ਸਾਉਣ ਮਹੀਨੇ ਤੀਆਂ ਦਾ ਸੰਧਾਰਾ - ਬਲਜਿੰਦਰ ਕੌਰ ਸ਼ੇਰਗਿੱਲ (ਮੁਹਾਲੀ)

ਪੰਜਾਬੀ ਅਤੇ ਪੰਜਾਬਣ ਦਾ ਮਨ ਭਾਉੰਦਾ ਤਿਉਹਾਰ ਤੀਆਂ ਦਾ ਸੰਧਾਰਾ ਪੰਜਾਬ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਤਿਉਹਾਰ ਜੁਲਾਈ (ਦੇਸੀ ਮਹੀਨੇ ਸਾਉਣ)  ਵਿੱਚ ਆਉਂਦਾ ਹੈ। ਇਹ ਤਿਉਹਾਰ ਹਰ ਧਰਮ ਦੀਆਂ ਔਰਤਾਂ ਬੜੇ ਚਾਅ ਨਾਲ ਮਨਾਉਂਦੀਆਂ ਹਨ ।
ਪੰਜਾਬ ਦੀ ਗੱਲ ਕਰੀਏ ਤਾਂ ਇਸਨੂੰ ਗਿੱਧੇ, ਭੰਗੜੇ, ਮੇਲਿਆ ਨਾਲ ਜਾਣਿਆ ਜਾਂਦਾ ਹੈ। ਇਥੇ ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਨੂੰ ਵੀ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ।
ਪਿੰਡਾਂ ਵਿੱਚ ਆਮ ਹੀ ਤੁਸੀਂ  ਦੇਖਿਆ ਹੋਣਾ ਹੈ ਕਿ ਜਦੋਂ ਸਾਉਣ ਚੜ੍ਹ ਜਾਂਦਾ ਹੈ ਤਾਂ ਮਾਪੇ ਆਪਣੀਆਂ ਵਿਆਹੀ ਕੁੜੀਆਂ ਨੂੰ ਸੰਧਾਰਾ ਦੇਣ ਦੀ ਰਿਵਾਇਤ ਪੂਰੀ ਕਰਨ ਲਈ ਉਸ ਦੇ ਸੁਹਰੇ ਘਰ ਬਿਸਕੁਟ ਮਿਠਾਈਆਂ ਆਦਿ ਸੰਧਾਰਾ ਦੇ ਕੇ ਆਂਉਂਦੇ ਹਨ। ਇਸ ਤਿਉਹਾਰ ਦੀ ਉਡੀਕ ਕਰਦੀ ਕੁੜੀ ਨੂੰ  ਸੁਹਰੇ ਘਰ ਆਪਣੇ ਮਾਪਿਆਂ ਦੇ ਆਉਣ ਦਾ ਬੜਾ ਚਾਅ ਰਹਿੰਦਾ ਹੈ।
