ਸ਼ਹੀਦੀ ਦਿਹਾੜੇ ਤੇ ਵਿਸ਼ੇਸ਼.... ਅਦੁੱਤੀ ਸ਼ਹਾਦਤ ਦਾ ਵਾਰਿਸ : ਸ਼ਹੀਦ ਉਧਮ ਸਿੰਘ - ਸ ਦਲਵਿੰਦਰ ਸਿੰਘ ਘੁੰਮਣ

ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਉਧਮ ਸਿੰਘ ਅਤੇ ਸਕਾਟਲੈਂਡ ਦੇ ਸ਼ਹੀਦ ਵਿਲੀਅਮ ਵਾਲਸ ਵਿੱਚ ਇਕੋ ਵੱਡੀ ਸਮਾਨਤਾ ਸੀ। ਆਜ਼ਾਦੀ ਲਈ ਜਨੂੰਨੀ ਸ਼ਹਾਦਤ। ਸਕਾਟਲੈਂਡ ਉਪਰ ਅੰਗਰੇਜ਼ੀ ਸਾਮਰਾਜ ਦੇ 1896 ਵਿੱਚ ਹਮਲੇ ਨੂੰ ਜਾਂਬਾਜ਼ ਤਰੀਕੇ ਨਾਲ ਉਥੇ ਦੇ 1970 ਵਿੱਚ ਜਨਮੇ ਸਭ ਤੋ ਘੱਟ ਉਮਰ ਦੇ ਕਰਾਂਤਕਾਰੀ ਵਿਲੀਅਮ ਵਾਲਸ ਨੇ ਆਪਣੇ ਲੋਕਾਂ ਦੀ ਇੱਛਾ ਸ਼ਕਤੀ ਅਨੁਸਾਰ ਅਤੇ ਫੌਜੀ ਕਮਾਂਡਰ ਦੇ ਤੌਰ ਤੇ ਆਜ਼ਾਦੀ ਦੇ ਸ਼ੰਘਰਸ਼ ਦੀ ਅਗਵਾਈ ਕੀਤੀ। ਅਜ਼ਾਦੀ ਲਈ ਚੇਤਨਾ ਦਾ ਬਹੁਤ ਘੱਟ ਉਮਰ ਵਿੱਚ ਪ੍ਰਬਲ ਹੋਣਾ ਅਤੇ ਉਸ ਨੂੰ ਸਿਖਰਾਂ ਉੱਪਰ ਲੈ ਜਾਣਾ ਜਿੱਥੇ ਆਪਣੇ ਸੰਕਲਪ ਲਈ ਕੌਮ ਕੋਲ ਮਰ ਮਿਟਣ ਤੋ ਇਲਾਵਾ ਵਿਕਲਪ ਨਾ ਰਹਿ ਜਾਏ ਤਾਂ ਉਥੇ ਸ਼ਹੀਦੀ ਦਾ ਮੁੱਲ ਸਿਰਫ ਤਾ ਸਿਰਫ ਆਜ਼ਾਦੀ ਹੁੰਦਾ ਹੈ। ਸਾਮਰਾਜਾਂ ਲਈ ਵੱਡਾ ਡਰ ਬਗਾਵਤਾਂ ਹੁੰਦੀਆਂ ਹਨ। ਅੰਗਰੇਜ਼ਾਂ ਦੇ ਗੁਆਂਢ ਤੋ ਉਠੀ ਬਾਗੀ ਲਹਿਰ ਦਾ ਜਲਦੀ ਮਿਟਣਾ ਜਰੂਰੀ ਸੀ ਨਹੀਂ ਤਾ ਦੁਨੀਆਂ ਉਪਰ ਰਾਜ ਕਰਨ ਦੇ ਸੁਪਨੇ, ਕੱਚੀ ਨੀਂਦਰ ਵਿਚੋ ਜਾਗਣ ਵਾਂਗ ਸਨ। ਅੰਗਰੇਜ਼ ਹਕੂਮਤ ਨੇ ਵਿਲੀਅਮ ਵਾਰਸ ਨੂੰ ਮਹਿਜ 35 ਸਾਲ ਦੀ ਉਮਰ ਵਿੱਚ 1305 ਵਿੱਚ ਦੇਸ਼ ਧਰੋਹੀ, ਅਸਥਿਰਤਾ ਫੈਲਾਉਣ ਦੇ ਇਲਜ਼ਾਮ ਲਾ ਕੇ ਫਾਂਸੀ ਦੇ ਦਿੱਤੀ। ਪਰ ਸਕਾਟਲੈਂਡ ਦੇ ਲੋਕਾਂ ਵਿੱਚੋ ਅੱਜ ਵੀ ਆਜ਼ਾਦੀ ਦੀ ਲਹਿਰਾਂ ਪਹਿਲਾਂ ਵਾਂਗ ਹੀ ਪ੍ਰਬਲ ਹਨ।ਪਿਛਲੇ ਸਮਿਆਂ ਵਿੱਚ ਹੋਏ ਰੈਫਰੈਂਡਮ ਇਸ ਦੀ ਗਵਾਹੀ ਭਰਦੀਆਂ ਹਨ। ਜਰੂਰ ਆਪਣੇ ਮੁਲਕ ਦੀਆਂ ਸਰਹੱਦਾਂ ਬੰਨਣਗੇ। ਇਹੀ ਕੁਝ ਗਦਰੀ ਸੋਚ ਦੇ ਮਾਲਕ ਸ਼ਹੀਦ ਉਧਮ ਸਿੰਘ ਨੂੰ ਵੀ ਅੰਗਰੇਜ਼ਾਂ ਦਾ ਬਾਗੀ, ਕਾਤਲ ਕਹਿਕੇ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ।
