ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਆਏ ਮੰਤਰੀ ਤੇ ਅਫ਼ਸਰ ਧੂੜ ਪੁੱਟਦੇ,
ਅੱਕ ਬੂਟੇ ਨੂੰ ਅੱਜ ਅਨਾਰ ਲੱਗਾ।

ਖ਼ਬਰ ਹੈ ਕਿ ਲੋਕ ਸਭਾ ਸਪੀਕਰ ਉਮ ਬਿਰਲਾ ਦੀ ਅਗਵਾਈ ਵਿੱਚ ਪਿਛਲੇ ਦਿਨੀਂ ਸੰਸਦ 'ਚ ਸਵੱਛਤਾ ਮੁਹਿੰਮ ਚਲਾਈ ਗਈ। ਜਿਸ ਵਿੱਚ ਸਪੀਕਰ ਸਮੇਤ ਕਈ ਦਿਗਜ ਮੰਤਰੀ, ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿੱਚ ਝਾੜੂ ਫੇਰਿਆ। ਹਾਜ਼ਰ ਹੋਣ ਵਾਲਿਆਂ ਵਿੱਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਨੁਰਾਗ ਠਾਕੁਰ, ਰਾਜੀਵ ਪ੍ਰਤਾਪ ਰੂਡੀ ਤੇ ਹੇਮਾ ਮਾਲਿਨੀ ਸਮੇਤ ਕਈ ਹੋਰਨਾਂ ਨੇ ਇਸ ਮੁਹਿੰਮ 'ਚ ਹਿੱਸਾ ਲੈਂਦੇ ਹੋਏ ਝਾੜੂ ਫੇਰਕੇ ਸਫ਼ਾਈ ਕੀਤੀ। ਸਵੱਛ  ਮੁਹਿੰਮ ਸਬੰਧੀ ਨੇਤਾਵਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਹਾੜੇ ਸਬੰਧੀ ਸਵੱਛ ਭਾਰਤ ਮੁਹਿੰਮ ਨੂੰ ਪੂਰਾ ਕਰਨਾ ਸਾਰਥਕ ਪਹਿਲ ਹੈ। ਯਾਦ ਰਹੇ 2014 'ਚ ਮੋਦੀ ਨੇ ਸਵੱਛ ਭਾਰਤ ਮੁਹਿੰਮ ਸ਼ੁਰੂ ਕੀਤੀ ਸੀ।
ਸਫ਼ਾਈ ਹੋਵੇ ਨਾ ਹੋਵੇ, ਪਰ ਛਪਾਈ ਹੋ ਗਈ ਹੈ। ਅਖ਼ਬਾਰਾਂ ਦੀਆਂ ਸੁਰਖੀਆਂ 'ਚ ਸਜੇ-ਧਜੇ ਮੰਤਰੀਆਂ-ਸੰਤਰੀਆਂ ਹੱਥ ਫੜੇ ''ਯਾਦੂਈ ਝਾੜੂ'' ਸੰਸਦ ਦੀ ਹੀ ਨਹੀਂ, ਦੇਸ਼ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ। ਸਫ਼ਾਈ ਸੜਕਾਂ ਦੀ, ਸਫ਼ਾਈ ਮੜਕਾਂ ਦੀ, ਸਫ਼ਾਈ ਵਿਰੋਧੀਆਂ ਦੀ ਅਤੇ ਸਫ਼ਾਈ ਨਿਰੋਗੀਆਂ ਦੀ, ਤਾਂ ਕਿ ਦੇਸ਼ ਬੀਮਾਰ ਰਹੇ, ਕੁਰਸੀ ਸਲਾਮਤ ਰਹੇ।
ਵੋਖੋ ਨਾ ਜੀ, ਸੰਸਦ 'ਚ ਸਫ਼ਾਈ ਜ਼ਰੂਰੀ ਹੈ, ਤਾਂ ਕਿ ਕਾਂਗਰਸ ਮੁਕਤ ਸੰਸਦ ਬਣੇ! ਦੇਸ਼ 'ਚ ਸਫ਼ਾਈ ਜ਼ਰੂਰੀ ਹੈ ਤਾਂ ਕਿ ''ਕਾਂਗਰਸ ਗ੍ਰਾਸ'' ਦੀ ਜੜ੍ਹ ਪੁੱਟੀ ਜਾਏ! ਵੇਖੋ ਨਾ ਜੀ ਗੋਆ 'ਚ ਝਾੜੂ ਫੇਰ ਤਾਂ ਗੋਆ ਕਾਂਗਰਸ ਮੁਕਤ ਗੋਆ ਹੋ ਗਿਆ। ਕਰਨਾਟਕਾ 'ਚ ਕਾਂਗਰਸ-ਜੇਡੀਐਸ ਸਰਕਾਰਾਂ 'ਤੇ ਝਾੜੂ ਫਿਰ ਰਿਹਾ ਹੈ। ਪੈਸਿਆਂ ਦਾ ਮੋਹਲੇਧਾਰ ਮੀਂਹ ਬਰਸਾਤ ਦੇ ਦਿਨਾਂ 'ਚ ਬਰਸਾਇਆ ਜਾ ਰਿਹਾ ਤੇ ਕਾਂਗਰਸ ਝਾੜੂ ਨਾਲ ਕਰਨਾਟਕੋਂ ਸਫਾਇਆ ਕਰਾਇਆ ਜਾ ਰਿਹਾ ਤੇ ਮੁੜ ਰਾਜਸਥਾਨ , ਪੰਜਾਬ ਵੱਲ ''ਕਾਂਗਰਸ'' ਮੁੱਕਤੀ ਦਾ ਝਾੜੂ  ਚਲਾਇਆ ਜਾ ਰਿਹਾ ਹੈ।
ਉਂਜ ਭਾਈ ਇਹ ਸਭ ਕਰਾਮਾਤਾਂ ਅਫ਼ਸਰਸ਼ਾਹੀ-ਬਾਬੂਸ਼ਾਹੀ ਦੀਆਂ ਹਨ, ਜਿਹੜੀ ਆਪਣੇ ਭਲੇ ਲਈ ਮੰਤਰੀਆਂ-ਸਤੰਰੀਆਂ ਨੂੰ ''ਪੁੱਠੇ ਕੰਮੀਂ'' ਰੁਝਾਈ ਰੱਖਦੀ ਆ ਤੇ ਆਪਣੇ ਬੋਝੇ ਤਾਕਤ ਦਾ ਕੜਛਾ ਪਾਈ ਰੱਖਦੀ ਆ ਅਤੇ ਲੋਕਾਂ ਨੂੰ ਰਿਝਾਉਣ ਲਈ, ਪਤਿਆਉਣ ਲਈ ਔਝੜੇ ਰਾਹੀਂ ਪਾਈ ਰੱਖਦੀ ਆ। ਮੰਤਰੀਆਂ ਅਫ਼ਸਰਾਂ ਦੇ ਇਹੋ ਜਿਹੇ ਪ੍ਰੋਗਰਾਮ  ਬਾਰੇ ਕਵੀ ਦੇ ਬੋਲ-ਕੁਬੋਲ ਸੁਣੋ, ''ਆਏ ਮੰਤਰੀ ਤੇ ਅਫ਼ਸਰ ਧੂੜ ਪੁੱਟਦੇ , ਅੱਕ ਬੂਟੇ ਨੂੰ ਅੱਜ ਅਨਾਰ ਲੱਗਾ''।

 ਚੌਧਰ ਆਪਣੀ ਤਾਈਂ ਚਮਕੌਣ ਖਾਤਰ,
ਪੰਗਾ ਲੈਣੋਂ ਨਾ ਯਾਰ ਕੋਈ ਸੰਗਦਾ ਏ।

ਖ਼ਬਰ ਹੈ ਕਿ ਵਿਭਾਗ ਬਦਲਣ ਤੋਂ ਨਾਰਾਜ਼ ਚੱਲੇ ਆ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਸਿੱਧੂ ਨੇ 10 ਜੂਨ ਨੂੰ ਕਾਂਗਰਸ ਪ੍ਰਧਾਨ ਨੂੰ ਅਸਤੀਫ਼ਾ ਦੇ ਦਿੱਤਾ ਸੀ, ਪਰ ਇਸਦਾ ਖੁਲਾਸਾ ਉਹਨਾ ਐਤਵਾਰ ਨੂੰ ਟਵੀਟ ਤੇ ਕੀਤਾ ਹੈ। ਸਿੱਧੂ ਇੱਕ ਮਹੀਨੇ ਤੋਂ ਸਰਗਰਮ ਰਾਜਨੀਤੀ ਤੋਂ ਦੂਰ ਸਨ, ਪਿਛਲੇ ਦਿਨੀਂ ਉਹ ਵੈਸ਼ਨੋ ਦੇਵੀ ਦੇ ਮੰਦਰ ਵਿੱਚ ਭਗਤੀ ਕਰਨ ਗਏ ਪਰ ਐਤਵਾਰ ਨੂੰ ਟਵੀਟ ਕਰਕੇ ਉਹਨਾ  ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ 'ਚ ਫੇਰ-ਬਦਲ ਕਰਕੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈਕੇ ਬਿਜਲੀ ਵਿਭਾਗ ਨੂੰ ਦੇ ਦਿੱਤਾ ਸੀ।
ਸਿਆਸਤ ਦੀ ਪਿੱਚ ਤੇ ਜਾਪਦੈ ਸਿੱਧੂ ਬੋਲਡ ਹੋ ਗਿਆ। ਕੈਪਟਨ ਨੇ ਉਹਨੂੰ ਚਾਰੋਂ ਖਾਨੇ ਚਿੱਤ ਕਰਤਾ। ਕਰਦਾ ਵੀ ਕਿਉਂ ਨਾ ਸ਼ਰੀਕ ਬਣਿਆ ਬੈਠਾ ਸੀ। ਹੈ ਕਿ ਨਾ? ਕ੍ਰਿਕਟ ਦੇ ਸਰਦਾਰ, ਹਾਸਿਆਂ ਦੇ ਬਾਦਸ਼ਾਹ, ਵਿਵਾਦਾਂ ਦੇ ਸਿਰਮੌਰ ਸਿਆਸਤਦਾਨ ਚੌਕਾ-ਛੱਕਾ ਤਾਂ ਮਾਰਦੇ ਹੀ ਰਹਿੰਦੇ ਸਨ, ਕਦੇ ਮੋਦੀ ਨੂੰ, ਕਦੇ ਸੋਨੀਆ ਨੂੰ, ਕਦੇ ਮਨਮੋਹਨ ਨੂੰ ਖੁਸ਼ ਕਰਨ ਲਈ ਬੱਲੇਬਾਜੀ  ਕਰਦੇ ਬੱਲੇ-ਬੁਲ੍ਹੇ ਪੁਟਦੇ ਰਹਿੰਦੇ ਸਨ। ਪਰ ਜਾਪਦੈ ਅੱਜ ਇਹੀ ਬੱਲੇ-ਬੱਲੇ ਉਹਨਾ ਨੂੰ ਥੱਲੇ-ਥੱਲੇ ਕਰ ਗਈ । ਹੈ ਕਿ ਨਾ?
ਨੇਤਾ ਲੋਕ, ਨੇਤਾ ਲੋਕ ਹੀ ਹੁੰਦੇ ਆ। ਸਿੰਗ ਫਸਾਉਣਾ ਤੇ ਸਿੰਗ ਹਟਾਉਣਾ ਉਹਨਾ ਦੀ ਆਦਤ ਆ। ਦੂਜੇ ਨੂੰ ਮਿੱਧਣਾ, ਵਿਰੋਧੀਆਂ ਨਾਲ ਸਿਝਣਾ, ਜੇ ਗੱਲ ਨਾ ਬਣੇ ਤਾਂ ਉਹਨਾ ਸੰਗ ਬੈਠ ਕੇ ਦਾਲ-ਫੁਲਕਾ ਛੱਕਣਾ। ਪਰ ਆਪਣਾ 'ਗੁਰੂ' ਤਾਂ ਅਵੱਲਾ ਹੀ ਆ, ਸਿੰਘ ਫਸਗੇ ਤਾਂ ਫਸਗੇ। ਕ੍ਰਿਕਟ 'ਚ ਆਪਣੇ ਕੈਪਟਨ, ਮੁਹੰਮਦ ਅਜ਼ਹਰੂਦੀਨ ਨਾਲ ਛੱਤੀ ਦਾ ਅੰਕੜਾ ਫਸਾਇਆ, ਭਾਜਪਾ 'ਚ ਸਿਆਸਤ 'ਚ ਐਂਟਰੀ ਕੀਤੀ, ਬਾਦਲ-ਮਜੀਠੀਆ ਪਰਿਵਾਰ ਨਾਲ ਦਸਤ ਪੰਜਾ ਪਾਇਆ ਤੇ ਜੇਤਲੀ ਹੱਥੋਂ ਅੰਮ੍ਰਿਤਸਰ ਦਾ ਟਿਕਟ ਗੁਆਇਆ। ਭਾਜਪਾ ਛੱਡੀ, 'ਆਪ' ਫੜਨ ਦੀ ਸੋਚੀ ਪਰ ਉਹਨਾ ਪੱਲੇ ਕੁਝ ਨਾ ਪਾਇਆ ਤੇ ਕਾਂਗਰਸੀਆਂ ਦੇ ਹੱਥ ਨੂੰ ਆਪਣਾ ਬਣਾਇਆ ਪਰ ਭਾਈ ਸਿਆਸਤ 'ਚ ਲੋਕ ਸੇਵਾ ਕਿਥੇ? ਗੈਰ-ਹਾਜ਼ਰ? ਇਸ ਸਿਆਸਤ 'ਚ ਪੰਜਾਬ ਕਿਥੇ? ਗੈਰ-ਹਾਜ਼ਰ! ਇਸ ਸਿਆਸਤ ਵਿੱਚ ਲੋਕ ਪਿਆਰ ਕਿਥੇ? ਗੈਰ-ਹਾਜ਼ਰ! ਬਸ ਜੇ ਕੁਝ ਹਾਜ਼ਰ ਹੈ ਤਾਂ ਬਸ ਕਵੀ ਦੀ ਇਹੋ ਸਤਰਾਂ, ''ਚੌਧਰ ਆਪਣੀ ਤਾਈਂ ਚਮਕੌਣ ਖਾਤਰ, ਪੰਗਾ ਲੈਣੋ ਨਾ ਯਾਰ ਕੋਈ ਸੰਗਦਾ ਏ''।   

ਸਿਹਤ ਲੋਕਾਂ ਦੀ ਵਿਗੜਦੀ ਜਾ ਰਹੀ ਹੈ,
ਭਾਰਤ ਜਾ ਰਿਹਾ ਦਿਨੋ-ਦਿਨ ਥੱਲੇ।

ਖ਼ਬਰ ਹੈ ਕਿ ਨੌਜਵਾਨਾਂ ਦਾ ਦੇਸ਼ ਕਿਹਾ ਜਾਣ ਵਾਲਾ ਭਾਰਤ ਆਉਣ ਵਾਲੇ ਸਾਲਾਂ 'ਚ ਬਜ਼ੁਰਗਾਂ ਦੀ ਬਹੁਤਾਤ ਦਾ ਸਾਹਮਣਾ ਕਰੇਗਾ। ਪਿਛਲੀ ਮਰਦਮ ਸ਼ੁਮਾਰੀ ਸਾਲ 2011 ਦੇ ਮੁਕਾਬਲੇ ਭਾਰਤ ਦੀ ਆਬਾਦੀ 'ਚ ਸਾਲ 2036  ਤੱਕ 26 ਫੀਸਦੀ ਦਾ ਵਾਧਾ ਹੋਣ ਵਾਲਾ ਹੈ। ਸੱਠ ਸਾਲ ਤੋਂ ਜਿਆਦਾ ਦੀ ਉਮਰ ਦੇ ਲੋਕਾਂ ਦੀ ਆਬਾਦੀ ਵੀ ਦੁਗਣੀ ਹੋ ਜਾਏਗੀ। ਸਰਕਾਰੀ ਅੰਕੜਿਆਂ ਅਨੁਸਾਰ 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੀ ਆਬਾਦੀ 121 ਕਰੋੜ ਸੀ ਜੋ ਸਾਲ 2035 ਤੱਕ ਵਧਕੇ 153.6 ਕਰੋੜ ਹੋ ਜਾਏਗੀ ਅਤੇ ਬਜ਼ੁਰਗਾਂ ਦੀ ਗਿਣਤੀ 8.6 ਫੀਸਦੀ ਤੋਂ ਵਧਕੇ 15.4 ਫੀਸਦੀ ਹੋ ਜਾਏਗੀ।
ਦੇਸ਼ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਦੁਨੀਆਂ 'ਚ ਸਭ ਤੋਂ ਵੱਧ ਹੈ ਤਾਂ ਕੀ ਹੋਇਆ? ਦੇਸ਼ 'ਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ ਦੁਨੀਆਂ 'ਚ ਸਭ ਤੋਂ ਵੱਧ ਹੈ ਤਾਂ ਕੀ ਹੋਇਆ? ਦੇਸ਼ 