ਨਵੀਂ ਘੱਟਗਿਣਤੀ - ਸਵਰਾਜਬੀਰ

ਪਿਛਲੇ ਦਿਨੀਂ ਗੱਲਬਾਤ ਦੌਰਾਨ ਇਕ ਸੇਵਾ-ਮੁਕਤ ਸੀਨੀਅਰ ਅਧਿਕਾਰੀ ਨੇ ਦੇਸ਼ ਦੇ ਹਾਲਾਤ ਬਾਰੇ ਗੱਲਾਂ ਕਰਦਿਆਂ ਕਿਹਾ, ''ਅਸੀਂ ਹੁਣ ਨਵਂਂ ਘੱਟਗਿਣਤੀ ਹਾਂ।'' ਅਧਿਕਾਰੀ ਹਿੰਦੂ ਧਰਮ ਨਾਲ ਸਬੰਧ ਰੱਖਦਾ ਹੈ। ਜਦ ਉਸ ਤੋਂ ਪੁੱਛਿਆ ਗਿਆ ਕਿ ਇਸ ਗੱਲ ਦਾ ਕੀ ਮਤਲਬ ਹੈ ਤਾਂ ਜੋ ਉਸ ਨੇ ਕਿਹਾ, ਉਸ ਦਾ ਤੱਤਸਾਰ ਇਹ ਹੈ : ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਲੋਕ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਹਨ ਕਿ ਸਾਡੇ ਦੇਸ਼ ਵਿਚ ਕਈ ਧਰਮਾਂ ਨਾਲ ਸਬੰਧ ਰੱਖਣ ਤੇ ਭਿੰਨ ਭਿੰਨ ਬੋਲੀਆਂ ਬੋਲਣ ਵਾਲੇ ਲੋਕ ਰਹਿੰਦੇ ਹਨ। ਉਨ੍ਹਾਂ ਦੇ ਰੀਤੀ-ਰਿਵਾਜ, ਰਵਾਇਤਾਂ ਤੇ ਧਾਰਮਿਕ ਵਿਸ਼ਵਾਸ ਵੱਖਰੇ ਵੱਖਰੇ ਹਨ ਪਰ ਉਹ ਇਨ੍ਹਾਂ ਵਖਰੇਵਿਆਂ ਦੀ ਇੱਜ਼ਤ ਕਰਦੇ ਹਨ। ਵੱਖ ਵੱਖ ਫ਼ਿਰਕਿਆਂ, ਜਾਤਾਂ ਤੇ ਜਨਜਾਤੀਆਂ ਦੇ ਵੱਖਰੇ ਵੱਖਰੇ ਸੱਭਿਆਚਾਰਾਂ (ਜਿਨ੍ਹਾਂ ਵਿਚ ਸਾਂਝ ਵਾਲੀਆਂ ਕਈ ਤੰਦਾਂ ਵੀ ਹਨ) ਨੂੰ ਸਵੀਕਾਰ ਕਰਦੇ ਹੋਏ ਉਹ ਯਕੀਨ ਰੱਖਦੇ ਹਨ ਕਿ ਅਸੀਂ ਇਕ-ਦੂਸਰੇ ਨੂੰ ਸਨਮਾਨ ਦੇਣ ਵਾਲਾ ਜੀਵਨ ਜੀਅ ਸਕਦੇ ਹਾਂ। ਭਰਾਤਰੀ ਭਾਵ ਵਾਲੀ ਭਾਵਨਾ ਨਾਲ ਰਹਿ ਸਕਦੇ ਹਾਂ। ਇਸ ਨੂੰ ਅੰਗਰੇਜ਼ੀ ਵਿਚ 'ਮਲਟੀ-ਕਲਚਰਇਜ਼ਮ' ਕਿਹਾ ਜਾਂਦਾ ਹੈ। ਸੇਵਾ-ਮੁਕਤ ਸੀਨੀਅਰ ਅਧਿਕਾਰੀ ਅਨੁਸਾਰ ਇਹ ਸਾਡੀ ਵਿਰਾਸਤ ਹੈ ਤੇ ਬਹੁਗਿਣਤੀ ਫ਼ਿਰਕੇ ਦੇ ਬਹੁਤ ਸਾਰੇ ਲੋਕ ਸੋਚਦੇ ਸਨ/ਹਨ ਕਿ ਭਵਿੱਖ ਦਾ ਹਿੰਦੋਸਤਾਨ ਵੀ ਇਸ ਵਿਰਾਸਤ ਨੂੰ ਅਗਾਂਹ ਵਧਾਏਗਾ। ਪਰ ਇਨ੍ਹਾਂ ਚੋਣਾਂ ਵਿਚ ਆਏ ਨਤੀਜੇ ਦੱਸਦੇ ਹਨ ਕਿ ਇਸ ਤਰ੍ਹਾਂ ਸੋਚਣ ਵਾਲੇ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਸੇਵਾ-ਮੁਕਤ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਇਸ 'ਨਵੀਂ ਘੱਟਗਿਣਤੀ' ਨਾਲ ਸਬੰਧ ਰੱਖਦਾ ਹੈ।
       ਦੇਸ਼ ਦੇ ਫ਼ਿਰਕਿਆਂ ਵਿਚਲੇ ਪਾੜੇ ਨੂੰ ਵਧਾਉਣਾ ਬਸਤੀਵਾਦੀ ਚਾਲ ਸੀ ਤੇ ਬ੍ਰਿਟਿਸ਼ ਸਾਮਰਾਜ ਨੇ ਸਾਡੇ ਦੇਸ਼ ਵਿਚ ਰਹਿਣ ਵਾਲੇ ਵੱਡੇ ਫ਼ਿਰਕਿਆਂ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਫ਼ਿਰਕੂ ਪਾੜੇ ਨੂੰ ਚੇਤਨ ਤੌਰ 'ਤੇ ਵਧਾਇਆ। ਕਹਿਣ ਦਾ ਮਤਲਬ ਇਹ ਨਹੀਂ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਫ਼ਿਰਕੂ ਵਖਰੇਵੇਂ ਨਹੀਂ ਸਨ, ਫ਼ਿਰਕੂ ਵਖਰੇਵਾਂ ਮੌਜੂਦ ਸੀ ਪਰ ਵੱਖ ਵੱਖ ਸਮਾਜ ਇਨ੍ਹਾਂ ਵਖਰੇਵਿਆਂ ਨੂੰ ਵੱਖਰੀ ਵੱਖਰੀ ਤਰ੍ਹਾਂ ਨਾਲ ਨਜਿੱਠ ਰਹੇ ਸਨ ਤੇ ਵੱਖ ਵੱਖ ਭਾਈਚਾਰੇ ਆਪਸ ਵਿਚ ਅਮਨ-ਚੈਨ ਨਾਲ ਰਹਿ ਰਹੇ ਸਨ। ਬਾਹਰੋਂ ਤਾਂ ਅੰਗਰੇਜ਼ ਹਾਕਮ ਇਹ ਕਹਿੰਦੇ ਸਨ ਕਿ ਉਹ ਸਾਡੇ ਧਾਰਮਿਕ ਖੇਤਰ ਵਿਚ ਦਖ਼ਲ ਨਹੀਂ ਦਿੰਦੇ ਪਰ ਉਹ ਚਾਲਾਂ ਇਹੋ ਜਿਹੀਆਂ ਚੱਲਦੇ ਸਨ ਜਿਨ੍ਹਾਂ ਨਾਲ ਫ਼ਿਰਕੂ ਤੇ ਜਾਤੀਗਤ ਪਛਾਣਾਂ ਤੇ ਵਖਰੇਵੇਂ ਡੂੰਘੇ ਹੁੰਦੇ ਗਏ। ਉਦਾਹਰਨ ਦੇ ਤੌਰ 'ਤੇ 1857 ਦੀ ਬਗ਼ਾਵਤ ਤੋਂ ਬਾਅਦ ਦੇਸ਼ ਜਦ ਅੰਗਰੇਜ਼ੀ ਹਕੂਮਤ ਦੇ ਸਿੱਧੇ ਕੰਟਰੋਲ (ਇਸ ਤੋਂ ਪਹਿਲਾਂ ਹਕੂਮਤ ਈਸਟ ਇੰਡੀਆ ਕੰਪਨੀ ਦੀ ਸੀ) ਹੇਠਾਂ ਆ ਗਿਆ ਤਾਂ ਫ਼ੌਜ ਨੂੰ ਨਵੀਂ ਤਰ੍ਹਾਂ ਨਾਲ ਸੰਗਠਿਤ ਕੀਤਾ ਗਿਆ। ਧਰਮ ਤੇ ਜਾਤੀਗਤ ਆਧਾਰ 'ਤੇ ਰੈਜੀਮੈਂਟਾਂ ਬਣਾਈਆਂ ਗਈਆਂ। ਕਈਆਂ ਧਰਮਾਂ ਤੇ ਜਾਤਾਂ ਨੂੰ ਮਾਰਸ਼ਲ ਕੌਮਾਂ ਦਾ ਦਰਜਾ ਦਿੱਤਾ ਗਿਆ ਭਾਵ ਦੂਜਿਆਂ ਨੂੰ ਛੁਟਿਆਇਆ ਗਿਆ। ਇਸ ਦਾ ਮਨੋਰਥ ਕੀ ਸੀ? ਉਸ ਵੇਲੇ ਦਾ ਅੰਗਰੇਜ਼ ਸਰਕਾਰ ਦਾ ਹਿੰਦੋਸਤਾਨ ਦੇ ਮਸਲਿਆਂ/ਮਾਮਲਿਆਂ ਬਾਰੇ ਵਜ਼ੀਰ (ਜਿਸ ਨੂੰ ਹਰ ਮੈਜਸਟੀ'ਜ਼ ਪ੍ਰਿੰਸੀਪਲ ਸੈਕਟਰੀ ਆਫ਼ ਸਟੇਟ ਫਾਰ ਇੰਡੀਆ ਕਿਹਾ ਜਾਂਦਾ ਸੀ) ਸਰ ਚਾਰਲਸ ਵੁੱਡ ਲਿਖਦਾ ਹੈ : ''ਮੈਂ ਚਾਹੁੰਦਾ ਹਾਂ ਵੱਖੋ ਵੱਖ ਰੈਜੀਮੈਂਟਾਂ ਵੱਖਰੀਆਂ ਤੇ ਇਕ ਦੂਜੇ ਪ੍ਰਤੀ ਵੈਰ-ਵਿਰੋਧ ਦੀਆਂ ਭਾਵਨਾਵਾਂ ਰੱਖਣ ਵਾਲੀਆਂ ਹੋਣ।'' ਉਸ ਨੇ ਇਹ ਵੀ ਲਿਖਿਆ ਕਿ ਜਦ ਉਨ੍ਹਾਂ ਨੂੰ ਹੁਕਮ ਦਿੱਤੇ ਜਾਣ ਤਾਂ ਉਹ (ਵੱਖੋ ਵੱਖ ਰੈਜੀਮੈਂਟਾਂ) ਇਕ-ਦੂਸਰੇ 'ਤੇ ਗੋਲੀ ਚਲਾਉਣ ਤੋਂ ਨਾ ਝਿਜਕਣ। ਇਸ ਤੋਂ ਬਾਅਦ ਵੱਖ ਵੱਖ ਚੋਣਾਂ ਵਿਚ ਨੁਮਾਇੰਦੇ ਚੁਣਨ ਲਈ ਧਰਮਾਂ ਦੇ ਆਧਾਰ 'ਤੇ ਸੀਟਾਂ ਵੰਡੀਆਂ ਗਈਆਂ ਤੇ ਫ਼ਿਰਕੂ ਪਛਾਣਾਂ ਗੂੜ੍ਹੀਆਂ ਹੋਈਆਂ। ਉਨ੍ਹਾਂ ਨੇ ਫ਼ਿਰਕਾਪ੍ਰਸਤ ਤਾਕਤਾਂ ਨੂੰ ਸ਼ਹਿ ਵੀ ਦਿੱਤੀ।
        ਇਸ ਤਰ੍ਹਾਂ ਸਾਰਾ ਕਸੂਰ ਅੰਗਰੇਜ਼ਾਂ ਦਾ ਨਹੀਂ। ਸਮਾਜ ਵਿਚ ਫ਼ਿਰਕੂ ਪਾੜੇ ਪਹਿਲਾਂ ਤੋਂ ਮੌਜੂਦ ਸਨ। ਜਦ ਸਾਨੂੰ ਅੰਗਰੇਜ਼ਾਂ ਦੁਆਰਾ ਲਿਆਂਦੀ ਗਈ ਆਧੁਨਿਕਤਾ ਦਾ ਸਾਹਮਣਾ ਕਰਨਾ ਪਿਆ ਤਾਂ ਅਸੀਂ ਉਸ ਆਧੁਨਿਕਤਾ ਦੁਆਰਾ ਪੇਸ਼ ਕੀਤੇ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਤਿਆਰ ਨਹੀਂ ਸਾਂ। ਅੰਗਰੇਜ਼ਾਂ ਦੁਆਰਾ ਲਿਆਂਦੀ ਗਈ ਆਧੁਨਿਕਤਾ ਸਾਡੇ ਸਮਾਜ ਤੋਂ ਕੀ ਪ੍ਰਸ਼ਨ ਪੁੱਛ ਰਹੀ ਸੀ? ਉਹ ਸਨ ''ਤੁਸੀਂ ਕੌਣ ਹੋ? ਤੁਹਾਡਾ ਧਾਰਮਿਕ, ਸਮਾਜਿਕ, ਨਸਲੀ ਖ਼ਾਸਾ ਕੀ ਹੈ?'' ਇਹ ਨਹੀਂ ਕਿ ਅਸੀਂ ਪਹਿਲਾਂ ਇਨ੍ਹਾਂ ਪ੍ਰਸ਼ਨਾਂ ਦਾ ਸਾਹਮਣਾ ਨਹੀਂ ਸੀ ਕੀਤਾ। ''ਬੁੱਲ੍ਹਾ ਕੀ ਜਾਣਾ ਮੈਂ ਕੌਣ?'' ਦਾ ਮੋਟਿਫ਼ ਇਹੋ ਜਿਹੇ ਪ੍ਰਸ਼ਨ ਪੁੱਛੇ ਜਾਣ ਦੀ ਵੱਡੀ ਉਦਾਹਰਨ ਹੈ। ਪਰ ਸਾਡਾ ਇਹੋ ਜਿਹੇ ਪ੍ਰਸ਼ਨਾਂ ਦੇ ਉੱਤਰ ਦੇਣ ਦਾ ਤਰੀਕਾ ਅਲੱਗ ਤਰ੍ਹਾਂ ਦਾ ਸੀ। 'ਕੀ ਜਾਣਾ ਮੈਂ ਕੌਣ' ਦੇ ਪ੍ਰਸ਼ਨਾਂ ਦੀ ਲੜੀ ਵਿਚ ਭੌਂਦਾ ਹੋਇਆ ਬੁੱਲ੍ਹੇ ਸ਼ਾਹ ਇਸ ਨਤੀਜੇ 'ਤੇ ਨਿਕਲਦਾ ਹੈ ਕਿ ''ਸੁਲ੍ਹਾ ਕੁਲ ਕਾ ਮਾਰਗ ਕੀਆ।'' ਸੁਲ੍ਹਾ ਕੁਲ ਭਾਵ ਸਮਾਜ ਵਿਚ ਆਪਸੀ ਸੁਲਾਹ-ਸਫ਼ਾਈ ਤੇ ਮਿਲ-ਜੁਲ ਕੇ ਰਹਿਣ ਦਾ ਸਿਧਾਂਤ ਸ਼ਬਦ ਦੇ ਰੂਪ ਵਿਚ ਭਾਵੇਂ ਅਕਬਰ ਦੇ ਵੇਲ਼ੇ ਪੇਸ਼ ਹੋਇਆ ਪਰ ਇਸ ਦੀਆਂ ਜੜ੍ਹਾਂ ਸਾਡੇ ਸਮਾਜ ਵਿਚ ਹਜ਼ਾਰਾਂ ਵਰ੍ਹੇ ਪੁਰਾਣੀਆਂ ਹਨ। ਭਗਤੀ ਲਹਿਰ ਦੇ ਕਵੀਆਂ ਤੇ ਸਿੱਖ ਗੁਰੂਆਂ ਨੇ ਇਸ 'ਤੇ ਜ਼ੋਰ ਦਿੱਤਾ। ਸਿੱਖ ਧਰਮ ਦੀ 'ਸਰਬੱਤ ਦਾ ਭਲਾ' ਦੀ ਧਾਰਨਾ ਇਸ ਤਰ੍ਹਾਂ ਦੀ ਸੋਚ ਦਾ ਸਿਖ਼ਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦਾ ਸੰਦੇਸ਼ ਦਿੱਤਾ। ਅੰਗਰੇਜ਼ਾਂ ਤੋਂ ਪਹਿਲਾਂ ਦੇ ਪੰਜਾਬ ਦਾ ਜ਼ਿਕਰ ਕਰਦਿਆਂ ਸ਼ਾਹ ਮੁਹੰਮਦ ਲਿਖਦਾ ਹੈ, ''ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਐਸੀ ਅਫਾਤ ਆਈ / ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ।''
      ਅੰਗਰੇਜ਼ਾਂ ਵੇਲੇ ਜਦੋਂ ਅਸੀਂ ਇਸ ਪ੍ਰਸ਼ਨ ''ਅਸੀਂ ਕੌਣ ਹਾਂ'' ਦਾ ਉੱਤਰ ਤਲਾਸ਼ਦੇ ਹਾਂ ਤਾਂ ਅਸੀਂ 'ਸਰਬੱਤ ਦੇ ਭਲੇ' ਵੱਲ ਨਹੀਂ ਸਗੋਂ ਮੂਲਵਾਦ ਤੇ ਬੁਨਿਆਦ-ਪ੍ਰਸਤੀ ਵੱਲ ਤੁਰਦੇ ਹਾਂ। ਇਹ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਅਸੀਂ ਅੰਗਰੇਜ਼ਾਂ ਤੋਂ ਪਹਿਲਾਂ ਸੱਭਿਅਕ ਹੋ ਚੁੱਕੇ ਸਾਂ ਤੇ ਬਹੁਤ ਪੁਰਾਣੇ ਸਮਿਆਂ ਵਿਚ ਹੀ ਹੈਰਾਨੀਜਨਕ ਤਰੱਕੀ ਕਰ ਚੁੱਕੇ ਸਾਂ। ਅਸੀਂ ਅੰਗਰੇਜ਼ਾਂ ਤੋਂ ਕਿਤੇ ਜ਼ਿਆਦਾ ਰੂਹਾਨੀ ਤੇ ਅਧਿਆਤਮਕ ਲੋਕ ਹਾਂ। ਹਿੰਦੂ ਧਰਮ ਨਾਲ ਤਅੱਲਕ ਰੱਖਣ ਵਾਲੇ ਸਮਾਜ ਸੁਧਾਰਕ ਤੇ ਆਗੂ ਜਦ ਪਿਛਾਂਹ ਵੇਖਦੇ ਹਨ ਤਾਂ ਬਹੁਤ ਪਿਛਾਂਹ ਚਲੇ ਜਾਂਦੇ ਹਨ। ਉਹ ਸਿੱਧਾ ਵੇਦਾਂ ਤੇ ਉਪਨਿਸ਼ਦਾਂ ਤੱਕ ਪਹੁੰਚਦੇ ਹਨ। ਤ੍ਰਾਸਦੀ ਇਹ ਹੈ ਕਿ ਉਹ ਭਗਤੀ ਲਹਿਰ ਦੇ ਮਹਾਨ ਭਗਤਾਂ ਕਬੀਰ, ਰਵਿਦਾਸ, ਨਾਮਦੇਵ, ਬਸੇਸਰ, ਚੈਤਨਯ, ਤੁਕਾਰਾਮ ਤੇ ਹੋਰ ਮੱਧਕਾਲੀਨ ਸੰਤਾਂ, ਜਿਨ੍ਹਾਂ ਸਮਾਜਿਕ ਏਕਤਾ ਤੇ ਸਮਤਾ ਲਈ ਵੱਡੇ ਯਤਨ ਕੀਤੇ, ਨੂੰ ਬਿਲਕੁਲ ਹੀ ਵਿਸਾਰ ਦਿੰਦੇ ਹਨ। ਏਸੇ ਤਰ੍ਹਾਂ ਸਿੱਖ ਤੇ ਮੁਸਲਮਾਨ ਵੀ ਬੁਨਿਆਦ-ਪ੍ਰਸਤੀ ਵੱਲ ਵਧਦੇ ਤੇ ਵਖਰੇਵਿਆਂ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਭਾਈਚਾਰਕ ਸਾਝਾਂ ਨੂੰ ਵਿਸਾਰ ਕੇ ਵਖਰੇਵਿਆਂ 'ਤੇ ਜ਼ਿਆਦਾ ਜ਼ੋਰ ਦੇਣਾ ਤੇ ਉਨ੍ਹਾਂ ਨੂੰ ਵਧਾਉਣਾ ਬਸਤੀਵਾਦੀ ਚਾਲ ਸੀ ਜੋ ਕਾਮਯਾਬ ਹੋਈ ਜਿਸ ਕਾਰਨ ਪੰਜਾਬ ਤੇ ਬੰਗਾਲ ਵੰਡੇ ਗਏ ਅਤੇ ਸਿੰਧ, ਬਲੋਚਿਸਤਾਨ ਤੇ ਸਰਹੱਦੀ ਸੂਬਾ ਆਪਣੀ ਰਵਾਇਤੀ ਭੂਗੋਲਿਕ ਸਾਂਝ ਵਾਲੇ ਗਵਾਂਢੀਆਂ ਤੋਂ ਦੂਰ ਹੋ ਗਏ। ਕਸ਼ਮੀਰ ਦੀ ਸਮੱਸਿਆ ਵੀ ਏਸੇ ਤਰ੍ਹਾਂ ਦੀ ਸੋਚ ਦੀ ਦੇਣ ਹੈ।
     ਇਸ ਸੋਚ ਨੇ ਬ੍ਰਿਟਿਸ਼ ਸਾਮਰਾਜ ਦੀ ਤਾਕਤ ਨੂੰ ਮਜ਼ਬੂਤ ਕਰਨ ਵਿਚ ਬਹੁਤ ਵੱਡਾ ਹਿੱਸਾ ਪਾਇਆ, ਪਰ ਇਹ ਨਹੀਂ ਕਿ ਇਸ ਬਸਤੀਵਾਦੀ ਚਾਲ ਦੇ ਵਿਰੁੱਧ ਸੰਘਰਸ਼ ਨਹੀਂ ਹੋਇਆ। ਵਿਚਾਰਧਾਰਕ ਤੇ ਅਮਲੀ ਸੰਘਰਸ਼ ਦੋਵੇਂ ਹੋਏ। ਪੰਜਾਬ ਵਿਚ ਗ਼ਦਰ ਪਾਰਟੀ ਲਹਿਰ, ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, ਭਗਤ ਸਿੰਘ ਦੀ ਅਗਵਾਈ ਵਾਲੀ ਲਹਿਰ ਇਹੋ ਜਿਹੀ ਫੁੱਟ-ਪਾਊ ਸੋਚ ਦੇ ਵਿਰੁੱਧ ਕੀਤੇ ਗਏ ਸੰਘਰਸ਼ ਦੀਆਂ ਮਿਸਾਲਾਂ ਹਨ। ਗ਼ਦਰ ਲਹਿਰ ਦੇ ਕਵੀ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਆਪਣੇ ਆਪ ਨੂੰ ਹਿੰਦੀ ਭਾਵ ਹਿੰਦੋਸਤਾਨੀ ਕਹਿੰਦੇ ਹਨ। ਆਜ਼ਾਦੀ ਦੇ ਸੰਘਰਸ਼ ਨੂੰ ਲੋਕ-ਸਮੂਹ ਤਕ ਲੈ ਕੇ ਜਾਣ ਵਾਲੀ ਕਾਂਗਰਸ ਦਾ ਵੱਡਾ ਹਿੱਸਾ ਵੀ ਉਦਾਰਵਾਦੀ ਸੋਚ ਦਾ ਧਾਰਨੀ ਸੀ।
      ਮਹਾਤਮਾ ਗਾਂਧੀ ਦੇ ਅੰਤਲੇ ਵਰ੍ਹੇ ਫ਼ਿਰਕੂ ਪਾੜੇ ਨੂੰ ਵਧਾਉਣ ਵਾਲੀ ਸੋਚ ਦੇ ਵਿਰੁੱਧ ਲੜਦਿਆਂ ਲੰਘੇ ਤੇ ਫ਼ਿਰਕੂ ਸੋਚ ਦੇ ਝੰਡਾਬਰਦਾਰਾਂ ਨੇ ਉਸ ਨੂੰ ਜਾਨੋਂ ਮਾਰ ਮੁਕਾਇਆ।
       ਅੱਜ ਗਾਂਧੀ ਦੇ ਕਾਤਲਾਂ ਨੂੰ ਵਡਿਆਇਆ ਤੇ ਦੇਸ਼ ਭਗਤ ਕਿਹਾ ਜਾ ਰਿਹਾ ਹੈ। ਉਨ੍ਹਾਂ ਨੂੰ ਵਡਿਆਉਣ ਵਾਲੇ 'ਨਵੇਂ ਤਰ੍ਹਾਂ ਦੇ ਦੇਸ਼ ਭਗਤ' ਹਨ ਜਿਨ੍ਹਾਂ ਦੇ ਮਨ ਵਿਚ ਘੱਟਗਿਣਤੀ ਫ਼ਿਰਕੇ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਲੋਕਾਂ ਲਈ ਕੋਈ ਜਗ੍ਹਾ ਨਹੀਂ। ਘੱਟਗਿਣਤੀ ਫ਼ਿਰਕੇ ਦੇ ਲੋਕਾਂ ਤੇ ਫ਼ਿਰਕੂ ਸੋਚ ਦਾ ਵਿਰੋਧ ਕਰਨ ਵਾਲਿਆਂ ਨੂੰ 'ਪਾਕਿਸਤਾਨ ਚਲੇ ਜਾਣ' ਦੀ ਸਲਾਹ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ 'ਅਰਬਨ ਨਕਸਲਾਈਟ', 'ਦੇਸ਼-ਧ੍ਰੋਹੀ', 'ਟੁਕੜੇ-ਟੁਕੜੇ ਗੈਂਗ' ਆਦਿ ਦੇ ਲਕਬ ਦਿੱਤੇ ਜਾਂਦੇ ਹਨ। ਇਹ ਵਰਤਾਰਾ ਪੁਰਾਣੀ ਬਸਤੀਵਾਦੀ ਚਾਲ ਨੂੰ ਨਵੇਂ ਸਿਰੇ ਤੋਂ ਅੱਜ ਦੇ ਸਮਾਜ ਵਿਚ ਨਵੇਂ ਢੰਗ-ਤਰੀਕੇ ਨਾਲ ਲਾਗੂ ਕਰਕੇ ਫ਼ਿਰਕੂ ਪਾੜੇ ਨੂੰ ਹੋਰ ਵਧਾਉਂਦਾ ਤੇ ਉਸ ਨੂੰ ਸੱਤਾ ਹਥਿਆਉਣ ਲਈ ਵਰਤਦਾ ਹੈ। ਇਸ ਤਰ੍ਹਾਂ ਦੀ ਸੋਚ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਹੋਈ ਹੈ ਜਿਸ ਕਾਰਨ ਬਹੁਗਿਣਤੀ ਫ਼ਿਰਕੇ ਵਿਚਲੇ ਫ਼ਿਰਕੂ ਸੋਚ ਦਾ ਵਿਰੋਧ ਕਰਨ ਵਾਲੇ ਲੋਕ ਸੱਚਮੁੱਚ ਆਪਣੇ ਆਪ ਨੂੰ ਇਕ 'ਵੱਖਰੀ ਘੱਟਗਿਣਤੀ' ਵਾਂਗ ਮਹਿਸੂਸ ਕਰਦੇ ਹਨ। ਫ਼ਿਰਕੂ ਸੋਚ 'ਤੇ ਟੇਕ ਰੱਖਣ ਵਾਲੇ ਲੋਕ ਇਸ 'ਘੱਟਗਿਣਤੀ' ਨੂੰ ਕਾਫ਼ੀ ਦੇਰ ਤੋਂ ਨਿਸ਼ਾਨਾ ਬਣਾ ਰਹੇ ਹਨ। ਇਹ ਰੁਝਾਨ ਖ਼ਤਰਨਾਕ ਹੈ।
      ਬਹੁਗਿਣਤੀ ਫ਼ਿਰਕੇ ਦੇ ਇਨ੍ਹਾਂ ਲੋਕਾਂ ਵਿਚ ਪਣਪ ਰਿਹਾ ਫ਼ਿਕਰ ਸਾਰਿਆਂ ਲਈ ਸਾਂਝੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਫ਼ਿਰਕੂ ਸੋਚ ਦੇ ਵਿਰੁੱਧ ਲੜਨ ਲਈ ਵਿਸ਼ਾਲ ਮੁਹਾਜ਼ ਉਸਾਰਨ ਦੀ ਜ਼ਰੂਰਤ ਹੈ। ਉਸ ਵਿਚ ਉਹੋ ਜਿਹੇ ਲੋਕ ਵੀ ਹੋਣਗੇ ਜੋ ਵੱਖ ਵੱਖ ਵਿਸ਼ਿਆਂ 'ਤੇ ਆਪਸ ਵਿਚ ਸਹਿਮਤ ਨਹੀਂ ਪਰ ਉਹ ਸਮਾਜ ਨੂੰ ਫ਼ਿਰਕਾਪ੍ਰਸਤ ਲੀਹਾਂ 'ਤੇ ਵੰਡੇ ਜਾਣ ਦਾ ਵਿਰੋਧ ਕਰਦੇ ਹਨ। ਨਿਸ਼ਚੇ ਹੀ ਇਸ ਵਿਚ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦਾ ਵੱਡਾ ਯੋਗਦਾਨ ਹੋਵੇਗਾ। ਸਾਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਕਰਨ ਦੀ ਵੀ ਜ਼ਰੂਰਤ ਹੈ ਕਿ ਅਸੀਂ ਸਾਰੀਆਂ ਘੱਟਗਿਣਤੀਆਂ, ਦਮਿਤ ਤੇ ਦਲਿਤ, ਕਿਸਾਨ, ਮਜ਼ਦੂਰ ਤੇ ਹੋਰ ਮਿਹਨਤਕਸ਼ ਅਤੇ ਹਮਖ਼ਿਆਲ ਲੋਕ, ਸਾਰੇ ਮਿਲ ਕੇ ਉਹ ਮੁਹਾਜ਼ ਉਸਾਰ ਸਕਦੇ ਹਾਂ।