'ਚਿੱਟੇ' ਵਿਰੁੱਧ ਜੰਗ - ਸਵਰਾਜਬੀਰ

ਪੰਜਾਬ ਵਿਚ ਨਸ਼ਿਆਂ ਦੇ ਫੈਲਾਅ ਦੀ ਸਮੱਸਿਆ ਬਹੁਤ ਗੰਭੀਰ ਤੇ ਬਹੁ-ਪਰਤੀ ਹੈ। ਇਨ੍ਹਾਂ ਪਰਤਾਂ ਵਿਚੋਂ ਮੁੱਖ ਹੈਰੋਇਨ ਤੇ ਇਸ ਨਾਲ ਹੋਰ ਪਦਾਰਥ ਮਿਲਾ ਕੇ ਬਣਾਏ ਗਏ 'ਚਿੱਟੇ' ਦੀ ਵਰਤੋਂ ਹੈ। ਕੀਤੇ ਗਏ ਸਰਵੇਖਣਾਂ ਤੇ ਖੋਜ-ਕਾਰਜਾਂ ਨੂੰ ਘੋਖਣ ਦੇ ਨਾਲ ਪੰਜਾਬ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਜਾਣ, ਲੋਕਾਂ ਨੂੰ ਮਿਲਣ ਤੇ ਉਨ੍ਹਾਂ ਨਾਲ ਸਬੰਧਤ ਖ਼ਬਰਾਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ 'ਚਿੱਟੇ' ਦੀ ਭੇਟ ਚੜ੍ਹ ਗਿਆ ਹੈ। 2015 ਵਿਚ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਪੰਜਾਬ ਵਿਚ ਲਗਭਗ ਦੋ ਲੱਖ ਤੀਹ ਹਜ਼ਾਰ ਲੋਕ ਅਫ਼ੀਮ ਤੇ ਅਫ਼ੀਮ ਤੋਂ ਬਣਾਏ ਪਦਾਰਥਾਂ (ਹੈਰੋਇਨ ਆਦਿ) ਦੇ ਆਦੀ ਹਨ। ਨਸ਼ਾ ਕਰਨ ਵਾਲਿਆਂ ਦੀ ਤਾਦਾਦ ਇਸ ਅੰਕੜੇ ਤੋਂ ਕਿਤੇ ਜ਼ਿਆਦਾ ਹੋਵੇਗੀ।
        ਹੈਰੋਇਨ ਦਾ ਨਸ਼ਾ ਨਵੀਂ ਤਕਨਾਲੋਜੀ ਦੀ ਦੇਣ ਹੈ। ਇਸ ਦੀ ਆਦਤ ਬਹੁਤ ਜਲਦੀ ਪੈਂਦੀ ਹੈ ਅਤੇ ਇਕ ਵਾਰੀ ਨਸ਼ਾ ਲੱਗਣ ਤੋਂ ਬਾਅਦ ਸਰੀਰ ਉਸ ਦਾ ਗ਼ੁਲਾਮ ਹੋ ਜਾਂਦਾ ਹੈ। ਇਸ ਤੋਂ ਛੁਟਕਾਰਾ ਪਾਉਣਾ ਵੀ ਬਹੁਤ ਮੁਸ਼ਕਿਲ ਹੈ ਕਿਉਂਕਿ ਆਦੀ ਹੋ ਚੁੱਕੇ ਸਰੀਰ ਨੂੰ ਜੇ ਨਸ਼ਾ ਨਾ ਮਿਲੇ ਤਾਂ ਸਰੀਰ ਨੂੰ ਬਹੁਤ ਦੁੱਖਾਂ, ਤਕਲੀਫ਼ਾਂ ਤੇ ਵਿਗਾੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਮ ਕਰਕੇ ਇਹ ਨਸ਼ਾ ਵਰਤਣ ਵਾਲਾ ਉਸ ਸਰੀਰਿਕ ਪੀੜਾ ਨੂੰ ਸਹਿ ਨਹੀਂ ਸਕਦਾ। ਇਸ ਲਈ ਇਸ ਨਸ਼ੇ ਨਾਲ ਸਬੰਧਤ ਸਮੱਸਿਆ ਨੂੰ ਬਾਕੀ ਨਸ਼ਿਆਂ ਨਾਲੋਂ ਸਬੰਧਤ ਸਮੱਸਿਆਵਾਂ ਤੋਂ ਨਿਖੇੜ ਕੇ ਵੇਖਣ ਦੀ ਜ਼ਰੂਰਤ ਹੈ। ਇਸ ਨਸ਼ੇ ਦਾ ਮੁੱਖ ਸੋਮਾ ਅਫ਼ਗ਼ਾਨਿਸਤਾਨ ਹੈ।
