ਮਾੜਾ ਬਤਨੀ ਅੱਜ ਹਿਥੋਂ ਲੰਘਸੀ - ਗੁਰਚਰਨ ਸਿੰਘ ਜਿਉਣ ਵਾਲਾ

ਤਕਰੀਬਨ 84 ਸਾਲ ਪਹਿਲਾਂ, ਪ੍ਰਿੰ. ਤੇਜਾ ਸਿੰਘ, ਦੀ ਲਿਖੀ ਪੁਸਤਕ,”ਆਰਸੀ” ਵਿਚੋਂ ਹੂ-ਬਹੂ ਇਕ ਝਾਕੀ ਪਾਠਕਾਂ ਦੇ ਰੂ-ਬਰੂ ਕਰ ਰਿਹਾ ਹਾਂ। ਮੈਂ ਇਸ ਕਿਤਾਬ ਨੂੰ ਘੱਟ ਤੋਂ ਘੱਟ ਦੋ ਵਾਰ ਪੜ੍ਹ ਚੁਕਿਆ ਹਾਂ ਅਤੇ ਇਸ ਵਿਚੋਂ ਪ੍ਰੀਵਾਰਕ ਜੀਵਨ ਅਤੇ ਦੇਸ਼ ਪਿਆਰ ਦੇ ਕਈ ਦ੍ਰਿਸ਼ ਮਨ ਨੂੰ ਬਹੁਤ ਹੀ ਟੁੰਬਣ ਵਾਲੇ ਹਨ। ਸਰੀਰ ਥਕਾਵਟ ਨਾਲ ਟੁੱਟਿਆ ਹੋਣ ਦੇ ਬਾਵਜ਼ੂਦ ਵੀ ਇਸ ਲੇਖ ਨੂੰ ਪੂਰਾ ਕਰਕੇ ਸੌਣ ਦਾ ਯਤਨ ਕਰਾਂਗਾ। ਜੇਕਰ ਤੁਸੀਂ ਇਹ ਕਿਤਾਬ ਆਪ ਪੜ੍ਹੋ ਤਾਂ ਬਹੁਤ ਹੀ ਵਧੀਆ ਨਹੀਂ ਤਾਂ ਇਹ ਲੇਖ ਪੜ੍ਹ ਕੇ ਜ਼ਰੂਰ ਦੱਸਣਾ ਕਿ ਕਿਵੇਂ ਲੱਗਿਆ।
ਜਿਥੋਂ-ਜਿਥੋਂ ਮੇਰੀ ਗੱਡੀ ਲੰਘਦੀ, ਸਿੱਖ ਸੰਗਤਾਂ ਪਲੇਟ-ਫਾਰਮ ਤੇ ਸੁਆਗਤ ਲਈ ਫੁੱਲ ਤੇ ਫਲ ਲੈ ਕੇ ਪੁੱਜੀਆਂ ਹੁੰਦੀਆਂ। ਛੋਟੀਆਂ ਛੋਟੀਆਂ ਥਾਵਾਂ ਦੇ ਸਿੱਖ ਵੀ ਆ ਕੇ ਜ਼ੋਰ ਦਿੰਦੇ ਕਿ ਸਾਡੇ ਆਸਥਾਨ ਤੇ ਵੀ ਆ ਕੇ ਫੇਰਾ ਪਾ ਜਾਓ!