 ਜੇਕਰ ਕਿਸੇ ਦਾ ਸੰਧਾਰਾ ਕਈ ਵਾਰੀ ਲੇਟ ਹੋ ਵੀ ਜਾਂਦਾ ਹੈ ਤਾਂ ਸੱਸ ਵਲੋਂ ਨੂੰਹ ਨੂੰ ਮਿਹਣੇ ਵੀ ਦਿੱਤੇ ਜਾਂਦੇ ਹਨ "ਨੀ ਲੈ ਤੇਰਾ ਤਾਂ ਸੰਧਾਰਾ ਵੀ ਨਹੀਂ ਆਇਆ" ਨੂੰਹ ਵਿਚਾਰੀ ਕੁਝ ਨਾ ਕਹਿ ਸਕਦੀ,ਪ੍ਰੰਤੂ ਉਸ ਨੂੰ ਆਪਣੇ ਪੇਕਿਆਂ ਤੋਂ ਇੱਕ ਆਸ ਹੁੰਦੀ ਹੈ ਕਿ ਉਸ ਦੇ ਪੇਕਿਆਂ ਤੋਂ ਕੋਈ ਨਾ ਕੋਈ ਜਰੂਰ ਆਵੇਗਾ।
ਨਵ ਵਿਆਹੀ ਕੁੜੀਆਂ ਨੂੰ ਰਿਵਾਜ ਮੁਤਾਬਕ ਪੇਕਿਆਂ ਤੋਂ ਕੋਈ ਨਾ ਕੋਈ ਲੈਣ ਜਾਂਦਾ ਹੈ। ਰਿਵਾਇਤ ਅਨੁਸਾਰ ਨੂੰਹ ਸਾਉਣ ਦੇ ਮਹੀਨੇ ਵਿੱਚ ਸੱਸ ਦੇ ਮੱਥੇ ਨਹੀਂ ਲੱਗਦੀ। ਇਸ ਕਰਕੇ ਲੜਕੀ ਵਾਲੇ ਆਪਣੀ ਧੀ ਨੂੰ ਸਾਉਣ ਤੋਂ ਇੱਕ ਦੋ ਦਿਨ ਪਹਿਲਾਂ ਪੇਕੇ ਘਰ ਲੈਂ ਆਉਂਦੇ ਹਨ । ਇਹਨਾਂ ਦਿਨਾਂ ਵਿੱਚ ਲੜਕੀ ਹੱਥਾਂ ਉੱਤੇ ਮਹਿੰਦੀ ਲਾ ਕੇ, ਹੱਥੀਂ ਚੂੜੀਆ ਪਾ, ਆਪਣੀਆਂ ਸਹੇਲੀਆਂ ਨਾਲ ਪੀਘਾਂ ਝੂਟਦੀਆਂ ਹਨ। ਕਿਉਂਕਿ ਜਿੰਨੀਆਂ ਵੀ ਕੁੜੀਆਂ ਵਿਆਹੀਆਂ ਹੁੰਦੀਆਂ ਉਹ ਸਾਉਣ ਦੇ ਮਹੀਨੇ ਆਪਣੇ ਪੇਕੇ ਘਰ ਆਈਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਇੱਕਠੀਆਂ ਹੋ ਕੇ ਲਾਲ ਫੁਲਕਾਰੀ ਲੈ, ਲਾ ਮੱਥੇ ਟਿੱਕਾ, ਉੱਚੀਆਂ ਉੱਚੀਆਂ ਪੀਘਾਂ ਦੇ ਹੁਲਾਰੇ ਲੈਂਦੀਆਂ ਹਨ।  ਫਿਰ ਕੁਝ ਬੋਲ ਵੀ ਬੋਲਦੀਆਂ ਹਨ :


