ਸੁੱਖ ਸ਼ਾਂਤੀ ਦੇ ਮਾਰ ਗੋਲ਼ੀ ! - ਤਰਲੋਚਨ ਸਿੰਘ ‘ਦੁਪਾਲ ਪੁਰ’

ਇਹ ਬੇਰੁਜ਼ਗਾਰੀ ਕਾਰਨ ਪਾਠੀ ਬਣ ਪਿੰਡ ਦੇ ਗੁਰਦੁਆਰੇ ਗ੍ਰੰਥੀ ਲੱਗੇ ਹੋਏ ਧੀਰਜ ਸਿੰਘ ਦੀ ਹੱਡ-ਬੀਤੀ ਹੈ।ਜਿਸਨੂੰ ਪਿੰਡ ਵਿਚ ਉਹਦੇ ਹਾਣੀ ਮਿੱਤਰ ਦੋਸਤ ਧੀਰਾ ਕਹਿ ਕੇ ਹੀ ਬੁਲਾਉਂਦੇ ਨੇ।ਹੁਣੇ ਹੁਣੇ ਉਹਦੇ ਇਕ ਹਮਜਮਾਤੀ ਦਾ ਉਸਨੂੰ ਫੋਨ  ਆਇਆ- ਕਿ ਆਉਂਦੇ ਐਤਵਾਰ ਸਾਡੇ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਐਂ…. ਤੂੰ ਓਸ ਦਿਨ ਸੁਵਖਤੇ  ਆ ਜਾਵੀਂ  ਧੀਰਿਆ ?
          ਲਉ ਜੀ ਐਤਵਾਰ ਵਾਲ਼ੇ ਦਿਨ ਪਰਨਾ ਮੋਢੇ ‘ਤੇ ਰੱਖ ਧੀਰਜ ਸਿੰਘ ਆਪਣੇ ਉਸ ਦੋਸਤ ਦੇ ਘਰੇ ਜਾ ਪਹੁੰਚਾ। ਆਉਂਦੇ-ਜਾਂਦੇ ਹੋਏ ਤਾਂ ਭਾਵੇਂ ਉਸਨੇ ਇਸ ਦੋਸਤ ਦੀ ਮਹਿਲ ਨੁਮਾ ਕੋਠੀ ਦੂਰੋਂ ਦੇਖੀ ਹੀ ਹੋਈ ਸੀ। ਪਰ ਅੱਜ ਵਿਹੜੇ ਵਿਚ ਪੈਰ ਧਰਦਿਆਂ ਹੀ ਉਹ ਅਮੀਰੀ ਠਾਠ ਦੇਖ ਕੇ ਦੰਗ ਰਹਿ ਗਿਆ। ਆਲ੍ਹੀਸ਼ਾਨ ਦੋ ਮੰਜਲੀ ਕੋਠੀ, ਥੱਲੇ ਰੰਗ ਬਰੰਗੀ ਚਿਪਸ ਲੱਗੀ ਹੋਈ, ਵਿਹੜੇ ਵਿਚ ਦੁੱਧ ਚਿੱਟੇ ਸੰਗਮਰਮਰ ਦੀਆਂ ਪਲੇਟਾਂ, ਗੁਸਲਖਾਨਿਆਂ ਸਮੇਤ ਕਈ ਕਮਰੇ, ਕਈ ਕਮਰਿਆਂ ਵਿਚ ਏ.ਸੀ ਫਿੱਟ ! ਡ੍ਰਾਇੰਗ ਰੂਮ ਵਿਚ ਕੌਫੀ ਕਲਰ ਫਰਨੀਚਰ ਸਜਿਆ ਹੋਇਆ। ਕੋਠੀ ਦੇ ਸਿਖਰ ‘ਤੇ ਪਾਣੀ ਵਾਲ਼ੀ ਟੈਂਕੀ ਉੱਤੇ ‘ਜਹਾਜ’ ਬਣਿਆਂ ਹੋਇਆ ਹੈ !