ਇਕ ਵਾਰੀ ਗੱਡੀ ਪੀਨਾਂਗ ਤੋਂ  ਚੱਲ ਕੇ ਬੰਬੋਕ ਵੱਲ ਜਾ ਰਹੀ ਸੀ। ਰਸਤਾ ਬਹੁਤ ਬਿਖੜਾ ਸੀ। ਰਾਹ ਵਿਚ ਜੰਗਲ ਆਉਂਦੇ ਸਨ। ਇਕ ਸਟੇਸ਼ਨ ਤੇ ਗੱਡੀ ਸਵੇਰੇ ਛੇ ਕੁ ਵਜੇ ਜਾ ਖੜੀ ਹੋਈ। ਇਕ ਮੁਸਲਮਾਨ ਸਿਪਾਹੀ ਭੱਜਦਾ ਭੱਜਦਾ ਆਇਆ ਤੇ ਮੇਰੀ ਗੱਡੀ ਦੀ ਬਾਰੀ ਦੇ ਸਾਹਮਣੇ ਆ ਖੜੋਤਾ। ਉਸ ਹੱਥ ਵਿਚ ਸੰਤਰੇ ਦੇ ਰਸ ਦੀਆਂ ਦੋ ਬੋਤਲਾਂ ਸਨ। ਹਫਦਾ ਹੋਇਆ ਕਹਿਣ ਲੱਗਾ, “ ਮੈਂ ਇੱਥੋ 20 ਕੋਹ ਦੀ ਵਿਥ ਤੇ ਰਹਿੰਦਾ ਹਾਂ। ਪੁਲਿਸ ਵਿਚ ਨੌਕਰ ਹਾਂ। ਮਾੜਾ ਪਿਛਲਾ ਬਤਨ ਜਿਹਲਮ ਨਾ ਹੈ। ਮੈਂ ਕੱਲ੍ਹ ਅਖਬਾਰ ਵਿਚ ਪੜ੍ਹਿਆ ਕਿ ਮਾੜਾ ਬਤਨੀ ਅੱਜ ਹਿਥੋਂ ਲੰਘਸੀ। ਮੈਂ ਅੱਧੀ ਰਾਤ ਟੁਰ ਕਿ ਦੌੜਨਾ-ਦੌੜਨਾ ਹਿੱਥੈ ਅਪੜਿਆ ਹਾਂ। ਹੇ ਦੋ ਬੱਤੇ ਘਿਨੀ ਅਛਿਆ ਵਾਂ। ਹਿਕ ਤੂੰ ਪੀ ਤੇ ਹਿੱਕ ਮੈਂ ਪੀਸਾਂ”।
ਇਹ ਸੁਣ ਕੇ ਜੋ ਮੇਰੇ ਦਿਲ ਤੇ ਗੁਜ਼ਰੀ ਉਹ ਮੈਂ ਹੀ ਜਾਣਦਾ ਹਾਂ। ਇਹ ਵਤਨ ਦੇ ਪਿਆਰ ਦੀ ਇਕ ਦੁਰਲੱਭ ਝਾਕੀ ਸੀ। ਇਕ ਤਾਂ ਮੁਸਲਮਾਨ ਤੇ ਦੂਜਾ ਪੁਲਸੀਆ। ਫਿਰ ਇਕ ਸਿੱਖ ਨਾਲ ਏਨਾ ਪਿਆਰ। ਮੈਨੂੰ ਖਿਆਲ ਆਇਆ ਕਿ ਆਪਣੇ ਦੇਸ਼ ਵਾਲਿਆਂ ਦੀ ਕਦਰ ਦੇਸ਼ ਤੋਂ ਬਾਹਰ ਜਾ ਕੇ ਹੀ ਉਗਮਦੀ ਹੈ। ਇਥੇ ਇਕ ਸਿੱਖ ਦੇ ਦੂਜਾ ਮੁਸਲਮਾਨ ਨਹੀਂ ਸੀ, ਸਗੋਂ ਪ੍ਰਦੇਸ਼ ਵਿਚ ਇਕ ਹਿੰਦੁਸਤਾਨੀ ਨੂੰ ਇਕ ਹੋਰ ਹਿੰਦੁਸਤਾਨੀ ਮਿਲ ਰਿਹਾ ਸੀ। ਹਿੰਦ ਦੀ ਮਿੱਟੀ ਦੇ ਬਣੇ ਹੋਏ ਦੋ ਪੁਤਲੇ ਮਿਲ ਰਹੇ ਸਨ, ਜਿਨ੍ਹਾਂ ਵਿਚ ਇਕੋ ਹਿੰਦ ਦਾ ਦਿਲ ਧੜਕ ਰਿਹਾ ਸੀ। ਇਕ ਬੱਤਾ ਮੈਂ ਉਸ ਦੇ ਹੱਥੋਂ ਲੈ ਕੇ ਪੀਤਾ, ਤੇ ਦੂਜਾ ਉਸ ਨੇ ਮੇਰੇ ਮੂੰਹ ਵੱਲ ਵੇਖ ਵੇਖ ਕੇ ਪੀਤਾ ਤੇ ਗੱਡੀ ਤੁਰ ਪਈ।
