11-ਵੀਂ ਬਰਸੀ 'ਤੇ ਸ਼ਰਧਾਂਜਲੀ ! : ਮਹਾਨ ਦੇਸ਼ ਭਗਤ ਅਤੇ ਬੇਖੋਫ ਮਾਰਕਸੀ ਚਿੰਤਕ 'ਸਾਥੀ ਹਰਕਿਸ਼ਨ ਸਿੰਘ ਸੁਰਜੀਤ ! - ਜਗਦੀਸ਼ ਸਿੰਘ ਚੋਹਕਾ

ਭਾਰਤ ਅੰਦਰ ਕਮਿਊਨਿਸਟ ਲਹਿਰ ਦੇ ਇਨਕਲਾਬੀ ਤੇ ਸੁਨਹਿਰੇ ਇਤਿਹਾਸ ਦੇ ਕੌਮਾਂਤਰੀ ਮਾਰਕਸਵਾਦ ਅਤੇ ਲੈਨਿਨਵਾਦ ਦੇ ਰਾਖੇ ਵੱਜੋਂ, 'ਪੰਜਾਬੀਆਂ ਨੂੰ ਬਰਤਾਨਵੀਂ ਬਸਤੀਵਾਦੀ ਸਾਮਰਾਜ ਵਿਰੁੱਧ ਮੁਕਤੀ ਅੰਦੋਲਨਾਂ, 'ਕਿਸਾਨੀ ਦੀ ਲਾਮਬੰਦੀ, ਆਜ਼ਾਦੀ ਬਾਦ, ਸਰਬਹਾਰੇ ਦੀ ਮੁਕਤੀ, ਦੇਸ਼ ਅੰਦਰ  ਮੂਲਵਾਦੀ ਸ਼ਕਤੀਆਂ, ਨੂੰ ਨਿਖੇੜਨ ਅਤੇ ਲੋਕ ਜਮਹੂਰੀ ਇਨਕਲਾਬ ਲਈ ਪਾਏ ਯੋਗਦਾਨ ਲਈ ਸਾਥੀ ਹਰਕਿਸ਼ਨ ਸਿੰਘ ਸੁਰਜੀਤ ਰਹਿੰਦੀ ਦੁਨੀਆਂ  ਤੱਕ ਯਾਦ ਕੀਤਾ ਜਾਂਦਾ ਰਹੇਗਾ। ਇੱਕ-ਅਗਸਤ 2008 ਨੂੰ ਸਦੀਵੀਂ ਵਿਛੋੜਾ ਦਿੱਤਿਆ, 'ਸਾਥੀ ਜੀ ਨੂੰ ਵਿਛੋੜਿਆ ਭਾਵੇ ਹੁਣ 11 ਸਾਲ ਹੋ ਗਏ ਹਨ, 'ਪਰ ਉਨ੍ਹਾਂ ਵਲੋਂ ਦੇਸ਼ ਅੰਦਰ ਖੱਬੇਪੱਖੀ ਸੋਚ ਦੀ ਮਜ਼ਬੂਤੀ, ਜਮਹੂਰੀਅਤ, ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਨਿਭਾਈ ਜਿੰਮੇਵਾਰੀ ਤੇ ਫਰਜ਼ਾਂ ਪ੍ਰਤੀ ਉਨ੍ਹਾਂ ਦੀ ਸਦੀਵੀ ਯਾਦ ਅੱਜ ਵੀ ਕਾਇਮ ਹੈ। ਉਨ੍ਹਾਂ ਦੇ ਇਨ੍ਹਾਂ ਪਾਏ ਠੋਸ ਪੂਰਨਿਆ ਕਾਰਨ ਅੱਜ ਵੀ ਸੀ.ਪੀ.ਆਈ.(ਐਮ.) ਕੌਮੀ ਅਤੇ ਕੌਮਾਂਤਰੀ ਰਾਜਨੀਤੀ ਦੇ ਪਿੜ ਅੰਦਰ ਇੱਕ ਮਹੱਤਵਪੂਰਨ ਰੋਲ ਅਦਾ ਕਰਨ ਲਈ ਅੱਗੇ ਵੱਧ ਰਹੀ ਹੈ ! ਦੇਸ਼  ਅੰਦਰ ਆਜ਼ਾਦੀ ਅੰਦੋਲਨਾਂ, ਕਿਸਾਨੀ ਤੇ ਕਿਰਤੀ ਵਰਗ ਦੇ ਹੱਕਾਂ-ਹਿੱਤਾਂ ਦੀ ਰਾਖੀ ਅਤੇ ਸਾਮਰਾਜ ਨੂੰ ਭਾਰਤ ਅੰਦਰ ਖੁਲ੍ਹੀ ਦਖਲ ਅੰਦਾਜੀ ਦੇਣ ਤੋਂ ਰੋਕਣ ਲਈ ਲੜੇ ਸ਼ੰਘਰਸ਼ਾਂ ਵਿੱਚ ਸਾਥੀ ਸੁਰਜੀਤ ਦਾ ਇੱਕ ਖਾਸ ਸਥਾਨ ਰਿਹਾ ਹੈ। ਉਨ੍ਹਾਂ ਵਲੋਂ ਜਿੰਦਗੀ ਦੇ 8 ਸਾਲ ਕੈਦ ਸਮੇਤ, 70 ਵਰ੍ਹੇਂ ਪੂਰੀ ਸਰਗਰਮੀ ਨਾਲ ਲੋਕ-ਸਮ੍ਰਪਤ, ਲਾਸਾਨੀ-ਜੀਵਨ, ਬੇਦਾਗ ਇੱਕ ਰਾਜਨੀਤਕ ਪੇਸ਼ਾਵਰ ਵੱਜੋਂ ਅਰਪਣ ਕੀਤੇ। ਉਨ੍ਹਾਂ ਦਾ ਇੱਕ ਮਿਸਾਲੀ ਜੀਵਨ ਸੀ।
    ਅੱਜ ਦੁਨੀਆਂ ਭਰ 'ਚ ਸਮੇਤ ਭਾਰਤ ਦੇ, 'ਪੂੰਜੀਵਾਦੀ ਤੇ ਸੰਸਾਰ-ਉਦਾਰਵਾਦੀ ਅਰਥ-ਵਿਵਸਥਾ ਦੀ ਚੱਕਾ ਚੌਂਧ-ਖਪਤਵਾਦੀ ਵਿਕਾਸ ਅਤੇ ਲਾਲਸਾਵਾਂ ਸਾਹਮਣੇ, 'ਸਾਰੀ ਪੂੰਜੀਵਾਦੀ-ਰਾਜਨੀਤੀ, ਰਾਜਨੀਤਕ ਨੇਤਾ ਅਤੇ ਪੂੰਜੀਵਾਦੀ ਅਰਥ ਵਿਵਸਥਾ ਉੱਪਰ ਚੱਲਣ ਵਾਲੀਆਂ ਰਾਜਨੀਤਕ ਪਾਰਟੀਆਂ ਸਿਰ ਤੋਂ ਪੈਰਾਂ ਤੱਕ ਭ੍ਰਿਸ਼ਟਾਚਾਰ ਅੰਦਰ ਲਿਬੜੀਆਂ ਹੋਈਆਂ ਹਨ। ਪਰ ਸਾਥੀ ਸੁਰਜੀਤ ਨੇ ਆਪਣੀ ਪਿਤਰੀ-ਨਿਜੀ ਸਾਰੀ ਜਾਇਦਾਦ ਪਾਰਟੀ ਸਪੂਰਦ ਕਰਕੇ ਇਕ ਸੱਚੇ-ਸੁੱਚੇ ਮਾਰਕਸਵਾਦੀ ਹੋਣ ਦੀ ਪਿਰਤ ਨੂੰ ਮਜਬੂਤ ਕਰਦੇ ਹੋਏ ਅੰਤਲੇ ਸਮੇਂ ਦੀ ਇਨਕਲਾਬੀ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ ! ਸਾਥੀ ਸੁਰਜੀਤ ਜੀ ਦੇਸ਼ ਦੇ ਉਨ੍ਹਾਂ ਕਮਿਊਨਿਸਟ ਆਗੂਆਂ ਦੀ ਪੀੜੀ ਨਾਲ ਸੰਬੰਧ ਰੱਖਦੇ ਸਨ, ਜਿਨ੍ਹਾਂ ਸਾਥੀਆਂ ਨੇ ਬਰਤਾਨਵੀਂ-ਬਸਤੀਵਾਦੀ ਸਾਮਾਰਜ ਵਿਰੁੱਧ, 'ਭਾਰਤ ਦੀ ਆਜ਼ਾਦੀ ਲਈ, ਮੁਕਤੀ ਅੰਦੋਲਨਾਂ ਅੰਦਰ ਅਤੇ ਆਜਾਦੀ ਬਾਦ ਲੋਕ ਜਮਹੂਰੀ ਇਨਕਲਾਬ ਲਈ ਅਨੁਕੂਲ ਹਾਲਾਤ ਪੈਦਾ ਕਰਨ ਲਈ ਸਾਰੀ ਜਿੰਦਗੀ ਸੰਘਰਸ਼ਾਂ 'ਚ ਬਿਤਾਈ ! ਸਾਥੀ ਸੁਰਜੀਤ ਜੀ ਸਾਥੀ ਈ.ਐਮ.ਐਸ. ਨੰਬੂਦਰੀਪਾਦ, ਪੀ.ਸੂੰਦਰੀਆਂ, ਏ.ਕੇ.ਗੁਪਾਲਨ, ਜੋਤੀ ਬਾਸੂ ਆਦਿ ਆਗੂਆਂ ਦੇ ਸਮਕਾਲੀ ਦੇਸ਼-ਭਗਤ ਅਤੇ ਆਜ਼ਾਦੀ ਘੁਲਾਟੀਏ ਮਾਰਕਸਵਾਦੀ ਮੂੜੈਲੀ ਸਨ ! ਜਿਨ੍ਹਾਂ ਪਹਿਲਾ ਕਾਂਗਰਸ ਪਾਰਟੀ ਫਿਰ ਕਾਂਗਰਸ ਸ਼ੋਸ਼ਲਿਸਟ ਅਤੇ ਇੱਕ ਸੱਚੇ-ਸੁੱਚੇ ਕਮਿਊਨਿਸਟ ਵੱਜੋਂ ਅੰਤਿਮ ਸਾਵਾਸ਼ ਲਏ ਅਤੇ ਲਾਲ ਝੰਡਾ ਉੱਚਾ ਚੁੱਕੀ ਰੱਖਿਆ ! ਸੁਰਜੀਤ ਦਾ 92 ਵਰ੍ਹਿਆਂ ਦਾ ਭਾਰਤ ਅੰਦਰ ਲੰਬਾ ਸਫਰ, 'ਉਨ੍ਹਾਂ ਦੇ ਵਿਗਿਆਨਕ-ਮਾਰਕਸਵਾਦੀ ਸਿਆਸੀ ਅਤੇ ਸਿਧਾਂਤਕ ਵਿਕਾਸ ਦਾ ਇੱਕ ਸਫਲ ਸੰਕੇਤ ਹੈ। ਉਹ ਮਾਰਕਸਵਾਦੀ ਲੈਨਿਨਵਾਦੀ ਧਾਰਨਾ ਦੇ ਪਰਪੱਕ ਅਤੇ ਹੰਢੇ ਹੋਏ ਆਗੂ ਸਨ, ਜੋ ਭਾਰਤ ਅੰਦਰ ਲੋਕ-ਜਮਹੂਰੀ ਇਨਕਲਾਬ ਦੇ ਜਮਾਤੀ ਸੰਘਰਸ਼ਾਂ ਦੇ ਤਿੰਨ ਰੂਪ-ਆਰਥਿਕ, ਵਿਚਾਰ ਧਾਰਕ ਅਤੇ ਰਾਜਨੀਤਿਕ ਪੱਖਾਂ ਤੋਂ ਬੜੀ ਮਜ਼ਬੂਤ ਪਕੜ ਰੱਖਦੇ ਸਨ।
    ਸਾਥੀ ਸੁਰਜੀਤ ਜੀ ਨੇ 'ਆਪਣੇ ਸਰਗਰਮ 70 ਸਾਲਾਂ ਦੇ ਲੰਬੇ ਸਿਆਸੀ ਜੀਵਨ ਅੰਦਰ, 'ਕਮਿਊਨਿਸਟ ਲਹਿਰਾਂ ਅੰਦਰ ਪੈਦਾ ਹੁੰਦੇ ਕੁਰਾਹਿਆਂ, 'ਸੋਧਵਾਦ ਅਤੇ ਖੱਬੇ ਕੁਰਾਹਿਆਂ' ਵਿਰੁੱਧ ਬੜੀ ਬੇਕਿਰਕੀ ਨਾਲ ਸੰਘਰਸ਼ ਕੀਤਾ ਅਤੇ ਕਦੀ ਵੀ ਥਿੜਕਣ ਨਹੀਂ ਦਿਖਾਈ ! ਇਸ ਧਾਰਨਾ ਕਰਕੇ ਹੀ ਸੀ.ਪੀ.ਆਈ.(ਐਮ.) ਵੱਲੋਂ ਮਾਰਕਸਵਾਦੀ ਲੈਨਿਨਵਾਦੀ ਵਿਚਾਰਧਾਰਾ ਰਾਹੀਂ ਸੋਵੀਅਤ ਰੂਸ ਦੇ ਟੁੱਟਣ ਬਾਦ, 'ਦੁਨੀਆਂ ਦੀਆਂ ਕਮਿਊਨਿਸਟ ਪਾਰਟੀਆਂ ਅੰਦਰ ਆਈਆਂ ਥਿੜਕਣਾ ਦੇ ਖੱਤਰਿਆਂ ਨੂੰ ਭਾਪਦੇ ਹੋਏ, 'ਕਮਿਊਨਿਸਟ ਪਾਰਟੀਆਂ ਨੂੰ ਇੱਕ ਸੂਤਰ ਕਰਨ ਲਈ ਅਗਵਾਨੀ ਕਰਦੇ ਪਹਿਲ-ਕਦਮੀ ਕੀਤੀ ! ਜਿਸ ਕਰਕੇ ਬਹੁਤ ਸਾਰੀਆਂ ਪਿਛਾੜਾਂ ਵੱਜਣ ਬਾਦ ਵੀ ਸੀ.ਪੀ.ਆਈ.(ਐਮ.) ਨਾਲ ਦੁਨੀਆਂ ਦੀਆਂ ਬਹੁਤ ਸਾਰੀਆਂ ਕਮਿਊਨਿਸਟ ਪਾਰਟੀਆਂ ਨਾਲ ਰਾਜਨੀਤਿਕ ਆਰਥਿਕ, ਵਿਚਾਰਧਾਰਕ ਨੇੜਤਾ ਅਤੇ ਸੰਸਾਰ-ਸਾਮਰਾਜ ਵਿਰੋਧਤਾ ਪ੍ਰਤੀ ਸਮਝ ਦੀ ਨੇੜਤਾ ਵੱਧੀ ! ਇਸ ਤਰ੍ਹਾਂ ਕੌਮਾਂਤਰੀ ਵਾਦ-ਇਕਮੁਠਤਾ ਨੂੰ ਅੱਗੇ ਵਧਾਉਣ ਦੇ ਉਪਰਾਲਿਆ ਨੂੰ ਸਰਗਰਮ ਰੱਖਿਆ।
    ਸਾਥੀ ਹਰਕਿਸ਼ਨ ਸਿੰਘ ਸੁਰਜੀਤ ਇੱਕ ਛੋਟੀ ਮੱਧ-ਵਰਗੀ ਕਿਸਾਨੀ, ਜਿਹੜਾ ਪ੍ਰਵਾਰ ਦੁਆਬੇ ਦੇ ਜਿਲਾ ਜਲੰਧਰ ਅੰਦਰ ਖਿਲਾਫਤੀਆਂ ਦਾ ਕੇਂਦਰ ਸੀ, 'ਦੇ ਪਿੰਡ ਬੰਡਾਲਾ ਵਿਖੇ 23 ਮਾਰਚ 1916 ਨੂੰ ਮਾਤਾ ਗੁਰਬਚਨ ਕੌਰ ਪਿਤਾ ਹਰਨਾਮ ਸਿੰਘ ਦੇ ਘਰ ਜਨਮੇ। ਉਨ੍ਹਾਂ ਦਾ ਜਨਮ ਤੇ ਮੁੱਢਲਾ ਪਾਲਣ-ਪੋਸ਼ਣ ਨਾਨਕੇ ਪਿੰਡ ਰੂਪੋਵਾਲ ਵਿਖੇ ਹੋਇਆ। ਸਾਥੀ ਸੁਰਜੀਤ ਜੀ ਦੇ ਬਾਬਾ ਜੀ ਜੋ ਕਾਫੀ ਸਮਾਂ ਵਿਦੇਸ਼ਾਂ 'ਚ ਵੀ ਰਹੇ, ਉਨ੍ਹਾਂ ਨੇ ਆਪਣੇ ਲੜਕੇ ਹਰਨਾਮ ਸਿੰਘ ਨਾਲ ਕੁਝ ਪ੍ਰਵਾਰਕ ਮੱਤ ਭੇਦਾਂ ਕਰਕੇ ਉਸ ਨੂੰ ਡੇੜ-ਕਿਲਾ (1.50) ਜਮੀਨ ਦੇ ਕੇ ਵੱਖ ਕਰ ਦਿੱਤਾ ਸੀ ! ਇਹ ਸਾਰਾ ਪ੍ਰਵਾਰ ਹੀ ਕਾਂਗਰਸ, ਗਦਰ ਪਾਰਟੀ, ਅਕਾਲੀ ਲਹਿਰ ਅਤੇ ਖਿਲਾਫਤੀ ਕਾਰਕੁੰਨਾਂ ਦੇ ਸੰਪਰਕ ਵਿੱਚ ਅਤੇ ਘਰ ਵਿੱਚ ਉਨ੍ਹਾਂ ਦਾ ਆਮ ਆਉਣਾ ਜਾਣਾ ਸੀ। ਇਸ ਕਰਕੇ ਦੇਸ਼ ਭਗਤੀ ਅਤੇ ਲਗਨ ਸਾਥੀ ਸੁਰਜੀਤ ਜੀ ਨੂੰ ਘਰੋਂ ਹੀ ਮਿਲੀ। ਛੋਟੀ ਕਿਸਾਨੀ, ਪੇਂਡੂ-ਵਾਤਾਵਰਨ ਅਤੇ ਖਿਲਾਫਤੀ ਵਿਚਾਰਾਂ ਅਧੀਨ ਆਰਥਿਕ-ਤੰਗੀਆਂ ਹੁੰਦਿਆਂ ਹੋਇਆ ਸੁਰਜੀਤ ਹੋਣੀ ਜਵਾਨੀ ਵੱਲ ਪੈਰ ਪਾਏ। ਉਹ ਅੱਗੇ ਦੱਸਵੀਂ ਜਮਾਤ ਦੇ ਇਮਤਿਹਾਨ ਹੀ ਦੇ ਰਹੇ ਸਨ ਤਾਂ 23 ਮਾਰਚ 1932 ਨੂੰ ਆਪਣੇ ਇਕ ਰਿਸ਼ਤੇ ਦਾਰ ਨੂੰ ਮਿਲਣ ਲਈ ਹੁਸ਼ਿਆਰਪੁਰ ਸ਼ਹਿਰ ਜਾ ਰਹੇ ਹਨ। ਉਸ ਦਿਨ ਕਾਂਗਰਸ ਪਾਰਟੀ ਵਲੋਂ (ਭਗਤ ਸਿੰਘ ਤੇ ਸਾਥੀਆਂ ਦੀ ਪਹਿਲੀ ਸ਼ਹੀਦੀ ਦਾ ਦਿਨ) ਪੰਜਾਬ ਅੰਦਰ ਯੂਨੀਅਨ ਜੈਕ ਉਤਾਰ ਕੇ ਤਰੰਗਾਂ ਝੰਡਾ ਲਹਿਲਆਉਣ ਦਾ ਫੈਸਲਾ ਕੀਤਾ ਸੀ। ਜਦੋਂ ਸਾਥੀ ਕਾਂਗਰਸ ਪਾਰਟੀ ਦੇ ਦਫਤਰ ਸਾਹਮਣੇ ਲੰਘਿਆ ਤਾਂ ਉਨ੍ਹਾਂ ਨੇ ਪਾਰਟੀ ਦੇ ਇੱਕ ਕਾਰਕੁੰਨ-'ਹਨੂੰਮਾਨ' ਨੂੰ ਪੁਛਿਆਂ, 'ਕਿ ਅੱਜ ਝੰਡੇ ਕਿਉਂ ਨਹੀਂ ਝੁਲਾਇਆ ? ਉਸ ਨੇ ਉੱਤਰ ਦਿੱਤਾ, 'ਕਿ ਤੈਨੂੰ ਨਹੀਂ ਪਤਾ, 'ਕਿ ਸਰਕਾਰ ਨੂੰ ਡੀ.ਸੀ.ਦਫਤਰ ਤੇ ਝੰਡਾ ਝੁਲਾਉਣ ਵਿਰੁੱਧ ਗੋਲੀ ਦੇ ਹੁਕਮ ਦਿੱਤੇ ਹੋਏ ਹਨ ! ਨੌਜਵਾਨ ! ਸੁਰਜੀਤ ਬੋਲਿਆ, ਫੈਸਲਾ ਕਰਕੇ ਗੋਲੀਆਂ ਤੋਂ ਡਰ ਗਏ ! ਕਾਰਕੁੰਨ ਨੇ ਕਿਹਾ, 'ਜੇ ਕਰ ਵੱਡਾ ਸ਼ੇਰ ਹੈ ਤਾਂ, 'ਇਹ ਲੈ ਝੰਡਾ, ਤੇ ਝੁਲਾਅ ਲੈ।
    16 ਸਾਲ ਦਾ ਇੱਕ ਨੌਜਵਾਨ ਡੀ.ਸੀ. ਦਫਤਰ ਹੁਸ਼ਿਆਰਪੁਰ ਦੀ ਬਿਲਡਿੰਗ ਉੱਪਰ ਯੂਨੀਅਨ-ਜੈਕ ਉਤਾਰ ਕੇ ਤਿਰੰਗਾਂ ਝੰਡਾ ਝੁਲਾਅ ਰਿਹਾ ਹੈ ! ਹੇਠੋਂ ਸਿਪਾਹੀਆਂ ਵੱਲੋਂ ਤਿੰਨ ਫਾਇਰ ਕੀਤੇ ਗਏ। ਗੋਲੀਆਂ ਦਾ ਆਵਾਜ਼ ਸੁਣ ਕੇ ਡੀ.ਸੀ. ਬਾਹਰ ਆਇਆ ਤੇ ਇੱਕ ਨੌਂਜਵਾਨ ਨੂੰ ਝੰਡਾ ਫੜੀ ਦੇਖ ਕੇ ਤੁਰੰਤ ਸਿਪਾਹੀਆਂ ਨੂੰ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ। ਇਹ ਡੀ.ਸੀ. ਮਹਾਂਰਾਸ਼ਟਰਾਂ ਆਈ.ਸੀ.ਐਸ. ਸੀ। ਨੌਜਵਾਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੱਜ-ਸਾਹਮਣੇ ਪੇਸ਼ ਕੀਤਾ ਗਿਆ। ਜੱਜ ਨੇ ਝੰਡਾ ਉਤਾਰ ਕੇ, 'ਤਿਰੰਗਾ ਝੰਡਾ ਝੁਲਾਉਣ ਲਈ ਨੌਜਵਾਨ ਪਾਸੋਂ ਕਈ ਸਵਾਲ ਪੁੱਛੇ। ਨਿਡਰ ! ਨੌਜਵਾਨ ਦੇ ਕੋਰੇ-ਕੋਰੇ ਉਤਰਾਂ ਤੋਂ ਖਿਝ ਕੇ ਜੱਜ ਨੇ ਪਹਿਲਾ 6 ਮਹੀਨੇ ਸਜ਼ਾਅ ਸੁਣਾਈ ! ਨੌਜਵਾਨ ਨੇ ਕਿਹਾ, 'ਸਿਰਫ 6 ਮਹੀਨੇ, ਜੱਜ ਨੇ ਫਿਰ ਸਜ਼ਾਅ ਇੱਕ ਸਾਲ 6 ਮਹੀਨੇ ਵਧਾ ਦਿੱਤੀ ! ਨੌਜਵਾਨ ਨੇ ਕਿਹਾ ਸਿਰਫ 1½ટ ਸਾਲ ਤਾਂ ਜੱਜ ਨੇ ਕਿਹਾ ਕਿ, ਮੈਂ ਇਸ ਤੋਂ ਵੱਧ ਸਜ਼ਾਅ ਨਹੀਂ ਦੇ ਸਕਦਾ ? ਹੁਸ਼ਿਆਰਪੁਰ ਕੋਰਟ ਤੋਂ ਝੰਡਾ ਉਤਾਰਨ ਅਤੇ ਹੁਕਮ ਅਦੂਲੀ ਕਰਨ ਲਈ ਹੋਈ ਸਜ਼ਾਅ ਦੌਰਾਨ ਡੰਡਾ-ਬੇੜੀ ! ਕੁੱਟਮਾਰ ਅਤੇ ਨਰਕੀ ਜੇਲ੍ਹ ਜੀਵਨ ਨੇ 16 ਸਾਲ ਦੇ ਨੌਜਵਾਨ ਅੰਦਰ, ਦੇਸ਼ ਭਗਤੀ ਅਤੇ ਸਾਮਰਾਜ ਵਿਰੋਧੀ ਜਾਜ਼ਬਾ ਹੋਰ ਮਜ਼ਬੂਤ ਹੋਇਆ। ਇਸ ਘਟਨਾ ਨੇ ਸਾਥੀ ਸੁਰਜੀਤ ਅੰਦਰ ਸ਼ੁਰੂ ਵਿੱਚ ਹੀ ਦੇਸ਼ ਸੇਵਾ ਅਤੇ ਲੋਕ ਸੇਵਾ ਦੇ ਨਿਸ਼ਾਨੇ ਨੂੰ ਹੋਰ ਮਜ਼ਬੂਤੀ ਨਾਲ ਚੁਨਣ ਅਤੇ ਵਿਸ਼ਾਲ ਇਰਾਦੇ ਦਾ ਧਾਰਨੀ ਬਣਨ ਦਾ ਰਾਹੀਂ ਬਣਾ ਦਿੱਤਾ ! ਬਾਦ ਵਿੱਚ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨੂੰ ਵਿਗਿਆਨਕ ਅਤੇ ਸਰਬ-ਸਮਰੱਥ ਸਮਾਜਕ-ਪ੍ਰੀਵਰਤਨ ਲਿਆਉਣ ਵਾਲੇ ਫਲਸਫੇ ਮਾਰਕਸਵਾਦੀ ਨਾਲ ਆਪਣੇ ਆਪ ਨੂੰ ਲੈਸ ਕਰਦੇ ਹੋਏ ਕਿਰਤੀ-ਵਰਗ ਦੀ ਮੁਕਤੀ ਦੇ ਰਾਹ ਤੇ ਚੱਲਣ ਦਾ ਇੱਕ ਲੰਬਾ ਸਫਰ ਤੈਅ ਕੀਤਾ।
    ਸਾਥੀ ਜੀ ਦਾ ਮੁੱਢਲਾ-ਜੀਵਨ ਇੱਕ ਬੁੱਧੀਮਤਾ ਹੋਣ ਕਰਕੇ ਨੌਜਵਾਨ ਲਈ ਵੀ ਇੱਕ ਸੇਧ ਦੇਣ ਵਾਲਾ ਸੀ। ਇਨ੍ਹਾਂ ਭਾਵਨਾਵਾਂ ਨੇ ਹੀ ਆਜ਼ਾਦੀ ਬਾਦ ਲੁੱਟ-ਖਸੁੱਟ ਵਾਲੇ ਰਾਜ-ਪ੍ਰਬੰਧ ਨੂੰ ਬਦਲਣ ਲਈ ਸਾਥੀ ਨੇ ਆਖਰੀ ਉਮਰ ਤੱਕ ਲਾਲ ਝੰਡਾ ਉਠਾਈ ਰੱਖਿਆ। ਅਣਵੰਡੇ ਪੰਜਾਬ 'ਚ ਪਾਰਟੀ ਦੇ ਪ੍ਰਮੁੱਖ ਸਿਰਜਕਾਂ ਵਿੱਚੋਂ ਸਾਥੀ ਸੁਰਜੀਤ ਜੀ ਇੱਕ ਉਹ ਆਗੂ ਸਨ, ਜਿਨ੍ਹਾਂ ਦੀ ਅਗਵਾਈ ਵਿੱਚ ਕਮਿਊਨਿਸਟ ਪਾਰਟੀ ਇੱਕ ਸ਼ਕਤੀਸ਼ਾਲੀ ਖੱਬੀ-ਧਿਰ ਬਣ ਕੇ ਸਾਹਮਣੇ ਆਈ ਸੀ ! ਪਰ ਭਾਰਤ ਦੀ ਵੰਡ ਦੌਰਾਨ ! ਪੰਜਾਬ ਦੀ ਫਿਰਕੂ ਵੰਡ ਨੇ ਰਾਜ ਅੰਦਰ ਫਿਰਕੂ ਭਾਵਨਾਵਾਂ ਨੂੰ ਵੱਡੀ ਪੱਧਰ 'ਤੇ ਭੜਕਾਇਆ ! ਰਾਜ ਅੰਦਰ ਕਤਲੇਆਮ ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਅਦਲਾ-ਬਦਲੀ ਦੇ ਦੌਰਾਨ ਕਾਰਨ ਕਮਿਊਨਿਸਟ ਲਹਿਰ ਨੂੰ ਵੀ ਗੰਭੀਰ ਚੋਟਾਂ ਲੱਗੀਆਂ 1980 ਤੋਂ 90 ਵਿਆਂ ਦੇ ਵਿਚਕਾਰ ਦੋ ਦਹਾਕਿਆਂ ਦੌਰਾਨ 'ਚਲੀ ਦਹਿਸ਼ਤ ਗਰਦੀ ਲਹਿਰ ਕਾਰਨ, 'ਮੁੜ ਪੰਜਾਬ ਅੰਦਰ ਖੱਬੀ ਲਹਿਰ ਨੂੰ ਸਭ ਤੋਂ ਵੱਧ ਨੁਕਸਾਨ ਉਠਾਉਣਾ ਪਿਆ ? ਪੰਜਾਬ ਅੰਦਰ ਖੱਬੀ ਲਹਿਰ ਦੀ ਕਮਜ਼ੋਰੀ ਕਾਰਨ ਹੀ, 'ਅੱਜ ਪੰਜਾਬੀ ਅਥਾਹ ਕਸ਼ਟ ਭੋਗ ਰਹੇ ਹਨ, 'ਕਿ ਕਿਉਂ ਕਿ ! ਰਾਜ ਅੰਦਰ ਜਮਹੂਰੀ ਲਹਿਰਾਂ ਸਾਹ-ਸੱਤਹੀਣ ਹੋ ਗਈਆਂ ?