                      ਖੁੱਲ੍ਹੇ ਵਿਹੜੇ ਵਿਚ ਟ੍ਰੈਕਟਰ-ਟਰਾਲੀ  ਤੋਂ ਇਲਾਵਾ ਕੈਮਰੀ ਕਾਰ, ਬੁਲ੍ਹਟ ਮੋਟਰਸਾਈਕਲ ਅਤੇ ਇਕ ਨਵੀਂ ਨਕੋਰ ਸਕੂਟਰੀ ਘਰ ਦੀ ਅਮੀਰੀ ਦਾ ਪ੍ਰਗਟਾਵਾ ਕਰ ਰਹੇ ਜਾਪਦੇ ਸਨ। ਦੋਸਤ ਦੀ ਸ਼ਾਨੋ ਸ਼ੌਕਤ ਵੱਲ੍ਹ ਦੇਖਦਿਆਂ ਧੀਰੇ ਨੂੰ ਬਾਲੇ-ਗਾਡਰਾਂ ਵਾਲ਼ਾ ਆਪਣਾ ਛੋਟਾ ਜਿਹਾ ਕੱਚਾ-ਪੱਕਾ ਘਰ ਚੇਤੇ ਆ ਗਿਆ ਤੇ ਉਹ ਦਿਲ ਹੀ ਦਿਲ ਝੂਰਨ ਲੱਗਾ ਕਿ ਮੈਂ ਵੀ ਕਦੇ ਆਪਣੇ ਟੱਬਰ ਨੂੰ ਅਜਿਹਾ ਘਰ ਬਣਾ ਕੇ ਦੇ ਸਕਾਂ ਗਾ ? ਹੇ ਮਨਾਂ, ਆਏ ਦਿਨ ਮੈਂ ਲੋਕਾਂ ਲਈ ਅਰਦਾਸਾਂ ਕਰਦਾ ਰਹਿੰਦਾ ਹਾਂ ਕਿ ਫਲਾਣੇ ਦੇ ਘਰ ਨੌ ਨਿਧਾਂ ਬਾਰਾਂ ਸਿਧਾਂ ਦੀ ਬਖਸ਼ਿਸ਼ ਹੋਵੇ… ਢਿਮਕੇ ਨੂੰ ਅੰਨ ਧਨ ਦੇ ਖੁੱਲ੍ਹੇ ਗੱਫਿਆਂ ਦੀ ਦਾਤ ਮਿਲ਼ੇ, ਪਰ ਮੇਰੀ ਖੁਦ ਦੀ ਆਪਣੀ ਹਾਲਤ………?
       ਇੰਨੇ ਨੂੰ ਦੋਸਤ ਦੀ ਪਤਨੀ ਧੀਰੇ ਲਈ ਚਾਹ ਦੇ ਕੱਪ ਨਾਲ ਬਿਸਕੁਟ ਲੈ ਕੇ ਆ ਗਈ ਤਾਂ ਪਲ ਦੀ ਪਲ ਉਸਦੀ ਸੋਚ-ਲੜੀ ‘ਤੇ ਵਿਸ਼ਰਾਮ ਲੱਗ ਗਿਆ। ਪਰ ਚਾਹ ਪੀਂਦਿਆਂ ਉਹ ਮੁੜ ਅਤੀਤ ਵਿਚ ਗੁਆਚ ਗਿਆ…..!  ‘ਕਿਸਮਤ ਦੀਆਂ ਗੱਲਾਂ ਨੇ….