      ਅਨੁਮਾਨ ਅਨੁਸਾਰ ਅਫ਼ਗ਼ਾਨਿਸਤਾਨ ਵਿਚ 2001 ਤੋਂ ਪਹਿਲਾਂ 74,000 ਹੈਕਟੇਅਰ ਰਕਬੇ 'ਤੇ ਅਫ਼ੀਮ ਦੀ ਖੇਤੀ ਹੁੰਦੀ ਸੀ ਜਦੋਂਕਿ 2017-18 ਤਕ ਇਹ ਰਕਬਾ 3 ਲੱਖ 28 ਹਜ਼ਾਰ ਹੈਕਟੇਅਰ ਤਕ ਪਹੁੰਚ ਗਿਆ। ਅਫ਼ੀਮ ਦੀ ਖੇਤੀ ਤੋਂ ਹੁੰਦੀ ਆਮਦਨ ਅਫ਼ਗ਼ਾਨਿਸਤਾਨ ਦੇ ਕੁੱਲ ਘਰੇਲੂ ਉਤਪਾਦਨ ਦਾ ਇਕ-ਤਿਹਾਈ ਹਿੱਸਾ ਬਣਦੀ ਹੈ ਅਤੇ ਇਹ 6 ਲੱਖ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਦੀ ਹੈ। ਨਾਟੋ ਤੇ ਅਮਰੀਕਾ ਦੀਆਂ ਫ਼ੌਜਾਂ ਅਕਤੂਬਰ 2001 ਤੋਂ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਤੇ ਹੋਰ ਆਤੰਕਵਾਦੀਆਂ ਵਿਰੁੱਧ ਕਾਰਵਾਈ ਕਰ ਰਹੀਆਂ ਹਨ। ਅਮਰੀਕੀ ਫ਼ੌਜ ਨੇ ਅਫ਼ੀਮ ਤੋਂ ਹੈਰੋਇਨ ਬਣਾਉਣ ਵਾਲੀਆਂ ਫੈਕਟਰੀਆਂ ਵਿਰੁੱਧ ਵੀ ਵੱਡਾ ਅਪਰੇਸ਼ਨ 'ਆਇਰਨ ਟੈਂਪੈਸਟ' (Iron Tempest) ਕੀਤਾ। ਇਸ ਵਿਚ ਆਧੁਨਿਕ ਤਕਨਾਲੋਜੀ, ਹਥਿਆਰ, ਹਵਾਈ ਜਹਾਜ਼, ਡਰੋਨ ਅਤੇ ਮਿਜ਼ਾਈਲ ਵਰਤੇ ਗਏ ਪਰ ਇਸ ਦਾ ਕੋਈ ਵੱਡਾ ਅਸਰ ਨਹੀਂ ਪਿਆ। ਅਫ਼ਗ਼ਾਨਿਸਤਾਨ ਵਿਚ ਪੈਦਾ ਕੀਤੀ ਹੈਰੋਇਨ ਦਾ ਲਗਭਗ ਅੱਠ ਫ਼ੀਸਦੀ ਭਾਰਤ ਵਿਚ ਪਹੁੰਚਾਇਆ ਜਾਂਦਾ ਹੈ।
      