    ਸਾਥੀ ਸੁਰਜੀਤ ਦਾ ਪੰਜਾਬ ਅਤੇ ਦੇਸ਼ ਅੰਦਰ ਕਿਸਾਨੀ ਲਹਿਰਾਂ ਨਾਲ ਡੂੰਘਾ ਸੰਬੰਧ ਰਿਹਾ ਹੈ। ਗੁਲਾਮੀ ਵੇਲੇ ਰਾਜ ਅੰਦਰ ਕਿਸਾਨੀ ਸੰਘਰਸ਼ ਆਜ਼ਾਦੀ ਬਾਦ ਪੈਪਸੂ 'ਚ ਜਾਗੀਰਦਾਰਾਂ ਵਿਰੁੱਧ ਅਤੇ 1959 ਨੂੰ ਖੁਸ਼-ਹੈਸੀਅਤੀ ਟੈਕਸ ਵਿਰੁੱਧ ਕਾਮਯਾਬ ਸੰਘਰਸ਼ਾਂ ਦੇ ਸਿੱਟੇ ਵਜੋ ਜਿੱਤਾਂ ਅਤੇ ਪ੍ਰਾਪਤੀਆਂ ਵੀ ਹੋਈਆਂ ! ਕਿਸਾਨੀ ਮੁਸੱਲਿਆਂ ਸੰਬੰਧੀ ਮਜ਼ਬੂਤ ਪਕੜ ਹੋਣ ਕਰਕੇ ਕੁੱਲ ਹਿੰਦ ਕਿਸਾਨ ਸਭਾ ਦੇ ਆਹੁਦੇਦਾਰ ਵੱਜੋਂ, ਸਾਥੀ ਜੀ ਨੇ ਪੰਜਾਬ ਅਤੇ ਕੇਂਦਰ ਅੰਦਰ ਇੱਕ ਐਮ.ਐਲ.ਏ. ਅਤੇ ਰਾਜ-ਸਭਾ ਦੇ ਮੈਂਬਰ ਵਜੋਂ ਇਨ੍ਹਾਂ ਮੰਚਾਂ ਤੋਂ ਕਿਸਾਨੀ ਸੰਬੰਧੀ ਅਨੇਕਾਂ ਮੱਸਲੇ ਉਠਾਏ ਅਤੇ ਦੇਸ਼ ਅੰਦਰ ਕਿਸਾਨੀ ਦੀ ਤਰਸਯੋਗ ਹਾਲਤ ਸੁਧਾਰਨ ਲਈ ਹਾਕਮਾਂ ਦਾ ਧਿਆਨ ਇਨ੍ਹਾਂ ਮਸੱਲਿਆਂ ਸੰਬੰਧੀ ਖਿੱਚਦੇ ਰਹੇ ! ਕਿਸਾਨੀ ਮੱਸਲਿਆਂ ਦੇ ਹੱਲ ਲਈ ਕੌਮੀ ਪੱਧਰ ਤੇ ਸੰਘਰਸ਼ ਉਲੀਕਦੇ ਰਹੇ। ਪੰਜਾਬ ਪ੍ਰਤੀ ਉਨ੍ਹਾਂ ਦੀ ਧਾਰਨਾ ਰਹੀ ਹੈ, 'ਕਿ ਜਿਨ੍ਹਾਂ ਚਿਰ ਇੱਥੇ ਜਿਊਦੀਆਂ ਜਾਗਦੀਆਂ ਕਿਸਾਨ-ਸਭਾਵਾਂ ਨਹੀਂ ਉਸਰਨਗੀਆਂ, 'ਰਾਜ ਅੰਦਰ ਕਮਿਊਨਿਸਟ ਪਾਰਟੀ ਦਾ ਵਿਕਾਸ ਸੰਭਵ ਨਹੀਂ ? ਸਾਥੀ ਸੁਰਜੀਤ ਆਪਣੇ ਕੌੜੇ ਅਨੁਭਵਾਂ ਰਾਹੀਂ ਸਦਾ ਹੀ ਇਹ ਸੁਚੇਤ ਕਰਦੇ ਰਹਿੰਦੇ ਸਨ ਕਿ, ਭਾਰਤ ਅੰਦਰ ਮਜ਼ਦੂਰ-ਜਮਾਤ ਦੇ ਸੰਘਰਸ਼ ਤੇ ਲਹਿਰਾਂ ਦੇ ਵਿਕਸਤ ਹੋਣ ਲਈ ਫਿਰਕਾਪ੍ਰਸਤੀ ਤੇ ਜਾਤਪਾਤ ਇੱਕ ਬਹੁਤ ਵੱਡਾ ਰੋੜਾ ਹੈ ? ਫਿਰਕਾਪ੍ਰਾਸਤੀ ਪ੍ਰਤੀ ਸੁਚੇਤ ਹੁੰਦਿਆ ਉਨ੍ਹਾਂ ਨੇ ਦੇਸ਼ ਅੰਦਰ ਹਰ ਤਰ੍ਹਾਂ ਦੇ ਮੂਲਵਾਦ, ਕੱਟੜਵਾਦ, ਆਰ.ਐਸ.ਐਸ. ਅਤੇ ਬੀ.ਜੇ.ਪੀ. ਗਠਜੋੜ ਵੱਲੋਂ ਫੈਲਾਈ ਜਾਂਦੀ ਫਿਰਕਾਪ੍ਰਸਤੀ ਦੇ ਖਿਲਾਫ ਗੰਭੀਰਤਾ ਨਾਲ ਪਾਰਟੀ ਨੂੰ ਸੰਘਰਸ਼ ਕਰਨ ਲਈ ਤਿਆਰ ਕੀਤਾ ! ਜਿਵੇਂ ਉਨ੍ਹਾਂ ਹਿੰਦੂਤਵ ਭਾਰੂ ਬਹੁ-ਗਿਣਤੀ ਫਿਰਕਾਪ੍ਰਸਤ ਸ਼ਕਤੀਆਂ ਦੇ ਖਿਲਾਫ ਸ਼ੰਘਰਸ਼ ਕਰਨ ਦਾ ਸੱਦਾ ਦਿੱਤਾ, ਉਸੇ ਤਰ੍ਹਾ ਪੰਜਾਬ ਅੰਦਰ 1978 ਤੋਂ 1992 ਤੱਕ ਚੱਲੀ ਸਿੱਖ ਬੁਨਿਆਦੀ-ਪ੍ਰੱਸਤ ਅਤੇ ਖਾਲਿਸਤਾਨੀ-ਦਹਿਸ਼ਤਗਰਦੀ ਲਹਿਰ ਵਿਰੁੱਧ ਵੀ ਬੜੀ ਨਿਡਰਤਾ ਨਾਲ ਪਾਰਟੀ ਨੂੰ ਲਾਮਵੰਦ ਕੀਤਾ। ਇਸੇ ਕਰਕੇ ਹੀ ਉਹ ਇਨ੍ਹਾਂ ਅਨਸਰਾਂ ਦਾ ਮੁੱਖ-ਨਿਸ਼ਾਨਾ ਵੀ ਬਣੇ ਰਹੇ ਸਨ ! 1984 ਦੇ ਦਿੱਲੀ ਸਿੱਖ ਕਤਲੇਆਮ, ਬਾਬਰੀ ਮਸਜਿਦ ਗਿਰਾਉਣੀ, 2002 ਦੇ ਗੁਜਰਾਤ ਵਿਖੇ ਮੁਸਲਮਾਨ ਭਾਈਚਾਰੇ ਦਾ ਮੋਦੀ ਸਰਕਾਰ ਅਧੀਨ ਵੈਹਿਸ਼ੀ ਕਤਲੋਂ-ਗਾਰਤ, ਉੜੀਸਾ 'ਚ ਇਸਾਈਆਂ ਦੇ ਹਮਲਿਆਂ ਪਿੱਛੇ ਕੰਮ ਕਰਦੀਆਂ ਫਿਰਕਾਪ੍ਰਸਤ ਅਤੇ ਮੂਲਵਾਦੀ ਸ਼ਕਤੀਆਂ ਨੂੰ ਲੋਕਾਂ ਵਿੱਚੋਂ ਨਿਖੇੜਨ ਲਈ ਪਾਰਟੀ ਨੂੰ ਸਦਾ ਸੁਚੇਤ ਕਰਦੇ ਹੋਏ ਇਨ੍ਹਾਂ ਲੋਕ ਦੋਖੀ ਸ਼ਕਤੀਆਂ ਵਿਰੁੱਧ ਵਿੱਢੇ ਸੰਘਰਸ਼ਾਂ ਤੋਂ ਪਿੱਛੇ ਨਾ ਹੱਟਣ ਦਾ ਆਹਿਦ ਦੁਹਰਾਉਂਦੇ ਰਹੇ ! ਅੱਜ ਵੀ ਬੁਰਜ਼ੂਆਂ ਅਤੇ ਸਮੇਤ ਕਾਂਗਰਸ ਤੇ ਖੇਤਰੀ ਪਾਰਟੀਆਂ, ਜਿਹੜੀਆਂ ਜਾਗੀਰੂ ਸੋਚ ਅਤੇ ਜਾਤਪਾਤ ਵਾਲੀ ਪਛਾਣ ਵਾਲੀ ਰਾਜਨੀਤੀ ਰਾਹੀ ਦੇਸ਼ ਦੇ ਵਡੇਰੇ ਹਿੱਤਾਂ ਦੀ ਥਾਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਫਿਰਕੂ ਤੇ ਮੌਕਾਪ੍ਰਸਤ ਸਿਆਸਤ ਨਾਲ ਸਮਝੋਤਾ ਕਰ ਲੈਂਦੀਆਂ ਹਨ। ਉਨ੍ਹਾਂ ਤੋਂ ਖੱਬੀਆਂ ਪਾਰਟੀਆਂ ਨੂੰ ਸਦਾ ਸੁਚੇਤ ਕਰਦੇ ਰਹੇ। ਇਹ ਖੱਬੀਆਂ ਪਾਰਟੀਆਂ ਹੀ ਹਨ, ਜੋ ਸਦਾ ਘੱਟ ਗਿਣਤੀ, ਇਸਤਰੀਆਂ ਅਤੇ ਦਲਿਤਾਂ ਦੇ ਹਿੱਤਾਂ ਲਈ ਰਾਖੀ ਅਤੇ ਦੇਸ਼ ਦੀ ਏਕਤਾ-ਅਖੰਡਤਾ ਦਾ ਝੰਡਾ ਬਰਦਾਰ ਰਹੀਆਂ।
