ਤੰਦਾਂ ਨੂੰ ਜੋੜਨ ਦੀ ਜ਼ਰੂਰਤ - ਸ਼ਾਮ ਸਿੰਘ ਅੰਗ-ਸੰਗ

ਦੇਰ ਪਹਿਲਾਂ ਮਨੁੱਖਾਂ ਨੇ ਸਿਰ ਜੋੜ ਕੇ ਸਮਾਜ ਬਣਾਇਆ ਤਾਂ ਜੋ ਮਿਲ-ਜੁਲ ਕੇ ਰਿਹਾ ਜਾ ਸਕੇ, ਸੱਭਿਅਕ ਰਾਹ ਅਪਣਾ ਕੇ ਵਿਕਾਸ ਵੱਲ ਕਦਮ ਪੁੱਟੇ ਜਾ ਸਕਣ। ਸਮਾਜ ਵਿੱਚ ਜਿੰਨੀ ਤਰੱਕੀ ਹੁਣ ਤੱਕ ਹੋਈ ਹੈ, ਉਹ ਸਾਂਝੇ ਹੱਥਾਂ ਦਾ ਸਿੱਟਾ ਵੀ ਹੈ ਅਤੇ ਭਰਵੇਂ ਯਤਨਾਂ ਦਾ ਵੀ। ਬੜੇ ਹੀ ਯਤਨਾਂ ਨਾਲ ਮਨੁੱਖਾਂ ਵਿੱਚੋਂ ਦੂਰੀ ਖ਼ਤਮ ਹੋਈ ਅਤੇ ਵਕਤਾਂ ਨੇ ਗਲਵੱਕੜੀ ਪੁਆ ਦਿੱਤੀ। ਅਜਿਹਾ ਪ੍ਰੇਮ ਅਤੇ ਸਿਆਣਪ ਨਾਲ ਹੀ ਹੋ ਸਕਿਆ, ਜਿਨ੍ਹਾਂ ਕਰਕੇ ਲੋਕਾਂ ਵਿੱਚ ਖੁਸ਼ਹਾਲੀ ਵੀ ਆਈ, ਖੁਸ਼ੀ ਵੀ। ਅਜਿਹਾ ਕੁਝ ਇਕਦਮ ਨਹੀਂ ਹੋਇਆ, ਸਗੋਂ ਸੈਂਕੜੇ ਵਰ੍ਹੇ ਲੱਗ ਗਏ ਤਾਂ ਹੀ ਸਮਾਜਿਕ ਤੰਦਾਂ ਜੁੜੀਆਂ।
     ਅਮਨ-ਅਮਾਨ ਅਤੇ ਸਹਿਜ ਨਾਲ ਜ਼ਿੰਦਗੀ ਜੀਊਣ ਲਈ ਮਨੁੱਖੀ ਤੰਦਾਂ ਜੋੜਨ ਦੀ ਜ਼ਰੂਰਤ ਹੈ ਤਾਂ ਕਿ ਨਜ਼ਦੀਕੀਆਂ ਵਧ ਸਕਣ, ਜਿਨ੍ਹਾਂ ਨਾਲ ਮਿਲਵੇਂ ਯਤਨਾਂ ਵੱਲ ਵਧਿਆ ਜਾ ਸਕੇ। ਮਿਲਵੇਂ ਯਤਨਾਂ ਅਤੇ ਇੱਕ-ਦੂਜੇ ਦੀ ਹੱਲਾਸ਼ੇਰੀ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾ, ਉੱਚੇ ਸੁਫ਼ਨੇ ਨਹੀਂ ਲਏ ਜਾ ਸਕਦੇ ਅਤੇ ਨਾ ਹੀ ਛੋਹੀਆਂ ਜਾ ਸਕਦੀਆਂ ਹਨ ਸਿਖਰਾਂ। ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਬਿਨਾਂ ਤਰੱਕੀ ਦੇ ਐਲਾਨ ਫੋਕੇ ਅਤੇ ਫਿੱਕੇ ਹਨ, ਜੋ ਕਿਸੇ ਤਰ੍ਹਾਂ ਵੀ ਨਹੀਂ ਹੋਣੇ ਚਾਹੀਦੇ।
      ਸਦੀਆਂ ਤੋਂ ਮਨੁੱਖੀ ਯਤਨਾਂ ਦੀ ਮਿਹਨਤ ਅਤੇ ਕਮਾਈ ਨਾਲ ਪੈਦਾ ਕੀਤੇ ਭਾਈਚਾਰੇ ਵਿੱਚ ਹੋਰ ਪ੍ਰੇਮ-ਭਾਵ ਅਤੇ ਨੇੜਤਾ ਪੈਦਾ ਕਰਨ ਦੀ ਜ਼ਰੂਰਤ ਹੈ, ਜਿਸ ਵਿੱਚ ਤਰੇੜਾਂ ਪੈਦਾ ਕਰਨ ਦੀਆਂ ਚਾਲਾਂ ਕਿਸੇ ਤਰ੍ਹਾਂ ਵੀ ਠੀਕ ਨਹੀਂ। ਕੁਝ ਸਮੇਂ ਤੋਂ ਮਨੁੱਖੀ ਭਾਈਚਾਰੇ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ, ਹਵਾ ਵਿੱਚ ਜ਼ਹਿਰ ਘੋਲੀ ਜਾ ਰਹੀ ਹੈ, ਜਿਹੜੀਆਂ ਘਾਤਕ ਨਤੀਜੇ ਪੈਦਾ ਕਰਨਗੀਆਂ। ਮਨੁੱਖ ਆਪਣੇ ਆਪ ਤੋਂ ਟੁੱਟ ਕੇ ਨਾਲ ਦੇ ਮਨੁੱਖ ਨਾਲੋਂ ਟੁੱਟੇਗਾ, ਜਿਸ ਕਾਰਨ ਸਾਂਝੀ ਵਿਰਾਸਤ ਭੁਰ ਅਤੇ ਖੁਰ ਜਾਵੇਗੀ। ਅਜਿਹੇ ਕੁਝ ਨੂੰ ਰੋਕਣਾ ਹਕੂਮਤ ਦਾ ਕੰਮ ਹੈ, ਰਹਿਬਰਾਂ ਦਾ ਵੀ।
      ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਨੇਤਾਵਾਂ ਨੂੰ ਜਾਗ ਕੇ ਸਮਾਜਿਕ ਵਿਵਸਥਾ ਦਾ ਅਧਿਐਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿੱਥੇ ਜ਼ਰੂਰਤ ਹੋਵੇ, ਸ਼ੁਰੂ ਵਿੱਚ ਹੀ ਪੈਦਾ ਹੋ ਰਹੀਆਂ ਤਰੇੜਾਂ ਨੂੰ ਪੂਰਿਆਂ ਕਰਨ ਵੱਲ ਵਧਿਆ, ਤੁਰਿਆ ਜਾ ਸਕੇ। ਇੱਕ-ਦੂਜੇ ਤੋਂ ਅੱਗੇ ਲੰਘਣ ਲਈ ਇੱਕ-ਦੂਜੇ ਨੂੰ ਮਧੋਲ ਕੇ ਨਹੀਂ, ਸਗੋਂ ਪ੍ਰੇਮ ਨਾਲ ਅੱਗੇ ਵਧਿਆ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਇਹ ਭਾਵਨਾ ਭਾਰਤੀ ਵਿਰਾਸਤ ਦਾ ਅਹਿਮ ਹਿੱਸਾ ਹੈ, ਜਿਸ ਨੂੰ ਹਰ ਕੀਮਤ ਉੱਤੇ ਕਾਇਮ ਰੱਖਿਆ ਜਾਵੇ।
       ਉਨ੍ਹਾਂ ਲੋਕਾਂ ਤੋਂ ਦੂਰ ਰਹਿਣ ਦੀ ਲੋੜ ਹੈ, ਜਿਹੜੇ ਵੰਡੀਆਂ ਪਾਉਣ ਦੇ ਆਹਰ ਵਿੱਚ ਲੱਗੇ ਹੋਏ ਹੋਣ। ਵਿਰਾਸਤ 'ਤੇ ਲੀਕ ਫੇਰਨਾ ਆਸਾਨ ਨਹੀਂ, ਪਰ ਬਹੁਤ ਸਾਰੇ ਸਵਾਲ ਖੜ੍ਹੇ ਕਰਨ ਵਿੱਚ ਲੱਗੇ ਹੋਏ ਹਨ ਕਿ ਅੱਜ ਤੱਕ ਕੀ ਹੋਇਆ? ਅੱਖਾਂ ਖੋਲ੍ਹ ਕੇ ਦੇਖਣ ਵਾਲੇ ਅਜਿਹੇ ਸਵਾਲ ਨਹੀਂ ਕਰਦੇ, ਕੇਵਲ ਓਹੀ ਕਰਦੇ ਹਨ ਜਿਹੜੇ ਆਪਣੀ ਹਉਮੈ ਦੇ ਉਡਣ-ਖਟੋਲੇ ਤੋਂ ਹੇਠਾਂ ਨਹੀਂ ਉੱਤਰਦੇ। ਏਸੇ ਤਰ੍ਹਾਂ ਦੂਜੇ ਨੂੰ ਨੀਵਾਂ ਦਿਖਾਉਣ ਲਈ ਵੀ ਯਤਨ ਕੀਤੇ ਜਾਂਦੇ ਹਨ, ਜੋ ਠੀਕ ਨਹੀਂ। ਆਪਣੇ-ਆਪ ਨੂੰ ਵੱਡੀ ਲਕੀਰ ਵਾਹ ਕੇ ਹੀ ਉੱਚਾ ਕਰੀਏ।
       ਸਰਦਾਰ ਪਟੇਲ ਦੀ ਉਚਾਈ ਦੱਸਣ ਲਈ ਕਿਸੇ ਹੋਰ ਨੇਤਾ ਨੂੰ ਨਿੰਦਣ ਦੀ ਜ਼ਰੂਰਤ ਨਹੀਂ। ਹਰ ਨੇਤਾ ਦੀ ਆਪੋ-ਆਪਣੇ ਸਮੇਂ ਵਿੱਚ ਅਹਿਮ ਭੂਮਿਕਾ ਹੈ, ਜਿਸ ਨੂੰ ਸਹੀ ਤਰ੍ਹਾਂ ਦੇਖਣ ਲਈ ਸਾਫ਼ ਨਜ਼ਰ ਦੀ ਲੋੜ ਵੀ ਹੈ, ਨਿਰਪੱਖ ਨਜ਼ਰ ਦੀ ਵੀ। ਕਿਸੇ ਵੀ ਨੇਤਾ ਦਾ ਉੱਚਾ ਬੁੱਤ ਬਣਾ ਕੇ ਉਸ ਦੇ ਕੱਦ ਨੂੰ ਵਧਾਇਆ ਨਹੀਂ ਜਾ ਸਕਦਾ। ਚੰਗੇ ਕੀਤੇ ਕੰਮਾਂ ਕਰਕੇ ਜਿਹੜੇ ਜਿਹੜੇ ਨੇਤਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ, ਉਨ੍ਹਾਂ ਨੂੰ ਉੱਥੋਂ ਕੱਢਿਆ ਨਹੀਂ ਜਾ ਸਕਦਾ, ਨਾ ਕੱਢੀਏ ਤਾਂ ਹੀ ਚੰਗਾ।
       ਸਰਦਾਰ ਪਟੇਲ ਦਾ ਜ਼ਿਕਰ ਇਸ ਕਰਕੇ ਅਹਿਮ ਹੈ ਕਿ ਉਸ ਨੇ ਜੋ ਭਾਰਤੀ ਏਕਤਾ ਲਈ ਕਾਰਜ ਕੀਤਾ ਉਸ ਦੀ ਹੋਰ ਕੋਈ ਮਿਸਾਲ ਨਹੀਂ। ਉਸ ਨੇ ਕੇਵਲ ਦੋ ਮਹੀਨੇ ਵਿੱਚ ਭਾਰਤ ਦੀਆਂ 562 ਰਿਆਸਤਾਂ ਦੇ ਰਾਜਿਆਂ ਨੂੰ ਭਾਰਤ ਵਿੱਚ ਮਿਲਣ ਲਈ ਮਨਾ ਲਿਆ। ਇਹ ਬਹੁਤ ਵੱਡਾ ਕੰਮ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਅੰਕਤ ਹੈ, ਜਿਸ ਕਰਕੇ ਸਰਦਾਰ ਪਟੇਲ ਦਾ ਕੱਦ ਅੱਜ ਦੇ ਬੁੱਤ ਨਾਲੋਂ ਕਿਤੇ ਉਚੇਰਾ ਵੀ ਹੈ ਅਤੇ ਕਿਤੇ ਅਹਿਮ ਵੀ। ਉਸ ਨੇ ਜਿਹੜਾ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ ਅੱਜ ਦੇ ਰਹਿਬਰ ਉਸ ਨੂੰ ਅੱਗੇ ਤੋਰਨ ਤਾਂ ਜੋ ਭਾਰਤ ਦੀ ਏਕਤਾ ਦੁਨੀਆ 'ਚ ਮਿਸਾਲ ਬਣ ਸਕੇ।
     ਭਾਰਤ ਨੂੰ ਧਰਮ ਵੰਡ ਰਹੇ ਹਨ, ਜਾਤ-ਪਾਤ ਵੰਡ ਰਹੀ ਹੈ ਅਤੇ ਸਿਆਸਤ ਵੀ ਲੋਕਾਂ ਵਿੱਚ ਫੁੱਟ ਪੈਦਾ ਕਰਨ ਤੋਂ ਪਿੱਛੇ ਨਹੀਂ, ਇਸ ਲਈ ਜ਼ਰੂਰੀ ਹੈ ਕਿ ਭਾਰਤ ਦੇ ਭਾਈਚਾਰਕ ਸਮਾਜ ਨੂੰ ਜੋੜਨ ਦਾ ਕਾਰਜ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇ ਤਾਂ ਕਿ ਅੱਜ ਫੈਲਾਈ ਜਾ ਰਹੀ ਨਫ਼ਰਤ ਨੂੰ ਮਾਤ ਦਿੱਤੀ ਜਾ ਸਕੇ। ਸਮਾਜ ਵਿੱਚ ਜਿੰਨਾ ਏਕਾ ਹੋਵੇਗਾ, ਤਰੱਕੀ ਓਨੀ ਹੀ ਵੱਧ ਹੋ ਸਕੇਗੀ। ਇਸ ਲਈ ਵੰਡ-ਪਾਊ ਤਾਕਤਾਂ ਨੂੰ ਮੂੰਹ ਨਾ ਲਾਇਆ ਜਾਵੇ। ਬਸ ਤੰਦਾਂ ਨੂੰ ਜੋੜਨ ਦੀ ਜ਼ਰੂਰਤ ਹੈ, ਤੋੜਨ ਦੀ ਨਹੀਂ।
ਹਾਕਮਾਂ ਅਤੇ ਵੱਖ-ਵੱਖ ਖੇਤਰਾਂ ਦੇ ਰਹਿਬਰਾਂ ਦੀ ਇੱਜ਼ਤ ਅਤੇ ਜੈ ਜੈ ਕਾਰ ਤਾਂ ਹੀ ਹੋਵੇਗੀ ਜੇ ਉਹ ਸਮਾਜ ਨੂੰ ਅੱਗੇ ਲਿਜਾਣ ਲਈ ਹਾਂ-ਵਾਚਕ ਭੂਮਿਕਾ ਅਦਾ ਕਰਨਗੇ ਕਿਉਂਕਿ ਨਾਂਹ-ਵਾਚਕ ਕਾਰਜ ਕਦੇ ਵੀ ਕਿਸੇ ਦਾ ਕੁਝ ਨਹੀਂ ਸੰਵਾਰ ਸਕਦੇ। ਜਿਵੇਂ ਵੀ ਹੋਵੇ ਸੋਚ ਵਿਚਾਰ ਨਾਲ ਸਮਾਜ ਵਿਚਲੇ ਟੋਏ-ਟਿੱਬੇ ਬਰਾਬਰ ਕਰਨ ਲਈ ਯਤਨ ਕੀਤੇ ਜਾਣ ਤਾਂ ਕਿ ਪਾੜੇ/ ਦੂਰੀਆਂ ਮਿਟ ਸਕਣ। ਹਰ ਕੋਈ ਬਰਾਬਰੀ ਦਾ ਅਹਿਸਾਸ ਮਾਣ ਸਕੇ ਅਤੇ ਮੁਲਕ ਉੱਤੇ ਮਾਣ ਕਰ ਸਕੇ ਕਿ ਇਸ ਵਰਗੀ ਵਿਰਾਸਤ ਦਾ ਹੋਰ ਕੋਈ ਵੀ ਮੁਲਕ ਮਾਲਕ ਨਹੀਂ। ਜੇ ਅਜਿਹਾ ਹੋਵੇ ਤਾਂ ਦੇਸ਼ ਭਗਤੀ ਆਪੇ ਪੈਦਾ ਹੋਵੇਗੀ।
      ਧੱਕੇ ਨਾਲ ਨਾਅਰੇ ਲੁਆਉਣੇ ਠੀਕ ਨਹੀਂ, ਕਿਉਂਕਿ ਜਬਰ ਨੂੰ ਕੋਈ ਵੀ ਨਹੀਂ ਸਹਾਰਦਾ। ਦੂਜਾ ਬੰਦਿਆਂ ਨਾਲ ਪਸ਼ੂਆਂ ਵਰਗਾ ਵਿਵਹਾਰ ਕਰਨਾ ਕਿਸੇ ਵੀ ਸਮਾਜ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਪਸ਼ੂਆਂ ਦੇ ਸਵਾਲ 'ਤੇ ਬੰਦਿਆਂ ਦੀ ਹੱਤਿਆ ਕਿੱਧਰਲਾ ਵਰਤਾਰਾ ਹੈ ਅਤੇ ਕਿੱਧਰਲਾ ਕਾਨੂੰਨ? ਇੱਕੀਵੀਂ ਸਦੀ ਚੱਲ ਰਹੀ ਹੈ, ਜਿਸ ਵਿੱਚ ਹਰ ਬੰਦੇ ਨੂੰ ਇਸ ਦੀ ਅਕਲ ਦੇ ਹਾਣ ਦਾ ਹੋਣਾ ਚਾਹੀਦਾ ਹੈ ਤਾਂ ਜੋ ਜੁੜ ਕੇ ਦੂਜੇ ਦੇਸਾਂ ਤੋਂ ਅੱਗੇ ਲੰਘ ਸਕੀਏ।

ਭ੍ਰਿਸ਼ਟਾਚਾਰ ਤੋਂ ਮੁਕਤੀ

ਅੱਜ ਤੱਕ ਨਹੀਂ ਹੋ ਸਕੀ ਭ੍ਰਿਸ਼ਟਾਚਾਰ ਤੋਂ ਮੁਕਤੀ। ਕਮਾਲ ਉਦੋਂ ਹੁੰਦੀ ਹੈ ਅਤੇ ਹੈਰਾਨੀ ਵੀ, ਜਦ ਡੇਢ ਦੋ ਲੱਖ ਮਹੀਨੇ ਦੀ ਤਨਖ਼ਾਹ ਹਾਸਲ ਕਰਨ ਵਾਲੇ ਅਧਿਕਾਰੀ ਰਿਸ਼ਵਤ ਲੈਂਦੇ ਫੜੇ ਗਏ। ਅਜਿਹੇ ਲੋਕਾਂ ਦੀ ਭੁੱਖ ਦੀ ਤ੍ਰਿਪਤੀ ਕਦ ਹੋਵੇਗੀ, ਇਸ ਬਾਰੇ ਪਤਾ ਕਰਨ ਲਈ ਨਾ ਕੋਈ ਥਰਮਾਮੀਟਰ ਬਣਿਆ ਹੈ ਨਾ ਹੀ ਕੋਈ ਬੈਰੋਮੀਟਰ। ਹਕੂਮਤ ਭ੍ਰਿਸ਼ਟਾਚਾਰ-ਮੁਕਤੀ ਦਾ ਵਾਅਦਾ ਕਰਕੇ ਸੱਤਾ ਹਾਸਲ ਕਰਦੀ ਹੈ, ਪਰ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੁੰਦਾ, ਭ੍ਰਿਸ਼ਟਾਚਾਰੀ ਵੀ ਨਹੀਂ ਮੁੱਕਦੇ। ਜ਼ਰੂਰੀ ਹੈ ਕਿ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਨੌਕਰੀਉਂ ਕੱਢੇ, ਸਖ਼ਤ ਤੋਂ ਸਖ਼ਤ ਸਜ਼ਾ ਵੀ ਦੇਵੇ ਤਾਂ ਕਿ ਦੂਜੇ ਅਧਿਕਾਰੀ ਡਰ ਦੇ ਮਾਰੇ ਸੋਚ ਤਕ ਨਾ ਸਕਣ ਰਿਸ਼ਵਤ ਲੈਣ ਬਾਰੇ ਅਜਿਹਾ ਡਰ ਜੇ ਪੈਦਾ ਕਰ ਦਿੱਤਾ ਜਾਵੇ ਤਾਂ ਭ੍ਰਿਸ਼ਟਾਚਾਰ ਤੋਂ ਖ਼ਤਮ ਹੋ ਸਕਦਾ ਹੈ ਕਿਉਂਕਿ ਭ੍ਰਿਸ਼ਟਾਚਾਰੀ ਰਿਸ਼ਵਤ ਲੈਣ ਤੋਂ ਹਰ ਸੂਰਤ ਤੌਬਾ ਕਰ ਲੈਣਗੇ। ਭ੍ਰਿਸ਼ਟਾਚਾਰੀਆਂ ਨੂੰ ਬੇਨਤੀ ਹੈ ਕਿ ਜੇ ਉਹ ਤਨਖ਼ਾਹ ਨਾਲ ਨਹੀਂ ਰੱਜਦੇ ਤਾਂ ਰਿਸ਼ਵਤ ਨਾਲ ਵੀ ਨਹੀਂ ਰੱਜਣਗੇ।


ਲਤੀਫ਼ੇ ਦਾ ਚਿਹਰਾ-ਮੋਹਰਾ

ਸ਼ਾਮੂ -ਇਹ ਦੱਸੋ ਕਿ ਆਦਮੀ ਦੇ ਬੱਚੇ ਅਤੇ ਜਾਨਵਰ ਦੇ ਬੱਚੇ ਵਿੱਚ ਕੀ ਫ਼ਰਕ ਹੈ।
ਰਾਮੂ- ਸਿੱਧੀ ਜਿਹੀ ਗੱਲ ਹੈ ਬਾਂਦਰ ਦਾ ਬੱਚਾ ਬਾਂਦਰ, ਉੱਲੂ ਦਾ ਬੱਚਾ ਉੱਲੂ ਅਤੇ ਗਧੇ ਦਾ ਬੱਚਾ ਗਧਾ ਹੀ ਰਹਿੰਦੇ ਹਨ, ਪਰ
        ਆਦਮੀ ਦਾ ਬੱਚਾ ਬਾਂਦਰ, ਉੱਲੂ ਅਤੇ ਗਧਾ ਵੀ ਬਣ ਸਕਦਾ ਹੈ।
-0-
ਲੱਲੂ  - ਪਾਪਾ ਮੇਰੀ ਮੈਡਮ ਰੋਜ਼ ਮਾਰਕੁੱਟ ਕਰਦੀ ਹੈ।
ਪਾਪਾ - ਤੂੰ ਡਰ ਮਤ ਪੁੱਤਰ, ਐਵੇਂ ਨਹੀਂ ਤੂੰ ਸ਼ੇਰ ਪੁੱਤ ਹੈਂ।
ਲੱਲੂ  - ਹਾਂ ਪਾਪਾ ਤਾਂ ਹੀ ਮੈਡਮ ਰੋਜ਼ ਨਾਲ ਇਹ ਵੀ ਆਖਦੀ ਹੈ ਕਿ ਪਤਾ ਨਹੀਂ ਕਿਸ ਜਾਨਵਰ ਦਾ ਬੱਚਾ ਹੈ, ਕੁਝ ਸਮਝਦਾ
         ਹੀ ਨਹੀਂ।

ਸੰਪਰਕ : 98141-13338