ਪਿਛਲੀ ਸਦੀ ਵਿਚ ਇਹ ਨਸ਼ਾ ਕਈ ਦੇਸ਼ਾਂ ਵਿਚ ਮਹਾਂਮਾਰੀ ਬਣ ਕੇ ਫੈਲਿਆ। ਇਹ ਨਸ਼ਾ ਸਰਿੰਜਾਂ ਰਾਹੀਂ ਸਰੀਰ ਵਿਚ ਭੇਜਿਆ ਜਾਂਦਾ ਹੈ, ਇਸ ਕਾਰਨ ਏਡਜ਼ ਤੇ ਐੱਚਆਈਵੀ ਦੀਆਂ ਬਿਮਾਰੀਆਂ ਵੀ ਬੜੀ ਤੇਜ਼ੀ ਨਾਲ ਵਧੀਆਂ। ਵੱਖ ਵੱਖ ਦੇਸ਼ਾਂ ਨੇ ਇਸ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਵੱਖ ਵੱਖ ਢੰਗ-ਤਰੀਕੇ ਅਪਣਾਏ। ਇਨ੍ਹਾਂ ਵਿਚੋਂ ਸਵਿਟਜ਼ਰਲੈਂਡ ਦੁਆਰਾ ਬਣਾਈ ਗਈ ਰਣਨੀਤੀ ਬਹੁਤ ਸਫ਼ਲ ਰਹੀ।
      1990ਵਿਆਂ ਵਿਚ ਸਵਿਟਜ਼ਰਲੈਂਡ ਵਿਚ ਹੈਰੋਇਨ ਦੀ ਵਰਤੋਂ ਬਹੁਤ ਵਧ ਗਈ ਸੀ ਅਤੇ ਨੌਜਵਾਨ ਪੀੜ੍ਹੀ ਇਸ ਦਾ ਸ਼ਿਕਾਰ ਹੋ ਰਹੀ ਸੀ। ਉਦਾਹਰਣ ਦੇ ਤੌਰ 'ਤੇ ਸਵਿਟਜ਼ਰਲੈਂਡ ਦੇ ਜਿਊਰਿਖ ਸ਼ਹਿਰ ਵਿਚ ਲਿਮਿਤ ਦਰਿਆ ਕੰਢੇ ਸਥਿਤ ਪਲੈਟਜ਼ਸਪਿਟਜ਼ ਪਾਰਕ (Platrspitr Park) ਨੂੰ ਲੋਕ ਸੂਈਆਂ ਵਾਲੀ ਪਾਰਕ ਕਹਿਣ ਲੱਗ ਪਏ ਸਨ ਕਿਉਂਕਿ ਨਸ਼ੇੜੀ ਇੱਥੇ ਵੱਡੀ ਗਿਣਤੀ ਵਿਚ ਜਮ੍ਹਾਂ ਹੁੰਦੇ ਅਤੇ ਸਰਿੰਜਾਂ ਰਾਹੀਂ ਨਸ਼ੀਲੇ ਪਦਾਰਥ ਆਪਣੀਆਂ ਨਸਾਂ ਵਿਚ ਧੱਕਦੇ। ਸਰਕਾਰ ਤੇ ਪੁਲੀਸ ਨੇ ਬਹੁਤ ਜ਼ੋਰ ਲਾਇਆ ਕਿ ਉਹ ਨਸ਼ੇੜੀਆਂ ਅਤੇ ਤਸਕਰਾਂ ਨੂੰ ਜੇਲ੍ਹਾਂ 'ਚ ਡੱਕ ਕੇ ਇਸ ਸਮੱਸਿਆ ਤੋਂ ਮੁਕਤੀ ਪਾਏ ਪਰ ਸਫ਼ਲਤਾ ਨਾ ਮਿਲੀ। 1994 ਵਿਚ ਸਰਕਾਰ ਨੇ ਇਕ ਨਵੀਂ ਨੀਤੀ ਅਪਣਾਈ ਜਿਸ ਦਾ ਨਿਸ਼ਾਨਾ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦੀ ਸਹਾਇਤਾ ਕਰਨਾ ਸੀ। ਇਸ ਨੂੰ ਚਾਰ ਥੰਮਾਂ ਵਾਲੀ ਨੀਤੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿਚ ਚਾਰ ਤਰ੍ਹਾਂ ਦੇ ਲੋਕ ਸ਼ਾਮਲ ਹਨ, ਸਿਆਸੀ ਨੁਮਾਇੰਦੇ, ਸਮਾਜ ਵਿਚ ਅਸਰ-ਰਸੂਖ ਰੱਖਣ ਵਾਲੇ ਵਿਅਕਤੀ, ਪੁਲੀਸ ਅਤੇ ਨਸ਼ਿਆਂ ਵਿਰੁੱਧ ਕਾਰਵਾਈ ਕਰਨ ਵਾਲੀਆਂ ਏਜੰਸੀਆਂ ਅਤੇ ਸਿਹਤ ਵਿਭਾਗ ਨਾਲ ਸਬੰਧ ਰੱਖਣ ਵਾਲੇ ਡਾਕਟਰ ਅਤੇ ਹੋਰ ਮਾਹਿਰ। ਇਸ ਪ੍ਰੋਗਰਾਮ ਤਹਿਤ ਕਰਮਚਾਰੀਆਂ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਦਾ ਕੰਮ ਨਸ਼ੇੜੀਆਂ ਵਿਚ ਹੀਣ ਭਾਵਨਾ ਪੈਦਾ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਉਨ੍ਹਾਂ ਨਾਲ ਮਾਨਿਸਕ ਰਿਸ਼ਤੇ ਗੰਢਣਾ ਹੈ। ਨਸ਼ੇੜੀਆਂ ਨੂੰ ਸੌਣ ਲਈ ਥਾਂ, ਖਾਣਾ ਤੇ ਕੱਪੜੇ ਦੇਣ ਦੇ ਨਾਲ ਨਾਲ ਨਸ਼ਿਆਂ ਤੋਂ ਮੁਕਤ ਹੋਣ ਲਈ ਇਲਾਜ ਕਰਵਾਉਣ ਵੱਲ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦਾ ਵਿਸ਼ਵਾਸ ਜਿੱਤਣ ਲਈ ਸਰਕਾਰ ਨੇ ਨਸ਼ਾ ਲੈਣ ਲਈ ਕੇਂਦਰ ਵੀ ਬਣਾਏ ਅਤੇ ਨਸ਼ੇੜੀਆਂ ਨੂੰ ਵਰਤਣ ਵਾਸਤੇ ਸਰਿੰਜਾਂ ਵੀ ਦਿੱਤੀਆਂ। ਇਸ ਦੇ ਨਾਲ ਨਾਲ ਹੈਰੋਇਨ ਦੀ ਥਾਂ 'ਤੇ ਮੈਥਾਡੋਨ ਤੇ ਬਪਰੀਨੌਰਫਿਨ ਦੀ ਵੱਡੀ ਪੱਧਰ 'ਤੇ ਵਰਤੋਂ ਕੀਤੀ ਗਈ। ਇਸ ਪ੍ਰੋਗਰਾਮ ਨੂੰ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਕਿਸੇ ਨਸ਼ੇੜੀ ਤੋਂ ਇਹ ਆਸ ਕਰਦੇ ਸਨ ਕਿ ਉਹ ਇਕਦਮ ਨਸ਼ਾ ਕਰਨਾ ਛੱਡ ਦੇਵੇ ਅਤੇ ਨਾ ਹੀ ਇਹ ਸੰਭਵ ਸੀ। ਨਸ਼ੇੜੀਆਂ 'ਤੇ ਵਿਸ਼ਵਾਸ ਕੀਤਾ ਗਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਨਾ ਸਿਰਫ਼ ਮੈਥਾਡੋਨ ਤੇ ਬਪਰੀਨੌਰਫਿਨ ਜਿਹੀਆਂ ਦਵਾਈਆਂ ਘਰ ਲਿਜਾ ਕੇ ਵਰਤਣ ਦੀ ਇਜਾਜ਼ਤ ਦਿੱਤੀ ਸਗੋਂ ਡਾਕਟਰੀ ਪਰਚੀਆਂ ਵੀ ਦਿੱਤੀਆਂ ਗਈਆਂ ਕਿ ਉਹ ਇਹ ਦਵਾਈਆਂ ਖਰੀਦ ਕੇ ਵਰਤ ਸਕਦੇ ਹਨ। ਇਸ ਤਰ੍ਹਾਂ ਇਸ ਪ੍ਰੋਗਰਾਮ ਦਾ ਮਨੋਰਥ ਨਸ਼ੇੜੀਆਂ ਅੰਦਰਲੇ ਮਨੁੱਖ 'ਤੇ ਵਿਸ਼ਵਾਸ ਕਰਨਾ ਸੀ। ਤਸਕਰਾਂ ਦੇ ਵਿਰੁੱਧ ਕਾਰਵਾਈ ਵੱਖਰੀ ਪੱਧਰ 'ਤੇ ਕੀਤੀ ਗਈ। ਇਸ ਪ੍ਰੋਗਰਾਮ ਦੇ ਹੈਰਾਨੀਜਨਕ ਨਤੀਜੇ ਨਿਕਲੇ ਅਤੇ ਹੁਣ ਸਵਿਟਜ਼ਰਲੈਂਡ ਵਿਚ ਹੈਰੋਇਨ ਅਤੇ ਅਫ਼ੀਮ ਤੋਂ ਬਣਾਏ ਜਾਂਦੇ ਹੋਰ ਨਸ਼ਿਆਂ ਦੀ ਵਰਤੋਂ ਬਹੁਤ ਘਟ ਗਈ ਹੈ।