    ਸਾਥੀ ਸੁਰਜੀਤ ਜੀ ਭਾਵੇਂ ਇੱਕ ਸਧਾਰਨ ਮੱਧ ਵਰਗੀ ਕਿਸਾਨ ਪ੍ਰੀਵਾਰ 'ਚ ਪੈਦਾ ਹੋਏ, ਪਰ ਇੱਕ ਸੱਚੇ-ਸੁੱਚੇ ਮਾਰਕਸਵਾਦੀ ਚਿੰਤਨ ਕਰਕੇ ਹੀ ਉਹ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਮਾਰਕਸਵਾਦੀ ਆਗੂ ਵਜੋਂ ਲੋਕ-ਪ੍ਰਵਾਨ ਹੋਏ, ਜੋ ਕੋਈ ਛੋਟੀ ਜਿਹੀ ਘਟਨਾ ਨਹੀਂ ਹੈ ! ਪਰ ਇਸ ਦੇ ਪਿੱਛੇ ਸਾਥੀ ਦਾ ਮਾਰਕਸਵਾਦ ਵਰਗੇ ਵਿਗਿਆਨਕ ਸਿਧਾਂਤ ਦਾ ਗਿਆਨ ਹੋਣਾ ਅਤੇ ਦੁਨੀਆਂ ਅੰਦਰ ਵਰਗ-ਸੰਘਰਸ਼ ਪ੍ਰਤੀ ਸ਼ਪਸ਼ਟਤਾ ਹੋਣੀ ਸੀ ? ਜੇਲ੍ਹਾਂ ਦੌਰਾਨ ਮਾਰਕਸਵਾਦ ਅਤੇ ਵਿਸ਼ਵ ਘਟਨਾਵਾਂ ਦਾ ਗੰਭੀਰਤਾਂ ਨਾਲ ਅਧਿਐਨ ਕਰਨਾ ਅਤੇ ਪਕੜ ਸੀ। ਉਹ ਇੱਕ ਗੰਭੀਰ ਕਮਿਊਨਿਸਟ ਦੇ ਤੌਰ 'ਤੇ ਇਸ ਕਰਕੇ ਸਨ, 'ਕਿ ਉਹ ਸਿਆਸੀ ਵਿਕਾਸ, ਸਾਮਰਾਜ ਵਿਰੋਧੀ ਧਾਰਨਾਵਾਂ ਅਤੇ ਕੌਮੀ ਲਹਿਰਾਂ ਨਾਲ ਸਦਾ ਜੁੜੇ ਰਹਿੰਦੇ ਸਨ ? ਸਾਲ 1942 ਅਤੇ 1948 'ਚ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਜੋ ਸੰਕੀਰਨ ਗਲਤੀਆਂ ਹੋਈਆਂ, ਉਨ੍ਹਾਂ ਸੰਬੰਧੀ ਉਹ ਸਦਾ ਹੀ ਸੁਚੇਤ ਰਹਿੰਦੇ ਹੋਏ ਪਾਰਟੀ ਨੂੰ ਵੀ ਅਗਾਂਹ ਕਰਦੇ ਰਹੇ ! ਜਿਸ ਕਰਕੇ ਸੀ.ਪੀ.ਆਈ.(ਐਮ.) ਨੇ 1964 ਤੋਂ ਬਾਦ ਪਾਰਟੀ ਨੂੰ ਹਰ ਤਰ੍ਹਾਂ ਦੇ ਕੁਰਾਹਿਆਂ ਤੋਂ ਸੁਚੇਤ ਕਰਦੇ, 'ਸਾਮਰਾਜ ਵਿਰੋਧੀ ਅਤੇ ਕੌਮੀ ਲਹਿਰਾਂ ਦੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਜਦ, 'ਕਿ ਇਸੇ ਵਿਰਸੇ ਨਾਲ ਦੇਸ਼ ਦੀਆਂ ਸਰਮਾਏਦਾਰ-ਜਾਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਹਮੇਸ਼ਾਂ ਧਰੋਹ ਕਮਾਉਂਦੀਆਂ ਰਹੀਆਂ ਹਨ ! 1992 ਨੂੰ ਜਦੋਂ ਸਾਥੀ ਸੁਰਜੀਤ 14ਵੀਂ ਪਾਰਟੀ ਕਾਂਗਰਸ ਦੌਰਾਨ ਕੁੱਲ ਹਿੰਦ ਪਾਰਟੀ ਦੇ ਜਨਰਲ ਸਕੱਤਰ ਚੁਣੇ ਗਏ ਤਾਂ ਉਸ ਸਮੇਂ ਸੋਵੀਅਤ-ਰੂਸ ਅਤੇ ਸਮਾਜਵਾਦੀ ਪੂਰਬੀ-ਯੂਰਪ ਦੇ ਬਹੁਤ ਸਾਰੇ ਦੇਸ਼ ਸਮਾਜਵਾਦੀ ਪੱਟੜੀ ਤੋਂ ਲਹਿ ਚੁੱਕੇ ਸਨ ? ਪਰ ਪਾਰਟੀ ਵਲੋਂ ਜੋ ਸਿਆਸੀ-ਸਿਧਾਂਤਕ ਪੈਤੜਾ ਲਿਆ, 'ਉਸ ਰਾਹੀਂ ਪਾਰਟੀ ਮਾਰਕਸਵਾਦ ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਨੂੰ ਅੱਗੇ ਵਧਾਉਣ ਲਈ ਸਫਲ ਹੋਈ ! ਪਾਰਟੀ ਨੇ ਸਿਧਾਂਤ ਅਤੇ ਅਮਲ ਦੇ ਖੇਤਰ 'ਚ ਉਨ੍ਹਾਂ ਗਲਤੀਆਂ ਵੱਲ ਵੀ ਸੰਕੇਤ ਦਿੱਤੇ ਜਿਸ ਕਾਰਨ ਸੋਵੀਅਤ ਰੂਸ ਖੇਰੂ-ਖੇਰੂ ਹੋਇਆ ਸੀ ? ਬਿਨ੍ਹਾਂ ਝਿਜਕ 1981-1991 ਦੇ ਸਮੇਂ, 'ਜਦੋਂ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਨੇ ਮਾਰਕਸਵਾਦ ਦੇ ਰਾਹ ਤੋਂ ਥਿੜਕ ਕੇ, ਗੈਰ-ਮਾਰਕਸਵਾਦੀ ਪੈਂਤੜੇ ਲੈਣੇ ਸ਼ੁਰੂ ਕੀਤੇ, ਤਾਂ ਪਾਰਟੀ ਨੇ ਰੂਸ ਦੀ ਪਾਰਟੀ ਨੂੰ ਅਗਾਂਹ ਕਰਦੇ ਹੋਏ ਇਨ੍ਹਾਂ ਕਦਮਾਂ ਦੀ ਘੋਰ ਨਿੰਦਿਆਂ ਕੀਤੀ ਸੀ ?
