ਹਰਿਆਣੇ ਨੂੰ ਬੇਰੋਕ ਪਾਣੀ ਦੇਣ ਮਗਰੋਂ ਲੀਡਰਾਂ ਦੀ 'ਨਹੀਂ ਦੇਣਾ, ਨਹੀਂ ਦੇਣਾ' ਦੀ ਨਾਟਕਬਾਜ਼ੀ -ਜਤਿੰਦਰ ਪਨੂੰ


ਪੰਜਾਬ ਦੇ ਪਾਣੀਆਂ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣਿਆ ਪਿਆ ਹੈ। ਕਾਂਗਰਸ ਪਾਰਟੀ ਦੇ ਆਗੂ ਹੋਣ ਜਾਂ ਅਕਾਲੀ ਦਲ ਦੇ, ਦੋਵਾਂ ਨੇ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਨਾਲ ਵਫਾ ਨਹੀਂ ਕੀਤੀ, ਜਿਸ ਨੇ ਉਨ੍ਹਾਂ ਨੂੰ ਸੱਤਾ ਦਾ ਸੁੱਖ ਮਾਨਣ ਦਾ ਵਾਰ-ਵਾਰ ਮੌਕਾ ਦਿੱਤਾ ਹੈ। ਲੜਾਈ ਵਿੱਚ ਸਾਰੀ ਚਾਂਦਮਾਰੀ ਦਾ ਨਿਸ਼ਾਨਾ ਕੇਂਦਰ ਸਰਕਾਰ ਵੱਲ ਸੇਧਿਆ ਜਾਂਦਾ ਹੈ। ਇਹ ਇੱਕ ਹੱਦ ਤੱਕ ਠੀਕ ਵੀ ਹੈ, ਪਰ ਇੱਕ ਹੱਦ ਤੱਕ ਹੀ ਠੀਕ ਹੈ, ਨੁਕਸ ਪੰਜਾਬ ਵਿੱਚ ਵੀ ਹੈ। ਐਮਰਜੈਂਸੀ ਵੇਲੇ ਜਿਹੜਾ ਸਮਝੌਤਾ ਹੋਇਆ, ਉਸ ਵਿੱਚ ਪੰਜਾਬ ਦੇ ਕਾਂਗਰਸੀਆਂ ਨੇ ਕੇਂਦਰ ਦੀ ਖੁਸ਼ੀ ਖਾਤਰ ਆਪਣੇ ਰਾਜ ਦੇ ਹਿੱਤਾਂ ਨੂੰ ਵੇਚ ਛੱਡਿਆ ਤੇ ਐਮਰਜੈਂਸੀ ਪਿੱਛੋਂ ਬਣੇ ਅਕਾਲੀ ਮੁੱਖ ਮੰਤਰੀ ਨੇ ਹਰਿਆਣੇ ਵਿੱਚ ਆਪਣੇ ਪਰਵਾਰਕ ਹਿੱਤਾਂ ਖਾਤਰ ਪੰਜਾਬ ਨਾਲ ਬੇਵਫਾਈ ਕੀਤੀ। ਓਦੋਂ ਹੀ ਹਰਿਆਣੇ ਤੋਂ ਸਤਲੁਜ-ਜਮਨਾ ਲਿੰਕ ਨਹਿਰ ਬਣਾਉਣ ਲਈ ਦੋ ਕਰੋੜ ਰੁਪਏ ਦੀ ਸਾਈ ਓਥੋਂ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਤੋਂ ਫੜੀ ਗਈ ਸੀ। ਬਾਅਦ ਵਿੱਚ ਇਸ ਮੁੱਦੇ ਉੱਤੇ ਮੋਰਚੇ ਵੀ ਲਾਏ ਗਏ, ਤੇ ਅਜੇ ਤੱਕ ਲਾਏ ਜਾ ਰਹੇ ਹਨ, ਪਰ ਦੋਂਹ ਗੱਲਾਂ ਵੱਲ ਲੋਕਾਂ ਦਾ ਧਿਆਨ ਅਜੇ ਵੀ ਨਹੀਂ ਜਾ ਰਿਹਾ। ਇਸ ਦੇ ਬਿਨਾਂ ਪੰਜਾਬ ਦੇ ਲੋਕ ਇਹ ਨਹੀਂ ਜਾਣ ਸਕਦੇ ਕਿ ਉਨ੍ਹਾਂ ਨਾਲ ਧੋਖਾ ਉਨ੍ਹਾਂ ਦੇ ਆਪਣੇ ਘਰ ਵਿੱਚ ਹੋਈ ਜਾਂਦਾ ਹੈ।