ਮੈਂ ਤੇ ਇਹ ਦੋਸਤ ਜਿੰਦ੍ਹਰ ਇਕੱਠੇ ਹੀ ਸਕੂਲ ਵਿਚ ਪੜ੍ਹਦੇ ਰਹੇ ਹਾਂ। ਇਹ ਨੌਵੀਂ ‘ਚੋਂ ਫੇਲ੍ਹ ਹੋ ਕੇ ਮੁੜ ਸਕੂਲੇ ਵੜਿਆ ਹੀ ਨਹੀਂ ਸੀ, ਪਰ ਮੈਂ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਜਾ ਲੱਗਿਆ। ਭਾਵੇਂ ਘਰ ਦੀ ਮਾਲੀ ਹਾਲਤ ਮਾੜੀ ਹੀ ਸੀ ਪਰ ਮੈਂ ਇਹ ਸੋਚਕੇ ਗ੍ਰੈਜੂਏਸ਼ਨ ਕਰਨ ਦੀ ਸੋਚ ਲਈ ਕਿ ਕੋਈ ਨੌਕਰੀ ਮਿਲ ਜਾਏ ਗੀ। ਲੇਕਿਨ ਕਈ ਸਾਲ ਡਿਗਰੀ ਚੁੱਕੀ ਐਧਰ ਓਧਰ ਟੱਕਰਾਂ ਮਾਰਨ  ਬਾਅਦ ਹਾਰ ਹੰਭ ਕੇ ਮੈਂ ਅਣਸਰਦੀ ਨੂੰ ਪਾਠੀਆਂ ਦੇ ਜਥੇ ਵਿਚ ਸ਼ਾਮਲ ਹੋ ਗਿਆ।ਪਿੰਡ ਦੇ ਗੁਰਦੁਆਰੇ ਵਿਚ ਪੁਰਾਣਾ ਹੀ ਟਿਕਿਆ ਹੋਇਆ ਬਜ਼ੁਰਗ ਬਾਬਾ ਚੜ੍ਹਾਈ ਕਰ ਗਿਆ ਤੇ ਪਿੰਡ ਵਾਲ਼ਿਆਂ ਨੇ ਉਹਦੀ ‘ਪੋਸਟ’ ਉੱਤੇ ਮੇਰੀ ‘ਨਿਯੁਕਤੀ’ ਕਰ ਦਿੱਤੀ।
       ਇੱਧਰ ਜ੍ਹਿੰਦਰ ਸਕੂਲੋਂ ਹਟ ਕੇ ਆਪਣੇ ਬਾਪ ਨਾਲ ਖੇਤੀ ਬਾੜੀ ‘ਚ ਹੱਥ ਵਟਾਉਣ ਲੱਗਾ। ਇਕੋ ਇਕ  ਪੁੱਤ ਹੋਣ ਕਰਕੇ ਇਹਦਾ ਬਾਪ ਤਾਂ ਪਹਿਲਾਂ ਹੀ ਚਾਹੁੰਦਾ ਸੀ ਪੰਦਰਾਂ ਵੀਹ ਖੇਤਾਂ ਦੀ ਲੰਮੀ ਚੌੜੀ ਖੇਤੀ ਕਰਨ ਲਈ ਮੁੰਡਾ ਉਸਦਾ ਸਾਥ ਦੇਵੇ।ਗਭਰੂ ਹੁੰਦਿਆਂ ਸਾਡੇ ਦੋਹਾਂ ਦੇ ਵਿਆਹ ਵੀ ਤਕਰੀਬਨ ਇੱਕੋ ਸਮੇਂ ਹੀ ਹੋਏ। ਫਰਕ ਬਸ ਏਨਾ ਹੀ ਸੀ ਕਿ ਇਹਦਾ ਵਿਆਹ ਧੂਮ ਧੜੱਕੇ ਨਾਲ ਹੋਇਆ, ਪਰ ਮੈਨੂੰ ਗਿਆਰਾਂ ਬਰਾਤੀ ਹੀ ਵਿਆਹ ਲਿਆਏ ਸਨ।ਫਿਰ