ਇਸ ਵਰ੍ਹੇ ਮੇਰੀ ਸੁਨਾਮ ( ਜ਼ਿਲਾ ਸੰਗਰੂਰ ) ਵਿੱਚ ਹਾਜਰੀ ਨੇ ਉਧਮ ਸਿੰਘ ਦਾ ਸੁਨਾਮ ਵੇਖਣ ਦੀ ਚਾਹਤ ਨੇ ਨੇੜੇਉ ਵੇਖਣ ਦੀ ਕੌਸ਼ਿਸ ਕੀਤੀ ਤਾਂ ਬਹੁਤਾ ਕੁਝ ਨਾ ਮਿਲਿਆ। ਉਧਮ ਸਿੰਘ ਤਾ ਆਪਣੀਆਂ ਗਲੀਆਂ ਵਿੱਚੋ ਵੀ ਬੇਪਛਾਣਿਆ ਲੱਗਾ। ਕੋਈ ਵੀ ਸਰਕਾਰ ਸ਼ਹੀਦ ਦੀ ਸ਼ਹੀਦੀ ਨਾਲ ਇਨਸਾਫ ਨਹੀਂ ਕਰ ਸਕੀ। ਪਿਛਲੀ ਸਰਕਾਰ ਦੇ ਵਲੋਂ ਕਈ ਸਾਲਾਂ ਤੋ ਇਕ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਿਵੇਂ ਹਰ ਥਾਂ ਨੀਂਹ ਪੱਥਰ ਰੱਖਣ ਦਾ ਰਿਵਾਜ਼ ਹੈ ਪਰ ਸਰਕਾਰ ਨੂੰ ਸ਼ਹੀਦਾ ਨਾਲ ਮਜ਼ਾਕ ਦਾ ਕੋਈ ਹੱਕ ਨਹੀ। ਸ਼ਹੀਦਾ ਦੇ ਨਾਂ ਤੇ ਨੀਂਹ ਪੱਥਰ ਨਹੀ, ਸਗੋਂ ਸਮਾਰਕਾਂ ਉਸਾਰ ਕੇ, ਵੱਡੇ ਸੈਮੀਨਾਰ ਕਰਕੇ ਉਦਘਾਟਨ ਹੋਣੇ ਚਾਹੀਦੇ ਹਨ।
ਸ਼ਹੀਦਾ ਨਾਲ ਹੁੰਦੇ ਵਿਤਕਰੇ ਵੀ ਇਤਿਹਾਸਕ ਤੌਰ ਤੇ ਬਹੁਤ ਝੋਬ ਦਿੰਦੇ ਹਨ। ਸ਼ਹੀਦਾ ਦਾ ਕੋਈ ਮਜ਼ਹਬ ਨਹੀਂ ਹੁੰਦਾ। ਦੁਨੀਆਂ ਦੇ ਸਭ ਤੋਂ ਵੱਡੇ ਅੰਗਰੇਜ਼ੀ ਸਾਮਰਾਜ ਦੇ, ਗੁਲਾਮ ਮੁਲਕਾਂ ਉਪਰ ਰਾਜ ਕਰਨ ਦੀ ਮਨਸ਼ਾ ਨੇ ਦੇਸ਼ ਵਿੱਚ ਵਸਦੇ ਬਾਸਿੰਦੇਆਂ ਤੇ ਅਤਿਆਚਾਰ ਨੂੰ ਨਾ ਸਹਾਰਦੇ ਹੋਏ ਵਕਤੀ ਹਾਲਤਾਂ ਵਿੱਚ ਜੋ ਵੀ ਤਾਰੀਕੇ ਵਰਤ ਕੇ ਜਾਲਮ ਦੇ ਜ਼ੁਲਮ ਨੂੰ ਠੱਲ ਪਾਈ ਹੋਵੇ ਉਹ ਉਤਮ ਅਤੇ ਨਿਰਵੈਰ ਸਨ। ਪੜ੍ਹਾਈ ਦੇ ਸਿਲੇਬਸਾ ਵਿੱਚੋ ਹੋਰ ਸ਼ਹੀਦਾ ਦੀ ਨਿਸਬਤ ਉਧਮ ਸਿੰਘ ਨੂੰ ਕਿਉ ਵਿਸਾਰਿਆ ਗਿਆ ? ਜਿਲ੍ਹੇ ਨੂੰ ਸ਼ਹੀਦ ਦੇ ਨਾਂ ਦਾ ਦਰਜਾ ਹਾਂਸਲ ਨਹੀ। ਜਦ ਕਿ ਯੂ ਪੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਆਪਣੇ ਮੁੱਖ ਮੰਤਰੀ ਕਾਰਜ ਕਾਲ ਦੌਰਾਨ ਆਪਣੇ ਸੁਬੇ ਵਿੱਚ ਜ਼ਿਲੇ ਦਾ ਨਾਂ ਬਦਲ ਕੇ ਸ਼ਹੀਦ ਉਧਮ ਸਿੰਘ ਨਗਰ ਰੱਖਿਆ ਹੈ। ਲੋਕਾਂ ਦੇ ਸ਼ਹੀਦਾਂ ਪ੍ਰਤੀ ਜ਼ਜਬਾਤਾ ਨੂੰ ਸਤਿਕਾਰ ਨਹੀਂ ਦਿਤਾ ਜਾਂਦਾ। ਅਸਲ ਸ਼ਰਧਾਜਲੀ ਦੇ ਮਾਅਨੇ ਫਿੱਕੇ ਹੁੰਦੇ ਜਾਦੇ ਹਨ। ਸੁਹਿਰਦ ਅਤੇ ਸੱਚੀਆਂ ਕੋਸ਼ਿਸਾਂ ਨਾਲ ਸਮਾਰਕ ਭਾਵੇਂ ਛੋਟੇ ਹੋਣ ਪਰ ਪੈਗਾਮ ਸਾਰੀ ਦੁਨੀਆਂ ਵਿੱਚ ਫੈਲਣਾਂ ਚਾਹੀਦਾ ਹੈ।