    ਸਾਥੀ ਸੁਰਜੀਤ ਦੀ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਡੂੰਘੀ ਸਮਝ ਦੇ ਅਧਾਰ ਤੇ ਪਾਰਟੀ ਦੀ ਸਮਝ ਦੇ ਵਿਕਾਸ ਵਿੱਚ ਉਨ੍ਹਾਂ ਨੇ ਵੱਡਾ ਰੋਲ ਅਦਾ ਕੀਤਾ। ਉਹ ਸਦਾ ਹੀ ਇਸ ਸੋਚ ਦੇ ਧਾਰਨੀ ਸਨ, 'ਕਿ ਪਾਰਟੀ ਨੂੰ ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤਾਂ ਨੂੰ ਭਾਰਤੀ ਪ੍ਰਸਥਿਤੀਆਂ ਦੇ ਠੋਸ ਅਨੁਕੂਲ ਹਲਾਤਾਂ ਅਨੁਸਾਰ ਸਿਰਜਾਤਮਿਕ ਢੰਗ ਨਾਲ ਹੀ ਲਾਗੂ ਕਰਨਾ ਚਾਹੀਦਾ ਹੈ, ਨਾ ਕਿ ਦੂਜੇ ਦੇਸ਼ਾਂ ਦੇ ਮਾਰਕਸਵਾਦੀ ਸਰਕਾਰਾਂ ਦੇ ਮਾਡਲ ਨੂੰ ਅਧਾਰ ਬਣਾ ਕੇ ਮਕਾਨਕੀ ਢੰਗ ਨਾਲ ਇਸੇ ਕਰਕੇ ਸੀ.ਪੀ.ਆਈ. (ਐਮ.) ਕਿਸੇ ਕੌਮਾਂਤਰੀ ਕੁਰਾਹੇ ਦਾ ਨਾ ਸ਼ਿਕਾਰ ਹੋਈ ਅਤੇ ਨਾ ਹੀ ਪੂਛ ਬਣੀ ? ਸੋਵੀਅਤ ਰੂਸ ਦੇ 1991 ਨੂੰ ਢੈਅ-ਢੇਰੀ ਹੋਣ ਬਾਦ ਕੌਮਾਂਤਰੀ ਪੱਧਰਾਂ 'ਤੇ ਜਮਾਤੀ ਤਾਕਤਾਂ ਦੇ ਆਪਸੀ ਸੰਬੰਧਾਂ ਬਾਰੇ ਜੋ ਨਵੀਂ ਸਥਿਤੀ ਪੈਦਾ ਹੋਈ ਸੀ, ਉਸ ਵਾਰੇ ਇੱਕ ਚੇਤਨਾ ਲਹਿਰ ਚਲਾਈ ਗਈ, ਕਮਿਊਨਿਸਟ ਅਤੇ ਸਮਾਜਵਾਦੀ ਸੋਚ ਨੂੰ ਲੱਗੀਆਂ ਚੋਟਾਂ ਅਤੇ ਠੇਸਾਂ ਦਾ ਭਾਵੇਂ ਬਹੁਤ ਸਾਰੇ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਝਟਕੇ ਲੱਗੇ। ਪਰ ਸੀ.ਪੀ.ਆਈ. (ਐਮ.) ਦੇ ਦਰੁਸਤ ਸਟੈਂਡ ਕਾਰਨ ਦੁਨੀਆਂ ਅੰਦਰ ਕੌਮਾਂਤਰੀ ਪੱਧਰ ਤੇ ਕਮਿਊਨਿਸਟ ਪਾਰਟੀਆਂ ਅਤੇ ਸਰਕਾਰਾਂ ਚੰਗੇ ਸੰਬੰਧ ਪੈਦਾ ਹੋਏ। ਸਾਮਰਾਜ ਵਿਰੁੱਧ ਇੱਕ ਸਾਂਝੀ ਰਣਨੀਤੀ ਤਿਆਰ ਕਰਨ ਲਈ ਕਿਊਬਾ, ਵੀਤਨਾਮ, ਚੀਨ, ਉਤਰੀ ਕੋਰੀਆ ਤੋਂ ਇਲਾਵਾ ਵਿਕਾਸਸ਼ੀਲ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਇੱਕ ਜੁਟ ਕਰਨ ਲਈ ਉਪਰਾਲੇ ਵੀ ਹੋਏ ! 1991 ਬਾਦ ਜਦੋਂ ਸਾਮਰਾਜੀ ਅਮਰੀਕਾ ਨੇ ਕਿਊਬਾਂ ਦੀ ਆਰਥਿਕ-ਬੰਦੀ ਕਰਕੇ ਦਬਾਅ ਵਧਾਇਆ ਅਤੇ ਘੇਰਾਬੰਦੀ ਹੋਣ ਕਾਰਨ ਉੱਥੇ ਅੰਨ ਸੰਕਟ ਪੈਦਾ ਹੋਇਆ ਤਾਂ ਸਾਥੀ ਸੁਰਜੀਤ ਦੀ ਪਹਿਲ ਕਦਮੀ ਨਾਲ ਪਾਰਟੀ ਵਲੋਂ ਇੱਕ ਜਹਾਜ਼ ਅਨਾਜ, ਦਵਾਈਆਂ ਤੇ ਜਰੂਰੀ ਵਸਤਾਂ ਦਾ ਕਿਊਬਾ ਭੇਜਕੇ ਕੌਮਾਂਤਰੀ-ਭਰਾਤਰੀ ਭਾਵ ਦਿਖਾਉਂਦੇ ਹੋਏ ਸਮਾਜਵਾਦੀ-ਪ੍ਰਬੰਧ ਨੂੰ ਬਚਾਉਣ ਲਈ ਪ੍ਰਤੀਬੱਧਤਾ ਦਿਖਾਈ ਸੀ।
    ਸਾਥੀ ਸੁਰਜੀਤ ਦਾ ਰੋਲ ਪਾਰਟੀ ਲੀਡਰ ਹੋਣ ਤੋਂ ਵੀ ਬਿਨਾਂ ਬਹੁਤ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸੀ। ਉਨ੍ਹਾਂ ਦਾ ਕੌਮੀ ਪੱਧਰ 'ਤੇ ਇਹ ਪ੍ਰਭਾਵ ਕਾਫੀ ਪ੍ਰਵਾਨ ਅਤੇ ਕਬੂਲਿਆਂ ਜਾਂਦਾ ਸੀ। 1989 'ਚ ਗੈਰ ਕਾਂਗਰਸੀ ਅਤੇ ਧਰਮ ਨਿਰਪੱਖ ਪਾਰਟੀਆਂ ਦੀ ਕੌਮੀ ਮੋਰਚੇ ਅਧੀਨ ਸਰਕਾਰ ਅਤੇ 1996 'ਚ ਸੰਯੁਕਤ ਮੋਰਚੇ ਦੀ ਸਰਕਾਰ ਦੀ ਕਾਇਮੀ ਨੇ, 'ਦੋਨੋਂ ਕਾਂਗਰਸ ਅਤੇ ਬੀ.ਜੇ.ਪੀ. ਪਾਰਟੀਆਂ ਨੂੰ ਪਿਛਾੜਨ ਲਈ ਸਾਥੀ ਸੁਰਜੀਤ ਨੇ ਬੜੇ ਸੂਝ-ਬੂਝ ਨਾਲ ਦਾਅ-ਪੇਚ ਅਪਨਾਏ ! ਉਹ ਇੱਕ ਸੱਚੇ-ਸੁੱਚੇ ਮਾਰਕਸਵਾਦੀ, ਅਮਲ 'ਚ ਪਾਰਟੀ ਦੇ ਸਿਆਸੀ ਦਾਅ-ਪੇਚਾਂ ਨੂੰ ਬੜੀ ਨਿਪੁੰਨਤਾ ਨਾਲ ਲਾਗੂ ਕਰਨ ਵਾਲੇ ਯੁਧਨੀਤਕ ਆਗੂ ਸਨ। ਭਾਵੇ ਬੁਰਜੂਆ ਭਾਰਤੀ ਰਾਜਨੀਤੀ ਅੰਦਰ ਉਨ੍ਹਾਂ ਨੂੰ ਚਾਣਕੀਆਂ ਵੀ ਕਿਹਾ ਗਿਆ, 'ਪਰ ਉਨ੍ਹਾਂ ਨੇ ਕਦੇ ਵੀ ਪਾਰਟੀ ਦੀ ਰਾਜਸੀ ਲਾਈਨ ਦੀ ਕਦੀ ਵੀ ਅਵੱਗਿਆ ਨਹੀਂ ਕੀਤੀ । ਸਗੋਂ ! ਇਸ ਨੂੰ ਅੱਗੇ ਵਧਾਉਣ ਦੇ ਹੀ ਯਤਨ ਕੀਤੇ। ਉਨ੍ਹਾਂ ਨੇ ਪੋਲਿਟ-ਬਿਊਰੋ ਅਤੇ ਕੇਂਦਰੀ ਕਮੇਟੀ ਦੇ ਘੇਰੇ ਤੋਂ ਕਦੀ ਵੀ ਕੋਈ ਬਾਹਰਲੀ ਨੀਤੀ ਨਹੀਂ ਅਪਨਾਈ ? ਸਗੋਂ ਉਨ੍ਹਾਂ ਨੇ ਦੇਸ਼ ਅੰਦਰ ਧਰਮ-ਨਿਰਪੱਖ ਅਤੇ ਜਮਹੂਰੀ ਸ਼ਕਤੀਆਂ ਨੂੰ ਅੱਗੇ ਲਿਆਉਣ, ਪੂੰਜੀਪਤੀ ਜਮਾਤ, ਵਿਰੁੱਧ, ਸਾਮਰਾਜ ਦੀ ਵਿਰੋਧਤਾ ਅਤੇ ਫਿਰਕਾਪ੍ਰਸਤੀ ਨੂੰ ਪਸਤ ਕਰਨ ਤੇ ਖੱਬੀਆਂ ਸ਼ਕਤੀਆਂ ਦੀ ਮਜ਼ਬੂਤੀ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਬਣਦਾ ਯੋਗਦਾਨ ਪਾਇਆ, ਜਿਸਦੀ ਭਾਰਤ ਅੰਦਰ ਮੁੱਖ ਲੋੜ ਹੈ ! ਤੇ ਇਹ ਅਹਿਸਾਸ ਪੱਛਮੀ ਬੰਗਾਲ, ਤ੍ਰੀਪੁਰਾ ਅਤੇ ਕੇਰਲਾ ਅੰਦਰ ਅਮਲੀ ਰੂਪ ਵਿੱਚ ਦੇਖਿਆ ਗਿਆ ?