ਇਨ੍ਹਾਂ ਦੋ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਸਾਰਾ ਜ਼ੋਰ ਸਤਲੁਜ ਜਮਨਾ ਲਿੰਕ ਨਹਿਰ ਨੂੰ ਬਣਨ ਤੋਂ ਰੋਕਣ ਦੇ ਪਾਸੇ ਲੱਗਦਾ ਹੈ, ਪਰ ਇਸ ਦਾ ਇੱਕ ਬਦਲ ਸਾਹਮਣੇ ਹੋਣ ਦੇ ਬਾਵਜੂਦ ਕਿਸੇ ਕਾਂਗਰਸੀ ਜਾਂ ਅਕਾਲੀ ਆਗੂ ਨੇ ਕਦੇ ਵੀ ਅੱਜ ਤੱਕ ਕੇਂਦਰ ਸਰਕਾਰ ਦੇ ਕੋਲ ਇਹ ਮਸਲਾ ਉਠਾਉਣ ਦੀ ਲੋੜ ਨਹੀਂ ਸਮਝੀ। ਇੱਕ ਇਨ੍ਹਾਂ ਸਤਰਾਂ ਦਾ ਲੇਖਕ ਅਤੇ ਦੂਸਰੇ ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਇਹ ਮੁੱਦਾ ਉਠਾਉਂਦੇ ਰਹੇ ਹਨ ਕਿ ਸਤਲੁਜ ਜਮਨਾ ਲਿੰਕ ਦੀ ਐੱਸ ਵਾਈ ਐੱਲ ਵਾਲੀ ਨਹਿਰ ਬਣਾਉਣ ਦੀ ਥਾਂ ਦੂਸਰੇ ਐੱਸ ਵਾਈ ਐੱਲ ਵਾਲੀ ਸ਼ਾਰਧਾ-ਜਮਨਾ ਲਿੰਕ ਨਹਿਰ ਬਣਾਈ ਜਾਣੀ ਚਾਹੀਦੀ ਹੈ। ਉਸ ਨਹਿਰ ਇਕੱਲੀ ਦਾ ਨਹੀਂ, ਇਹੋ ਜਿਹੀਆਂ ਕਈ ਨਹਿਰਾਂ ਦਾ ਵਿਚਾਰ ਪਹਿਲੀ ਵਾਰੀ ਕਾਂਗਰਸ ਦੇ ਇੰਦਰਾ ਗਾਂਧੀ ਵਾਲੇ ਰਾਜ ਵਿੱਚ ਪੇਸ਼ ਹੋਇਆ ਸੀ ਤੇ ਫਿਰ ਇੱਕ ਸਰਵੇਖਣ ਵੀ ਸ਼ੁਰੂ ਕਰਵਾਇਆ ਗਿਆ ਸੀ। ਜਦੋਂ ਦੇਸ਼ ਦੀ ਕਮਾਨ ਭਾਜਪਾ ਦੇ ਆਗੂ ਅਟਲ ਬਿਹਾਰੀ ਵਾਜਪਾਈ ਨੇ ਸੰਭਾਲੀ ਤਾਂ ਉਸ ਸਰਵੇਖਣ ਦਾ ਮੁੱਦਾ ਚੁੱਕ ਕੇ ਉਸ ਦੇ ਖਰਚੇ ਦਾ ਲੇਖਾ ਲਵਾਇਆ ਗਿਆ ਤੇ ਇਸ ਦੇ ਬਾਅਦ ਇਹ ਨਹੀਂ ਸੀ ਕਿਹਾ ਕਿ ਇਹ ਅਮਲ ਦੇ ਯੋਗ ਨਹੀਂ, ਸਗੋਂ ਇਹ ਕਿਹਾ ਗਿਆ ਸੀ ਕਿ ਇਸ ਲਈ ਵੱਡੇ ਫੰਡਾਂ ਦੀ ਲੋੜ ਹੈ, ਪਹਿਲਾਂ ਦੂਸਰੇ ਇਸ ਦੇ ਨਾਲ ਵਾਲੇ ਸਸਤੇ ਪ੍ਰਾਜੈਕਟ ਬਣਾਈਏ। ਉਸ ਦੇ ਬਾਅਦ ਇਹ ਪ੍ਰਾਜੈਕਟ ਕਦੇ ਛੇੜਿਆ ਨਹੀਂ ਗਿਆ, ਕਿਉਂਕਿ ਕਿਸੇ ਨੇ ਕਦੇ ਸਵਾਲ ਹੀ ਨਹੀਂ ਪੁੱਛਿਆ। ਮੋਦੀ ਸਰਕਾਰ ਵੇਲੇ ਇਸ ਦੀ ਫਾਈਲ ਕੱਢੀ ਗਈ ਤਾਂ ਇਸ ਨੂੰ ਰੋਕਣ ਲਈ ਕੁਝ ਧਿਰਾਂ ਨਵੀਂ ਦਲੀਲ ਲੈ ਆਈਆਂ ਸਨ ਕਿ ਜਿੱਥੋਂ ਇਹ ਸ਼ਾਰਧਾ ਜਮਨਾ ਲਿੰਕ ਨਹਿਰ ਬਣਾਉਣੀ ਹੈ, ਓਧਰ ਭੁਚਾਲਾਂ ਦਾ ਖਤਰਾ ਹੈ। ਭਾਰਤ ਦੇ ਮਹਾਰਾਸ਼ਟਰ ਦਾ ਕੋਇਨਾ ਡੈਮ ਤਾਂ ਭਾਖੜਾ ਡੈਮ ਤੋਂ ਵੀ ਉੱਚਾ ਹੈ ਤੇ ਉਹ ਓਦੋਂ ਬਣਾਇਆ ਸੀ, ਜਦੋਂ ਓਥੇ ਭੁਚਾਲ ਇੱਕ ਵਾਰ ਆ ਚੁੱਕਾ ਸੀ ਤੇ ਅੱਗੋਂ ਫਿਰ ਆਉਣ ਦੀ ਚੇਤਾਵਨੀ ਮਿਲੀ ਹੋਈ ਸੀ, ਉਸ ਨੂੰ ਕਿਸੇ ਨੇ ਨਹੀਂ ਰੋਕਿਆ। ਪੰਜਾਬ ਵੱਲੋਂ ਕਿਸੇ ਨੇ ਪੈਰਵੀ ਨਹੀਂ ਸੀ ਕੀਤੀ ਤਾਂ ਇਹ ਪ੍ਰਾਜੈਕਟ ਅਮਲ ਵਿੱਚ ਆਉਣ ਤੋਂ ਰੁਕ ਗਿਆ, ਵਰਨਾ ਕਈ ਮਸਲੇ ਹੱਲ ਹੋ ਸਕਦੇ ਸਨ।
ਨੇਪਾਲ ਤੋਂ ਕਾਲੀ ਨਦੀ ਦੇ ਨਾਂਅ ਨਾਲ ਵਗਦੀ ਨਦੀ ਜਦੋਂ ਭਾਰਤ ਵਿੱਚ ਵੜਦੀ ਹੈ ਤਾਂ ਇਸ ਦਾ ਨਾਂਅ ਸ਼ਾਰਦਾ ਹੋ ਜਾਂਦਾ ਹੈ। ਇਸ ਦੇ ਬਾਰੇ ਨੇਪਾਲ ਨਾਲ ਕੁਝ ਸਮਝੌਤੇ ਵੀ ਹੋਏ ਹਨ ਤੇ ਭਾਰਤ ਇਸ ਉੱਤੇ ਡੈਮ ਬਣਾ ਸਕਦਾ ਹੈ। ਤਰਾਈ ਦੇ ਖੇਤਰ ਤੋਂ ਇਹ ਨਦੀ ਉੱਤਰਾ ਖੰਡ ਵਿੱਚ ਦੀ ਹੁੰਦੀ ਹੋਈ ਹਰਿਆਣੇ ਵਿੱਚ ਲਿਆ ਕੇ ਜਮਨਾ ਨਾਲ ਜੋੜਨ ਵਾਲੀ ਯੋਜਨਾ ਵਾਜਪਾਈ ਸਰਕਾਰ ਵੇਲੇ ਪ੍ਰਵਾਨ ਹੋ ਗਈ ਸੀ ਤੇ ਇਸ ਨੂੰ ਅੱਗੇ ਵਧਾ ਕੇ ਹਰਿਆਣੇ ਅਤੇ ਉੱਤਰ ਪ੍ਰਦੇਸ਼ ਤੋਂ ਵੀ ਬਾਅਦ ਰਾਜਸਥਾਨ ਨਾਲ ਜੋੜਨ ਦੀ ਯੋਜਨਾ ਸੀ। ਸਮਝਿਆ ਜਾਂਦਾ ਸੀ ਕਿ ਇਸ ਦੇ ਰਾਹ ਵਿੱਚ ਪੈਂਦੀਆਂ ਧੌਲ ਗੰਗਾ ਤੇ ਕੁਝ ਹੋਰ ਸਹਾਇਕ ਨਦੀਆਂ ਦਾ ਸਾਰਾ ਪਾਣੀ ਜਦੋਂ ਇਸ ਵਿੱਚ ਪਵੇਗਾ ਤਾਂ ਫਿਰ ਇਹ ਜਮਨਾ ਨੂੰ ਏਨਾ ਭਰ ਦੇਵੇਗੀ ਕਿ ਰਾਜਸਥਾਨ ਤੱਕ ਦੇ ਲੋਕਾਂ ਤੇ ਖੇਤਾਂ ਦੀ ਪਿਆਸ ਬੁਝਾਉਣ ਦੇ ਕੰਮ ਆ ਸਕੇਗੀ। ਜੇ ਇਹ ਪ੍ਰਾਜੈਕਟ ਸਿਰੇ ਚੜ੍ਹਾ ਲਿਆ ਜਾਂਦਾ ਤਾਂ ਸਾਡੀ ਪੰਜਾਬੀਆਂ ਦੀ ਹਰਿਆਣੇ ਨਾਲ ਸਤਲੁਜ ਦੇ ਪਾਣੀ ਜਮਨਾ ਵਿੱਚ ਪਾਉਣ ਦੇ ਮੁੱਦੇ ਤੋਂ ਲੜਾਈ ਰੁਕ ਜਾਣੀ ਸੀ। ਇਸ ਪਾਸੇ ਧਿਆਨ ਨਾ ਦੇਣ ਕਾਰਨ ਮੁੱਦਾ ਖੜੇ ਦਾ ਖੜਾ ਹੈ, ਰਾਜਨੀਤੀ ਛੱਲਾਂ ਮਾਰਦੀ ਹੈ, ਦੋਂਹ ਰਾਜਾਂ ਦੇ ਲੋਕ ਮੂਰਖ ਬਣਾਏ ਜਾ ਰਹੇ ਹਨ ਤੇ ਕੇਂਦਰ ਸਰਕਾਰ ਇੱਕ ਅਹਿਮ ਪ੍ਰਾਜੈਕਟ ਉੱਤੇ ਚੱਪਣੀ ਮੂਧੀ ਮਾਰ ਕੇ ਆਰਾਮ ਨਾਲ ਬੈਠੀ ਹੈ।
ਦੂਸਰੀ ਗੱਲ ਇਸ ਤੋਂ ਵੱਧ ਅਹਿਮ ਹੈ ਤੇ ਇਸ ਬਾਰੇ ਨਹਿਰੀ ਪਾਣੀਆਂ ਦੇ ਮਾਹਰ ਜੋ ਕੁਝ ਦੱਸਦੇ ਹਨ, ਉਸ ਨਾਲ ਇਹ ਪਤਾ ਲੱਗਾ ਜਾਂਦਾ ਹੈ ਕਿ ਪੰਜਾਬੀਆਂ ਦੀ ਗੱਠੜੀ ਨੂੰ ਲੱਗਾ ਚੋਰ ਕਿਹੜੀਆਂ ਚੁਸਤੀਆਂ ਕਰ ਗਿਆ ਹੈ। ਪੰਜਾਬ ਵਿੱਚ ਪਿਛਲੀ ਸਰਕਾਰ ਦੇ ਵਕਤ ਇੱਕ ਦਿਨ ਵਿਧਾਨ ਸਭਾ ਵਿੱਚ ਸਵਾਲ ਪੁੱਛਿਆ ਗਿਆ ਕਿ ਪੰਜਾਬ ਦੀ ਖਨੌਰੀ ਵਾਲੀ ਨਹਿਰ ਦੋਵਾਂ ਕੰਢਿਆਂ ਤੋਂ ਉੱਚੇ ਕਰਨ ਦਾ ਖਰਚਾ ਕਿਉਂ ਕੀਤਾ ਹੈ ਤਾਂ ਜਵਾਬ ਇਹ ਮਿਲਿਆ ਕਿ ਨਹਿਰ ਵਿੱਚ ਗਾਰ ਬਾਹਲੀ ਵਧ ਜਾਣ ਕਾਰਨ ਉਸ ਦੇ ਕੰਢਿਆਂ ਨੂੰ ਉੱਚੇ ਕਰਨਾ ਪਿਆ ਹੈ। ਗਾਰ ਨਹੀਂ ਸੀ ਕੱਢੀ ਗਈ, ਕੰਢੇ ਉੱਚੇ ਕੀਤੇ ਗਏ ਸਨ। ਇਸ ਦੇ ਪਿੱਛੇ ਇੱਕ ਹੋਰ ਕਿੱਸਾ ਪਤਾ ਲੱਗਦਾ ਹੈ। ਇਹ ਨਹਿਰ ਜਿੱਥੇ ਖਤਮ ਹੁੰਦੀ ਹੈ, ਓਥੋਂ ਇਸ ਦਾ ਇੱਕ ਵਹਿਣ ਹਰਿਆਣੇ ਦੀ ਨਰਵਾਣਾ ਨਹਿਰ ਵਿੱਚ ਪਾ ਕੇ ਕਿਹਾ ਜਾਂਦਾ ਹੈ ਕਿ ਓਵਰ ਫਲੋਅ ਓਧਰ ਵਹਿੰਦਾ ਹੈ, ਪਰ ਅਸਲ ਗੱਲ ਆਪਣੇ ਪੰਜਾਬ ਦੇ ਬਜਾਏ ਹਰਿਆਣੇ ਵਿੱਚੋਂ ਆਰ ਟੀ ਆਈ ਦੀ ਇੱਕ ਅਰਜ਼ੀ ਨਾਲ ਬਾਹਰ ਨਿਕਲੀ ਹੈ। ਕਿਸੇ ਨੇ ਪੁੱਛ ਲਿਆ ਕਿ ਪੰਜਾਬ ਨੂੰ ਕੁਝ ਪੈਸੇ ਦਿੱਤੇ ਗਏ, ਉਹ ਕਿਉਂ ਦਿੱਤੇ ਹਨ ਤਾਂ ਉਸ ਰਾਜ ਦੀ ਸਰਕਾਰ ਨੇ ਜਵਾਬ ਦਿੱਤਾ ਕਿ ਉਸ ਪਾਸੇ ਤੋਂ ਜਿਹੜੀ ਨਹਿਰ ਦਾ ਓਵਰ ਫਲੋਅ ਵਾਲਾ ਪਾਣੀ ਸਾਨੂੰ ਮਿਲ ਰਿਹਾ ਸੀ, ਉਸ ਨਹਿਰ ਦੇ ਕੰਢੇ ਉੱਚੇ ਕਰਨ ਨਾਲ ਉਹ ਹੋਰ ਵੱਧ ਮਿਲ ਸਕਦਾ ਹੈ। ਪੱਕੀਆਂ ਕੀਤੀਆਂ ਗਈਆਂ ਨਹਿਰਾਂ ਦਾ ਥੱਲਾ ਮਸਾਂ ਮੀਟਰ ਦੇ ਕਰੀਬ ਹੁੰਦਾ ਹੈ ਤੇ ਉੱਪਰ ਜਾਂਦੇ ਕਿਨਾਰੇ ਚੌੜੇ ਹੋਈ ਜਾਂਦੇ ਹਨ, ਜਿਸ ਦਾ ਅਰਥ ਹੈ ਕਿ ਉੱਪਰੋਂ ਜਦੋਂ ਦੋ-ਦੋ ਫੁੱਟ ਹੋਰ ਵਧਾਈਏ ਤਾਂ ਹੇਠਾਂ ਵਾਲੇ ਹਿੱਸੇ ਦੇ ਇੱਕ ਮੀਟਰ ਜਿੰਨਾ ਪਾਣੀ ਏਥੇ ਇੱਕ ਫੁੱਟ ਉੱਚਾਈ ਵਿੱਚ ਵਗ ਸਕਦਾ ਹੈ। ਗਾਰ ਕੱਢ ਲਈ ਜਾਂਦੀ ਤਾਂ ਪਾਣੀ ਦਾ ਵਹਿਣ ਵਧਣਾ ਨਹੀਂ ਸੀ ਤੇ ਹਰਿਆਣੇ ਵੱਲ ਬਹੁਤਾ ਪਾਣੀ ਨਹੀਂ ਸੀ ਜਾਣਾ, ਪਰ ਇਹ ਕੰਢੇ ਗਾਰ ਦਾ ਬਹਾਨਾ ਬਣਾ ਕੇ ਇਸ ਲਈ ਉੱਚੇ ਕੀਤੇ ਗਏ ਕਿ ਲੋਕਾਂ ਨੂੰ ਬੇਵਕੂਫ ਬਣਾ ਕੇ ਹਰਿਆਣੇ ਨੂੰ 'ਵਾਧੂ' ਓਵਰ-ਫਲੋਅ ਕਹਿ ਕੇ ਪਾਣੀ ਦੇਣਾ ਸੀ। ਪੰਜਾਬ ਦੇ ਨਹਿਰਾਂ ਬਾਰੇ ਇੱਕ ਮਾਹਰ ਨੇ ਜਦੋਂ ਇਸ ਦਾ ਪਰਦਾ ਚੁੱਕਿਆ ਤਾਂ ਉਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵਕਤ ਦੀ ਪੰਜਾਬ ਦੀ ਰਾਜਨੀਤੀ ਅਜੇ ਵੀ ਪੁਰਾਣੀ ਰੱਟ ਵਿੱਚ ਪਈ ਹੋਈ ਇਹੋ ਕਹੀ ਜਾਂਦੀ ਹੈ ਕਿ ਸਤਲੁਜ ਜਮਨਾ ਨਹਿਰ ਨਹੀਂ ਬਣਨ ਦੇਣੀ, ਪਰ ਜਿਹੜਾ ਕੰਮ ਕਰਨ ਵਾਲਾ ਹੈ, ਓਧਰ ਕਿਸੇ ਦਾ ਧਿਆਨ ਹੀ ਨਹੀਂ। ਨਾ ਕਿਸੇ ਧਿਰ ਨੇ ਕਦੀ ਸ਼ਾਰਧਾ-ਜਮਨਾ ਲਿੰਕ ਨਹਿਰ ਬਣਾ ਕੇ ਸਤਲੁਜ-ਜਮਨਾ ਲਿੰਕ ਦੇ ਬੇਲੋੜੇ ਹੋਣ ਦਾ ਮੁੱਦਾ ਚੁੱਕਿਆ ਹੈ ਤੇ ਨਾ ਕਿਸੇ ਨੂੰ ਪਾਣੀ ਦੀ ਬੂੰਦ ਨਾ ਦੇਣ ਵਾਲਿਆਂ ਵੱਲੋਂ ਚੁੱਪ-ਚੁਪੀਤੇ ਹਰਿਆਣੇ ਨੂੰ ਪਾਣੀ ਦੇਣ ਤੋਂ ਪਰਦਾ ਚੁੱਕਿਆ ਹੈ। ਅਸੀਂ ਉਸ ਦੇ ਬਾਰੇ ਪੜਤਾਲ ਕੀਤੀ ਤਾਂ ਹੈਰਾਨੀ ਵਾਲੇ ਤੱਥ ਸਾਹਮਣੇ ਆਏ ਹਨ। ਹੋਰ ਤਾਂ ਹੋਰ, ਇਹ ਗੱਲ ਕਹੀ ਜਾਂਦੀ ਹੈ ਕਿ ਸਮਝੌਤੇ ਵਾਲੀ ਐੱਸ ਵਾਈ ਐੱਲ ਨਹਿਰ ਬਣਨ ਨਹੀਂ ਦੇਣੀ, ਇੱਕ ਬੂੰਦ ਪਾਣੀ ਅਸੀਂ ਜਾਣ ਨਹੀਂ ਦੇਣਾ, ਪਰ ਹਰਿਆਣੇ ਨੂੰ ਪਾਣੀ ਸਰੇਆਮ ਜਾਂਦਾ ਵੀ ਕਦੀ ਕਿਸੇ ਨੂੰ ਦਿੱਸਿਆ ਨਹੀਂ, ਜਾਂ ਵੇਖ ਕੇ ਅਣਗੌਲਿਆ ਜਾਂਦਾ ਹੈ। ਫਲੋਟਿੰਗ ਰੈਸਟੋਰੈਂਟ ਸਰਹਿੰਦ ਤੋਂ ਥੋੜ੍ਹਾ ਅੱਗੇ ਜਾ ਕੇ ਉਹੀ ਨਹਿਰ ਦੋ ਥਾਂਈਂ ਪਾਟਦੀ ਅਤੇ ਇਸ ਵਿੱਚੋਂ ਇੱਕ ਨਰਵਾਣਾ ਬਰਾਂਚ ਨਿਕਲਦੀ ਹੈ, ਜਿਸ ਵਿੱਚ ਪਿਆ ਪਾਣੀ ਹਰਿਆਣੇ ਦੇ ਨਰਵਾਣਾ ਵੱਲ ਵਗਦਾ ਅਤੇ ਪੰਜਾਬ ਦੇ ਘਨੌਰ ਤੋਂ ਅੱਗੇ ਹਰਿਆਣੇ ਦੇ ਇਸਮਾਈਲਾਬਾਦ ਕੋਲੋਂ ਉਸ ਰਾਜ ਵਿੱਚ ਚਲਾ ਜਾਂਦਾ ਹੈ। ਪੰਜਾਬ ਵਿੱਚ ਐੱਸ ਵਾਈ ਐੱਲ ਨਹਿਰ ਬਣਨ ਨਹੀਂ ਦਿੱਤੀ ਤੇ ਹਰਿਆਣੇ ਵਾਲਾ ਜਿਹੜਾ ਹਿੱਸਾ ਬਣਿਆ ਪਿਆ ਹੈ, ਉਹ ਨਹਿਰ ਅਤੇ ਸਰਹਿੰਦ ਤੋਂ ਨਿਕਲੀ ਹੋਈ ਨਰਵਾਣਾ ਬਰਾਂਚ ਅੱਗੇ ਜਾ ਕੇ ਦੋਵੇਂ ਇਕੱਠੀਆਂ ਹੋ ਕੇ ਕੁਝ ਮੀਲ ਨਾਲੋ-ਨਾਲ ਚੱਲਣ ਦੇ ਬਾਅਦ ਫਿਰ ਨਰਵਾਣਾ ਬਰਾਂਚ ਓਸੇ ਐੱਸ ਵਾਈ ਐੱਲ ਨਹਿਰ ਵਿੱਚ ਪੈ ਜਾਂਦੀ ਹੈ ਤੇ ਇੰਜ ਹਰਿਆਣਾ ਦੀ ਉਹੋ ਨਹਿਰ ਵਗਦੀ ਹੈ, ਜਿਹੜੀ ਪੰਜਾਬ ਦੇ ਆਗੂ ਕਹਿੰਦੇ ਹਨ ਕਿ ਚੱਲਣ ਨਹੀਂ ਦੇਣੀ। ਕਹਾਣੀ ਏਥੇ ਵੀ ਖਤਮ ਨਹੀਂ ਹੁੰਦੀ। ਸਰਹਿੰਦ ਤੋਂ ਨਰਵਾਣਾ ਬਰਾਂਚ ਕੱਢਣ ਤੋਂ ਬਾਅਦ ਜਿਹੜੀ ਬਾਕੀ ਨਹਿਰ ਅੱਗੇ ਨਿਕਲਦੀ ਹੈ, ਉਹ ਖਨੌਰੀ ਵਿੱਚ ਪਹੁੰਚਦੀ ਹੈ ਤੇ ਓਥੇ ਬਣਾਏ ਹੈੱਡ ਵਰਕਸ ਤੋਂ ਇੱਕ ਨਹਿਰ ਹੋਰ ਕੱਢ ਕੇ ਹਰਿਆਣੇ ਨੂੰ ਪਾਣੀ ਪਿਛਲੇ ਕਈ ਸਾਲਾਂ ਤੋਂ ਭੇਜਿਆ ਜਾ ਰਿਹਾ ਹੈ। ਸਾਡੇ ਪੰਜਾਬ ਵਿੱਚ ਕਈ ਵਾਰੀ ਇਸ ਗੱਲ ਦੀ ਚਰਚਾ ਹੋਈ ਹੈ ਕਿ ਗੁੰਮ ਹੋਏ ਲੋਕ ਜਦੋਂ ਕਿਤੇ ਨਹੀਂ ਲੱਭਦੇ ਤਾਂ ਖਨੌਰੀ ਵਾਲੀ ਨਹਿਰ ਉੱਤੇ ਹਰਿਆਣੇ ਵਿੱਚ ਬਣਾਏ ਗਏ ਬੈਰੇਜ ਉੱਤੇ ਜਾ ਕੇ ਅੜਦੇ ਹਨ ਤੇ ਓਥੇ ਖੜੇ ਗੋਤਾ-ਖੋਰ ਕੱਢ ਕੇ ਪਰਵਾਰਾਂ ਨੂੰ ਲਾਸ਼ਾਂ ਸੌਂਪੇ ਦੇਂਦੇ ਹਨ। ਉਹ ਏਸੇ ਨਹਿਰ ਦੇ ਬੈਰੇਜ ਦੀ ਚਰਚਾ ਹੁੰਦੀ ਹੈ ਅਤੇ ਕਦੀ ਕੋਈ ਇਹ ਗੱਲ ਨਹੀਂ ਗੌਲਦਾ ਕਿ ਇਸ ਨਹਿਰ ਦਾ ਪਾਣੀ ਹਰਿਆਣੇ ਨੂੰ ਬਿਨਾਂ ਸਮਝੌਤੇ ਤੋਂ ਜਾ ਰਿਹਾ ਹੈ। ਰਾਜਸੀ ਆਗੂ ਟਾਹਰਾਂ ਮਾਰਦੇ ਹਨ, ਪਰ ਅੱਖਾਂ ਅੱਗੇ ਵਗ ਰਿਹਾ ਪਾਣੀ ਉਨ੍ਹਾਂ ਨੂੰ ਕਦੀ ਦਿੱਸਿਆ ਨਹੀਂ।