      ਇਸ ਪ੍ਰੋਗਰਾਮ ਤਹਿਤ ਇਹ ਸਵੀਕਾਰ ਕੀਤਾ ਗਿਆ ਕਿ ਨਸ਼ਿਆਂ ਦੀ ਵਰਤੋਂ ਕਾਰਨ ਨੌਜਵਾਨ ਬਹੁਤ ਮੁਸ਼ਕਿਲ ਮਾਨਸਿਕ ਤੇ ਸਮਾਜਿਕ ਸਥਿਤੀ ਦਾ ਸਾਹਮਣਾ ਕਰ ਰਹੇ ਹਨ : ਉਨ੍ਹਾਂ ਦੀ ਮਾਨਸਿਕਤਾ ਖੰਡਿਤ ਹੈ, ਜੀਵਨ ਲਈ ਉਤਸ਼ਾਹ ਤੇ ਲਲ੍ਹਕ ਗਾਇਬ ਹੋ ਜਾਂਦੇ ਹਨ, ਨਿਰਾਸ਼ਾ ਦੀ ਘੁੰਮਣਘੇਰੀ ਵਿਚ ਡੁੱਬੇ ਹੋਏ ਨੌਜਵਾਨ ਨਹੀਂ ਜਾਣਦੇ ਕਿ ਉਹ ਕਿਧਰ ਜਾਣ; ਦੂਸਰੇ ਪਾਸੇ ਸਮਾਜ ਉਨ੍ਹਾਂ ਨੂੰ ਆਦਰਸ਼ਮਈ ਹਾਲਾਤ ਵਿਚ ਦੇਖਣਾ ਚਾਹੁੰਦਾ ਹੈ : ਬਿਲਕੁਲ ਨਸ਼ਾ ਨਾ ਕਰਨ ਵਾਲੇ ਮਿਹਨਤੀ ਤੇ ਅਨੁਸ਼ਾਸਨ ਵਿਚ ਬੱਝੇ ਨੌਜਵਾਨਾਂ ਵਜੋਂ, ਸਮਾਜ ਇਹ ਵੀ ਚਾਹੁੰਦਾ ਹੈ ਕਿ ਨੌਜਵਾਨ ਵਡੇਰਿਆਂ ਤੇ ਅਧਿਕਾਰੀਆਂ ਦੇ ਕਹਿਣ 'ਤੇ ਇਕਦਮ ਨਸ਼ੇ ਛੱਡ ਦੇਣ, ਇਹ ਪਾੜਾ ਬਹੁਤ ਵੱਡਾ ਸੀ। ਇਸ ਨੂੰ ਮੇਟਣ ਲਈ ਸਰਕਾਰ ਤੇ ਨਸ਼ਿਆਂ ਵਿਰੁੱਧ ਲੜਨ ਵਾਲਿਆਂ ਨੇ ਇਸ ਲੜਾਈ ਨੂੰ ਲੜਨ ਦੇ ਸਿਧਾਂਤ ਵਿਚ ਬੁਨਿਆਦੀ ਤਬਦੀਲੀ ਕੀਤੀ, ਉਹ ਤਬਦੀਲੀ ਸੀ ਕਿ ਇਲਾਜ ਤੇ ਮੁੜ-ਵਸੇਬਾ ਸ਼ੁਰੂ ਕਰਨ ਦੇ ਪਹਿਲੇ ਪੜਾਅ 'ਤੇ ਹੀ ਨਸ਼ਾ ਵਰਤਣ ਵਾਲੇ ਨੌਜਵਾਨ ਤੋਂ ਇਹ ਉਮੀਦ ਕਰਨਾ ਕਿ ਉਹ ਭਲ੍ਹਕੇ ਹੀ ਨਸ਼ਾ ਛੱਡ ਦੇਵੇਗਾ, ਬਹੁਤ ਵੱਡੀ ਗ਼ਲਤੀ ਹੈ। ਪਹਿਲੇ ਪੜਾਅ 'ਤੇ ਸਰਕਾਰ ਤੇ ਸਮਾਜ ਦਾ ਕੰਮ ਉਸ ਨੂੰ ਹੌਂਸਲਾ ਦੇਣਾ ਤੇ ਇਹ ਦੇਖਣਾ ਹੈ ਕਿ ਜੋ ਨੁਕਸਾਨ ਉਹ ਨੌਜਵਾਨ ਹੈਰੋਇਨ ਨੂੰ ਸਰਿੰਜ ਰਾਹੀਂ ਆਪਣੇ ਸਰੀਰ ਵਿਚ ਧੱਕ ਕੇ ਜਾਂ ਚਿਲਮ ਰਾਹੀਂ ਪੀ ਕੇ ਕਰ ਰਿਹਾ ਹੈ, ਉਹ ਘਟਾਇਆ ਜਾਏ। ਇਸ ਲਈ ਪਹਿਲਾ ਬੁਨਿਆਦੀ ਮਕਸਦ ਸਿਰਫ਼ ਤੇ ਸਿਰਫ਼ ਹੈਰੋਇਨ (ਚਿੱਟੇ) ਤੋਂ ਪਿੱਛਾ ਛੁਡਾਉਣਾ ਹੈ।
