ਸਫ਼ਲਤਾ, ਸਬਰ 'ਤੇ ਸ਼ੁਕਰਾਨਾ - ਗੁਰਸ਼ਰਨ ਸਿੰਘ ਕੁਮਾਰ

ਸਫ਼ਲਤਾ, ਸਬਰ 'ਤੇ ਸ਼ੁਕਰਾਨਾ
ਸਫ਼ਲਤਾ ਦੀਆਂ ਬੁਲੰਦੀਆਂ ਤੇ ਹੋ,
ਤਾਂ ਸਬਰ ਕਰ ਕੇ ਸ਼ੁਕਰਾਨਾ ਕਰੋ।

ਸਾਰੇ ਲੋਕ ਹੀ ਤਾਂ ਸੋਨੇ ਦਾ ਚਮਚ ਮੂੰਹ ਵਿਚ ਲੈ ਕੇ ਜਨਮ ਨਹੀਂ ਲੈਂਦੇ। ਕੁਝ ਲੋਕ ਝੌਂਪੜੀਆਂ ਵਿਚ ਵੀ ਜਨਮ ਲੈਂਦੇ ਹਨ। ਕੁਝ ਫੁੱਲ ਜੰਗਲਾਂ ਵਿਚ ਵੀ ਖਿੜ੍ਹਦੇ ਹਨ ਅਤੇ ਖ਼ੁਸ਼ਬੂੁ ਬਿਖੇਰਦੇ ਹਨ ਅਤੇ ਕੁਦਰਤ ਦੇ ਸੁਹੱਪਣ ਨੂੰ ਵੀ ਚਾਰ ਚੰਨ ਲਾਉਂਦੇ ਹਨ।ਕਮਲ ਚਿੱਕੜ ਵਿਚ ਹੀ ਖਿੜਦੇ ਹਨ, ਫਿਰ ਵੀ ਉਹ ਦੁਨੀਆਂ ਦੀ ਖ਼ੂਬਸੂਰਤੀ ਵਿਚ ਵਾਧਾ ਕਰਦੇ ਹਨ। ਗੁਲਾਬ ਸਾਰੀ ਉਮਰ ਕੰਡਿਆਂ ਵਿਚ ਘਿਰਿਆ ਹੀ ਰਹਿੰਦਾ ਹੈ, ਫਿਰ ਵੀ ਉਹ ਸਭ ਦਾ ਮਨ ਮੋਹ ਲੈਂਦਾ ਹੈ। ਹੋਰ ਤਾਂ ਹੋਰ ਕੰਡਿਆਲੀ ਥੋਹਰ, ਜੋ ਉਜਾੜਾਂ ਵਿਚ ਉੱਗਦੀ ਹੈ ਅਤੇ ਜਿਸ ਦੀ ਕੋਈ ਪਰਵਰਿਸ਼ ਵੀ ਨਹੀਂ ਕਰਦਾ, ਉਸ ਨੂੰ ਵੀ ਕਈ ਤਰ੍ਹਾਂ ਦੇ ਫੁੱਲ ਲੱਗਦੇ ਹਨ ਜੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਸ ਦਾ ਭਾਵ ਇਹ ਹੈ ਕਿ ਮਨੁੱਖ ਦਾ ਗ਼ਰੀਬੀ ਵਿਚ ਜਾਂ ਸਧਾਰਨ ਪਰਿਵਾਰ ਵਿਚ ਜਨਮ ਲੈਣਾ ਜਾਂ ਅਣਸੁਖਾਵੇਂ ਵਾਤਾਵਰਨ ਜਾਂ ਮਾਹੌਲ ਵਿਚ ਪਲਣਾ ਉਸ ਦੇ ਵਿਕਾਸ ਦਾ ਰਸਤਾ ਨਹੀਂ ਰੋਕ ਸਕਦੇ। ਉੱਗਣ ਵਾਲੇ ਤਾਂ ਚੱਟਾਨਾਂ ਵਿਚ ਵੀ ਉੱਗ ਪੈਂਦੇ ਹਨ। ਇਸ ਲਈ ਮਨੁੱਖ ਨੂੰ ਗ਼ਰੀਬ ਜਾਂ ਸਧਾਰਨ ਘਰ ਵਿਚ ਪੈਦਾ ਹੋਣ ਕਰਕੇ ਜਾਂ ਗ਼ਰੀਬੀ ਵਿਚ ਪਾਲਣ-ਪੋਸਣ ਹੋਣ ਕਰਕੇ ਆਪਣੀ ਕਿਸਮਤ ਨੂੰ ਲੈ ਕੇ ਸਦਾ ਝੂਰਦੇ ਨਹੀਂ ਰਹਿਣਾ ਚਾਹੀਦਾ। ਪਰਮਾਤਮਾ ਨੇ ਉਸ ਨੂੰ ਜੋ ਸਰੀਰ, ਬੁੱਧੀ ਅਤੇ ਹੋਰ ਸਾਧਨ ਅਤੇ ਵਸੀਲੇ ਦਿੱਤੇ ਹਨ, ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਇਸਤੇਮਾਲ ਕਰ ਕੇ ਆਪਣੀ ਜ਼ਿੰਦਗੀ ਦਾ ਵਿਕਾਸ ਕਰਨਾ ਚਾਹੀਦਾ ਹੈ। ਸਫ਼ਲਤਾ ਕੇਵਲ ਅਮੀਰਾਂ ਦੀ ਜੱਦੀ ਜਾਇਦਾਦ ਨਹੀਂ। ਗ਼ਰੀਬ ਲੋਕ ਵੀ ਮਿਹਨਤ ਦੁਆਰਾ ਸਫ਼ਲ ਹੋ ਸਕਦੇ ਹਨ ਅਤੇ ਆਪਣਾ ਨਾਮ ਰੌਸ਼ਨ ਕਰ ਸਕਦੇ ਹਨ।