ਠੰਡੀਆਂ ਚੱਲਦੀਆਂ ਬਹਾਰਾਂ
ਪੀਘਾਂ ਝੂਟਦੀਆਂ ਮੁਟਿਆਰਾਂ
                    ਜਾਂ
ਆਉ ਨੀ ਸਖੀਏ ਪੀਘਾਂ ਝੂਟੀਏ
ਥੱਲੇ ਡੇਕਾਂ ਜਾ ਕੇ।
                  ਜਾਂ
ਸਾਉਣ ਮਹੀਨੇ ਪਾਈਆਂ ਪਿੱਪਲੀ ਪੀਘਾਂ
ਜਿੱਥੇ ਪੀਘਾਂ ਝੂਟਦੀਆਂ ਨਣਦਾ ਤੇ ਭਰਜਾਈਆਂ।


ਇਸ ਠੰਡੇ ਤੇ ਹਰਿਆਲੀ ਭਰੇ ਮੌਸਮ ਵਿੱਚ ਸਾਰੇ ਪਾਸੇ ਹਰਿਆਵਲੀ ਹੀ ਹਰਿਆਵਲੀ ਹੁੰਦੀ ਹੈ। ਪਸ਼ੂ , ਪੰਛੀ ਵੀ ਇਸ ਮੌਸਮ ਵਿੱਚ  ਬੜਾ ਆਨੰਦ ਮਾਣਦੇ ਹਨ। ਬਾਗਾਂ ਵਿੱਚ ਮੋਰ ਕੂਕਦੇ ਹਨ। ਦਰਖਤ ਵੀ ਹਰੇ ਭਰੇ ਹੋ ਜਾਂਦੇ ਹਨ।   ਬਰਸਾਤ ਦੇ ਮੌਸਮ ਦੌਰਾਨ  ਘਰ ਵਿੱਚ ਮਾਲ ਪੂੜੇ ਤੇ ਖੀਰ ਵੀ ਤਿਆਰ ਕੀਤੇ ਜਾਂਦੇ ਹਨ। ਇਹ ਪਕਵਾਨ ਇਹਨਾਂ ਦਿਨਾਂ ਵਿੱਚ ਬਹੁਤ ਹੀ ਸੁਵਾਦ ਲੱਗਦੇ ਹਨ। ਬੱਚੇ, ਬਜੁਰਗ  ਹਰ ਕੋਈ ਮਾਲ ਪੂੜੇ ਅਤੇ ਖੀਰ ਨੂੰ ਬੜੇ ਚਾਅ ਤੇ ਖੁਸ਼  ਹੋ ਕੇ ਖਾਂਦੇ ਹਨ। ਇਹ ਮਿੱਠੇ ਪਕਵਾਨ ਘਰ ਵਿੱਚ ਹੀ ਸਭ ਦੇ ਮਨ ਪਸੰਦ ਹੁੰਦੇ ਹਨ।


ਇਸ ਤਰ੍ਹਾਂ ਇਹ ਤਿਉਹਾਰ ਪੂਰਾ ਮਹੀਨਾ ਹੀ ਚੱਲਦਾ ਰਹਿੰਦਾ ਹੈ। ਹੱਥੀ ਮਹਿੰਦੀ, ਪੀਘਾਂ ਦੇ ਹੁਲਾਰੇ ਲੈਂਦੀਆਂ ਮੁਟਿਆਰਾਂ,  ਘਰ ਘਰ ਵਿੱਚ ਮਾਲ ਪੂੜਿਆਂ ਦੀਆਂ ਖੁਸ਼ਬੋਆਂ ਆਉਣੀਆਂ, ਮਾਪਿਆਂ ਵਲੋਂ ਕੁੜੀਆਂ ਨੂੰ ਸਾਉਣ ਮਹੀਨੇ ਸੰਧਾਰੇ ਦੀ ਰਿਵਾਇਤ ਨਾਲ ਜੁੜੇ ਰਹਿਣਾ ਸਾਨੂੰ ਆਪਣੇ ਸਭਿਆਚਾਰ ਨਾਲ ਜੋੜੇ ਰੱਖਦਾ ਹੈ।  ਇਹ ਮਾਹੌਲ ਸਦਾ ਹੀ ਕਾਇਮ ਰਹਿਣ ਅਤੇ ਸਾਨੂੰ ਆਪਣੇ ਵਿਰਸੇ ਨਾਲ ਜੋੜੇ ਰੱਖਣ। ਇਸ ਨਾਲ ਜਿੰਦਗੀ ਵਿੱਚ ਖੁਸ਼ੀ ਦੇ ਕੁਝ ਪਲ ਤੇ ਜੀਵਨ ਦੀ ਹਰਿਆਵਲੀ ਆਈ ਜਰੂਰ ਪ੍ਰਤੀਤ ਹੁੰਦੀ ਹੈ। 


ਬਲਜਿੰਦਰ ਕੌਰ ਸ਼ੇਰਗਿੱਲ (ਮੁਹਾਲੀ)
1323/26
phase 11
ssa nager
mohali
978519278