਨ੍ਹੀਆਂ ਹੀ ਗਲੀਆਂ ਵਿਚ ਉਹਦੇ ਨਾਲ-ਨਾਲ ਤੁਰਿਆ ਹਾਂ ਲੰਬੀ ਵਾਟ ਤੀਕਰ। ਉਹ ਹਫ਼ਦਾ ਨਹੀਂ ਤੇ ਨਾ ਹੀ ਡਾਹੀ ਦਿੰਦੈ। (ਹੁਣ ਪਿਛਲੇ ਕੁਝ ਸਮੇਂ ਤੋਂ ਤੁਰਨ ਸਪੀਡ ਘੱਟ ਕੀਤੀ ਹੋਣੀ, ਡਾਕਟਰਾਂ ਦੀ ਸਲਾਹ 'ਤੇ)।
ਮੈਂ ਜਦ ਵੀ ਬ੍ਰਿਟਿਸ਼ ਕੋਲੰਬੀਆ ਗਿਆ ਹਾਂ 2001 ਤੋਂ 2014 ਤੱਕ, ਤਾਂ ਤਾਏ ਸੇਖੇ ਦੇ ਘਰ ਟਿਕਾਣਾ ਹੁੰਦੈ, ਉਹ ਹਰ ਥਾਂ ਮੇਰੇ ਨਾਲ ਜਾਂਦੈ, ਜਿਵੇਂ ਘਰ ਦੇ ਕਿਸੇ ਨਿੱਕੇ ਨਿਆਣੇ ਨਾਲ ਜਾਈਦੈ ਹੁੰਦੈ ਸੁਰੱਖਿਆ ਤੇ ਸੰਭਾਲ ਵਜੋਂ। ਉਹਨੇ ਘਰੋਂ ਕਿਤੇ ਨਾ ਵੀ ਜਾਣਾ ਹੋਵੇ, ਤਦ ਵੀ ਬਣ-ਠਣ ਕੇ ਰਹਿੰਦਾ ਹੈ, ਟੌਹਰ ਨਾਲ ਪੱਗ ਬੰਨ੍ਹ ਕੇ ਤੇ ਬੂਟ ਲਿਸ਼ਕਾ ਕੇ। ਉਹਦਾ ਨਿੱਕਾ ਜਿਹਾ ਪੋਤਾ ਪਿੰਦਰ ਸੱਤ ਅੱਠ ਸਾਲ ਦਾ, (ਨਵਰੀਤ ਸੇਖਾ ਦਾ ਮੁੰਡਾ) ਮੇਰਾ ਬੇਲੀ ਬਣ ਗਿਆ, ਤੇ ਮੇਰੀ ਤੂੰਬੀ ਨਾਲ ਖੜਮਸਤੀਆਂ ਕਰਨ ਲੱਗ ਪਿਆ। ਹੌਲੀ-ਹੌਲੀ ਪਿੰਦਰ ਨੇ ਤੂੰਬੀ ਉਤੇ ਆਪਣੇ ਨਿੱਕੇ ਨਿੱਕੇ ਪੋਟੇ ਸਿੱਧੇ ਕਰ ਲਏ। ਵਧੀਆ ਤੂੰਬੀ ਵਜਾਈ ਤੇ ਕਈ ਇਨਾਮ ਵੀ ਹਾਸਲ ਕੀਤੇ। ਤਾਇਆ ਖੁਸ਼ ਸੀ। ਦਸਦਾ ਸੀ ਕਿ ਤੈਂ ਪਿੰਦਰ ਨੂੰ ਜਾਗ ਲਾਈ ਤੇ ਗੋਰੇ ਵੀ ਖੁਸ਼ ਹੋਗੇ ਉਹਦੀ ਤੂੰਬੀ ਤੋਂ।
 ਉਹ ਆਪਣੀਆਂ ਲਿਖਤਾਂ ਆਪੇ ਟਾਈਪ ਕਰਦੈ ਲੰਬੇ ਸਮੇਂ ਤੋਂ। ਕਿਸੇ ਉਤੇ ਨਿਰਭਰ ਨਹੀਂ ਕਰਦਾ। ਇੱਕ ਵਾਰ ਉਹਦਾ ਕਹਾਣੀ-ਨੁਮਾ ਮਜ਼ਮੂਨ ਪੜ੍ਹਿਆ ਉਸਤਾਦ ਲਾਲ ਚੰਦ ਯਮਲੇ ਜੱਟ ਬਾਬਤ, 'ਤ੍ਰਿਸ਼ਕੂ' ਵਿਚ ਛਪਿਆ ਸੀ। ਫੋਨ ਕੀਤਾ ਕਿ ਤਾਇਆ ਏਸ ਲਿਖਤ ਨੂੰ ਯਮਲਾ ਜੀ ਬਾਰੇ ਛਪ ਰਹੀ ਆਪਣੀ ਕਿਤਾਬ ਵਿਚ ਵਰਤ ਲਵਾਂ? ਤਾਂ ਉਹ ਹੱਸਿਆ, ''ਭਤੀਜ, ਏਹ ਵੀ ਕੋਈ ਪੁੱਛਣ ਵਾਲੀ ਗੱਲ ਐ?"
ਤਾਏ ਸੇਖੇ ਦੀ ਸ਼ਖਸੀਅਤ ਵਾਂਗ ਉਹਦੀ ਲਿਖਤ ਵੀ ਸਹਿਜ ਭਰੀ ਹੁੰਦੀ ਹੈ। ਸੰਜਮ ਭਰਪੂਰ। ਕਿਤੇ ਵੀ ਛਪੀ ਉਹਦੀ ਲਿਖਤ ਦਾ ਕੋਈ ਹਿੱਸਾ ਨਜ਼ਰ ਪੈ ਜਾਏ, ਮੈਂ ਛਡਦਾ ਨਹੀਂ। ਪਹਿਲੀ ਵਾਰ ਉਹਦਾ ਨਾਵਲ 'ਭਗੌੜਾ' ਪੜ੍ਹਿਆ ਸੀ ਤਾਂ ਅਜੀਤ ਵੀਕਲੀ ਦੇ ਮੁੱਖ ਸੰਪਦਾਕ ਡਾ ਦਰਸ਼ਨ ਸਿੰਘ ਨੂੰ ਟੋਰਾਂਟੋ  ਲੜੀਵਾਰ ਛਪਣ ਲਈ ਰਿਕਮੈਂਡ ਕੀਤਾ ਸੀ, ਜਦ ਉਹ ਛਪਿਆ ਤਾਂ 'ਸੇਖਾ ਸੇਖਾ' ਹੋ ਗਈ। ਦਿਨ ਵਿਚ ਪਾਠਕਾਂ ਦੇ ਫੋਨ 'ਤੇ ਫੋਨ ਆਈ ਜਾਣ। ਤਾਇਆ ਪ੍ਰਸੰਨ ਸੀ ਪਾਠਕਾਂ ਪਾਸੋਂ ਮਿਲ ਦਾਦ ਤੋਂ। ਦਰਸ਼ਨ ਸਿੰਘ ਨੇ ਪੰਜ ਸੌ ਡਾਲਰ ਦਾ ਸਨਮਾਨ ਉਸਨੂੰ ਭੇਜਿਆ। 'ਦੁਨੀਆਂ ਕੈਸੀ ਹੋਈ' ਉਸਦੀ ਕਿਤਾਬ ਪੜ੍ਹ ਕੇ ਸੋਚਦਾ ਰਿਹਾ ਸਾਂ ਪਰਵਾਸੀ ਪੰਜਾਬੀਆਂ ਦਾ ਜੀਵਨ ਬਾਰੇ ਤੇ ਬੀਸੀ ਵਿਚ ਬੇਰੀ ਤੋੜਨ ਵਾਲੇ ਬਜੁਰਗਾਂ ਬਾਰੇ। ਉਦਾਸ ਵੀ ਹੋਇਆ ਸਾਂ। ਤਾਏ ਸੇਖੇ ਨੇ ਇਸ ਲਿਖਤ ਵਿਚ ਲਿਖਣ ਕਲਾ ਦੀ ਸਿਖਰ ਛੁਹਣ ਦਾ ਕਾਰਜ ਕੀਤਾ ਸੀ। ਉਸਦੀ ਸਵੈ-ਜੀਵਨੀ 'ਸਿਮਰਤੀਆਂ ਦੀ ਲਾਲਟੈਨ' ਪੜ੍ਹ ਕੇ ਆਪਣੇ ਪੇਂਡੂ ਬਚਪਨ ਦੇ ਝਲਕਾਰੇ ਵੀ ਪਏ ਤੇ ਤਾਏ ਸੇਖੇ ਦੇ ਸਾਦ-ਮੁਰਾਦੇ, ਔਖੇ-ਸੌਖੇ ਪੇਂਡੂ ਮਲਵੱਈ ਜੀਵਨ ਬਾਰੇ ਪੜੑਿਦਆਂ ਮੈਂ ਉਹਦੇ ਹੋਰ ਵੀ ਕਲੋਜ਼ ਹੋ ਗਿਆ ਸਾਂ।
ਤਾਇਆ ਸੇਖਾ ਸਾਊ ਸਾਹਿਤਕਾਰ ਹੈ।ਢਕਵੰਜੀ ਨਹੀਂ। ਮੋਖੌਟੀਆ ਨਹੀਂ। ਤਿਕੜਮੀਂ ਨਹੀਂ। ਜੁਗਾੜੀ ਨਹੀਂ। ਹਿਰਖੀ ਨਹੀਂ। ਹਮਦਰਦ ਹੈ। ਈਰਖਾਲੂ ਨਹੀਂ। ਦਿਆਲੂ ਹੈ। ਦਾਨਿਸ਼ਵਰ ਹੈ। ਦਿਲ ਦਰਿਆ ਹੈ। ਮਹਿਫਿਲ ਵਿਚ ਬੈਠਾ ਕਿਸੇ ਨੂੰ ਚੁਭਦਾ ਨਹੀਂ ਸਗੋਂ ਸ਼ੋਭਦਾ ਹੈ। ਲੋੜ ਪਵੇ ਤਾਂ ਟਿੱਪਣੀ ਕਰਦਾ ਹੈ, ਟਿੱਪਣੀ ਕਰਨ ਵਾਸਤੇ ਹੀ ਨਹੀਂ ਟਿੱਪਣੀ ਨਹੀਂ ਕਰਦਾ। ਸੁਣਦਾ ਹੈ ਸਲੀਕੇ ਨਾਲ। ਹੱਸਦਾ ਹੈ ਲੋੜ ਜੋਕਰਾ। ਕਿਸੇ ਦੀ ਖਿੱਲੀ ਉਡਾਣਾ ਉਹਦੇ ਸੁਭਾਅ ਵਿਚ ਸ਼ਾਮਿਲ ਨਹੀਂ। ਉਸਨੂੰ ਮਿਲ ਕੇ ਲਗਦਾ ਹੈ ਕਿ ਸਹਿਜ ਸਹਿਜ ਹੋ ਗਿਆ ਹਾਂ।
ਆਥਣ ਮੁੱਕੀ ਤੇ ਰਾਤ ਬੋਲੀ, ''ਮੈਂ ਆਈ...।"  ''ਆਜਾ ਭਤੀਜ, ਘੁਟ-ਘੁਟ ਰੱੈਡ ਵਾਈਨ ਪੀਈਏ ਤੇ ਗੱਲਾਂ ਕਰੀਏ।" ਉਹਦੇ ਕਮਰੇ ਦੀਆਂ ਕਿਤਾਬਾਂ ਮੁਸਕਾਉਣ ਲਗੀਆਂ। ਸਾਰੀ ਸਰੀ੍ਹ ਰਾਤ ਵੱਲ ਸਰਕਣ ਲੱਗੀ ਹੈ। ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਪਰਦੇਸ ਵਿਚ ਹਾਂ, ਲੱਗ ਰਿਹਾ ਹੈ ਕਿ ਮੈਂ ਆਪਣੇ ਕੈਨੇਡਾ ਵਾਲੇ ਘਰ ਵਿਚ ਹਾਂ। ਤਾਏ ਦੀ ਹਸਤੀ ਦਾ ਪ੍ਰਛਾਵਾਂ ਅੰਗ-ਸੰਗ ਹੈ। ਮੇਰਾ ਮਨ ਟਿਕਾਓ ਵਿਚ ਹੈ। ਥੋੜੇ ਦਿਨਾਂ ਨੂੰ ਟੋਰਾਂਟੋ ਚਲੇ ਜਾਣਾ ਹੈ ਪਰ ਤਾਏ ਕੋਲੋਂ ਜਾਣ ਨੂੰ ਦਿਲ ਨਹੀਂ ਕਰਦਾ। ਮੇਰੇ ਮੇਜ਼ਬਾਨ ਨਰਾਜ਼ ਨੇ ਕਿ ਤਾਏ ਘਰ ਡੇਰਾ ਲਈ ਬੈਠਾ, ਮਿਲਦਾ ਨਹੀਂ ਸਾਨੂੰ। ਤਾਏ ਕੋਲ ਬੈਠਾ ਹਾਂ ਡਾਇਰੀ ਦਾ ਪੰਨਾ ਲਿਖ ਰਿਹਾਂ, ਮੁਸਕਰਾ ਰਿਹਾ ਤਾਇਆ ਤੇ ਦੇਖ ਰਿਹਾ ਭਤੀਜ ਦੀ ਕਲਮ ਕਾਗਜ਼ ਦੀ ਹਿੱਕ ਉਤੇ ਮੇਲ੍ਹਦੀ ਪਈ ਹੈ।
''ਚੱਲ ਤਾਇਆ ਰੋਟੀ ਖਾਈਏ...।" ਅਸੀਂ ਪੌੜੀਆਂ ਚੜ੍ਹਨ ਲਗਦੇ ਹਾਂ। ''ਤਾਇਆ, ਤੂੰ ਸਦਾ ਖੁਸ਼ ਰਹਵੇਂ ਤੇ ਮੌਜਾਂ ਮਾਣੇਂ।" ਭਤੀਜ ਦੇ ਮੂੰਹੋਂ ਤਾਏ ਵਾਸਤੇ ਅਸੀਸ ਨਿੱਕਲੀ ਹੈ।
 (ਲਿਖੇ ਜਾ ਰਹੇ ਲੰਬੇ ਰੇਖਾ-ਚਿਤਰ ਵਿਚੋਂ)