ਅੱਜ ਜਦੋਂ ਇੱਕ ਵਾਰ ਫਿਰ ਪੰਜਾਬ ਤੇ ਹਰਿਆਣੇ ਵਿਚਾਲੇ ਪਾਣੀ ਦਾ ਮੁੱਦਾ ਭਖਿਆ ਪਿਆ ਹੈ, ਅਸੀਂ ਐੱਸ ਵਾਈ ਐੱਲ ਨਹਿਰ ਸਤਲੁਜ-ਜਮਨਾ ਲਿੰਕ ਦੀ ਥਾਂ ਦੂਸਰੀ ਐੱਸ ਵਾਈ ਐੱਲ ਵਾਲੀ ਸ਼ਾਰਧਾ-ਜਮਨਾ ਲਿੰਕ ਵਾਲੀ ਗੱਲ ਮੁੜ ਕੇ ਜ਼ੋਰ ਨਾਲ ਕਹਿਣਾ ਚਾਹੁੰਦੇ ਹਾਂ, ਤਾਂ ਕਿ ਟਕਰਾਅ ਦੀ ਥਾਂ ਬਦਲ ਪੇਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਅਸੀਂ ਇਹ ਗੱਲ ਸਾਡੇ ਪੰਜਾਬ ਦੇ ਸਾਰੇ ਲੀਡਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਉਹ ਹਿੱਕ ਉੱਤੇ ਹੱਥ ਮਾਰ ਕੇ ਕਹਿਣਗੇ ਕਿ ਹਰਿਆਣੇ ਨੂੰ ਜਾਂਦੀਆਂ ਇਨ੍ਹਾਂ ਦੋਵਾਂ ਨਹਿਰਾਂ ਵਿੱਚ ਵਗਦੇ ਪਾਣੀ ਦਾ ਉਨ੍ਹਾਂ ਨੂੰ ਪਤਾ ਨਹੀਂ? ਅਸੀਂ ਪਿਛਲੀ ਸਰਕਾਰ ਦੇ ਲੁਧਿਆਣੇ ਵਿੱਚ ਬੈਠੇ ਹੋਏ ਉਸ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਉਸ ਨੇ ਜਿਹੜਾ ਇਹ ਜਵਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ ਕਿ ਨਹਿਰਾਂ ਦਾ ਕੰਢਾ ਗਾਰ ਵਧ ਜਾਣ ਕਰ ਕੇ ਉੱਚਾ ਕੀਤਾ ਸੀ, ਉਹ ਜਵਾਬ ਪੰਜਾਬ ਦੇ ਹਿੱਤਾਂ ਦੀ ਪੂਰਤੀ ਕਰਦਾ ਸੀ ਕਿ ਹਰਿਆਣੇ ਨਾਲ ਅੰਦਰ-ਖਾਤੇ ਮਿਲਾਈ ਹੋਈ ਸੈਨਤ ਦਾ ਸਬੂਤ ਸੀ? ਇਸ ਦਾ ਕੋਈ ਜਵਾਬ ਦੇਣ ਵਾਲਾ ਵੀ ਚਾਹੀਦਾ ਹੈ।