        ਇਸ ਤਰ੍ਹਾਂ ਦੀ ਪਹੁੰਚ ਕਾਰਨ ਸਵਿਟਜ਼ਰਲੈਂਡ ਵਿਚ ਏਡਜ਼, ਹੈਪੇਟਾਈਟਸ-ਸੀ ਦੀਆਂ ਬਿਮਾਰੀਆਂ ਦੀ ਦਰ ਅਤੇ ਅਪਰਾਧ ਕਾਫ਼ੀ ਘਟੇ। ਕੁਝ ਸਮਾਜ ਸੇਵੀ ਸੰਸਥਾਵਾਂ ਨੇ ਇਸ ਪ੍ਰੋਗਰਾਮ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਨਸ਼ੇੜੀਆਂ ਨੂੰ ਹੈਰੋਇਨ ਦੇ ਨਸ਼ੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ 'ਤੇ ਵਰਤੀਆਂ ਜਾਣ ਵਾਲੀਆਂ ਮੈਥਾਡੋਨ ਤੇ ਬਪਰੀਨੌਰਫਿਨ ਦਾ ਆਦੀ ਬਣਾ ਰਿਹਾ ਹੈ। ਇਸ ਮੁੱਦੇ 'ਤੇ ਦੇਸ਼ ਵਿਚ ਰੈਫਰੈਂਡਮ ਕਰਾਇਆ ਗਿਆ ਪਰ 75 ਫ਼ੀਸਦੀ ਲੋਕਾਂ ਨੇ ਪ੍ਰੋਗਰਾਮ ਨੂੰ ਚਾਲੂ ਰੱਖਣ ਦੇ ਹੱਕ ਵਿਚ ਵੋਟ ਪਾਈ। ਪ੍ਰੋਗਰਾਮ ਦੀ ਸਫ਼ਲਤਾ ਦਾ ਵੱਡਾ ਕਾਰਨ ਇਹ ਵੀ ਸੀ ਕਿ ਸਰਕਾਰ ਵੱਲੋਂ 100 ਫ਼ੀਸਦੀ ਵਸੋਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ। ਇਹੋ ਜਿਹਾ ਪ੍ਰੋਗਰਾਮ ਤਾਂ ਹੀ ਸਫ਼ਲ ਹੋ ਸਕਦਾ ਹੈ ਜੇ ਸਿਆਸੀ ਜਮਾਤ, ਪ੍ਰਸ਼ਾਸਨਿਕ ਅਧਿਕਾਰੀ, ਡਾਕਟਰ ਤੇ ਹੋਰ ਲੋਕ ਅਜਿਹੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪ੍ਰਤੀਬੱਧ ਹੋਣ।
       ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਹਿੰਦੋਸਤਾਨ ਵਿਚ ਇਹ ਨੀਤੀ ਕਈ ਕਾਰਨਾਂ ਕਰਕੇ ਲਾਗੂ ਹੀ ਨਹੀਂ ਕੀਤੀ ਜਾ ਸਕਦੀ : ਪਹਿਲਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਬਹੁਤ ਆਦਰਸ਼ਮਈ ਦੱਸਣ ਤੇ ਦਿਖਾਉਣ ਦੇ ਕਾਇਲ ਹਾਂ ਤੇ ਇਸ ਲਈ ਅਸੀਂ ਕਦੀ ਵੀ ਨਸ਼ੇੜੀਆਂ ਦੀ ਮਾਨਸਿਕ ਹਾਲਤ ਨੂੰ ਸਮਝਦੇ ਹੋਏ ਇਹ ਸੱਚ ਕਹਿਣ ਤੇ ਸਵੀਕਾਰ ਕਰਨ ਦਾ ਹੌਸਲਾ ਨਹੀਂ ਕਰ ਸਕਾਂਗੇ ਕਿ ਇਸ ਨੌਜਵਾਨ ਨੂੰ ਨਸ਼ੇ ਦੀ ਜ਼ਰੂਰਤ ਹੈ, ਅਸੀਂ ਆਪਣੇ ਆਦਰਸ਼ਵਾਦੀ ਤਰੀਕੇ ਅਨੁਸਾਰ ਕਹਿਣਾ ਚਾਹਾਂਗੇ 'ਭਲ੍ਹਕ ਤੋਂ ਨਸ਼ਾ ਬੰਦ, ਮਨ ਭਗਵਾਨ ਤੇ ਹੋਰ ਚੰਗੇ ਖ਼ਿਆਲਾਂ ਵੱਲ ਲਾਓ', ਦੂਸਰਾ, ਸਾਡੀਆਂ ਸਿਹਤ ਸੇਵਾਵਾਂ ਦਾ ਮਿਆਰ ਬਹੁਤ ਹੀ ਨੀਵਾਂ ਹੈ ਤੇ ਲੋਕਾਂ ਤਕ ਪਹੁੰਚ ਬਹੁਤ ਹੀ ਸੀਮਤ, ਤੀਸਰਾ ਸਾਡੇ ਪ੍ਰਸ਼ਾਸਨਿਕ ਵਿਭਾਗ ਇਕ ਦੂਜੇ ਨਾਲ ਸਹਿਯੋਗ ਕਰਦੇ ਹੋਏ ਇਕੱਠੇ ਕੰਮ ਕਰਨ ਦੀ ਬਜਾਇ ਇਕ ਦੂਜੇ ਨੂੰ ਦੋਸ਼ ਦੇਣ, ਆਪਣੀ ਜ਼ਿੰਮੇਵਾਰੀ ਤੋਂ ਭੱਜਣ ਤੇ ਰਿਸ਼ਵਤਖੋਰੀ ਲਈ ਜਾਣੇ ਜਾਂਦੇ ਹਨ, ਚੌਥਾ ਸਿਆਸੀ ਇੱਛਾ-ਸ਼ਕਤੀ ਦੀ ਘਾਟ। ਪਰ ਜੇ ਸਿਆਸਤਾਨ ਚਾਹੁਣ ਤਾਂ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਹੈਰੋਇਨ ਤੇ ਚਿੱਟੇ ਦੇ ਫੈਲਾਓ ਨੂੰ ਮੁੱਖ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ। ਇਹ ਫੈਲਾਓ ਤਸਕਰਾਂ, ਪੁਲੀਸ ਤੇ ਸਿਆਸੀ ਜਮਾਤ ਵਿਚਲੇ ਤੱਤਾਂ ਦੇ ਗੱਠਜੋੜ ਬਿਨਾਂ ਸੰਭਵ ਨਹੀਂ। ਉਹ ਗੱਠਜੋੜ ਤੋੜਿਆ ਜਾਣਾ ਚਾਹੀਦਾ ਹੈ। ਦੂਸਰੇ ਦੇਸ਼ਾਂ ਵੱਲੋਂ ਨਸ਼ਿਆਂ ਵਿਰੁੱਧ ਲੜੀ ਗਈ ਲੜਾਈ ਤੋਂ ਸਬਕ ਲੈ ਕੇ ਨਸ਼ਿਆਂ ਵਿਰੁੱਧ ਲੜਨ ਲਈ ਅਜਿਹੀ ਰਣਨੀਤੀ ਅਪਣਾਉਣੀ ਚਾਹੀਦੀ ਹੈ ਜੋ ਆਦਰਸ਼ਮਈ ਨਾ ਹੋ ਕੇ ਹਕੀਕਤ ਦੇ ਨਜ਼ਦੀਕ ਹੋਵੇ।