ਸ਼ਹੀਦ ਉਧਮ ਸਿੰਘ ਦਾ ਜਨਮ 26 ਦਸੰਬਰ 1899 ਵਿੱਚ ਸੁਨਾਮ ਵਿੱਚ ਹੋਇਆ। 1907 ਵਿੱਚ ਆਪਣੇ ਮਾਤਾ ਪਿਤਾ ਦੀ ਮੌਤ ਤੋ ਬਾਅਦ ਆਪਣੇ ਭਰਾ ਮੁਕਤ ਸਿੰਘ ਨਾਲ ਚੀਫ ਖਾਲਸਾ ਦੀਵਾਨ ਯਤੀਮਖਾਨਾਂ ਸ਼ੀ ਅੰਮ੍ਰਿਤਸਰ ਸਾਹਿਬ ਆ ਗਿਆ। ਪੈਦਾਇਸ਼ੀ ਨਾਂ ਸ਼ੇਰ ਸਿੰਘ ਤੋ ਉਧਮ ਸਿੰਘ ਨਾਂ ਰੱਖਿਆ ਗਿਆ। 1918 ਵਿੱਚ ਦਸਵੀਂ ਪਾਸ ਕਰਕੇ 1919 ਵਿੱਚ ਯਤੀਮਖਾਨੇ ਨੂੰ ਛੱਡ ਦਿੱਤਾ। 13 ਅਪਰੈਲ 1919 ਵਿੱਚ ਜ਼ਲਿਆਂ ਵਾਲਾ ਬਾਗ ਵਿਚ ਵਿਸਾਖੀ ਦੇ ਵੱਡੇ ਤਿਉਹਾਰ ਮੌਕੇ ਭਾਰਤ ਦੀ ਆਜ਼ਾਦੀ ਲਈ ਸ਼ਾਂਤਮਈ ਦਸ ਹਜਾਰ ਦੇ ਨਿਹੱਥੇ ਵੱਡੇ ਇਕੱਠ ਉਪਰ ਅੰਗਰੇਜ਼ੀ ਹਾਕਮਾਂ ਨੇ ਗੋਲੀਆਂ ਚਲਾ ਕੇ ਤਕਰੀਬਨ ਦੋ ਹਜਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਧਮ ਸਿੰਘ ਨੂੰ ਗੋਰਿਆਂ ਪ੍ਰਤੀ ਨਫਰਤ ਹੋ ਗਈ। ਉਧਮ ਸਿੰਘ ਦੀ ਮੌਜੂਦਗੀ ਨੇ ਅੱਖੀ ਵੇਖੇ ਸਾਰੇ ਮੰਜਰ, ਆਪਣਿਆਂ ਦੇ ਡੁੱਲੇ ਖੂਨ ਨੇ 21 ਸਾਲ ਚੈਂਨ ਨਾਲ ਨਾ ਬੈਠਣ ਦਿੱਤਾ। ਵੱਖ ਵੱਖ ਥਾਵਾਂ ਤੇ ਨੌਕਰੀਆਂ ਕੀਤੀਆ। ਫੋਜ ਦੀ ਨੌਕਰੀ ਵੀ ਰਾਸ ਨਾ ਆਈ। ਲੰਡਨ, ਮੈਕਸੀਕੋ ਹੁੰਦਾ ਹੋਇਆ ਅਮਰੀਕਾ ਪਹੁੰਚ ਗਿਆ। 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਮੈਬਰ ਰਿਹਾ। ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਸ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸੀ। ਉਹ ਭਗਤ ਸਿੰਘ ਦੇ ਕਹਿਣ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਇਆ ਸੀ ਅਤੇ ਆਪਣੇ ਨਾਲ ਹੋਰ ਸਾਥੀ ਸਮੇਤ ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋ ਗਿਆ ਸੀ। 30 ਅਗਸਤ 1927 ਨੂੰ ਉਸ ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ  ਉਹ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਵੇਲੇ ਤਕ ਜੇਲ੍ਹ ਵਿੱਚ ਹੀ ਸੀ।
