ਰਾਜ ਨਹੀਂ ਸੇਵਾ - ਸੁਖਵਿੰਦਰ ਕੌਰ 'ਹਰਿਆਓ'

ਸਰਕਾਰ ਕਹਿੰਦੀ ਹਰੀ ਕ੍ਰਾਂਤੀ ਲਿਆਵਾਂਗੇ।
ਰੁੱਖ ਕੱਟ ਕੇ ਸਾਰੇ ਨਵੀਂ ਸੜਕ ਬਨਾਵਾਂਗੇ।

ਠੇਕੇ ਖੋਲ੍ਹ ਕੇ ਖਜ਼ਾਨਾ ਭਰਨਾ ਨੱਕੋ-ਨੱਕ,
ਘਰ ਦੀ ਕੋਈ ਕੱਢੇ ਕੇਸ ਉਸ ਤੇ ਪਾਵਾਂਗੇ।

ਪੋਸਟਿੰਗ ਤਾਂ ਹੋਣੀ ਚਾਚੇ-ਤਾਏ ਦੇ ਮੁੰਡੇ ਦੀ,
ਪੋਸਟਾਂ ਪੁਲਿਸ ਦੀਆਂ ਜਨਤਾ ਲਈ ਕਢਵਾਂਗੇ।

ਪੜ੍ਹਾਈ ਤੇ ਈ.ਟੀ.ਟੀ. ਦੇ ਸੁਪਨੇ ਵੇਖਣ ਵਾਲਿਆਂ,
ਨੂੰ ਕੋਰਸਾਂ ਤੋਂ ਬਾਅਦ ਟੈਂਕੀਆਂ 'ਤੇ ਚੜਾਵਾਂਗੇ।

ਕਰਾਂ ਦੇਈਏ ਜਮਾਨਤਾਂ ਪਹਿਲਾਂ ਕਾਕਿਆਂ ਦੀਆਂ,
ਫਿਰ ਜਨਤਾ ਨਾਲ ਰਲ ਕੇ ਮੋਮਬੱਤੀਆਂ ਜਲਾਵਾਂਗੇ।

ਮੋਦੀ ਕਹਿੰਦਾ ਨਵੇਂ ਨੋਟ ਚਲਾ ਠੱਗਾਂ ਨੂੰ ਫੜਾਂਗਾ,
ਠੱਗ ਕਹਿੰਦੇ ਅਸਲੀ ਇੱਕ ਨਕਲੀ ਦਸ ਬਣਾਵਾਂਗੇ।

ਮੋਟੇ ਪੈਸੇ ਲੇ ਕੇ ਕਰਾਂਗੇ ਭਰੂਣ ਹੱਤਿਆ ਨਿੱਤ,
ਨੰਨ੍ਹੀਆਂ ਛਾਂਵਾਂ ਨੂੰ ਧੁੱਪਾਂ ਤੋਂ ਅਸੀਂ ਬਚਾਵਾਂਗੇ।

ਕਰ ਨਾ ਫਿਕਰ ਪੁੱਤਾ ਵੋਟਾਂ ਦਾ ਰੱਬ ਦਾ ਆਸਰਾ ਮਿਲੂ,
ਜੇ ਹਾਰਦੇ ਵਿਖੇ ਤਾਂ ਕਿਸੇ ਡੇਰੇ ਜਾ ਕੇ ਡੇਰਾ ਲਾਵਾਂਗੇ।

ਸੋਚ ਤੇ ਜੋਸ਼ ਨੂੰ ਖਾ ਲਿਆ ਨਸ਼ਿਆਂ ਨੇ,
ਪੱਗ ਬੰਨ੍ਹ ਕਿਥੋਂ ਭਗਤ ਸਿੰਘ ਬਣ ਜਾਵਾਂਗੇ।

ਲਿਖਵਾ ਕੇ ਅਖ਼ਬਾਰ 'ਚ ਵਾਰਸ ਹਾਂ ਸ਼ਹੀਦਾਂ ਦੇ,
ਸਾਲ ਵਿੱਚ ਇੱਕ ਦਿਨ ਬੁੱਤ ਨੂੰ ਹਾਰ ਪਾ ਆਵਾਂਗੇ।

ਰੁਕੂ ਰਾਹ 'ਚ ਗੱਡੀ ਜੇ ਤਰੱਕੀਆਂ ਦੀ,
ਨੋਟਾਂ ਨੂੰ ਪੈਰ ਲਾ ਕੇ ਸਪੀਡ 'ਤੇ ਭਜਾਵਾਂਗੇ।

ਦਿਨ ਤੇ ਰਾਤ ਹੋਣੇ ਫਿਰ ਆਪਣੀ ਮੁੱਠੀ ਵਿੱਚ,
ਕਾਲੇ ਚੋਲੇ ਪਾ ਕੇ ਚਿੱਟੇ ਦਾ ਧੰਦਾ ਚਲਾਵਾਂਗੇ।

ਕੁੱਝ ਦਸ ਨੰਬਰੀਏ ਮਾਲ-ਪੱਤੇ ਤੇ ਰੱਖੇ ਚਮਚੇ ਨੇ,
ਵਿਚਾਰੀ ਜਨਤਾ ਨੂੰ ਲਾਰਿਆਂ ਨਾਲ ਪਰਚਾਵਾਂਗੇ।

'ਰਾਜ ਨਹੀਂ ਸੇਵਾ' ਹੈ ਅਸਲੀ ਸਾਡਾ ਮਕਸਦ,
ਬਣ ਕੇ ਮੰਤਰੀ ਸੇਵਾ ਆਪਣੀ ਖੂਬ ਕਰਾਵਾਂਗੇ।

- ਸੁਖਵਿੰਦਰ ਕੌਰ 'ਹਰਿਆਓ'

ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-84274-05492