ਵਿਦੇਸ਼ ‘ਚ ਰਹਿੰਦੀ ਜ੍ਹਿੰਦਰ ਦੀ ਭੈਣ ਦੇ ਕੋਈ ਬਾਲ-ਬੱਚਾ ਹੋਇਆ ਤਾਂ ਉਸਨੇ ਮਾਂ ਬਾਪ ਬਾਹਰ ਬੁਲਾ ਲਏ। ਪਿਉ ਦੇ ਬਾਹਰ ਚਲੇ ਜਾਣ ਕਾਰਨ ਜ੍ਹਿੰਦਰ ਨੇ ਤਿੰਨ ਚਾਰ ਭਈਏ ਰੱਖ ਲਏ। ਘਰ ‘ਚ ਰੰਗ-ਭਾਗ ਤਾਂ ਖੇਤੀ ਦੀ ਆਮਦਨ ਨੇ ਹੀ ਬਥੇਰੇ ਲਾ ਰੱਖੇ ਸਨ,ਪਰ ਹੁਣ ਕਹਿੰਦੇ ਇਹਦੇ ਮੰਮੀ-ਡੈਡੀ ਬਾਹਰ ਵਿਚ ਕੋਈ ਜੌਬ ਕਰਨ ਲੱਗ ਪਏ ਸਨ। ਇੰਜ ਪਹਿਲੋਂ ਹੀ ਭਰੇ ਭਕੁੰਨੇ ਇਸ ਘਰ ਵਿਚ ਡਾਲਰਾਂ-ਪੌਂਡਾਂ ਦਾ ਵੀ ਸੋਨੇ ‘ਤੇ ਸੁਹਾਗਾ ਫਿਰਨ ਲੱਗ ਪਿਆ !
ਪਿੰਡ ‘ਚ ਇਸ ਪ੍ਰਵਾਰ ਦੀ ਐਸ਼ਪ੍ਰਸਤੀ ਦੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ।ਆਮ ਲੋਕਾਂ ਵਾਂਗ ਮੈਂ ਵੀ ਸੋਚਦਾ ਹਾਂ ਕਿ ‘ਜ਼ਿੰਦਗੀ’ ਤਾਂ ਇਹ ਲੋਕ ਜਿਊ ਰਹੇ ਹਨ…. ਮੇਰੇ ਵਰਗੇ ਤਾਂ ਬਸ ਦਿਨ-ਕਟੀ ਹੀ ਕਰ ਰਹੇ ਨੇ।
      “ਚੱਲੀਏ  ਬਈ ਧੀਰੇ ਗੁਰਦੁਆਰੇ ਨੂੰ ਮਾਹਰਾਜ ਦਾ ਸਰੂਪ ਲੈਣ ?” ਪੱਗ ਬੰਨ੍ਹ ਕੇ ਬਾਹਰ ਆਉਂਦਾ ਹੋਇਆ ਜ੍ਹਿੰਦਰ ਕਹਿਣ ਲੱਗਾ।ਉਸੇ ਵੇਲੇ ਬਾਹਰੋਂ ਭਈਏ ਨੇ ‘ਸ਼ਰਦਾਰ ਜੀ’ ਕਹਿ ਕੇ ‘ਵਾਜ ਮਾਰੀ ਤਾਂ ਉਹ ਸਾਰੇ ਦਿਨ ਦੇ ਖੇਤਾਂ ਵਿਚਲੇ ਕੰਮਾਂ ਬਾਰੇ ਉਨ੍ਹਾਂ ਨੂੰ ਹਦਾਇਤਾਂ ਦੇਣ ਗੇਟ ‘ਤੇ ਜਾ ਖੜ੍ਹਾ ਹੋਇਆ।
       ਇਸੇ ਦੌਰਾਨ ਮੈਂ ਬੈਠਾ ਬੈਠਾ ਸੋਚਣ ਲੱਗਾ ਕਿ ਇਨ੍ਹਾਂ ਨੇ ਅੱਜ ਸੁਖਮਨੀ ਸਾਹਿਬ ਦਾ ਪਾਠ ਕਿਸ ਸਬੰਧ ਵਿਚ ਕਰਾਉਣਾ ਹੋਵੇ ਗਾ ! ਇਨ੍ਹਾਂ ਦੇ ਘਰੇ ਕਿਸੇ ਖੁਸ਼ੀ-ਗਮੀਂ ਦਾ ਤਾਂ ਕੋਈ ਪਤਾ ਨਹੀਂ ਲੱਗਾ, ਫਿਰ ਇਹ ਪਾਠ ਕਿਸ ਮਕਸਦ ਲਈ ਕਰਵਾਉਣ ਲੱਗੇ ਹੋਣਗੇ ? ਪੁੱਤਰ ਦੀ ਦਾਤ-ਪ੍ਰਾਪਤੀ ਲਈ ਤਾਂ ਹੋ ਨਹੀਂ ਸਕਦਾ ਕਿਉਂ ਕਿ ਜ੍ਹਿੰਦਰ ਤੇ ਇਹਦੀ ਬਾਹਰ ਗਈ ਭੈਣ ਦੇ ਦੋਹਾਂ ਦੇ ਕਾਕੇ ਹੈਗੇ ਨੇ।ਵਿਦੇਸ਼ ‘ਚ ਜਨਮੇਂ ਦੋਹਤੇ ਦੀ ਖੁਸ਼ੀ ਵਿਚ ਤਾਂ ਇਨ੍ਹਾਂ ਨੇ ਪਿੱਛੇ ਜਿਹੇ ਇਨ੍ਹਾਂ ਨੇ ਅਖੰਡ ਪਾਠ ਕਰਾਉਣ ਬਾਅਦ ਪੈਲਸ ਵਿਚ ਰੰਗਾ-ਰੰਗ ਪਾਰਟੀ ਵੀ ਕੀਤੀ ਸੀ। ਜਿਸ ਵਿਚ ਇਕ ਨਾਮੀ-ਗਰਾਮੀ ਗਾਇਕ ਵੀ ਆਇਆ ਸੀ।
       ਹੁਣ ਮਹਾਰਾਜ ਦਾ ਸਰੂਪ ਲਿਆਉਣ ਵਾਸਤੇ ਜ੍ਹਿੰਦਰ ਦੇ ਸੱਦੇ ਹੋਏ ਚਾਚੇ-ਤਾਇਆਂ ਦੇ ਮੁੰਡੇ ਵੀ ਆ ਗਏ। ਉਨ੍ਹਾਂ ਨੂੰ ਵੀ ਚਾਹ ਪਿਆਈ ਗਈ ਤੇ ਅਸੀਂ ਸਾਰੇ ਗੁਰਦੁਆਰੇ ਜਾ ਪਹੁੰਚੇ। ਮੈਂ ਜ੍ਹਿੰਦਰ ਨੂੰ ਜ਼ਰਾ ਪਾਸੇ ਲਿਜਾ ਕੇ ਪਰਦੇ ਜਿਹੇ ‘ਚ ਆਪਣੇ ਅੰਦਾਜੇ ਨਾਲ ਹੀ ਪੁੱਛਿਆ ਕਿ ਇਹ ਪਾਠ ਤੁਸੀਂ ਪ੍ਰਵਾਰਕ ਸੁਖ-ਸ਼ਾਂਤੀ ਵਾਸਤੇ  ਹੀ ਕਰਾਉਣਾ ਹੋਣਾ ਐਂ, ਕਿਉਂ ਕਿ ਮੈਂ ਅਰਦਾਸ ਕਰਨੀਂ ਐਂ ?
