ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

14 July 2019

ਸੱਤਾਹੀਣ ਹੋ ਕੇ ਹੀ ਬਾਦਲਾਂ ਦਾ ਹੇਜ ਪੰਜਾਬ ਨਾਲ ਕਿਉਂ ਜਾਗਦਾ ਹੈ?- ਹਰਪਾਲ ਚੀਮਾ
ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।

ਹਰ ਸਿੱਖ ਪਰਵਾਰ ਦਾ ਇਕ ਮੈਂਬਰ ਅਕਾਲੀ ਦਲ ਦਾ ਕਾਰਕੁੰਨ ਹੋਵੇ-ਬਾਦਲ
ਆਸ਼ਕ ਸੜਦੇ ਧੁੱਪੇ, ਕੁਆਰੀਏ ਛਾਂ ਕਰ ਦੇ।

ਨਵਜੋਤ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦਿਤਾ- ਇਕ ਖ਼ਬਰ
ਆਹ ਲੈ ਫੜ ਮਿੱਤਰਾ, ਮੇਰੇ ਬਾਂਕਾਂ ਮੇਚ ਨਾ ਆਈਆਂ।

ਆਮ ਆਦਮੀ ਪਾਰਟੀ  ਦਾ ਝਾੜੂ ਫਿਰ ਖਿੰਡਣ ਲੱਗਾ- ਇਕ ਖ਼ਬਰ
ਮੋੜੀਂ ਮੋੜੀਂ ਵੇ ਗੁਲਜ਼ਾਰੀ,  ਭੇਡਾਂ ਦੂਰ ਗਈਆਂ।

ਪੰਜਾਬ ਵਿਚ ਸੱਤਾ ਬਦਲੀ ਪਰ ਪੁਲੀਸ ਦਾ ਕੰਮ-ਕਾਰ ਕਰਨ ਦਾ ਤਰੀਕਾ ਉਹੀ-ਇਕ ਖ਼ਬਰ
ਮਾਉਂ ਹੀਰ ਥੀਂ ਲੋਕ ਕਰਨ ਚੁਗਲੀ, ਤੇਰੀ ਮਲਕੀਏ ਧੀ ਖ਼ਰਾਬ ਹੈ ਨੀਂ।

ਖੇਡਾਂ ਵਿਚ ਪਛੜਿਆ ਪੰਜਾਬ- ਇਕ ਖ਼ਬਰ
ਬਈ ਹੁਣ ਉਹ ਗੱਲ ਕਰੋ ਜੀਹਦੇ 'ਚ ਪੰਜਾਬ ਪਛੜਿਆ ਨਹੀਂ।

ਠੇਕੇਦਾਰ ਨੇ ਬਾਰਿਸ਼ ਦੌਰਾਨ ਹੀ ਸੜਕ 'ਤੇ ਲੁੱਕ ਪੁਆਈ-ਇਕ ਖ਼ਬਰ
ਲਾਗੀਆਂ ਨੇ ਲਾਗ ਲੈਣਾ ਭਾਵੇਂ ਜਾਂਦਿਆਂ ਹੀ..........।

ਕੈਪਟਨ ਖ਼ਾਲਿਸਤਾਨ ਦੇ ਮੁੱਦੇ 'ਤੇ ਦੋਹਰੀ ਬਾਜ਼ੀ ਖੇਡ ਰਿਹਾ ਹੈ- ਬਾਦਲ ਅਕਾਲੀ ਦਲ
ਨੀਂ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।

ਕੌਮ ਦੀ ਚੜ੍ਹਦੀਕਲਾ ਕਰਨ ਲਈ ਯਤਨ ਕਰਨ ਦੀ ਲੋੜ- ਜਥੇਦਾਰ ਅਕਾਲ ਤਖ਼ਤ
ਤੁਸੀਂ ਖੱਟਾ ਪੀਣ ਲਈ ਤਖ਼ਤਾਂ 'ਤੇ ਬੈਠੇ ਹੋ?

ਕਿਸਾਨਾਂ ਨੂੰ 'ਤੁੱਛ' ਸਮਝਦੀ ਹੈ ਸਰਕਾਰ- ਰਾਹੁਲ
ਓਹੋ ਤੇਰੀ ਤੁਣਤੁਣੀ, ਉਹੀਓ ਤੇਰਾ ਰਾਗ।

ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਨੂੰ ਛੁਪਾ ਰਹੀ ਹੈ ਸਰਕਾਰ- ਕਾਂਗਰਸ
ਸੱਪ ਤੋਂ ਨਾ ਡਰਦੀ ਸ਼ੀਂਹ ਤੋਂ ਨਾ ਡਰਦੀ, ਡਰਦੀ ਸੱਪ ਦੀ ਵਰਮੀ ਤੋਂ।

ਮੁਕਤਸਰ ਦੇ ਪਟਵਾਰੀ ਨੇ ਰੱਖੇ ਹੋਏ ਹਨ 16 ਕਰਿੰਦੇ- ਇਕ ਖ਼ਬਰ
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।

ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਦਾ ਆਈ ਫੋਨ ਚੋਰੀ-ਇਕ ਖ਼ਬਰ
ਸਾਡਾ ਫੋਨ ਜੀ ਚੋਰੀ ਹੋ ਗਿਆ ਕੀ ਕਰੀਏ, ਕੀ ਕਰੀਏ।

ਨਸ਼ਿਆਂ ਨੇ 'ਲੁੱਟਿਆ' ਜਿਉਣੇ ਮੌੜ ਦਾ ਪਿੰਡ-ਇਕ ਖ਼ਬਰ
ਰਾਤੀਂ ਧਾੜ ਪਈ, ਲੁੱਟਿਆ ਤਖ਼ਤ ਹਜ਼ਾਰਾ।

ਬਿਜਲੀ ਚੋਰੀ ਰੋਕਣ 'ਚ ਪੁਲਿਸ ਤੇ ਪ੍ਰਸ਼ਾਸਨ ਸਹਿਯੋਗ ਕਰੇ- ਅਮਰਿੰਦਰ
ਰਾਖੀ ਦੁੱਧ ਦੀ ਬਿੱਲੀਆਂ ਤੋਂ, ਭਾਲ਼ਦੀ ਏਂ ਸਰਕਾਰੇ।