    ਕੌਮਾਂਤਰੀ ਰਵਾਇਤਾਂ ਨੂੰ ਪ੍ਰਨਾਏ ਸਾਥੀ ਸੁਰਜੀਤ ਨੇ ਬੀਤੇ ਦੱਖਣੀ ਅਫਰੀਕਾ, ਫਲਸਤੀਨ ਅਤੇ ਕਿਊਬਾ ਦੇ ਲੋਕਾਂ ਦੇ ਘੋਲਾਂ ਦੀ ਹਮਾਇਤ, ਸੰਸਾਰ-ਅਮਨ ਤੇ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਖਤਮ ਕਰਨ ਵਿਰੁੱਧ ਦੇਸ਼ ਅੰਦਰ ਵੀ ਲਹਿਰਾ ਸ਼ੁਰੂ ਕਰਕੇ ਕੌਮਾਂਤਰੀਵਾਦ ਨੂੰ ਮਜ਼ਬੂਤ ਕੀਤਾ। ਸਾਲ 2004 ਦੌਰਾਨ ਦੇਸ਼ ਅੰਦਰ ਹੋਈਆਂ ਲੋਕ ਸਭਾ ਅੰਦਰ ਫਿਰਕਾਪ੍ਰਸਤ ਬੀ.ਜੇ.ਪੀ. ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਗੱਡੀਓ ਲਾਉਣ ਅਤੇ ਕੇਂਦਰ ਅੰਦਰ ਧਰਮ-ਨਿਰਪੱਖ ਅਤੇ ਜਮਹੂਰੀ ਸ਼ਕਤੀਆਂ ਨੂੰ ਇੱਕ ਜੁਟ ਕਰਨ ਅਤੇ ਯੂ.ਪੀ.ਏ. ਪਹਿਲੀ ਸਰਕਾਰ ਦੇ ਗਠਨ ਲਈ ਉਪਰਾਲਾ ਕੀਤਾ। ਪਹਿਲ ਕਦਮੀ ਕਰਕੇ ਕੌਮੀ ਘੱਟੋਂਂ-ਘੱਟ ਸਾਂਝਾ ਪ੍ਰੋਗਰਾਮ ਸਾਹਮਣੇ ਲਿਆ ਕੇ ਫਿਰਕਾਪ੍ਰਸਤ ਸ਼ਕਤੀਆਂ ਨੂੰ ਰੋਕਣ। ਸਾਮਰਾਜ ਤੋਂ ਦੂਰੀ, ਧਰਮ ਨਿਰਪੱਖਤਾ ਦੀ ਰਾਖੀ, ਉਦਾਰਵਾਦੀ ਨੀਤੀਆਂ ਨੂੰ ਰੋਕਣ ਅਤੇ ਲੋਕ ਹਿੱਤਾਂ ਲਈ ਮਨਰੇਗਾ, ਆਰ.ਟੀ.ਆਈ., ਨੌ-ਰਤਨਾਂ (ਪਬਲਿਕ ਸੈਕਟਰ) ਦੇ ਜਨਤਕ ਅਦਾਰਿਆ ਦਾ ਨਿੱਜੀਕਰਨ ਰੋਕਣ ਲਈ, ਕਿਰਤੀਆਂ ਲਈ ਸਮਾਜਕ ਸੁਰੱਖਿਆ ਦੇਣ ਲਈ ਪਾਰਲੀਮੈਂਟ ਵਿੱਚ ਸਹਿਮਤੀ ਬਣਾਈ ਤੇ ਅਮਲ ਕਰਾਉਣ ਲਈ ਸਰਕਾਰ ਨੂੰ ਅੱਗੇ ਵੱਲ ਤੋਰਿਆ। ਸਾਥੀ ਸੁਰਜੀਤ ਦੀ ਮੌਤ ਬਾਦ 2009 'ਚ ਮੁੜ ਹੋਂਦ ਵਿੱਚ ਆਈ ਯੂ.ਪੀ.ਏ. ਦੂਸਰੀ ਸਰਕਾਰ, 'ਜਿਸ ਦੀ ਅਗਵਾਈ ਕਾਂਗਰਸ ਕਰਦੀ ਸੀ, 'ਵਲੋਂ ਅਪਣਾਈਆਂ ਤੇ ਤੇਜ਼ ਕੀਤੀਆਂ ਉਦਾਰੀਵਾਦੀ ਨੀਤੀਆਂ, ਜਿਹੜੀਆਂ ਕਿਰਤੀ-ਵਰਗ ਦੇ ਹਿੱਤਾਂ ਨੂੰ ਘੋਰ ਨੁਕਸਾਨ ਪਹੁੰਚਾਅ ਰਹੀਆਂ ਸਨ। ਲੋਕਾਂ ਦੇ ਭਿੰਨ-ਭਿੰਨ ਭਾਗਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਅਤੇ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ। ਇਨ੍ਹਾਂ ਲੋਕ ਵਿਰੋਧੀ ਨੀਤੀਆਂ ਕਾਰਨ ਹੀ 2014 ਨੂੰ ਲੋਕ-ਸਭਾ ਚੋਣਾਂ ਦੌਰਾਨ ਕਾਂਗਰਸ ਸਮੇਤ ਯੂ.ਪੀ.ਏ. ਹੂੰਝਿਆ ਗਿਆ ! ਮੁੜ ਘਰੋ-ਫਿਰਕਾਪ੍ਰਸਤ ਬੀ.ਜੇ.ਪੀ. ਅੱਜ ਬਹੁ-ਸੰਮਤੀ ਵਿੱਚ ਦਿੱਲੀ ਤੇ ਫਿਰ ਕਾਬਜ਼ ਹੋ ਗਈ ! ਅੱਜ ਭਾਰਤ ਅੰਦਰ ਬਹੁਲਤਾਵਾਦੀ ਦਿੱਖ, ਘੱਟ ਗਿਣਤੀਆਂ ਇਸਤਰੀਆਂ ਤੇ ਦਲਿਤ, ਹਿੰਦੂਤਵ ਹਮਲੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੋਦੀ ਸਰਕਾਰ ਏਕਾਅਧਿਕਾਰ ਵੱਲ ਬੜੀ ਤੇਜ਼ੀ ਨਾਲ ਵੱਧ ਰਹੀ ਹੈ ! ਦੇਸ਼ ਦੀ ਧਰਮਨਿਰਪੱਖਤਾ, ਜਮਹੂਰੀਅਤ ਅਤੇ ਸੰਘੀ ਢਾਂਚਾ ਖਤਰੇ ਵਿੱਚ ਹੈ, ਜਿਨਾਂ ਪ੍ਰਤੀ ਸੁਰਜੀਤ ਜੀ ਦੀਆਂ ਸਿਖਿਆਵਾਂ ਸਾਨੂੰ ਸੁਚੇਤ ਕਰਦੀਆਂ ਰਹੀਆਂ ਸਨ !
    ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਮੂਲਵਾਦੀ ਨੀਤੀਆਂ ਕਾਰਨ ਸਮੁੱਚੇ ਭਾਰਤ ਅੰਦਰ ਕਿਰਤੀ ਵਰਗ, ਕਿਸਾਨੀ ਜਨ-ਸਮੂਹ ਸਭ ਸਮਾਜਕ ਨਿਆਂ ਨਾ ਮਿਲਣ ਕਾਰਨ ਬੇਚੈਨੀ ਦਾ ਸ਼ਿਕਾਰ ਹਨ। ਲੋਕਾਂ ਨੂੰ ਮੁਕਤੀ ਲਈ ਸੁਰਜੀਤ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਲਾਮਬੰਦ ਹੋ ਕੇ ਸੰਘਰਸ਼ਾਂ ਵਾਲੇ ਰਾਹ ਪੈਦਾ ਹੋਵੇਗਾ ? ਸਾਥੀ ਸੁਰਜੀਤ ਜੋ ਰਾਹ ਛੱਡ ਗਏ ਹਨ, 'ਉਨ੍ਹਾਂ ਦਾ ਸੁਪਨਾ ਸਾਕਾਰ ਕਰਨ ਲਈ ਸਾਨੂੰ ਨਵੇਂ ਜੋਸ਼ ਅਤੇ ਮਜ਼ਬੂਤ ਇਰਾਦੇ ਨਾਲ ਦੇਸ਼ ਅੰਦਰ ਜਮਾਤੀ ਸ਼ੋਸ਼ਣ ਦੇ ਖਾਤਮੇ ਅਤੇ ਕਰੋੜਾਂ ਭਾਰਤ-ਵਾਸੀਆਂ ਨਾਲ ਹੋ ਰਹੇ ਸਮਾਜਕ-ਜਬਰਾਂ ਵਿਰੁੱਧ ਲੋਕ ਜਮਹੂਰੀ ਇਨਕਲਾਬ ਵੱਲ ਵੱਧਣ ਲਈ ਹਰ ਮੋਰਚੇ 'ਤੇ ਲਾਮਬੰਦ ਹੋਣਾ ਪਏਗਾ ? ਸਾਥੀ ਸੁਰਜੀਤ ਜੀ ਦਾ ਜੀਵਨ ਕਹਿਣੀ ਅਤੇ ਕਥਨੀ ਵਾਲਾ ਸੀ। ਕਿਉਂਕਿ ਉਹ ਪੰਜਾਬ ਦੀ ਧਰਤੀ 'ਤੇ ਉਠੀਆਂ ਲਹਿਰਾ-ਕੂਕਾ ਲਹਿਰ, ਗਦਰ ਪਾਰਟੀ, ਅਕਾਲੀ, ਕੌਮੀ ਸੰਘਰਸ਼, ਭਗਤ ਸਿੰਘ ਸ਼ਹੀਦ ਅਤੇ ਉਨ੍ਹਾਂ ਦੇ ਸਾਥੀਆਂ ਦੀ ਇਨਕਲਾਬੀ ਲਹਿਰ ਸਮੇਤ ਹੋਰ ਅਨੇਕਾਂ ਆਜ਼ਾਦੀ ਸੰਗਰਾਮ ਦੇ ਯੋਧਿਆਂ ਵੱਲੋਂ ਕੀਤੀਆਂ ਅਥਾਹ ਕੁਰਬਾਨੀਆ ਵਾਲੀਆਂ ਜਮਹੂਰੀ ਕਦਰਾਂ-ਕੀਮਤਾਂ ਤੇ ਵਸੀਅਤ ਛੱਡ ਗਏ ਸਨ, ਉਨ੍ਹਾਂ ਦੇ ਪੂਰਨ ਧਾਰਨੀ ਹੀ ਨਹੀਂ, ਸਗੋਂ ਇਕ ਸੱਚੇ-ਸੁੱਚੇ ਮਾਰਕਸਵਾਦੀ ਵੀ ਸਨ ?