      ਜ੍ਹਿੰਦਰ ਨੇ ਜੋ ਆਪਣੀ ਆਸਾ-ਮਨਸ਼ਾ ਦੱਸੀ,ਉਸਨੂੰ ਸੁਣਕੇ ਮੇਰੇ ਦੰਦ ਹੀ ਜੁੜ ਗਏ….! ਹੱਕਾ ਬੱਕਾ ਹੋਇਆ ਮੈਂ  ਉਹਦੇ ਮੂੰਹ ਵੱਲ੍ਹ ਦੇਖਦਾ ਰਹਿ ਗਿਆ !! ਉਹਦੀ ‘ਮੰਗ’ ਸੁਣਕੇ ਇਉਂ ਮਹਿਸੂਸ ਹੋਇਆ ਜਿਵੇਂ ਮੈਨੂੰ ਬਿਜਲੀ ਦਾ ਕਰੰਟਲੱਗਾ ਹੋਵੇ !!
     ….ਸਾਰਾ ਸੁਖਮਨੀ ਸਾਹਿਬ ਵੀ ਪੜ੍ਹ ਲਿਆ….ਉਸਦੇ ਕਹੇ ਅਨੁਸਾਰ ਅਰਦਾਸ ਬੇਨਤੀ ਵੀ ਕਰ ਦਿੱਤੀ। ਪਰ ਇਹ ਸਾਰਾ ਕੁੱਝ ਬੇਚੈਨ ਮਨ ਨਾਲ ਉੱਖੜੇ ਉੱਖੜੇ ਤੇ ਸੋਚਾਂ ਦੇ ਤਾਣੇ-ਬਾਣੇ ਵਿਚ ਉਲ਼ਝੇ ਹੋਏ ਨੇ ਸਿਰੇ ਚੜ੍ਹਾਇਆ !  
ਗੁਰਦੁਆਰੇ  ਜਾ ਕੇ ਅਰਦਾਸ ਬਾਰੇ ਪੁੱਛੇ ਜਾਣ ‘ਤੇ ਪਤਾ ਉਸਨੇ ਮੇਰੇ ਮੂੰਹੋਂ ‘ਪ੍ਰਵਾਰਿਕ ਸੁੱਖ ਸ਼ਾਂਤੀ’ ਸੁਣਕੇ ਕੀ ਕਿਹਾ ਸੀ ?
    “ਓ ਯਾਰ ਸੁੱਖ-ਸ਼ਾਂਤੀ ਦੇ ਮਾਰ ਗੋਲ਼ੀ….. ਠੀਕ ਠਾਕ ਈ ਹਾਂ ਅਸੀਂ… ਬਾਹਰੋਂ ‘ਬੁੜ੍ਹੇ’ ਨੇ ਮੇਰੀ ਪਟੀਸ਼ਨ ਕੀਤੀ ਹੋਈ ਆ। ਕਈ ਸਾਲ ਹੋ ਗਏ ਉਡੀਕਦਿਆਂ, ਅੰਬੈਸੀ ਤੋਂ ਕੋਈ ਚਿੱਠੀ-ਚੁੱਠੀ ਨ੍ਹੀ ਆਈ ਹਾਲੇ ਤੱਕ.. ਸਾਡੇ ਇਕ ‘ਬਾਬਾ ਜੀ ਮਾਹਰਾਜ’ ਨੇ, ਅਸੀਂ ਉਨ੍ਹਾਂ ਕੋਲ ਪੁੱਛ ਪੁਆਈ ਸੀ। ਉਹ ਕਹਿੰਦੇ ਕਿਸੇ ਯਕੀਨ ਵਾਲ਼ੇ ਪਾਠੀ ਤੋਂ ਸੁਖਮਨੀ ਸਾਹਬ ਦਾ ਪਾਠ ਕਰਵਾਉ, ਫੇਰ ਕੰਮ ਬਣੂੰ !..... ਹੁਣ ਯਾਰਾ ਤੂੰ ‘ਵਧੀਆ ਜਿਹੀ’ ਅਰਦਾਸ  ਕਰ ਦਈਂ, ਹੋਰ ਨਾ ਕਿਤੇ ਐਥ੍ਹੇ ਈ ਭੱਸੜ ਭਨਾਉਂਦੇ ਰਹਿ ਜਾਈਏ !”
tsdupalpuri@yahoo.com          001-408-915-1268