ਪੱਗ - ਹਰਲਾਜ ਸਿੰਘ ਬਹਾਦਰਪੁਰ

ਗੁਰਬਾਣੀ ਦੇ ਵਿੱਚ ਸਾਬਤ ਸੂਰਤ ਦਸਤਾਰ ਸਿਰਾ ਕਹਿਕੇ, ਗੁਰੂਆਂ ਸਮਝਾਇਆ ਸੀ ਕੀ ਹੈ ਅਸਲੀ ਪੱਗ ।
ਫਰੀਦ ਜੀ ਨੇ ਵੀ ਕਿਹਾ ਸੀ ਕਿ ਤੇਰੇ ਸਿਰ ਨੂੰ ਮਿੱਟੀ ਨੇ ਖਾ ਜਾਣਾ, ਤੂੰ ਕਹੇਂ ਕੇ ਮਤ ਮੈਲੀ ਹੋ ਜਾਵੇ ਪੱਗ ।
ਗੁਰਬਾਣੀ ਪੜਦਿਆਂ ਇਹ ਸਮਝ ਆਇਆ ਕਿ ਭੇਖ ਦੀ ਥਾਂ, ਉੱਚੇ ਆਚਰਣ ਨੂੰ ਕਿਹਾ ਗਿਆ ਹੈ ਪੱਗ ।
ਹੁਣ ਸਿੱਖਾਂ ਨੇ ਇਸ ਨੂੰ ਆਪਣੇ ਨਾਲ ਜੋੜ ਲਿਆ, ਗੁਰੂ ਨਾਨਕ ਜੀ ਤੋਂ ਪਹਿਲਾਂ ਵੀ ਬੰਨੀ ਜਾਂਦੀ ਸੀ ਪੱਗ ।
ਪਹਿਲਾਂ ਹਿੰਦੂ ਤੇ ਮੁਸਲਮਾਨ ਵੀ ਬੰਨਦੇ ਸਨ, ਪਰ ਹੁਣ ਛੱਡ ਗਏ ਜਦੋਂ ਦਾ ਸਿੱਖਾਂ ਨੇ ਕਿਹਾ ਹੈ ਸਾਡੀ ਪੱਗ ।
ਹਵਾਈ ਅੱਡਿਆਂ ਤੇ ਵਿਦੇਸ਼ੀ ਜੇ ਤਲਾਸੀ ਲਈ ਲਹਾਉਣ ਇਸ ਨੂੰ, ਤਾਂ ਕੌਮੀ ਮਸਲਾ ਬਣ ਜਾਂਦੀ ਹੈ ਪੱਗ ।
ਉਦੋਂ ਪੱਗਾਂ ਵਾਲੇ ਵੀ ਖੁਸ਼ ਹੁੰਦੇ ਜਦੋਂ ਧੜੇਵੰਦੀਆਂ ਕਾਰਨ, ਗੁਰੂ ਘਰਾਂ ਵਿੱਚ ਉਤਾਰੀ ਜਾਵੇ ਸਿੱਖ ਦੀ ਪੱਗ ।
ਆਪਣਿਆਂ ਦੀ ਆਪ ਲਾਹੀਏ ਜੈਕਾਰਾ ਬੋਲ ਕੇ, ਜਦੋਂ ਦੂਜਾ ਲਾਹੇ ਤਾਂ ਸਿੱਖ ਕੌਮ ਦੀ ਅਣਖ ਹੈ ਪੱਗ ।
ਕਦੇ ਵੀ ਸ਼ਾਨ ਨਹੀਂ ਬਣਦੀ ਮਾੜੇ ਬੰਦਿਆਂ ਲਈ, ਵੇਖਣ ਨੂੰ ਭਾਵੇਂ ਬੰਨੀ ਫਿਰਦੇ ਹੋਣ ਵੱਡੀ ਸੋਹਣੀ ਪੱਗ ।
ਮਜਲੂਮਾਂ ਦੇ ਰਾਖਿਆਂ ਸਿਰ ਤੇ ਲਪੇਟਿਆ ਕੱਪੜਾ ਹੀ, ਕਿਰਦਾਰ ਦੇ ਮਾਣ ਕਾਰਨ ਕਹਾਉਂਦਾ ਹੈ ਪੱਗ ।
ਅੱਜ ਮੈਲ਼ੀ ਹੋ ਕੇ ਪੈਰਾਂ ਵਿੱਚ ਇੱਜਤ ਸਾਡੀ ਰੁਲ ਰਹੀ ਹੈ, ਪਰ ਸਿਰ ਤੇ ਸਜਾਈ ਹੋਈ ਹੈ ਚਿੱਟੀ ਪੱਗ ।
ਬੰਦੇ ਨੂੰ ਉਸ ਦੇ ਗੁਣ ਤੇ ਔਗੁਣ ਬਣਾਉਣ ਊਚਾ ਨੀਵਾਂ, ਇਸ ਵਿੱਚ ਕਦੇ ਵੀ ਦਖਲ ਨਹੀਂ ਦਿੰਦੀ ਪੱਗ ।
ਬੇਗੈਰਤਾਂ ਲਈ ਕੱਪੜੇ ਦੇ ਟੁਕੜੇ ਤੋਂ ਵੱਧ ਕੁੱਝ ਨਹੀਂ ਹੁੰਦੀ, ਗੈਰਤਮੰਦਾ ਵਾਸਤੇ ਸਿਰ ਦਾ ਤਾਜ ਹੈ ਪੱਗ ।
ਹਰ ਬੰਦੇ ਦੀ ਆਪੋ ਆਪਣੀ ਸੋਚ ਤੇ ਮੱਤ ਹੁੰਦੀ, ਹਰੇਕ ਦੇ ਬੰਨੀ ਨੂੰ ਨਹੀਂ ਕਹਿਣਾ ਚਾਹੀਂਦਾ ਕੌਮ ਦੀ ਪੱਗ ।
ਉੱਝ ਤਾਂ ਸਿਰ ਢੱਕਣ ਲਈ ਕੱਪੜਾ ਹੀ ਹੁੰਦਾ ਹੈ,ਪਰ ਅਣਖੀ ਬਹਾਦਰਾਂ ਸਿਰ ਸਜਿਆ ਕਹਾਉਂਦਾ ਹੈ ਪੱਗ ।
ਇੱਜਤ ਉਹਨਾ ਦੀ ਵੀ ਹੁੰਦੀ ਹੈ ਮੇਰੇ ਦੋਸਤੋ, ਜਿੰਨਾ ਸਿਰ ਤੇ ਕਦੇ ਵੀ ਨਹੀਂ ਸਜਾਈ ਹੁੰਦੀ ਪੱਗ ।
ਚੰਗੇ ਗੁਣ ਧਾਰਨ ਕਰ ਲੈ ਬਹਾਦਰਪੁਰ ਦੇ ਹਰਲਾਜ ਸਿੰਘਾ, ਫਿਰ ਹੀ ਸਤਿਕਾਰਤ ਬਣੇਗੀ ਤੇਰੀ ਪੱਗ ।

ਤਾਰੀਖ 26-07-2019,



                           ਹਰਲਾਜ ਸਿੰਘ ਬਹਾਦਰਪੁਰ  
                        ਪਿੰਡ ਤੇ ਡਾਕ : ਬਹਾਦਰਪੁਰ                
                        ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) 
                        ਪਿੰਨਕੋਡ-151501 
                        ਮੋਬਾਇਲ-94170-23911
                        harlajsingh7@gmail.com