ਕਿਸੇ ਮਨੁੱਖ ਦਾ ਅਮੀਰ ਹੋਣਾ ਜਾਂ ਬਹੁਤਾ ਪੜ੍ਹੇ ਲਿਖੇ ਹੋਣਾ ਇਹ ਸਾਬਤ ਨਹੀਂ ਕਰਦਾ ਕਿ ਉਹ ਬਹੁਤ ਸਮਝਦਾਰ ਅਤੇ ਸਿਆਣਾ ਵੀ ਹੈ। ਆਪਣੀ ਅਮੀਰੀ ਅਤੇ ਸਿਆਣਪ ਦੱਸਣ ਲਈ ਗਲ ਵਿਚ ਡਿਗਰੀਆਂ ਲਟਕਾ ਕੇ ਜਾਂ ਸੋਨੇ ਦੇ ਜੇਵਰ ਪਾ ਕੇ ਚੱਲਣ ਦੀ ਲੋੜ ਨਹੀਂ ਹੁੰਦੀ। ਕਈ ਵਾਰੀ ਅਮੀਰ ਜਾਂ ਬਹਤੇ ਪੜ੍ਹੇ ਲਿਖੇ ਲੋਕਾਂ ਕੋਲ ਕੇਵਲ ਕਿਤਾਬੀ ਗਿਆਨ ਹੀ ਹੁੰਦਾ ਹੈ ਪਰ ਉਹ ਸਲੀਕੇ ਅਤੇ ਸਿਆਣਪ ਤੋਂ ਕੋਰੇ ਹੁੰਦੇ ਹਨ। ਮਨੁੱਖ ਦੇ ਕੰਮ ਅਤੇ ਬੋਲਬਾਣੀ ਹੀ ਦੱਸਦੇ ਹਨ ਕਿ ਉਹ ਕਿੰਨਾ ਕੁ ਸਿਆਣਾ ਅਤੇ ਤਮੀਜ਼ ਵਾਲਾ ਹੈ। ਉੇੱਚਾ ਬੋਲ ਕੇ ਤੁਸੀਂ ਦੂਜੇ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਤੁਹਾਡਾ ਕੋਈ ਮਤਾਹਿਤ ਜਾਂ ਤੁਹਾਡੇ 'ਤੋਂ ਕੋਈ ਛੋਟਾ ਬੰਦਾ ਕੁਝ ਦੇਰ ਲਈ ਤੁਹਾਡੀ ਉੱਚੀ ਅਤੇ ਤਲਖ ਬਾਣੀ ਬਰਦਾਸ਼ਤ ਕਰ ਲਏ ਪਰ ਇਹ ਕੜਵੇ ਸ਼ਬਦ ਤੁਹਾਨੂੰ ਮਹਿੰਗੇ ਵੀ ਪੈ ਸਕਦੇ ਹਨ। ਇਸ ਤਰ੍ਹਾਂ ਦੂਸਰੇ ਦੇ ਦਿਲ ਵਿਚੋਂ ਤੁਹਾਡੀ ਇੱਜ਼ਤ ਘਟਦੀ ਹੈ। ਜਲਦੀ ਹੀ ਉਨ੍ਹਾਂ ਦਾ ਮੋਹ ਤੁਹਾਡੇ 'ਤੋਂ ਭੰਗ ਹੋ ਸਕਦਾ ਹੈ।
ਇਹ ਠੀਕ ਹੈ ਕਿ ਆਰਥਿਕ ਖ਼ੁਸ਼ਹਾਲੀ ਅਤੇ ਘਰ ਦਾ ਸੋਹਣਾ ਮਾਹੌਲ ਬੱਚੇ ਦੇ ਵਿਕਾਸ ਵਿਚ ਬਹੁਤ ਸਹਾਈ ਹੁੰਦਾ ਹੈ। ਬੱਚੇ ਦੀਆਂ੿ ਖ਼ੂਬੀਆਂ ਵਿਚ ਜਲਦੀ ਨਿਖਾਰ ਆਉਂਦਾ ਹੈ। ਫਿਰ ਵੀ ਇਹ ਜ਼ਰੂਰੀ ਨਹੀਂ ਕਿ ਅਮੀਰ ਘਰਾਂ ਦੇ ਬੱਚੇ ਬਹੁਤ ਸਮਝਦਾਰ ਅਤੇ ਸਲੀਕੇ ਵਾਲੇ ਹੀ ਹੋਣ। ਬਹੁਤਾ ਲਾਡ ਪਿਆਰ ਅਤੇ ਐਸ਼ੋ ਅਰਾਮ ਵੀ ਬੱਚੇ ਨੂੰ ਵਿਗਾੜ ਦਿੰਦਾ ਹੈ। ਦੂਜੇ ਪਾਸੇ ਸਧਾਰਨ ਘਰਾਂ ਦੇ ਬੱਚੇ , ਜਿਨ੍ਹਾਂ 'ਤੇ ਛੋਟੇ ਹੁੰਦਿਆਂ ਹੀ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ, ਉਨ੍ਹਾਂ ਦੇ ਵਿਗੜਨ ਦੇ ਮੌਕੇ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਿਹਨਤ ਕਰਨ ਦੀ ਆਦਤ ਪੈਂਦੀ ਹੈ ਅਤੇ ਪਰਿਵਾਰ ਵਿਚੋਂ ਚੰਗੇ ਸੰਸਕਾਰ ਮਿਲਦੇ ਹਨ। ਉਹ ਖ਼ੂਨ ਪਸੀਨੇ ਦੀ ਮਿਹਨਤ ਨਾਲ ਪੈਸਾ ਕਮਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਪੈਸੇ ਦੀ ਕਦਰ ਹੁੰਦੀ ਹੈ। ਉਨ੍ਹਾਂ ਦੇ ਮਨ ਵਿਚ ਵੱਡਿਆਂ ਦਾ ਸਤਿਕਾਰ ਅਤੇ ਸੇਵਾ ਭਾਵਨਾ ਹੁੰਦੀ ਹੈ। ਉਦਹਾਰਨ ਦੇ ਤੋਰ 'ਤੇ ਜੇ ਤੁਸੀਂ ਕਿਧਰੇ ਕਿਸੇ ਬਿਰਧ ਆਸ਼ਰਮ ਵਿਚ ਜਾਉ ਤਾਂ ਤੁਹਾਨੂੰ ਉੱਥੋਂ ਦਾ ਹਰ ਬਜ਼ੁਰਗ ਇਹ ਹੀ ਕਹੇਗਾ ਕਿ ਮੇਰਾ ਬੇਟਾ ਬਹੁਤ ਵੱਡਾ ਅਫ਼ਸਰ ਲੱਗਾ ਹੋਇਆ ਹੈ------ਮੇਰਾ ਬੇਟਾ ਇੰਜੀਨੀਅਰ ਹੈ-------ਮੇਰਾ ਬੇਟਾ ਬਹੁਤ ਵੱਡਾ ਬਿਜ਼ਨਸ-ਮੈਨ ਹੈ-------ਮੇਰਾ ਬੇਟਾ ਕਰੋੜਪਤੀ ਹੈ ਜਾਂ ਮੇਰਾ ਬੇਟਾ ਵਿਦੇਸ਼ਾਂ ਵਿਚ ਬਹੁਤ ਕਮਾਈ ਕਰ ਰਿਹਾ ਹੈ। ਉੱਥੇ ਕੋਈ ਬਿਰਧ ਅਜਿਹਾ ਨਹੀਂ ਮਿਲੇਗਾ ਜੋ ਕਹੇ ਕਿ ਮੇਰਾ ਬੇਟਾ ਬਹੁਤ ਗ਼ਰੀਬ ਹੈ ਕਿਉਂਕਿ ਗ਼ਰੀਬ ਲੋਕ ਮਾਂ ਪਿਉ ਦੀ ਸੇਵਾ ਕਰਨੀ ਜਾਣਦੇ ਹਨ। ਉਹ ਬਜ਼ੁਰਗ ਮਾਂ ਬਾਪ ਨੂੰ ਕਦੀ ਰੁਲਣ ਲਈ ਬਿਰਧ ਆਸ਼ਰਮ ਵਿਚ ਇਕੱਲੇ ਨਹੀਂ ਛੱਡਦੇ, ਸਗੋਂ ਉਹ ਸਰਵਨ ਪੁੱਤਰ ਬਣ ਕੇ ਘਰ ਵਿਚ ਹੀ ਆਪਣੇ ਹੱਥੀਂ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੰਦੇ ਹਨ।
ਅਮੀਰਾਂ ਦੇ ਬੱਚੇ ਤਾਂ ਆਪਣੇ ਮਾਂ ਪਿਉ ਦੀ ਜਾਇਦਾਦ ਵੰਡਾਉਣ ਲਈ ਹੀ ਆਪਸ ਵਿਚ ਲੜਦੇ ਰਹਿੰਦੇ ਹਨ। ਭਰਾ, ਭਰਾਵਾਂ ਦੇ ਦੁਸ਼ਮਣ ਬਣ ਜਾਂਦੇ ਹਨ। ਲਾਲਚ ਵਿਚ ਆ ਕੇ ਉਹ ਆਪਣੇ ਮਾਂ ਪਿਉ ਨੂੰ ਵੀ ਨਹੀਂ ਬਖ਼ਸ਼ਦੇ। ਉਨ੍ਹਾਂ ਦਾ ਇਹ ਸਵਾਰਥ ਕਈ ਵਾਰੀ ਘਰ ਵਿਚ ਹੀ ਖ਼ੂਨ ਖ਼ਰਾਬੇ ਦਾ ਸਬੱਬ ਬਣਦਾ ਹੈ। ਅਮੀਰਾਂ ਦੇ ਘਰ ਵੱਡੇ ਹੁੰਦੇ ਹਨ ਪਰ ਦਿਲ ਛੋਟੇ ਹੁੰਦੇ ਹਨ। ਦੂਜੇ ਪਾਸੇ ਗ਼ਰੀਬਾਂ ਦੇ ਬੇਸ਼ੱਕ ਘਰ ਛੋਟੇ ਹੀ ਹੁੰਦੇ ਹਨ ਪਰ ਉਨ੍ਹਾਂ ਦੇ ਦਿਲ ਵੱਡੇ ਹੁੰਦੇ ਹਨ। ਇੱਥੇ ਇਕ ਕਹਾਣੀ ਯਾਦ ਆ ਰਹੀ ਹੈ, ''ਇਕ ਵਾਰੀ ਇਕ ਸੇਠ ਰੈਡੀ-ਮੇਡ ਕੱਪੜਿਆਂ ਦੀ ਦੁਕਾਨ 'ਤੇ ਗਿਆ। ਇਕ ਕਮੀਜ਼ ਦੀ ਮੰਗ ਕੀਤੀ। ਦੁਕਾਨਦਾਰ ਨੇ ਸੇਠ ਦੀ ਹੈਸੀਅਤ ਮੁਤਾਬਿਕ ਪੰਦਰਾਂ ਸੌ ਦੀ ਕਮੀਜ਼ ਦਿਖਾਈ। ਸੇਠ ਨੇ ਸਸਤੀ ਕਮੀਜ਼ ਦੀ ਮੰਗ ਕੀਤੀ। ਦੁਕਾਨਦਾਰ ਨੇ ਬਾਰਾਂ ਸੌ ਦੀ ਕਮੀਜ਼ ਦਿਖਾਈ। ਸੇਠ ਨੇ ਹੋਰ ਸਸਤੀ ਕਮੀਜ਼ ਦਿਖਾਉਣ ਲਈ ਕਿਹਾ। ਦੁਕਾਨਦਾਰ ਹੈਰਾਨ ਸੀ ਕਿ ਐਡਾ ਵੱਡਾ ਸੇਠ ਹੋ ਕੇ ਐਡੀ ਸਸਤੀ ਕਮੀਜ਼ ਦੀ ਮੰਗ ਕਿਉਂ ਕਰ ਰਿਹਾ ਹੈ? ਸੇਠ ਨੇ ਦੱਸਿਆ ਕਿ ਉਸ ਦੇ ਡਰਾਈਵਰ ਦਾ ਜਨਮ-ਦਿਨ ਹੈ ਇਸ ਲਈ ਉਸ ਨੂੰ ਤੋਹਫ਼ਾ ਦੇਣ ਲਈ ਉਸ ਨੇ ਕੇਵਲ ਤਿੰਨ ਸੋ ਦੀ ਕਮੀਜ਼ ਖ਼ਰੀਦੀ। ਕੁਝ ਦਿਨਾਂ ਬਾਅਦ ਉਸ ਸੇਠ ਦਾ ਡਰਾਈਵਰ ਉਸੇ ਦੁਕਾਨ ਵਿਚ ਗਿਆ ਅਤੇ ਇਕ ਕਮੀਜ਼ ਦੀ ਮੰਗ ਕੀਤੀ। ਦੁਕਾਨਦਾਰ ਨੇ ਤਿੰਨ ਸੌ ਦੀ ਕਮੀਜ਼ ਦਿਖਾਈ ਪਰ ਡਰਾਈਵਰ ਨੇ ਹੋਰ ਵਧੀਆ ਕਮੀਜ਼ ਦਿਖਾਉਣ ਲਈ ਕਿਹਾ। ਅੰਤ ਉਸ ਨੇ ਪੰਦਰਾਂ ਸੌ ਰੁਪਏ ਵਾਲੀ ਕਮੀਜ਼ ਖ਼ਰੀਦੀ ਕਿਉਂਕਿ ਉਸ ਨੇ ਇਹ ਤੋਹਫ਼ਾ ਆਪਣੇ ਮਾਲਿਕ ਦੇ ਜਨਮ ਦਿਨ 'ਤੇ ਦੇਣਾ ਸੀ। ਇਹ ਹੈ ਇਕ ਅਮੀਰ ਤੇ ਇਕ ਗ਼ਰੀਬ ਦੇ ਦਿਲ ਦਾ ਫ਼ਰਕ।
ਜ਼ਿਆਦਾ ਲਾਲਚ ਕਾਰਨ ਬੰਦੇ ਦੇ ਅੰਦਰੋਂ ਮਨੁੱਖਤਾ ਮਰ ਜਾਂਦੀ ਹੈ ਪਰ ਉਸ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਇਕ ਵਾਰੀ ਕਿਸੇ ਮਨੁੱਖ ਨੇ ਇਕ ਸੰਨਿਆਸੀ ਨੂੰ ਪੁੱਛਿਆ ਕਿ ਜ਼ਹਿਰ ਕੀ ਹੈ? ਇਸ ਤੇ ਸੰਨਿਆਸੀ ਨੇ ਉੱਤਰ ਦਿੱਤਾ,''ਜੋ ਵਸਤੂ ਕਿਸੇ ਮਨੁੱਖ ਕੋਲ ਉਸ ਦੀ ਜ਼ਰੂਰਤ 'ਤੋਂ ਜ਼ਿਆਦਾ ਹੈ, ਉਹ ਜ਼ਹਿਰ ਹੈ।'' ਜੇ ਅਸੀਂ ਡੂੰਘਾਈ ਨਾਲ ਦੇਖੀਏ ਤਾਂ ਇਹ ਉੱਤਰ ਬਿਲਕੁਲ ਸਹੀ ਹੈ। ਅਸੀਂ ਆਪਣੇ ਲਾਲਚ ਕਾਰਨ ਇਸ 'ਤੇ ਅਮਲ ਨਹੀਂ ਕਰਦੇ, ਸਗੋਂ ਹੋਰ---ਹੋਰ---ਅਤੇ ਹੋਰ ਧਨ-ਦੌਲਤ ਇਕੱਠਾ ਕਰਨ ਲਈ ਦਿਨ-ਰਾਤ ਲੱਗੇ ਰਹਿੰਦੇ ਹਾਂ। ਫਿਰ ਇਹ ਜ਼ਹਿਰ ਪਚਾਉਣ ਲਈ ਹਰ ਸਮੇਂ ਚਿੰਤਾ ਵਿਚ ਡੁੱਬੇ ਰਹਿੰਦੇ ਹਾਂ। ਜੇ ਸਾਡੇ ਕੋਲ ਧਨ-ਦੌਲਤ, ਜ਼ਮੀਨ-ਜਾਇਦਾਦ ਆਪਣੀ ਜ਼ਰੂਰਤ ਤੋਂ ਜ਼ਿਆਦਾ ਇਕੱਠੀ ਹੋ ਜਾਏ ਤਾਂ ਉਸ ਨੂੰ ਸੰਭਾਲਣ ਦੀ ਦਿਨੇ-ਰਾਤੀ ਚਿੰਤਾ ਲੱਗੀ ਰਹਿੰਦੀ ਹੈ। ਉਸ ਨੂੰ ਸੰਭਾਲਣਾ ਕਿਵੇਂ ਹੈ? ਇੰਨਕਮ-ਟੈਕਸ , ਲੋਕਾਂ ਦੀਆਂ ਨਜ਼ਰਾਂ ਤੋਂ ਅਤੇ ਲੁਟੇਰਿਆਂ ਤੋਂ ਕਿਵੇਂ ਬਚਾਉਣਾ ਹੈ? ਇਸੇ ਚਿੰਤਾ ਵਿਚ ਹੀ ਸਾਡੀ ਜ਼ਿੰਦਗੀ ਮੁੱਕ ਜਾਂਦੀ ਹੈ ਭਾਵ ਇਹ ਜ਼ਹਿਰ ਸਾਨੂੰ ਇਕ ਦਿਨ ਲੈ ਬੈਠਦਾ ਹੈ। ਫਿਰ ਸਾਡੇ ਪਿੱਛੋਂ ਸਾਡੇ ਆਪਣੇ ਬੱਚੇ ਵਰਤਣ ਜਾਂ ਗ਼ੈਰ ਲੋਕ ਵਰਤਣ, ਜਾਂ ਸਰਕਾਰ ਦੱਬ ਲਏ ਜਾਂ ਫਿਰ ਐਵੇਂ ਹੀ ਰੁਲ ਜਾਏ, ਸਾਡੀ ਜ਼ਿੰਦਗੀ ਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੋਣ ਵਾਲਾ।
ਦੁਨੀਆਂ ਵਿਚ ਜਿੰਨੇ ਵੀ ਮਹਾਨ ਲੋਕ ਹੋਏ ਹਨ, ਇਹ ਕੋਈ ਸਾਰੇ ਦੇ ਸਾਰੇ ਹੀ ਅਮੀਰ ਘਰਾਂ ਦੇ ਨਹੀਂ ਸਨ। ਅਬਰਾਹਿਮ ਲਿੰਕਨ, ਖੁਰਸ਼ਚੋਵ, ਲਾਲ ਬਹਾਦੁਰ ਸ਼ਾਸਤਰੀ ਆਦਿ ਸਾਰੇ ਦੇ ਸਾਰੇ ਗ਼ਰੀਬ ਘਰਾਂ ਵਿਚੋਂ ਹੀ ਸਨ। ਇਹ ਸਾਰੇ ਦੇ ਸਾਰੇ ਆਪਣੇ ਆਪਣੇ ਦੇਸ਼ ਦੇ ਸਭ ਤੋਂ ਉੱਚੇ ਅਹੁਦਿਆਂ ਤੇ ਸੁਸ਼ੋਭਿਤ ਹੋਏ ਅਤੇ ਜਨਤਾ ਨੂੰ ਸੁਚੱਜੀ ਅਗਵਾਈ ਦਿੱਤੀ। ਜੇ ਅਸੀਂ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਗ਼ਰੀਬ ਅਤੇ ਸਧਾਰਨ ਘਰਾਂ ਨੇ ਸੰਸਾਰ ਨੂੰ ਕਿਨੇ ਮਹਾਨ ਵਿਗਿਆਨੀ, ਕਲਾਕਾਰ ਅਤੇ ਖਿਡਾਰੀ ਦਿੱਤੇ ਹਨ, ਜਿੰਨ੍ਹਾਂ ਨੇ ਆਪਣੀ ਮਿਹਨਤ ਕਾਰਨ ਬੁਲੰਦੀਆਂ ਨੂੰ ਛੂਹਿਆ ਅਤੇ ਦੁਨੀਆਂ ਨੂੰ ਵਿਕਾਸ ਦੇ ਰਾਹ 'ਤੇ ਤੋਰਿਆ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:

ਨਿਕੰਮੇ ਉਹ ਲੋਕ ਨੇ, ਜੋ ਸ਼ਿਕਵੇ ਕਰਨ ਮੁਕੱਦਰਾਂ 'ਤੇ,
ਉਗੱਣ ਵਾਲੇ ਤਾਂ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ।

ਦੁਨੀਆਂ ਵਿਚ ਸਰਵਗੁਣ ਸੰਪਨ ਕੋਈ ਵੀ ਨਹੀਂ ਹੁੰਦਾ। ਹਰ ਮਨੁੱਖ ਵਿਚ ਕੋਈ ਨਾ ਕੋਈ ਕਮੀ ਜ਼ਰੂਰ ਹੋ ਸਕਦੀ ਹੈ। ਇਸ ਲਈ ਸਾਨੂੰ ਆਪਣੇ ਸਾਥੀਆਂ ਨੂੰ, ਉਨ੍ਹਾਂ ਦੀਆਂ ਕਮੀਆਂ ਨੂੰ ਅਣਗੌਲਿਆਂ ਕਰਕੇ, ਜਿਸ ਤਰ੍ਹਾਂ ਵੀ ਉਹ ਹਨ ਉਸੇ ਤਰ੍ਹਾਂ ਹੀ ਅਪਣਾਉਣਾ ਹੋਵੇਗਾ ਤਾਂ ਕਿ ਸਾਡੇ ਸਬੰਧ ਸੁਖਾਵੇਂ ਰਹਿ ਸਕਣ। ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਲਿਖਦੇ ਹਨ ਕਿ  ਇਕ ਦਿਨ ਉਨ੍ਹਾਂ ਨੇ ਦੇਖਿਆ ਕਿ ਜਦ ਉਨਾਂ ਦੀ ਮਾਤਾ ਰੋਟੀ ਪਕਾ ਰਹੀ ਸੀ ਤਾਂ ਇਕ ਰੋਟੀ ਕਾਫ਼ੀ ਸੜ ਗਈ । ਉਹ ਰੋਟੀ ਉਨਾਂ ਦੇ ਪਿਤਾ ਦੇ ਹਿੱਸੇ ਆਈ। ਕਲਾਮ ਸਾਹਿਬ ਡਰਦੇ ਰਹੇ ਕਿ ਹੁਣੇ ਉਨਾਂ ਦੇ ਪਿਤਾ ਸੜੀ ਹੋਈ ਰੋਟੀ ਲਈ ਮਾਤਾ ਜੀ ਨੂੰ ਬੁਰਾ ਭਲਾ ਕਹਿਣਗੇ ਪਰ ਉਨ੍ਹਾਂ ਦੇ ਪਿਤਾ ਜੀ ਬਿਨਾ ਕੁਝ ਬੋਲੇ ਉਹ ਸੜੀ ਹੋਈ ਰੋਟੀ ਖਾ ਗਏ। ਕਲਾਮ ਸਹਿਬ ਨੇ ਪਿਤਾ ਜੀ ਨੂੰ ਪੁੱਛਿਆ ਕਿ ਉਨ੍ਹਾਂ ਨੇ ਐਡੀ ਸੜੀ ਹੋਈ ਰੋਟੀ ਕਿਵੇਂ ਖਾ ਲਈ। ਪਿਤਾ ਜੀ ਨੇ ਹੱਸ ਕੇ ਉੱਤਰ ਦਿੱਤਾ ਕਿ,''ਇਹ ਦੁਨੀਆਂ ਅਪੂਰਨ ਲੋਕਾਂ ਨਾਲ ਭਰੀ ਪਈ ਹੈ। ਸੜੀ ਹੋਈ ਰੋਟੀ ਕਿਸੇ ਦਾ ਓਨਾ ਦਿਲ ਨਹੀਂ ਦੁਖਾਉਂਦੀ ਜਿਨਾ ਕੌੜੇ ਸ਼ਬਦ ਦੁਖਾਉਂਦੇ ਹਨ। ਮੈਂ ਸਭ ਤੋਂ ਚੰਗਾ ਨਹੀਂ ਹਾਂ। ਇਸ ਲਈ ਮੈਂ ਲੋਕਾਂ ਨੂੰ ਉਸੇ ਹਾਲਾਤ ਵਿਚ ਸਵੀਕਾਰ ਕਰ ਲੈਂਦਾ ਹਾਂ, ਜਿਸ ਤਰ੍ਹਾਂ ਦੇ ਉਹ ਹਨ। ਜ਼ਿੰਦਗੀ ਖ਼ੁਦ ਆਪਣੇ ਆਪ ਵਿਚ ਪੂਰਨ ਨਹੀਂ। ਇਸ ਲਈ ਸਾਡੇ-ਆਲੇ ਦੁਆਲੇ ਦੇ ਲੋਕ ਵੀ ਆਪਣੇ ਆਪ ਵਿਚ ਅਪੂਰਨ ਹੀ ਹਨ। ਮੈਂ ਐਨੇ ਸਾਲਾਂ ਵਿਚ ਇਹ ਹੀ ਸਿੱਖਿਆ ਹੈ ਕਿ ਇਕ ਦੂਜੇ ਨੂੰ ਉਨ੍ਹਾਂ ਦੇ ਨੁਕਸਾਂ ਸਮੇਤ ਹੀ ਸਵੀਕਾਰ ਕਰੋ ਅਤੇ ਰਿਸ਼ਤਿਆਂ ਦਾ ਅਨੰਦ ਲਉ। ਇਹ ਜ਼ਿੰਦਗੀ ਬਹੁਤ ਹੀ ਛੋਟੀ ਹੈ ਇਸ ਲਈ ਹਰ ਸਮੇਂ ਦੁਖੀ ਹੋਣ ਦਾ ਕੀ ਫਾਇਦਾ?'' ਜ਼ਿੰਦਗੀ ਨੂੰ ਕਾਮਯਾਬ ਅਤੇ ਸੁਖੀ ਬਣਾਉਣ ਲਈ ਕਈ ਸਮਝੌਤੇ ਕਰਨੇ ਪੈਂਦੇ ਹਨ। ਕਈ ਗੱਲਾਂ ਨੂੰ ਨਜ਼ਰ ਅੰਦਾਜ ਵੀ ਕਰਨਾ ਪੈਂਦਾ ਹੈ ਅਤੇ ਕਈ ਗੱਲਾਂ ਨੂੰ ਬਰਦਾਸ਼ਤ ਵੀ ਕਰਨਾ ਪੈਂਦਾ ਹੈ।
ਪ੍ਰਮਾਤਮਾ ਨੇ ਹਰ ਮਨੁੱਖ ਨੂੰ ਕੁਝ ਨਾ ਕੁਝ ਗੁਣ ਦਿੱਤੇ ਹਨ, ਜੋ ਉਸ ਦੇ ਵਿਕਾਸ ਵਿਚ ਸਹਾਈ ਹੁੰਦੇ ਹਨ ਅਤੇ ਉਸ ਨੇ ਹਰ ਮਨੁੱਖ ਵਿਚ ਕੋਈ ਨਾ ਕੋਈ ਕਮੀ ਵੀ ਜ਼ਰੂਰ ਰੱਖੀ ਹੈ ਤਾਂ ਕਿ ਉਸ ਦਾ ਦਿਮਾਗ਼ ਟਿਕਾਣੇ ਸਿਰ ਰਹੇ ਅਤੇ ਉਹ ਹੰਕਾਰ ਵਿਚ ਨਾ ਆਏ। ਇਹ ਕਦੀ ਨਹੀਂ ਹੋ ਸਕਦਾ ਕਿ ਕਿਸੇ ਮਨੁੱਖ ਨੂੰ ਪ੍ਰਮਾਤਮਾ ਨੇ ਗੁਣ ਹੀ ਗੁਣ ਦਿੱਤੇ ਹੋਣ ਅਤੇ ਉਸ ਵਿਚ ਕੋਈ ਔਗੁਣ ਨਾ ਹੋਏ, ਨਾ ਹੀ ਇਹ ਹੋ ਸਕਦਾ ਹੈ ਕਿ ਕਿਸੇ ਮਨੁੱਖ ਵਿਚ ਉਸ ਨੇ ਔਗੁਣ ਹੀ ਔਗੁਣ ਭਰੇ ਹੋਣ ਅਤੇ ਉਸ ਵਿਚ ਕੋਈ ਗੁਣ ਹੀ ਨਾ ਹੋਏ। ਹਾਂ ਮਨੁਖਾਂ ਵਿਚ ਗੁਣਾਂ ਅਤੇ ਔਗੁਣਾ ਦੇ ਅਨੁਪਾਤ ਵਿਚ ਫ਼ਰਕ ਹੋ ਸਕਦਾ ਹੈ। ਤੁਸੀਂ ਵੀ ਆਪਣੀ ਬੁੱਧੀ ਦੁਆਰਾ ਆਪਣੇ ਗੁਣਾਂ ਨੂੰ ਚਮਕਾ ਕੇ ਉੱਪਰ ਉੱਠ ਸਕਦੇ ਹੋ ਪਰ ਮਨ ਵਿਚ ਇਹ ਧਿਆਨ ਰੱਖੋ ਕਿ ਤੁਸੀਂ ਜਿੰਨਾ ਉੱਪਰ ਜਾਉਗੇ ਓਨਾ ਹੀ ਸਥਾਨ ਘਟਦਾ ਜਾਏਗਾ ਭਾਵ ਚੋਟੀ ਤਿੱਖੀ ਹੁੰਦੀ ਜਾਏਗੀ। ਅੰਤ ਸਭ 'ਤੋਂ ਉੱਚੀ ਚੋਟੀ 'ਤੇ ਜਾ ਕੇ ਕੇਵਲ ਇਕ ਮਨੁੱਖ ਲਈ ਹੀ ਸਥਾਨ ਰਹਿ ਜਾਏਗਾ।ਇਕ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਕੇਵਲ ਇਕ ਮਨੁੱਖ ਹੀ ਬਣ ਸਕਦਾ ਹੈ। ਜੇ ਹਰ ਕੋਈ ਚਾਹੇ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵਾਂ ਤਾਂ ਇਹ ਸੰਭਵ ਨਹੀਂ। ਅਜਿਹੀ ਕੁਰਸੀ 'ਤੇ ਜ਼ਿਆਦਾ ਦੇਰ ਟਿਕਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ। ਤੁਹਾਡੀਆਂ ਲੱਤਾਂ ਖਿਚ ਕੇ ਤੁਹਾਨੂੰ ਮੂਧੇ ਮੂੰਹ ਸੁੱਟਣ ਲਈ ਹਰ ਸਮੇਂ ਕਈ ਲੋਕ ਮੌਕਾ ਤਾੜਦੇ ਰਹਿੰਦੇ ਹਨ। ਤੁਹਾਨੂੰ ਕਿਸੇ ਉੱਚਾਈ 'ਤੇ ਜਾ ਕੇ ਸਬਰ ਸੰਤੋਖ ਰੱਖਣਾ ਹੀ ਪਵੇਗਾ। ਜੇ ਤੁਹਾਡੇ ਸਿਰ 'ਤੇ ਛੱਤ ਹੈ, ਪਾਣ ਲਈ ਕੱਪੜਾ ਹੈ, ਸਫ਼ਰ ਲਈ ਸਵਾਰੀ ਹੈ ਅਤੇ ਬੱਚੇ ਵੀ ਸੈਟ ਹਨ ਤਾਂ ਫਿਰ ਹੋਰ ਤੁਹਾਨੂੰ ਕੀ ਚਾਹੀਦਾ ਹੈ? ਜੇ ਤੁਸੀਂ ਆਪਣੇ ਪੇਸ਼ੇ ਵਿਚ ਵੀ ਪੂਰਨਤਾ ਹਾਸਿਲ ਕਰ ਲਈ ਹੈ ਅਤੇ ਸਭ ਸੁੱਖ ਸਹੂਲਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਾਸਿਲ ਹੋ ਗਈਆਂ ਹਨ ਤਾਂ ਕੁਝ ਸਬਰ ਕਰੋ। ਫਿਰ ਜ਼ਰੂਰੀ ਨਹੀਂ ਕਿ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਹੀ ਬਣਨਾ ਹੈ। ਹੁਣ ਤੁਸੀਂ ਆਪਣਾ ਰੁਖ ਸਮਾਜ ਸੇਵਾ ਵੱਲ ਮੋੜੋ। ਸਮਾਜ ਪ੍ਰਤੀ ਆਪਣੇ ਫ਼ਰਜ਼ ਪਛਾਣੋ। ਕਦੀ ਹੰਕਾਰ ਵਿਚ ਨਾ ਆਉ ਕਿ ਇਹ ਸਭ ਕੁਝ ਮੈਂ ਕੀਤਾ ਹੈ। ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਤੁਹਾਡੇ 'ਤੇ ਉਸ ਨੇ ਅਪਾਰ ਕ੍ਰਿਪਾ ਕਰਕੇ ਤੁਹਾਨੂੰ ਇਸ ਯੋਗ ਬਣਾਇਆ ਹੈ। ਪ੍ਰਮਾਤਮਾ ਸਰਬ ਸ਼ਕਤੀਮਾਨ ਹੈ। ਉਹ ਸਭ ਕੁਝ ਕਰ ਸਕਦਾ ਹੈ। ਆਪਣਿਆਂ ਤੋਂ ਨੀਵਿਆਂ ਵੱਲ ਦੇਖੋ। ਫਿਰ ਸੋਚੋ ਕਿ ਤੁਸੀਂ ਕਿੰਨੇ ਕਿਸਮਤ ਵਾਲੇ ਹੋ? ਰੋਂਦਿਆਂ ਦੇ ਹੰਝੂ ਪੂੰਝੋ। ਡਿਗਦਿਆਂ ਨੂੰ ਉਠਾਓ। ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਇਸ ਗੱਲ ਨੂੰ ਸਮਝੋ ਕਿ ਪ੍ਰਮਾਤਮਾ ਨੇ ਤੁਹਾਨੂੰ ਇਸ ਸੰਸਾਰ 'ਤੇ ਇਸ ਭਲੇ ਦੇ ਉੱਤਮ ਕੰਮ ਲਈ ਹੀ ਭੇਜਿਆ ਹੈ। ਇਸ ਵਿਚ ਹੀ ਤੁਹਾਡਾ ਜੀਵਨ ਸਫ਼ਲ ਹੈ।

*****

ਗੁਰਸ਼ਰਨ ਸਿੰਘ ਕੁਮਾਰ
                     # 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in