ਅੱਜ ਮੈਂ ਆਪ ਇਸ ਪਿਆਰ ਦਾ ਭੁੱਖਾ ਪਤਾ ਨਹੀਂ ਕਿਤਨੀ ਵਾਰ ਉਪਰਲੀਆਂ ਸਤਰਾਂ ਲਿਖਦਾ ਲਿਖਦਾ ਆਪਣੀਆਂ ਅੱਖਾਂ ਤੇ ਐਨਕਾਂ ਸਾਫ ਕਰਨ ਗਿਆ। ਅੱਜ ਅਸੀਂ ਉਸ ਵਕਤ ਨਾਲੋਂ ਬਹੁਤ ਜ਼ਿਆਦਾ ਪੜ੍ਹ ਲਿਖ ਗਏ ਹਾਂ, ਪੈਸੇ ਬਹੁਤ ਜ਼ਿਆਦਾ ਕਮਾ ਰਹੇ ਹਾਂ, ਜੀਵਨ ਵੀ ਬਹੁਤ ਸੌਖਾ ਹੈ ਪਰ ਸਾਡੀ  ਸਕੂਲੀ ਪੜ੍ਹਾਈ ਨੇ ਸਾਡੀ ਸੰਸਕ੍ਰਿਤੀ ਦਾ ਭੋਗ ਪਾ ਛੱਡਿਆ ਹੈ। ਅਸੀਂ ਇਕ ਦੂਜੇ ਨਾਲੋਂ ਟੱਟ ਚੁੱਕੇ ਹਾਂ। ਪੈਸੇ ਦੀ ਭੁੱਖ ਨੇ ਪਿਆਰ ਨਾਮ ਦੀ ਚੀਜ਼ ਨੂੰ ਸੱਤਵੇ ਅਕਾਸ ਚੜ੍ਹਾ ਦਿੱਤਾ ਹੈ। ਹੁਣ ਮੈਨੂੰ ਬਾਬੇ ਨਾਨਕ ਜੀ ਦੀਆਂ ਕੁੱਝ ਪੰਗਤੀਆਂ ਯਾਦ ਆ ਰਹੀਆਂ ਹਨ ਜੋ ਅੱਜ ਦੀ ਇਸ ਸਮਾਜਕ ਝਾਕੀ ਨੂੰ ਹੂ-ਬਹੂ ਬਿਆਨ ਕਰਦੀਆਂ ਹਨ। ਕਾਸ਼ ਕਿਤੇ ਗੁਰਦਵਾਰੇ ਸਾਨੂੰ ਐਸੀਆਂ ਪੰਗਤੀਆਂ ਦਾ ਪਾਠ ਪੜ੍ਹਾ ਸਮਝਾ ਕੇ ਬੰਦੇ ਬਣਾਉਣ ਦਾ ਕੰਮ ਕਰਦੇ ਹੁੰਦੇ।
“ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”। ਪੈਸੇ ਦੀ ਖਾਤਰ ਅਸੀਂ ਹੈਵਾਨ ਬਣ ਚੁੱਕੇ ਹਾਂ। ਨਾ ਸਾਡਾ ਕੋਈ ਸਾਕ ਸੰਬੰਧੀ ਹੈ ਨਾ ਰਿਸ਼ਤੇਦਾਰ ਨਾ ਭੈਣ ਨਾ ਭਰਾ।
ਜਦੋਂ ਮੈਂ ਅੱਜ-ਕੱਲ੍ਹ ਅਖਬਾਰਾਂ ਵਿਚ ਇਹ ਪੜ੍ਹਦਾ ਹਾਂ ਕਿ ਫਲਾਣੇ ਪਿੰਡ ਜਾਂ ਸ਼ਹਿਰ ਵਿਚ ਫਲਾਣੇ ਨੇ ਆਪਣੇ ਸਕੇ ਭਰਾ ਜਾਂ ਆਪਣੇ ਬਾਪ ਨੂੰ ਗੰਡਾਸਿਆਂ ਨਾਲ ਵੱਡ ਸੁਟਿਆ ਹੈ, ਕਿਸੇ ਜਵਾਈ ਨੇ ਆਪਣੇ ਸੱਸ, ਸਹੁਰੇ ਅਤੇ ਇਕ ਸਾਲੀ ਦਾ ਕਤਲ ਕਰ ਦਿੱਤਾ ਹੈ ਤਾਂ ਮੈਨੂੰ ਹੀ ਪਤਾ ਹੈ ਕਿ ਮੇਰੇ ਦਿੱਲ ਤੇ ਕੀ ਗੁਜ਼ਰਦੀ ਹੈ। ਫਿਰ ਇਸੇ ਕਿਤਾਬ ਦੇ ਪੰਨਾ 23 ਤੇ ਪ੍ਰਿੰ. ਤੇਜਾ ਸਿੰਘ ਦੀ ਲਿਖੀ ਇਕ ਟੂਕ ਸਾਹਮਣੇ ਆਉਂਦੀ ਹੈ।