   13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹੇ ਨੂੰ ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਲਿਆਂਦੀ ਰਿਵਾਲਵਰ ਨਾਲ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਛਾਪਿਆ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ।ਜਰਮਨ ਰੇਡੀਓ ਤੋਂ ਲਗਾਤਾਰ ਇਹ ਨਸ਼ਰ ਹੁੰਦਾ ਰਿਹਾ ਕਿ , ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ।  ਪਹਿਲੀ ਅਪਰੈਲ 1940 ਨੂੰ ਉਨ੍ਹਾਂ ਉੱਤੇ ਕਤਲ ਦੇ ਦੋਸ਼ ਲਾਏ ਗਏ ਅਤੇ 4 ਜੂਨ 1940 ਨੂੰ ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਟਕਿਨਸਨ ਦੇ ਸਾਹਮਣੇ ਉਨ੍ਹਾਂ ਆਪਣੇ ਜੁਰਮ-ਏ-ਇਕਬਾਲ ਕੀਤਾ ਤੇ ਜੱਜ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ। 31 ਜੁਲਾਈ 1940 ਨੂੰ ਉਨ੍ਹਾਂ ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਉਸੇ ਜੇਲ੍ਹ ਵਿੱਚ ਹੀ ਉਸ ਨੂੰ ਦਫਨਾ ਦਿੱਤਾ ਗਿਆ। ਗਿਆਨੀ ਜੇਲ੍ਹ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਲ 31 ਜੁਲਾਈ 1974 ਵਿੱਚ ਸ਼ਹੀਦ ਦੀਆਂ ਅਸਥੀਆਂ ਮੰਗਵਾ ਕੇ ਸੁਨਾਮ ਸ਼ਹਿਰ ਵਿਖੇ ਸੰਸਕਾਰ ਕੀਤਾ। ਜਦੋ ਅੱਜ ਭਾਰਤ ਵਿੱਚ ਆਜ਼ਾਦੀ ਲਈ ਜੋ ਲੜੇ ਜਾਂ ਮਰੇ ਸਨ, ਉਨਾਂ ਦੇ ਪਰਿਵਾਰਾਂ ਨੂੰ ਬਣਦੇ ਹੱਕ ਦੇ ਕੇ ਮਾਨ-ਸਨਮਾਨ, ਸਤਿਕਾਰ ਦਿੱਤਾ ਗਏ ਹਨ। ਪਰ ਇਥੇ ਸ਼ਹੀਦ ਉਧਮ ਸਿੰਘ ਅਤੇ ਉਸ ਦਾ ਪਰਿਵਾਰ ਵਿਤਕਰੇ ਦਾ ਸਿਕਾਰ ਹੋਇਆ ਸਭ ਕਾਸੇ ਤੋ ਵਾਂਝੇ, ਸੱਖਣਾ  ਨਜ਼ਰ ਆਉਂਦਾ ਹੈ।

ਸ ਦਲਵਿੰਦਰ ਸਿੰਘ ਘੁੰਮਣ
0033630073111