'ਚ ਭਾਈ ਨੌਜਵਾਨ ਉਮਰੋਂ ਪਹਿਲਾਂ ਨੌਕਰੀ ਦੇ ਫਿਕਰ, ਭੁੱਖ ਨਾਲ, ਦੁੱਖ ਨਾਲ ਬੁੱਢੇ ਹੋ ਰਹੇ ਆ, ਜਾਂ ਦੇਸੋਂ ਭੱਜ ਰਹੇ ਆ, ਤਾਂ ਕੀ ਹੋਇਆ? ''ਨਵਾਂ ਭਾਰਤ'' ਭਾਈ ਜੀ, ਤਰੱਕੀ ਕਰ ਰਿਹਾ ਆ, ਨੌਜਵਾਨਾਂ ਨੂੰ ਉਮਰੋਂ ਪਹਿਲਾਂ ਬੁੱਢੇ ਬਣਾ ਰਿਹਾ ਆ। ਬਚਪਨ ਨੂੰ ਬੁਢਾਪੇ ਦੇ ਗੁਣ ਸਿਖਾ ਰਿਹਾ ਆ। ਚੰਦ ਤੋਂ ਪਾਣੀ ਲਿਆਉਣ ਲਈ, ਲੋਕਾਂ ਨੂੰ ਭੁੱਖੇ ਮਾਰਕੇ  ਚੰਦਰਯਾਨ ਚੰਦਰਮਾ ਤੇ ਪਹੁੰਚਾਣ ਦੇ ਤਰਲੇ ਕਰ ਰਿਹਾ ਆ। ਵੇਖੋ ਨਾ ਜੀ ਧਰਤੀ ਹੇਠੋਂ ਪਾਣੀ ਮੁਕਾ ਲਿਆ। ਬੋਤਲਾਂ 'ਚ ਵਿਕਾ ਲਿਆ। ਦੇਸ਼ 'ਚ ਜੰਗਲਾਂ ਦਾ ਘਾਣ ਕਰਕੇ ਉਸਨੂੰ ਹੜ੍ਹਾਂ-ਸੋਕੇ ਦੇ ਰਾਹੇ ਪਾ ਲਿਆ। ਬਚਪਨ ਨੂੰ ਭੁੱਖ, ਜੁਆਨੀ ਨੂੰ ਨਸ਼ੇ ਤੇ ਬੁਢਾਪੇ ਨੂੰ ''ਮੰਜੇ ਦੇ ਲੜ'' ਲਾ ਲਿਆ।  ਤਦੇ ਤਾਂ ਕਹਿੰਦੇ ਨੇ ''ਸਿਹਤ ਲੋਕਾਂ ਦੀ ਵਿਗੜਦੀ ਜਾ ਰਹੀ ਏ, ਭਾਰਤ ਜਾ ਰਿਹਾ ਦਿਨੋ-ਦਿਨ ਥੱਲੇ''।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਭਾਰਤ ਵਿੱਚ ਵਰਤਿਆਂ ਜਾਂਦਾ ਸਾਫਟਵੇਅਰ 56 ਫੀਸਦੀ ਗੈਰ-ਕਾਨੂੰਨੀ ਹੈ, ਜਦਕਿ ਵੈਨਯੂਏਲਾ ਦੇ ਵਿੱਚ 89 ਫੀਸਦੀ ਇੰਡੋਨੇਸ਼ੀਆਂ 'ਚ 83 ਫੀਸਦੀ, ਚੀਨ ਵਿੱਚ 66 ਫੀਸਦੀ ਕੰਪਿਊਟਰ ਸਾਫਟਵੇਅਰ ਗੈਰਕਾਨੂੰਨੀ ਤੌਰ ਤੇ ਵਰਤਿਆ ਜਾਂਦਾ ਹੈ।

ਇੱਕ ਵਿਚਾਰ

ਸਾਨੂੰ ਸਮੇਂ ਦੀ ਵਰਤੋਂ ਅਕਲ ਨਾਲ ਕਰਨੀ ਚਾਹੀਦੀ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਕੰਮ ਕਰਨ ਦਾ ਕੋਈ ਗਲਤ ਸਮਾਂ ਨਹੀਂ ਹੁੰਦਾ। ..................ਨੈਲਸਨ ਮੰਡੇਲਾ

ਗੁਰਮੀਤ ਸਿੰਘ ਪਲਾਹੀ
9815802070