“ ਮੇਰੇ ਨਾਨਕੇ ਮੋਨੇ ਸਨ। ਪਰ ਮੇਰੀ ਇਕ ਮਾਮੀ (ਦਿਵਾਨ ਦਈ) ਸਿੱਖਾਂ ਦੀ ਧੀ ਸੀ। ਉਹ ਮੈਨੂੰ ਲਾਡ ਪਿਆਰ ਕਰਦੀ ਸੀ। ਸਕੂਲ ਜਾਣ ਤੋਂ ਪਹਿਲਾਂ, ਮੈਨੂੰ ਰੋਟੀ ਖੁਆਂਦੀ ਤੇ ਗਰਮ ਗਰਮ ਫੁਲਕੇ ਉਤੇ ਘਿਉ ਪਾ ਕੇ ਕਹਿੰਦੀ, “ਲੂਠਿਆ! ਛੇਤੀ ਛੇਤੀ ਖਾ ਲੈ, ਆਈ ਊ ਨਾਨੀ!” ਮੈਂ ਸੜਦੇ ਸੜਦੇ ਘਿਓ ਵਾਲੀ ਬੁਰਕੀ ਮੂੰਹ ਵਿਚ ਪਾਉਂਦਾ ਅਤੇ ਅੰਦਰ ਲੰਘਾਣ ਦੀ ਕਰਦਾ। ਮੇਰੀ ਨਾਨੀ ਮੈਥੋਂ ਸਵੇਰੇ ਜਪੁਜੀ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੁਣਦੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿੱਥੇ ਹਨ ਐਸੇ ਨਾਨਕੇ?, ਕਿੱਥੇ ਹਨ ਐਸੇ ਦੋਹਤੇ? ਕਿੱਥੇ ਹਨ ਐਸੇ ਭਰਾ, ਭਰਜਾਈਆਂ ਅਤੇ ਭੈਣਾਂ? ਕਿੱਥੇ ਹਨ ਐਸੇ ਮਾਂ ਅਤੇ ਬਾਪ ਜੋ ਆਪਣੀ ਸੰਤਾਨ ਨੂੰ ਬੰਦੇ ਬਣਾਉਣ ਦੀ ਪ੍ਰੇਰਣਾ ਕਰਦੇ ਹੋਣ। ਜਦੋਂ ਮਾਂ-ਬਾਪ ਨੂੰ ਆਪ ਹੀ ਪਤਾ ਨਹੀਂ ਕਿ ਬੰਦਗੀ/ਇਨਸਾਨੀਅਤ ਕੀ ਹੈ ਤਾਂ ਉਹ ਆਪ ਆਪਣੀ ਉਲਾਦ ਨੂੰ ਕੀ ਦੱਸਣਗੇ। ਕਿਸੇ ਵਿਦਵਾਨ ਦੀ ਕਹੀ ਗੱਲ ਮੈਨੂੰ ਯਾਦ ਆਉਂਦੀ ਹੈ। ਕੋਈ ਵਿਆਹਿਆ ਹੋਇਆ ਜੋੜਾ ਕਿਸੇ ਫਕੀਰ ਕੋਲ ਗਿਆ ਅਤੇ ਉਸ ਨੂੰ ਪੁੱਛਦਾ ਹੈ ਕਿ ਅਸੀਂ ਸੰਤਾਨ ਪੈਦਾ ਕਰਨੀ ਚਾਹੁੰਦੇ ਹਾਂ। ਸਾਨੂੰ ਦੱਸੋ ਕਿ ਅਸੀਂ ਉਸ ਨੂੰ ਧਾਰਮਿਕ ਵਿਦਿਆ ਕਦੋਂ ਦੇਣੀ ਸ਼ੁਰੂ ਕਰੀਏ? ਫਕੀਰ ਜੀ ਕਹਿਣ ਲੱਗੇ, “ਭਾਈ! ਬੱਚੇ ਦੇ ਜਨਮ ਤੋਂ ਦੋ ਸਾਲ ਪਹਿਲਾਂ”। ਉਹ ਜੋੜਾ ਬੜੀ ਪਰੇਸ਼ਾਨੀ ਵਿਚ ਫਸ ਗਿਆ ਕਿ ਬੱਚੇ ਦੇ ਜਨਮ ਤੋਂ ਦੋ ਸਾਲ ਪਹਿਲਾਂ ਉਸ ਨੂੰ ਸਿਖਿਆ ਕਿਵੇਂ ਦਿੱਤੀ ਜਾ ਸਕਦੀ ਹੈ?  ਪੁੱਛਣ ਤੇ ਫਕੀਰ ਜੀ ਨੇ ਦੱਸਿਆ ਕਿ ਭਾਈ ਜਦੋਂ ਤੁਹਾਨੂੰ ਕੁੱਛ ਆਉਂਦਾ ਹੋਊ ਤਾਂ ਹੀ ਤਾਂ ਤੁਸੀਂ ਆਪਣੇ ਬੱਚੇ ਨੂੰ ਕੁੱਝ ਦੱਸੋਗੇ। ਇਸ ਕਰਕੇ ਬੱਚਾ ਪੈਦਾ ਕਰਨ ਤੋਂ ਪਹਿਲਾਂ ਆਪ ਧਾਰਮਿਕ ਸਿਖਿਆ ਗ੍ਰਿਹਣ ਕਰੋ ਫਿਰ ਬੱਚੇ ਪੈਦਾ ਕਰਨਾ ਜੀ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079