    ਸਾਥੀ ਸੁਰਜੀਤ ਜੀ ਕੇਵਲ ਦੂਰ-ਦਰਸ਼ੀ ਸੋਚ ਵਾਲੇ ਹੰਢੇ ਵਰਤੇ ਪ੍ਰਤੀਬਿੰਧਤ ਰਾਜਨੀਤਕ ਹੀ ਨਹੀਂ ਸਨ, ਸਗੋਂ ਉਹ ਇਕ ਵੱਧੀਆ ਮਾਰਕਸਵਾਦੀ ਲਿਖਾਰੀ ਵੀ ਸਨ ! ਉਨ੍ਹਾਂ ਦੀ ਬੌਧਿਕਤਾ ਦਾ ਸਬੂਤ ਉਨ੍ਹਾਂ ਦੀਆਂ ਮਸ਼ਹੂਰ ਲਿਖਤਾਂ ਵਿੱਚੋਂ ਮਿਲਦਾ ਹੈ ! ਇਹ ਲਿਖਤਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਆਮ ਲੋਕਾਂ ਦੀ ਪਹੁੰਚ ਅਤੇ ਸਮਝਣ ਦੇ ਅਨੁਕੂਲ ਸਨ ! ਸਾਥੀ ਸੁਰਜੀਤ ਜੀ ਨੇ,  'ਮਾਰਕਸੀ-ਫਲਸਫ਼ਾ, ਭਾਰਤ ਵਿੱਚ ਕਮਿਊਨਿਸਟ ਲਹਿਰ ਦਾ ਸਫ਼ਰ, ਆਜ਼ਾਦੀ ਸੰਗਰਾਮ ਦੇ ਸੁਨਹਿਰੀ ਪੰਨ੍ਹੇ-ਗਦਰ ਲਹਿਰ 1914-15, ਇਤਿਹਾਸ ਜਦੋਂ ਕਰਵਟ ਲੈਂਦਾ ਹੈ, ਦੂਸਰਾ ਸੰਸਾਰ ਯੁੱਧ, ਭਾਰਤ ਦੀ ਆਜ਼ਦੀ ਤੇ ਵੰਡ, ਸਿੱਖ ਪਛਾਣ ਦਾ ਸੰਕਟ, ਧਰਮ, ਭਾਸ਼ਾ ਅਤੇ ਰਾਜਨੀਤੀ ਦਾ ਉਭਾਰ ਅਤੇ ਪਾਸਾਰ, ਖੁਸ਼ ਹੈਸੀਅਤੀ ਟੈਕਸ ਵਿਰੁੱਧ ਮੋਰਚਾ, ਪੰਜਾਬ ਸੰਕਟ (ਸਾਥੀ ਜੀ ਨੇ ਨੀਲਾ-ਤਾਰਾ ਸਾਕਾ ਤੋਂ ਪਹਿਲਾਂ ਪਾਰਟੀ ਦੀ ਸਮਝ ਅਨੁਸਾਰ ਇੱਕ ਸਮਝੋਤਾ ਅਮਲ ਵਿੱਚ ਲਿਆਉਣ ਲਈ ਉਪਰਾਲਾ ਕੀਤਾ ਸੀ। ਪਰ ਕਾਂਗਰਸ ਦੀ ਬਦਨੀਅਤ ਅਤੇ ਅਕਾਲੀ ਲੀਡਰਸ਼ਿਪ ਦਾ ਦਹਿਸ਼ਤ ਗਰਦਾਂ ਦੇ ਦਬਾਅ ਅਧੀਨ ਝੁਕਣ ਕਰਕੇ, 'ਇਹ ਸਮਝੌਤਾਂ ਸਿਰੇ ਨਹੀਂ ਚੜ੍ਹ ਸੱਕਿਆ ਸੀ) ਆਦਿ ਮੌਲਿਕ-ਬੌਧਿਕ ਰਚਨਾਵਾਂ ਲਿਖੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜ ਪੱਧਰੀ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਰਾਜਨੀਤਕ ਲੇਖ, 'ਜੋ ਲੋਕ ਮੱਸਲਿਆ ਤੋਂ ਲੈ ਕੇ ਕੌਮਾਂਤਰੀ ਮੱਸਲਿਆਂ ਤੱਕ ਸੰਬੰਧ ਰੱਖਦੇ ਸਨ, 'ਲੋਕ ਲਹਿਰ (ਪੰਜਾਬੀ), ਦੇਸ਼ ਸੇਵਕ (ਪੰਜਾਬੀ), ਪੀਪਲ-ਡੈਮੋਕਰੇਸੀ (ਅੰਗਰੇਜੀ) ਅਤੇ ਪਾਰਟੀ ਦੇ ਜਨਤਕ ਜੱਥੇਬੰਦੀਆਂ ਦੇ ਰਸਾਲਿਆ ਲਈ ਲਿਖੇ। ਉਨ੍ਹਾਂ ਨੇ ਆਪਣੇ ਲੇਖਾਂ 'ਚ ਮਨੁੱਖੀ ਸਮਾਜ ਦੇ ਵਿਕਾਸ ਅੰਦਰ ਕਿਰਤ ਦੀ ਭੂਮਿਕਾ ਰਾਹੀਂ ਨਿਰੱਤਰ ਹੋ ਰਹੀ ਗਤੀ ਦੇ ਤਬਦੀਲੀ ਦੁਆਰਾ ਉਭਰ ਰਹੇ ਵਰਗ ਸੰਘਰਸ਼ਾਂ ਨੂੰ ਉਜਾਗਰ ਕਰਕੇ ਪਾਰਟੀ ਕਾਡਰ ਅੰਦਰ ਨਵੀਂ ਚੇਤਨਤਾ ਭਰਨ ਦੇ ਨਿਰੰਤਰ ਯਤਨ ਕੀਤੇ !
    ਪੰਜਾਬ ਦੇ ਇਨਕਲਾਬੀ ਵਿਰਸੇ ਨੂੰ ਕਾਇਮ ਰੱਖਣ ਲਈ ਅਤੇ ਸਦੀਵੀਂ ਯਾਦ ਵਲੋਂ ਚੰਡੀਗੜ੍ਹ ਵਿਖੇ ''ਬਾਬਾ ਕਰਮ ਸਿੰਘ ਚੀਮਾ ਭਵਨ'' ਅਤੇ ਬਾਬਾ ਸੋਹਣ ਸਿੰਘ ਭਕਨਾ ਭਵਨ'' ਦੀ ਉਸਾਰੀ ਲਈ ਮਹਾਨ ਉਪਰਾਲੇ ਕੀਤੇ ! ਕਿਰਤੀ ਲੋਕਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਪਹਿਲਾ ਰੋਜ਼ਾਨਾ ਲੋਕ ਲਹਿਰ (ਹੁਣ ਮਹੀਨਾਵਾਰ) ਅਤੇ ਫਿਰ ਦੇਸ਼ ਸੇਵਕ ਪੰਜਾਬੀ 'ਚ ਸ਼ੁਰੂ ਕਰਕੇ ਪੰਜਾਬ ਅੰਦਰ ਮਾਰਕਸਵਾਦ ਅਤੇ ਲੈਨਿਨਵਾਦ ਦੇ ਪ੍ਰਚਾਰ ਅਤੇ ਪਸਾਰ ਲਈ ਇੱਕ ਅਹਿਮ ਤੇ ਇਤਿਹਾਸਕ ਪਿਰਤ ਪਾਈ !
    ਸਾਥੀ ਸੁਰਜੀਤ ਜੀ ਇਸ ਪੱਕੀ ਧਾਰਨਾ ਦੇ ਪੱਕੇ ਹਾਮੀ ਸਨ ਕਿ,' ਭਾਰਤ ਅੰਦਰ  ਕਿਰਤੀ ਜਮਾਤ ਦੀ ਇਨਕਲਾਬੀ ਵਿਚਾਰਧਾਰਾ ਅਤੇ ਇਨਕਲਾਬੀ ਸਿਧਾਂਤ ਤੋਂ ਬਿਨਾਂ ਲੁਟ-ਖਸੁੱਟ ਵਾਲਾ ਰਾਜ ਪ੍ਰਬੰਧ ਖਤਮ ਨਹੀਂ ਹੋ ਸੱਕੇਗਾ ? ਇਸ ਲਈ ਪਾਰਟੀ ਦੀ ਜੱਥੇਬੰਦੀ (ਕਮਿਊਨਿਸਟ ਪਾਰਟੀ) ਦੀ ਉਸਾਰੀ, ਜੋ ਮਾਰਕਸਵਾਦ ਲੈਨਿਨਵਾਦ ਉਪਰ ਅਧਾਰਤ ਹੋਵੇ ਅਤੇ ਜਮਹੂਰੀ ਕੇਂਦਰੀਵਾਦ ਦੇ ਅਸੂਲਾਂ ਉਪਰ ਸੰਗਠਤ ਹੋਵੇ, ਉਹ ਵੀ ਜਨਤਕ ਅਧਾਰ ਵਾਲੀ ਮਜ਼ਬੂਤ ਹੋਵੇ, ਤਾਂ ਹੀ ਲੋਕ ਜਮਹੂਰੀ ਇਨਕਲਾਬ ਵੱਲ ਵੱਧ ਸਕਦੀ ਹੈ ?
    ਆਉ ! ਅੱਜ ਉਨ੍ਹਾਂ ਦੀ 11-ਵੀਂ ਬਰਸੀ ਤੇ ਉਨ੍ਹਾਂ ਦੇ ਸੰਕਲਪ ਨੂੰ ਅੱਗੇ ਵਧਾਈਏ !

001-403-285-4208
ਜਗਦੀਸ਼ ਸਿਘ ਚੋਹਕਾ

91-9217997445
ਕੈਲਗਰੀ

Email Id: jagdishchohka@gmail.com