ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

06 August 2019

ਕਾਰਗਿਲ ਬਾਰੇ ਫ਼ਿਲਮ 'ਚੋਂ ਸਿੱਖ ਰੈਜਮੈਂਟ ਦੇ ਰੋਲ ਨੂੰ ਕਿਉਂ ਅਣਗੌਲਿਆਂ ਕੀਤਾ ਗਿਆ?- ਮਨਜੀਤ ਸਿੰਘ ਜੀ.ਕੇ.
ਖਾਣ ਪੀਣ ਨੂੰ ਬਾਂਦਰੀ, ਧੌਣ ਭਨਾਉਣ ਨੂੰ ਜੁੰਮਾਂ।

ਇਕ ਹਫ਼ਤੇ 'ਚ ਜਿੱਤ ਸਕਦੇ ਹਾਂ ਅਫ਼ਗਾਨ ਜੰਗ- ਟਰੰਪ
ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਵਿਰੋਧੀ ਧਿਰ ਦੀ ਫੁੱਟ ਕਾਰਨ ਸਰਕਾਰ ਅਹਿਮ ਮੁੱਦਿਆਂ 'ਤੇ ਬਚ ਨਿਕਲੀ-ਇਕ ਖ਼ਬਰ   
ਕੋਇਲਾਂ ਕੂਕਦੀਆਂ, ਖਾਹ ਬਾਗ਼ਾਂ ਦੇ ਮੇਵੇ।

ਨਗਰ ਕੀਰਤਨ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਕਾਰਨ ਪ੍ਰਬੰਧਕ ਬਾਗੋਬਾਗ਼- ਇਕ ਖ਼ਬਰ
ਸਾਡੀ ਮਿਹਨਤ ਰੰਗ ਲਿਆਈ, ਨੱਕੋ ਨੱਕ ਹੋਈਆਂ ਗੋਲਕਾਂ।

ਕੈਪਟਨ ਆਪਣੇ ਢਾਈ ਸਾਲਾਂ ਦੀ ਇਕ ਵੀ ਪ੍ਰਾਪਤੀ ਗਿਣਾਉਣ- ਬੈਂਸ
ਅੰਨ੍ਹੀ ਕੁੱਤੀ, ਜਲੇਬੀਆਂ ਦੀ ਰਾਖੀ।

ਪੰਜਾਬ ਦੇ ਸਰਕਾਰੀ ਸਕੂਲ ਲੈਕਚਰਾਰਾਂ ਤੋਂ ਵਾਂਝੇ- ਇਕ ਖ਼ਬਰ
ਚਰਖ਼ੇ ਦੀ ਘੂਕ ਨਾ ਸੁਣੇ, ਸੁੰਞੇ ਪਏ ਨੇ ਤ੍ਰਿੰਞਣਾਂ ਦੇ ਵਿਹੜੇ।

'ਆਪ' ਵਿਧਾਇਕਾ ਅਲਕਾ ਲਾਂਬਾ ਵਲੋਂ ਜਲਦੀ ਹੀ ਪਾਰਟੀ ਛੱਡਣ ਦੇ ਸੰਕੇਤ- ਇਕ ਖ਼ਬਰ
ਜਿੰਨਾਂ ਨਹਾਤੀ, ਓਨਾ ਹੀ ਪੁੰਨ।

ਬਾਦਲ ਕੈਪਟਨ ਦੇ 'ਫ਼ਰੈਂਡਲੀ ਮੈਚ' 'ਤੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਵੀ ਲਗਾਈ ਮੋਹਰ- ਭਗਵੰਤ ਮਾਨ
ਜੇਕਰ ਸੂਲੀ ਤੋਂ ਬਚ ਰਹੀ ਜਿੰਦ ਤੇਰੀ, ਬਨਵਾਸ ਜ਼ਰੂਰ ਤੂੰ ਪਾਵਸੇਂ ਵੇ।

ਦਾਦਿਆਂ ਵਲੋਂ ਦਾਇਰ ਕੇਸਾਂ ਦੇ ਫ਼ੈਸਲੇ ਉਡੀਕ ਰਹੇ ਹਨ ਪੋਤੇ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉਤੋਂ ਬੂਰ ਹਟਾਵਾਂ।

ਚੰਡੀਗੜ੍ਹ 'ਚ ਡੈਪੂਟੇਸ਼ਨ ਦਾ ਮੁੱਦਾ: ਭਾਜਪਾ ਤੇ ਅਕਾਲੀ ਦਲ 'ਚ ਖੜਕੀ-ਇਕ ਖ਼ਬਰ
ਕਾਲਾ ਘੱਗਰਾ ਸੰਦੂਕ ਵਿਚ ਮੇਰਾ, ਦੇਖ ਦੇਖ ਰੋਵੇਂਗਾ ਜੱਟਾ।

ਭਾਰਤ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਤੇ ਨਾਖ਼ੁਸ਼ੀ ਪ੍ਰਗਟਾਈ- ਇਕ ਖ਼ਬਰ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਏਸ਼ੀਆ ਵਿਚ ਨਵੀਆਂ ਮਿਜ਼ਾਈਲਾਂ ਤਾਇਨਾਤ ਕਰਨ ਦਾ ਇੱਛੁਕ ਹੈ ਅਮਰੀਕਾ- ਅਮਰੀਕਨ ਰੱਖਿਆ ਮੰਤਰੀ
ਵਾਰਸ ਸ਼ਾਹ ਹੈ ਚੁਗਲ ਦੀ ਸ਼ਕਲ ਕੈਦੋ, ਇਹ ਮੂਲ਼ ਹੈ ਸਭ ਬਖੇੜਿਆਂ ਦਾ।

ਆਪਣੇ ਹੀ ਵਿਧਾਇਕਾਂ ਤੇ ਮੰਤਰੀਆਂ ਦੀ ਨਾਰਾਜ਼ਗੀ ਤੋਂ ਕੈਪਟਨ 'ਚਿੰਤਤ'- ਇਕ ਖ਼ਬਰ
ਸੱਪ ਤੋਂ ਨਾ ਡਰਦੀ ਸ਼ੀਂਹ ਤੋਂ ਨਾ ਡਰਦੀ, ਡਰਦੀ ਸੱਪ ਦੀ ਵਰਮੀ ਤੋਂ।

ਮਹਿਬੂਬਾ ਮੁਫ਼ਤੀ 'ਤੇ ਸ਼ਿਕੰਜਾ: ਬੈਂਕ ਵਿਚ ਨਿਯੁਕਤੀਆਂ ਦੇ ਮਾਮਲੇ 'ਤੇ ਭੇਜਿਆ ਨੋਟਿਸ- ਇਕ ਖ਼ਬਰ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿੱਕਲੀ, ਮੱਖੀਆਂ ਨੇ ਪੈੜ ਨੱਪ ਲਈ।

ਪੰਜਾਬ ਵਿਚ ਉਭਰਨ ਲੱਗਾ ਹੈ 'ਆਪ' ਵਰਗਾ ਤੀਜਾ ਸਿਆਸੀ ਮੰਚ- ਇਕ ਖ਼ਬਰ
ਛਾਂਵੇਂ ਬਹਿ ਕੇ ਕੱਤਿਆ ਕਰੂੰ, ਵਿਹੜੇ ਲਾ ਤ੍ਰਿਵੈਣੀ।

ਜੱਲ੍ਹਿਆਂਵਾਲਾ ਬਾਗ਼ ਟਰਸਟ ਬੋਰਡ 'ਚੋਂ ਕਾਂਗਰਸ ਪਾਰਟੀ ਨੂੰ ਬਾਹਰ ਕਰਨਾ ਮੰਦਭਾਗਾ- ਮੁਨੀਸ਼ ਤਿਵਾੜੀ
ਨੀਂ ਤੂੰ ਮੰਦਾ ਕੀਤਾ ਈ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ।