ਤੇਰਾਂ ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ। ਯਾਦ,ਜਸ਼ਨ ਤੇ ਸੋਚ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ - ਬਲਜਿੰਦਰ ਸੰਘਾ

ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ। ਇਹ ਕਿਸੇ ਦੇ ਆਖਿਆ ਰੁਕਦਾ ਨਹੀਂ 'ਤੇ ਨਾ ਹੀ ਕਿਸੇ ਦੇ ਆਖਿਆ ਇਸਦੀ ਚਾਲ ਵਿਚ ਕੋਈ ਅੰਤਰ ਆਉਂਦਾ ਹੈ। ਸ਼ਾਇਦ ਇਸ ਕਰਕੇ ਹੀ ਆਖਿਆ ਜਾਂਦਾ ਹੈ ਕਿ ਇਹ ਸਭ ਤੋ ਬਲਵਾਨ ਹੈ। ਇਹ ਆਪਣੀ ਬੁੱਕਲ ਵਿਚ ਅਨੇਕਾਂ ਤਰ੍ਹਾਂ ਦੀਆ ਮਿੱਠੀਆਂ-ਕੌੜੀਆਂ ਯਾਦਾਂ ਛੁਪਾ ਲੈਂਦਾ ਹੈ, ਜੋ ਹੌਲੀ-ਹੌਲੀ ਇਸ ਦੀ ਗਰਦ ਹੇਠ ਦੱਬੀਆ ਜਾਂਦੀਆ ਨੇ। ਪਰ ਕੁਝ ਲੋਕ ਸਿਰਫ਼ ਆਪਣੇ ਪਰਿਵਾਰ ਲਈ ਨਹੀਂਂ ਬਲਕਿ ਸਾਰੇ ਸਮਾਜ ਲਈ ਜਿਉਂਦੇ ਹਨ।ਇਸੇ ਕਰਕੇ ਉਹ ਅਮਰ ਹੋ ਜਾਂਦੇ ਹਨ 'ਤੇ ਸਮਾਜ ਦੀਆਂ ਯਾਦਾਂ ਦੀ ਲੜ੍ਹੀ ਵਿਚ ਪੀੜ੍ਹੀ-ਦਰ-ਪੀੜ੍ਹੀ ਤਾਰੇ ਵਾਂਗ ਚਮਕਦੇ ਰਹਿੰਦੇ ਹਨ।
                      ਇਹੋ ਜਿਹੀ ਹੀ ਇਕ ਵਿਲੱਖਣ ਸਖਸ਼ੀਅਤ ਦੇ ਮਾਲਕ ਸਨ ਇਕਬਾਲ ਅਰਪਨ| ਪੇਪਰਾਂ ਅਨੁਸਾਰ ਉਨ੍ਹਾਂ ਦਾ ਜਨਮ 15 ਜੂਨ 1938 ਨੂੰ ਪਿੰਡ ਛੱਜਾਵਾਲ (ਜਿਲਾ-ਲੁਧਿਆਣਾ) ਵਿਚ ਹੋਇਆ। ਪਰ ਅਸਲ ਵਿਚ ਉਨ੍ਹਾਂ ਦੇ ਕਹਿਣ ਮੁਤਾਬਿਕ ਉਹ ਜੈਪੁਰ ਵਿਚ ਜਨਮੇ 'ਤੇ ਬਾਅਦ ਵਿਚ ਆਪਣੇ ਪਿੰਡ ਵਿਚ ਆਏ ਸਨ| ਉਨ੍ਹਾਂ ਨੇ ਆਪਣੇ ਜੀਵਨ ਵਿਚ 33 ਵਰ੍ਹੇ ਪੜ੍ਹਾਇਆ, 9 ਸਾਲ ਭਾਰਤ, 3 ਸਾਲ ਤਨਜਾਨੀਆ, 9 ਸਾਲ ਜ਼ਾਂਬੀਆ, 5 ਸਾਲ ਜ਼ਿੰਮਬਾਵੇ ਤੇ ਸੱਤ ਸਾਲ ਸਾਮੋਆ ਵਿਚ| ਇਸ ਤੋਂ ਬਾਅਦ 1995 ਵਿਚ ਉਹ ਕੈਲਗਰੀ (ਕੈਨੇਡਾ) ਆ ਗਏ| ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਅੱਠ ਕਿਤਾਬਾਂ ਸਾਹਿਤ ਦੀ ਝੋਲੀ ਪਾਈਆ,ਜਿਹਨਾਂ ਵਿਚ ਸਨੁੱਖਾ ਦਰਦ (ਕਾਵਿ-ਸੰਗ੍ਰਹਿ), ਕਬਰ ਦਾ ਫੁੱਲ (ਕਾਵਿ-ਸੰਗ੍ਰਹਿ) , ਗੁਆਚੇ ਰਾਹ, ਮੌਤ ਦਾ ਸੁਪਨਾ, ਆਫਰੇ ਲੋਕ, ਚਾਨਣ ਦੇ ਵਣਜਾਰੇ (ਚਾਰ ਕਾਹਣੀ ਸੰਗ੍ਰਹਿ), ਪਰਾਈ ਧਰਤੀ (ਨਾਵਲ), ਪੁਸਤਕ ਚਰਚਾ (ਅਲੋਚਨਾ) ਅਤੇ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਦੀ ਕਿਤਾਬ 'ਲਾਲਾਂ ਦੀ ਜੋੜੀ' ਉਹਨਾਂ ਦੇ ਇਸ ਜਹਾਨ ਵਿਚ ਜਾਣ ਤੋਂ ਸਿਰਫ਼ ਥੋੜੇ ਦਿਨ ਬਾਅਦ ਆਈ, ਇਸ ਤੋ ਇਲਾਵਾ ਅਜੇ ਤਿੰਨ ਹੋਰ ਕਿਤਾਬਾਂ ਦੇ ਖਰੜ੍ਹੇ ਛਪਣ ਲਈ ਤਿਆਰ ਸਨ 'ਤੇ ਉਹ ਸਾਮੋਆ ਦੇਸ ਦੇ ਲੋਕਾਂ ਬਾਰੇ ਇਕ ਨਾਵਲ ਵੀ ਲਿਖ ਰਹੇ ਸਨ। ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ 'ਤੇ ਉਹ ਆਪਣੇ ਜਨਮ ਦਿਨ ਵਾਲੇ ਦਿਨ ਹੀ 15 ਜੂਨ 2006 ਨੂੰ ਸੰਸਾਰ ਵਿੱਚੋਂ ਸਰੀਰਕ ਤੌਰ ਤੇ ਅਚਾਨਕ ਆਏ ਹਾਰਟ ਅਟੈਕ ਨਾਲ ਹਮੇਸ਼ਾ ਲਈ ਚਲੇ ਗਏ |
                        ਅਖ਼ਬਾਰਾਂ ਵਿਚੋ ਮੇਰੀਆਂ ਰਚਨਾਵਾਂ ਪੜ੍ਹਕੇ ਉਹਨਾਂ ਮੈਨੂੰ 'ਪੰਜਾਬੀ ਲਿਖ਼ਾਰੀ ਸਭਾ ਕੈਲਗਰੀ' ਦੀਆਂ ਮਹੀਨਵਾਰ ਸਾਹਿਤਕ ਇਕੱਤਰਤਾਵਾਂ ਵਿਚ ਆਉਣ ਲਈ ਕਿਹਾ ਤੇ ਮੇਰਾ ਸਾਲ 2001 ਵਿਚ ਉਹਨਾਂ ਨਾਲ ਵਾਹ-ਵਾਸਤਾ ਸ਼ੁਰੂ ਹੋਇਆ। ਬੇਸ਼ਕ ਜਿਹਨਾਂ ਕੁ ਮੈਂ ਉਹਨਾਂ ਨੂੰ ਨੇੜੇ ਤੋਂ ਦੇਖਿਆ ਉਸ ਬਾਰੇ ਦੋ ਕੁ ਪੇਜ ਦੇ ਲੇਖ ਵਿਚ ਸ਼ਾਇਦ ਮੇਰੇ ਲਈ ਲਿਖਣਾ ਅਸੰਭਵ ਹੈ। ਕਿਉਂਕਿ ਉਹਨਾਂ ਦੀ ਸ਼ਖ਼ਸ਼ੀਅਤ ਨੂੰ ਭਾਗਾਂ ਵਿਚ ਵੰਡ ਕੇ ਪਰਖਣਾ ਹੋਵੇ ਤਾਂ ਹਰ ਇਕ ਪਹਿਲੂ ਬਾਰੇ ਕਈ ਸਫ਼ੇ ਲਿਖੇ ਜਾ ਸਕਦੇ ਹਨ। ਉਹ ਉਚ ਕੋਟੀ ਦੇ ਹਰ ਵਿਧਾ ਵਿਚ ਲਿਖਣ ਵਾਲੇ ਸਾਹਿਤਕਾਰ ਹੋਣ ਦੇ ਨਾਲ-ਨਾਲ ਇਕ ਜਗਿਆਸੂ, ਤਰਕਸ਼ੀਲ, ਸੁਚੇਤ ਅਤੇ ਪੂਰੀ ਦੁਨੀਆਂ ਵਿਚ ਵਰਤਦੇ ਵਰਤਾਰੇ ਬਾਰੇ ਅਤੇ ਬਦਲਦੀਆਂ ਕਰਵਟਾਂ ਤੱਕ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਧਰ ਤੇ ਗਿਆਨਵਾਨ ਸਨ। ਉਹਨਾਂ ਨੂੰ ਕਮਿਊਨਿਸਟ ਵਿਚਾਰਧਾਰਾ ਦੀ ਪੂਰੀ ਸਮਝ ਸੀ। ਸਾਮਰਾਜਵਾਦ ਤੋਂ ਸਮਾਜਵਾਦ ਤੇ ਇਸ ਤੋਂ ਅੱਗੇ ਕਮਿਊਨਿਜ਼ਮ।
                                    ਹਰ ਵਿਸ਼ੇ ਤੇ ਬੋਲਣ ਲਈ ਇਕਬਾਲ ਅਰਪਨ ਜੀ ਕੋਲ ਬਹੁਤ ਕੁਝ ਸੀ, ਹਰ ਪਰਿਵਾਰਕ, ਸੰਸਥਾਵਾਂ ਆਦਿ ਵਿਚ ਹੁੰਦੇ ਨਿੱਕੇ ਮੋਟੇ ਜਾਂ ਗੰਭੀਰ ਝਗੜੇ ਹੱਲ ਕਰਨ ਦੇ ਗੁਣ ਸਨ, ਇਸੇ ਕਰਕੇ ਹਰ ਸਮੇਂ ਉਹਨਾਂ ਦੇ ਘਰ ਦੀ ਡੋਰ ਬਿੱਲ, ਫੋਨ ਦੀ ਘੰਟੀ ਮੈਂ ਸਾਲ 2001ਤੋਂ 2006 ਤੱਕ ਜਦੋਂ ਕਦੇ ਵੀ ਉਹਨਾਂ ਦੇ ਘਰ ਬੈਠੇ ਹੋਣਾ ਵੱਜਦੀ ਹੀ ਸੁਣੀ। ਉਹ ਇਸ ਸੋਚ ਦੇ ਹਾਮੀ ਸਨ ਕਿ ਪਰਿਵਾਰਕ ਝਗੜੇ, ਦੋ ਧਿਰਾਂ ਵਿਚ ਤਣਾਅ, ਵਖਰੇਵੇਂ ਆਪਸੀ ਸਿਆਣਪ ਨਾਲ, ਉਸਾਰੂ ਗੱਲਬਾਤ ਰਾਹੀਂ ਨਜਿੱਠਣੇ ਜ਼ਿਆਦਾ ਅਰਥਵਾਨ ਨਤੀਜੇ ਦਿੰਦੇ ਹਨ। ਇਸੇ ਕਰਕੇ ਬਹੁਤੇ ਤਿੜਕਦੇ ਪਰਿਵਾਰਕ ਰਿਸ਼ਤਿਆਂ ਵਿਚ ਉਹ ਰਾਹ ਜਾਂਦੇ ਵੀ ਪੁਲ ਬਣ ਜਾਂਦੇ ਸਨ। ਕਈ ਵਾਰ ਉਹਨਾਂ ਕਹਿਣਾ ਕਿ ਸਾਡੇ ਮੱਧਵਰਗੀ ਲੋਕ ਕੈਨੇਡਾ ਵਿਚ ਆਕੇ ਆਪਸੀ ਨਿੱਕੇ-ਮੋਟੇ ਝਗੜੇ ਦਾ ਹੱਲ ਵੀ 911 (ਪੁਲਸ ਦਾ ਨੰਬਰ) ਹੀ ਸਮਝ ਲੈਂਦੇ ਹਨ, ਜਦੋਂ ਕਿ ਕਾਨੂੰਨ, ਪੁਲਿਸ ਇਕ ਜ਼ਾਬਤੇ ਵਿਚ ਰਹਿਕੇ ਬੇਸ਼ਕ ਵਧੀਆ ਕੰਮ ਕਰਦੇ ਹਨ, ਪਰ ਉਹਨਾਂ ਦਾ ਤੁਹਾਡੇ ਪਰਿਵਾਰ ਦੇ ਬੱਝਣ ਜਾਂ ਟੁੱਟਣ ਨਾਲ ਬਹੁਤਾ ਸਰੋਕਾਰ ਨਹੀਂ ਹੁੰਦਾ। ਕਿਉਂਕਿ ਕਾਨੂੰਨ ਨੇ ਕਾਨੂੰਨ ਅਨੁਸਾਰ ਕੰਮ ਕਰਨਾ ਹੈ ਨਾ ਕਿ ਤੁਹਾਡੀਆਂ ਭਾਵਨਾਵਾਂ ਅਨੁਸਾਰ।
                                                   ਬਹੁਤੇ ਅੰਗਰੇਜ਼ੀ ਵੱਲੋਂ ਹੱਥ ਤੰਗ ਪਤੀ-ਪਤਨੀ ਜਦੋਂ ਆਪਸੀ ਕਾਨੂੰਨੀ ਲੜਾਈਆਂ ਲੜਦੇ ਤੇ ਬੱਚੇ ਸਰਕਾਰ ਦੀ ਸੁਰੱਖਿਆ ਵਿਚ ਚਲੇ ਜਾਂਦੇ ਤਾਂ ਵਕੀਲਾਂ ਦੀਆਂ ਫੀਸਾਂ ਭਰਦੇ, ਕੰਮਾਂ ਤੋਂ ਛੁੱਟੀਆਂ ਲੈ ਕੇ ਅਦਾਲਤਾਂਂ ਭੁਗਤਾਉਂਦੇ ਤਾਂ ਪਤਾ ਲਗਦਾ ਕਿ ਜ਼ਿੰਦਗੀ ਤਾਂ ਕੋਈ ਹੋਰ ਹੀ ਯੂ-ਟਰਨ ਮਾਰ ਗਈ ਹੈ। ਅਜਿਹੇ ਜੋੜੇ ਬਹੁਤੀ ਵਾਰ ਉਹਨਾਂ ਕੋਲ ਆਕੇ ਮੁਫ਼ਤ ਸਲਾਹਾ ਲੈਂਦੇ ਤੇ ਫ਼ਿਰ ਸਹਿਜਮਈ ਪਰਿਵਾਰਕ ਚਾਲ ਫੜ੍ਹਦੇ। ਮੈਂਨੂੰ ਇੰਜ ਮਹਿਸੂਸ ਹੁੰਦਾ ਕਿ ਇਸ ਭੱਜਦੀ ਕੈਨੇਡੀਅਨ ਜ਼ਿੰਦਗੀ ਵਿਚ ਜਿੱਥੇ ਆਪਣੇ ਕੰਮ ਅਤੇ ਟੈਨਸ਼ਨਾਂ ਹੀ ਬੰਦੇ ਦੀ ਭੰਬੀਰੀ ਘੁੰਮਾਈ ਰੱਖਦੀਆਂ ਹਨ ਉਹ ਇਕੱਲੇ ਹੀ ਇਕ ਪਿੰਡ ਦੀ ਸਿਆਣੀ ਪੰਚਾਇਤ ਜਿਨ੍ਹਾਂ ਕੰਮ ਵਾਧੂ ਵਿਚ ਕਿਵੇਂ ਕਰੀ ਜਾਂਦੇ ਹਨ। ਹਰ ਤਰ੍ਹਾਂ ਦੇ ਪਖੰਡਾਂ ਤੋ ਉਹ ਕੋਹਾਂ ਦੂਰ ਸਨ। ਜਾਤ-ਪਾਤ ਦਾ ਉਨ੍ਹਾਂ ਦੇ ਗਿਆਨ ਦੀ ਡਿਕਸ਼ਨਰੀ ਵਿਚ ਕੋਈ ਅਰਥ ਨਹੀ ਸੀ। ਅੱਜਕੱਲ੍ਹ ਦੇ ਬਹੁਤੇ ਅਖੌਤੀ ਧਾਰਿਮਕ ਆਗੂਆਂ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਸੀ। ਉਹ ਧਰਮਾਂ ਦੇ ਅਸਲ ਅਰਥ ਸਮਝਣ ਅਤੇ ਮਨੁੱਖਤਾ ਦਾ ਹੋਕਾ ਹਮੇਸ਼ਾ ਦਿੰਦੇ| ਉਨ੍ਹਾਂ ਨੂੰ ਪੰਜਾਬੀ ਸਮਾਜ ਦੇ ਆਚਰਣਕ ਪੱਧਰ ਵਿਚ ਦਿਨੋ-ਦਿਨ ਆ ਰਹੀ ਗਿਰਾਵਟ, ਵੱਧ ਰਹੀ ਦਿਖਾਵਾ-ਪ੍ਰਸਤੀ, ਮੀਡੀਆ ਦੀ ਆਪਣੀ ਜ਼ਿੰਮੇਵਾਰੀ ਤੋ ਅਣਗਹਿਲੀ, ਵਿਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਵਿਚ ਰਹਿੰਦੇ ਪੰਜਾਬੀਆ ਦਾ ਡਾਲਰਾਂ ਨਾਲ ਹੱਦੋ ਵੱਧ ਪਿਆਰ, ਕਿਤਾਬ ਸੱਭਿਆਚਾਰ ਤੋ ਪੰਜਾਬੀ ਲੋਕਾਂ ਦੀ ਦੂਰੀ ਤੇ ਨਸ਼ਿਆਂ ਵਿਚ ਗਰਕ ਰਹੀ ਜਵਾਨੀ ਦਾ ਬਹੁਤ ਹੀ ਫ਼ਿਕਰ ਸੀ। ਇਸ ਫ਼ਿਕਰ ਕਰਕੇ ਹੀ ਉਹ 'ਪੰਜਾਬੀ ਲਿਖ਼ਾਰੀ ਸਭਾ ਕੈਲਗਰੀ' ਤੇ 'ਬ੍ਰਿਜ ਫਾਊਂਡੇਸ਼ਨ' ਦੇ ਵਿਚਾਕਰ ਇਕ ਬ੍ਰਿਜ ਬਣਕੇ ਦੋਹਾਂ ਦੀ ਮਦਦ ਨਾਲ ਵੱਖ-ਵੱਖ ਵਿਸ਼ਿਆ ਤੇ ਸੈਮੀਨਾਰ  ਕਰਵਾਉਣ ਵਿਚ ਮੁੱਖ ਭੂਮਿਕਾ ਅਦਾ ਕਰਦੇ।
                   ਉਨ੍ਹਾਂ ਦੀ ਸਾਦਗੀ, ਸੰਜੀਦਗੀ, ਨਿਮਰਤਾ ਅਤੇ ਵਿਦਵਤਾ ਹਰ ਇਕ ਨੂੰ ਪ੍ਰਭਾਵਿਤ ਕਰਦੀ ਸੀ| ਗਲਤ ਕੰਮ ਨੂੰ ਸਹੀ ਢੰਗ ਨਾਲ ਗਲਤ ਕਹਿਣ ਦਾ ਗੁਣ ਉਨ੍ਹਾਂ ਕੋਲ ਸੀ| ਅਨੇਕਾਂ ਕਿਤਾਬਾਂ ਦੀ ਉਨ੍ਹਾਂ ਨੇ ਉਸਾਰੂ ਅਲੋਚਨਾ ਕੀਤੀ ਤੇ ਰੀਵਿਊ ਵੀ ਲਿਖੇ| ਉਨ੍ਹਾਂ ਦੇ ਇਸ ਗੁਣ ਕਰਕੇ ਹੀ ਡਾæਸਵਰਾਜ ਸਿੰਘ ਆਖਦੇ ਹਨ ਕਿ 'ਉਨ੍ਹਾਂ ਦੇ ਰੀਵਿਊ ਦਾ ਸਾਹਿਤਕ ਪੱਧਰ ਏਨਾ ਉੱਚਾ ਸੀ ਕਿ ਮੇਰੀ ਅੰਗਰੇਜ਼ੀ ਦੀ ਪੁਸਤਕ 'ਕਰਾਈਸਿਸ ਇਨ ਸਿਵਲੀਜ਼ੇਸ਼ਨ ਦੇ ਸਿੱਖ ਪ੍ਰਸਪੈਕਟਿਵ' ਦੇ ਪਬਲਿਸ਼ਰ ਨੇ ਉਨ੍ਹਾਂ ਦੇ ਰੀਵਿਊ ਨੂੰ ਇੰਟਰਨੈੱਟ ਤੇ ਪਾ ਦਿੱਤਾ ਤੇ ਇਸ ਤੋ ਇਲਾਵਾ ਮੇਰੀ ਪਹਿਲੀ ਕਿਤਾਬ 'ਆ ਸਿੱਖ ਪੰਜਾਬ ਤੂੰ ਘਰ ਆ' ਬਾਰੇ ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਵਿਚ ਲਿਖੇ ਰੀਵਿਊ ਨੂੰ ਪੜ੍ਹ ਕੇ ਮੈਂ ਉਨ੍ਹਾਂ ਦੀ ਵਿਦਵਤਾ ਅਤੇ ਸੰਤੁਲਿਤ ਆਲੋਚਨਾ ਦਾ ਕਾਇਲ ਹੋ ਗਿਆ'                                  
                                ਇਕਬਾਲ ਅਰਪਨ ਜੀ ਦੀ ਸਖ਼ਸ਼ੀਅਤ ਹੀ ਐਸੀ ਸੀ ਕਿ ਇਕ ਵਾਰ ਜੋ ਵਿਆਕਤੀ ਉਹਨਾਂ ਦੇ ਘੇਰੇ ਵਿਚ ਆ ਗਿਆ ਉਹ ਫਿਰ ਬਾਹਰ ਨਹੀ ਨਿਕਲ ਸਕਿਆ| ਜਦੋਂ ਉਹ ਬੋਲਦੇ ਤਾਂ ਉਹਨਾਂ ਦੇ ਬੋਲਾਂ ਵਿਚੋ ਸਹਿਜ,ਸਲੀਕਾ ਤੇ ਠਰੰਮਾ ਆਪ-ਮੁਹਾਰੇ ਵਹਿ ਤੁਰਦਾ, ਉਹਨਾ ਦੀ ਸੋਚ ਇੰਨੀ ਤੰਦਰੁਸਤ ਸੀ ਕਿ ਉਹਨਾਂ ਵੱਲੋ ਦਿੱਤਾ ਹਰ ਇਕ ਸੁਝਾ ਲੋਕ ਰਾਇ ਬਣ ਜਾਂਦਾ। 'ਪੰਜਾਬੀ ਲਿਖਾਰੀ ਸਭਾ ਕੈਲਗਰੀ' ਦੇ ਬਾਨੀ ਹੁੰਦਿਆ ਹੋਇਆ ਵੀ ਉਹ ਆਪਣੇ-ਆਪ ਨੂੰ ਹਮੇਸ਼ਾ ਪਿੱਛੇ ਰੱਖਦੇ ਤੇ ਹੋਰਾਂ ਨੂੰ ਅੱਗੇ ਵੱਧਣ ਦੇ ਮੌਕੇ ਦਿੰਦੇ, ਲੇਖਕਾਂ ਦੇ ਬਗੀਚੇ ਵਿਚ ਪਲ ਰਹੇ ਨਵੇਂ ਬੂਟਿਆਂ ਨੂੰ ਗੋਡੀ ਕਰਨ ਲਈ ਉਹ ਹਮੇਸ਼ਾ ਪੱਬਾ ਭਾਰ ਰਹਿੰਦੇ|  ਉਹ ਰਿਟਾਇਮੈਂਟ ਤੋਂ ਬਾਅਦ ਸੋਸ਼ਲ ਕੰਮਾਂ ਵਿਚ ਐਕਟਿਵ ਹੋਣ ਨੂੰ ਚੰਗਾ ਤਾਂ ਗਿਣਦੇ ਸਨ ਪਰ ਪ੍ਰਭਾਵਸ਼ਾਲੀ ਨਹੀਂ। ਕਿਉਂਕਿ ਕਾਰਨ ਇਹ ਦੱਸਦੇ ਸਨ ਕਿ ਇਸ ਵਿਚ ਤੁਹਾਡਾ ਨਿੱਜ ਛੁਪਿਆ ਹੁੰਦਾ ਹੈ ਤੁਸੀਂਂ ਆਪਣਾ ਵੇਹਲ ਦਾ ਖਲਾਅ ਭਰਨ ਲਈ ਕੰਮ ਕਰਦੇ ਹੋ।
                                                 ਇਸੇ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਲੇਖਕਾਂ ਬਾਰੇ ਸਨ ਕਿ ਸਿਰਫ਼ ਰਿਟਾਇਮੈਂਟ ਤੋਂ ਬਾਅਦ ਲਿਖਣ ਵਿਚ ਸਰਗਰਮ ਹੋਏ ਬਹੁਤੇ ਲੇਖਕ ਫਿਰ ਥੋਕ ਵਿਚ ਕੱਚ-ਘਰੜ ਲਿਖੀ ਜਾਂਦੇ ਹਨ ਤੇ ਫਿਰ ਆਪਣੀਆਂ ਕਿਤਾਬਾਂ ਲੇਖਕ ਸਭਾਵਾਂ ਦੀ ਥਾਂ ਮੰਤਰੀਆਂ ਦੇ ਇਕੱਠਾਂ ਵਿਚ ਲੋਕ ਅਰਪਣ ਕਰਕੇ ਲੇਖਕ ਸਮਾਜ ਨੂੰ ਗੰਧਲਾ ਕਰਦੇ ਹਨ। ਕਿਉਂਕਿ ਇਹੋ ਜਿਹੇ ਸਮਾਗਮਾਂ ਵਿਚ ਲੇਖਕ ਦੀ ਕਲਮ ਅਤੇ ਕਿਤਾਬ ਬਾਰੇ ਤਾਂ ਚਰਚਾ ਹੁੰਦੀ ਹੀ ਨਹੀਂ। ਬਹੁਤੇ ਵਧਾਈਆਂ ਦੇਣ ਵਾਲੇ ਹੀ ਹੁੰਦੇ ਹਨ। ਲੇਖਕ ਅਤੇ ਕਲਮ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਪਰ ਜੇਕਰ ਉਤਸ਼ਾਹ ਸਿਰਫ਼ ਰਿਟਾਇਟਮੈਂਟ ਤੋਂ ਬਾਅਦ ਵਧਿਆ ਹੈ ਜਾਂ ਪੈਦਾ ਹੋਇਆ ਤਾਂ ਇਹ ਵੀ ਉਹਨਾਂ ਲੇਖਕਾਂ ਦੀ ਕਾਰਗੁਜ਼ਾਰੀ ਨੂੰ ਨੁਕਸਾਨ ਕਰਦਾ ਹੈ ਹੋ ਜ਼ਿੰਦਗੀ ਦੀ ਹਰ ਦੁਸ਼ਵਾਰੀ ਵਿਚ ਹਰ ਚੈਲਿਜ਼ ਸਮੇਂ ਵਿਚ ਲਿਖਦੇ ਰਹੇ ਅਤੇ ਜਾਗਰੁਕਤਾ ਦਾ ਹੋਕਾ ਦਿੰਦੇ ਰਹੇ। ਵਿਦੇਸ਼ਾਂ ਵਿਚ ਤਾਂ ਅਜਿਹੇ ਸਾਰੀ ਉਮਰ ਬਿਨਾਂ ਸਾਹਿਤ ਪੜੇਂ ਜਾਂ ਲਿਖੇ ਸਾਹਿਤਕ ਸਭਾਵਾਂ ਵੀ ਬਣਾ ਲੈਂਦੇ ਹਨ। ਜਿਹਨਾਂ ਦੀਆਂ ਮੀਟਿੰਗਾਂ ਵਿਚ ਉਹ ਹੀ ਸਾਹਿਤ ਹੁੰਦਾ ਹੈ ਜੋ ਸਮਾਜ ਜਾਂ ਲੋਕਾਂ ਦਾ ਸਾਹਿਤ ਨਹੀਂ, ਜੋ ਅਗਾਂਹਵਧੂ ਨਹੀਂ ਜੋ ਸਮਾਜ ਤੇ ਬੌਣੇਪਣ ਤੇ ਚੋਟ ਨਹੀਂ ਕਰਦਾ, ਜੋ ਸਥਾਪਤੀ ਦੇ ਗਲਤ ਤੱਤਾਂ ਵਿਰੁੱਧ ਨਹੀਂ ਲੜਦਾ। ਉਹਨਾਂ ਦਾ ਇਹੀ ਕਹਿਣਾ ਸੀ ਕਿ ਵਿਹਲੇ ਸਮੇਂ ਦੀ ਭਰਾਈ ਲਈ ਸਮਾਜਿਕ ਕੰਮ ਕਰਨੇ ਤਾਂ ਜ਼ਾਇਜ਼ ਹੋ ਸਕਦੇ ਹਨ ਪਰ ਲੇਖਕ ਸਭਾਵਾਂ ਬਣਾਉਣੀਆਂ ਠੀਕ ਨਹੀਂ ਤੇ ਅਜਿਹੇ ਲੋਕ ਹੀ ਆਪਣੀਆਂ ਕਿਤਾਬਾਂ ਲੇਖਕ ਸਭਾਵਾਂ ਦੀ ਬਜਾਇ ਮੰਤਰੀਆਂ ਦੇ ਇਕੱਠਾ ਵਿਚ ਲੋਕ ਅਰਪਣ ਕਰਦੇ ਹਨ। ਕਿਉਂਕਿ ਲੇਖਕ ਦੇ ਫ਼ਰਜ਼, ਲਿਖ਼ਣ ਦੀ ਡੂੰਘੀ ਸਮਝ, ਸਮਾਜ ਸੁਧਾਰ ਦੀ ਚਿਣਗ ਦੀ ਥਾਂ ਆਪਣੀ ਵਾਹ-ਵਾਹ ਉਹਨਾਂ ਦੇ ਵਿਆਕਤੀਤਵ ਤੇ ਭਾਰੂ ਹੁੰਦੀ ਹੈ। ਉਹ ਰਾਜਨੀਤਕ ਲੋਕਾਂ ਦੇ ਵਿਰੁੱਧ ਨਹੀਂ ਸਨ ਬਲਕਿ ਸੋਚ ਇਹ ਸੀ ਉਹਨਾਂ ਨੂੰ ਆਪਣੇ ਕੰਮਾਂ ਲਈ ਸਮਾਂ ਦੇਣਾ ਚਾਹੀਦਾ ਹੈ।  ਉਹ ਸਮਾਜ ਲਈ ਚੰਗੀਆਂ ਯੋਜਨਾਵਾਂ ਬਣਾ ਸਕਣ ਅਤੇ ਲੇਖਕਾਂ ਨੂੰ ਆਪਣੇ ਰਾਹ ਤੇ ਸਮਾਜ ਲਈ ਉਸਾਰੂ ਰੋਲ ਅਦਾ ਕਰਦੇ ਰਹਿਣਾ ਚਾਹੀਦਾ ਅਤੇ ਸਿਰਫ਼ ਵਿਹਲ ਦਾ ਖਲਾਅ ਭਰਨ ਲਈ ਲਿਖ਼ਣਾ ਜਾਂ ਸ਼ੋਕ ਲਈ ਲਿਖ਼ਣਾ ਬੰਦ ਹੋਣਾ ਚਾਹੀਦਾ ਹੈ। ਸ਼ੋਕ ਲਈ ਹੋਰ ਬਹੁਤ ਕੰਮ ਕੀਤੇ ਜਾ ਸਕਦੇ ਹਨ। ਜੋ ਮੈਂ ਮਹਿਸੂਸ ਕੀਤਾ ਕਿ ਇਹਨਾਂ ਕਾਰਨਾਂ ਅਤੇ ਸੋਚ ਕਰਕੇ ਹੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਜਨਮ ਹੋਇਆ।                      
                            ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ 'ਪੰਜਾਬੀ ਲਿਖ਼ਾਰੀ ਸਭਾ ਕੈਲਗਰੀ' ਅਤੇ ਉਹਨਾਂ ਨਾਲ ਦੇਸ਼-ਵਿਦੇਸ਼ ਤੋ ਜੁੜੇ ਹਰ ਵਿਆਕਤੀ ਅਤੇ ਸੰਸਥਾਂ ਨੂੰ ਅਸਿਹ ਸਦਮਾ ਲੱਗਾ, ਕਿਉਂਕਿ ਅਜੇ ਤਾਂ ਉਹ ਇਹੀ ਕਹਿੰਦੇ ਸਨ ਕਿ ਹੁਣ ਰਿਟਾਇਰਮੈਂਟ ਤੋਂ ਬਾਅਦ ਗੋਰਿਆਂ ਵਾਲਾ ਗੋਲਡਨ (ਜ਼ਿੰਦਗੀ ਦਾ ਸੁਨਿਹਰੀ ਸਮਾਂ ਜਿਸ ਵਿਚ ਤਜ਼ਰਬਾ ਵੀ ਹੈ ਅਤੇ ਸਮਾਂ ਵੀ) ਸਮਾਂ ਸੁਰੂ ਹੋਇਆ ਹੈ ਅਤੇ ਉਹ ਸਮਾਜਿਕ ਕੰਮਾਂ ਲਈ ਵੱਧ ਸਮਾਂ ਲਾਉਣਗੇ ਅਤੇ ਉਹਨਾਂ ਇਹ ਸ਼ੁਰੂ ਵੀ ਕਰ ਦਿੱਤਾ ਸੀ। ਜੁਲਾਈ 9,2006 ਨੂੰ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਪ੍ਰਸਿੱਧ ਕੈਨੇਡੀਅਨ ਲੇਖਕ ਸਾਧੂ ਬਿਨਿੰਗ ਦੁਆਰਾ ਇਹ ਸ਼ਬਦ ਆਖੇ ਗਏ ਕਿ 'ਇਕਬਾਲ ਅਰਪਨ ਲਈ ਸਹੀ ਸ਼ਰਧਾਂਜਲੀ ਉਹਦੇ ਵੱਲੋ ਅਧੂਰੇ ਰਹਿ ਗਏ ਕੰਮਾਂ ਨੂੰ ਕਰਦੇ ਰਹਿਣ ਵਿਚ ਹੈ, ਜਿੱਥੇ ਸਾਨੂੰ ਉਸ ਦੇ ਸਦੀਵੀ ਵਿਛੋੜੇ ਦਾ ਸੋਗ ਮੰਨਾਉਣਾ ਚਾਹੀਦਾ ਹੈ ਉੱਥੇ ਜੀਵਨ ਦੌਰਾਨ ਉਸ ਵੱਲੋਂ ਕੀਤੇ ਕੰਮਾਂ ਦਾ ਜਸ਼ਨ ਵੀ ਮੰਨਾਉਣਾ ਚਾਹੀਦਾ ਹੈ'| ਇਸ ਸ਼ਰਧਾਂਜਲੀ ਸਮਾਗਮ ਵਿਚ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਨੇ ਉਹਨਾਂ ਬਾਰੇ ਵਿਚਾਰ ਪੇਸ਼ ਕੀਤੇ ਜਿਹਨਾਂ ਤੋਂ ਉਹਨਾਂ ਦੀ ਸ਼ਖ਼ਸ਼ੀਅਤ ਦੇ ਹੋਰ ਪੱਖ ਉੱਘੜਦੇ ਗਏ। ਜਿਸ ਬਾਰੇ ਲੇਖ ਦੀ ਲੰਬਾਈ ਨੂੰ ਧਿਆਨ ਵਿਚ ਰੱਖਦੇ ਅਲੱਗ ਵਿਚ ਕਦੇ ਫੇਰ ਲਿਖਾਂਗਾ।
                         ਉਹਨਾਂ ਦੀ ਹਮੇਸ਼ਾ ਦਿਲੀ ਤਮੰਨਾ ਰਹੀ ਕਿ ਪਰਵਾਸੀ ਪੰਜਾਬੀ ਲੋਕ ਸਾਹਿਤਕ ਸਮਾਜ ਨਾਲ ਨੇੜੇ ਤੋਂ ਅਤੇ ਗੰਭੀਰ ਰੂਪ ਵਿਚ ਜੁੜਨ, ਪੰਜਾਬੀ ਵਿਚ ਹੋਰ ਗੰਭੀਰ ਸੰਵਾਦ ਹੋਣ, ਹਰ ਸ਼ਹਿਰ ਕਸਬੇ ਵਿਚ ਸਾਹਿਤਕ ਸੰਭਾਵਾਂ ਹੋਣ, ਖ਼ਾਸ ਕਰਕੇ ਪੰਜਾਬੀ ਵਿਦੇਸ਼ਾਂ ਵਿਚ ਆਪਣੀ ਬੋਲੀ ਅਤੇ ਸੱਭਿਆਚਾਰ ਦੇ ਨਿੱਗਰ ਰੰਗ ਜਿਉਂਦੇ ਰੱਖਣ ਲਈ ਸਾਹਿਤਕ ਇਕੱਠ ਕਰਨ। ਪੰਜਾਬੀ ਦੇ ਨਿੱਗਰ ਖ਼ਿਆਲੀ ਲੇਖਕਾਂ ਅਤੇ ਹੋਰ ਖੇਤਰਾਂ ਵਿਚ ਸ਼ੋਸਲ ਕੰਮ ਕਰਨ ਵਾਲਿਆਂ ਦਾ ਸਨਮਾਨ ਕਰਨ। ਇਸੇ ਕਰਕੇ ਉਹਨਾਂ ਸਾਲ 2000 ਵਿਚ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਹਰੇਕ ਸਾਲ ਇੱਕ ਲੇਖ਼ਕ ਦਾ ਸਨਮਾਨ ਕਰਨ ਦਾ ਕਾਰਜ ਅਰੰਭ ਕੀਤਾ ਅਤੇ ਲਗਾਤਾਰ ਚਲਾਉਣ ਲਈ ਹਮੇਸ਼ਾ ਆਖ਼ਦੇ। ਸਾਲ 2019 ਆ ਗਿਆ ਹੈ ਅਤੇ ਇਹ ਸਭਾ ਉਹਨਾਂ ਦੀ ਲਗਾਤਾਰਤਾ ਅਤੇ ਪਿਰਤ ਨੂੰ ਚਾਲੂ ਰੱਖਦਿਆਂ 20ਵੇਂ ਸਲਾਨਾ ਸਮਾਗਮ ਤੱਕ ਪਹੁੰਚ ਗਈ ਹੈ ਅਤੇ ਉਸੇ ਤਰ੍ਹਾਂ ਹਰੇਕ ਸਾਲ ਇਕ ਲੇਖਕ ਦਾ ਸਨਮਾਨ ਕਰ ਰਹੀ ਹੈ।
                       ਪਰ ਉਹਨਾਂ ਦੀ ਆਪਣੀ ਸੋਚ ਇਹ ਸੀ ਕਿ ਉਹ ਖ਼ੁਦ ਇਨਾਮਾਂ ਪਿੱਛੇ ਸਾਰੀ ਉਮਰ ਨਹੀਂ ਭੱਜੇ। ਬੇਸ਼ਕ ਉਹਨਾਂ ਨੂੰ ਕਈ ਸਨਮਾਨ ਮਿਲੇ ਪਰ ਜੇਕਰ ਜਗਾੜੂ ਲੇਖਕ ਹੁੰਦੇ ਤਾਂ ਸਾਹਿਤਕਾਰਾਂ ਨੂੰ ਮਿਲਦੇ ਵੱਡੇ ਸਨਮਾਨ ਉਹਨਾਂ ਦੀ ਮੌਤ ਤੋਂ ਬਹੁਤ ਪਹਿਲਾਂ ਉਹਨਾਂ ਦੀ ਝੋਲੀ ਵਿਚ ਹੁੰਦੇ। ਉਹਨਾਂ ਦੀ ਹਰ ਲਿਖ਼ਤ ਸਨਮਾਨ ਯੋਗ ਹੈ। ਜਿਵੇਂ ਜਾਤ-ਪਾਤ ਤੇ ਲਿਖੀ ਕਹਾਣੀ 'ਜਿਵੇਂ-ਤਿਵੇਂ' ਇਕੱਲੀ ਹੀ ਕਈ ਸਨਮਾਨ ਜਿੱਤਣ ਦੇ ਕਾਬਿਲ ਸੀ। ਉਹਨਾਂ ਦਾ ਅਸਲੀ ਸਨਮਾਨ ਅਤੇ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅੱਜ ਵੀ ਪੰਜਾਬੀ ਮਾਂ-ਬੋਲੀ ਦੇ ਉਸ ਸਰੀਰਕ ਤੌਰ ਤੇ ਵਿੱਛੜੇ ਗਿਆਨ ਦੇ ਸਮੁੰਦਰ ਦੇ ਨਾਮ ਉੱਪਰ ਹੋਰ ਸੰਸਥਾਵਾਂ ਵੀ ਲੇਖਕਾਂ ਦਾ ਸਨਮਾਨ ਕਰ ਰਹੀਆਂ ਹਨ ਅਤੇ ਅੱਜ ਵੀ ਉਹਨਾਂ ਨਾਲ ਜੁੜੇ ਲੋਕ ਹਰ ਮਹਿਫ਼ਲ ਵਿਚ ਉਹਨਾਂ ਨੂੰ ਯਾਦ ਕਰਦੇ ਹਨ। ਉਹਨਾਂ ਦਾ ਲਿਖਿਆ ਬਹੁਤ ਸਾਰਾ ਸਾਹਿਤ ਅਤੇ ਸ਼ੁਰੂ ਕੀਤੀ 'ਪੰਜਾਬੀ ਲਿਖ਼ਾਰੀ ਸਭਾ ਕੈਲਗਰੀ' ਸਾਡੇ ਕੋਲ ਹੈ। ਜੋ ਲਗਾਤਾਰ ਚੱਲਦੀ ਇਸ ਸਾਲ ਆਪਣੇ 20ਵੇਂ ਸਲਾਨਾ ਸਮਾਗਮ ਤੱਕ ਪਹੁੰਚ ਗਈ ਹੈ ਅਤੇ ਉਹਨਾਂ ਦੀ ਨਵੀਂ ਪਰਵਾਸੀ ਪੀੜ੍ਹੀ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੀ ਇੱਛਾ ਅਨੁਸਾਰ ਹੁਣ ਇਕ ਹੋਰ ਸਿਰਫ਼ ਬੱਚਿਆਂ ਦਾ 'ਪੰਜਾਬੀ ਬੋਲਣ ਦੀ ਮੁਹਾਰਤ' ਦਾ ਪ੍ਰੋਗਰਾਮ ਸਾਲ 2012 ਤੋਂ ਸਲਾਨਾ ਕਰਦੀ ਹੈ। ਬੇਸ਼ਕ ਉਹਨਾਂ ਨੂੰ ਇਸ 2019 ਵਿਚ ਇਸ ਜ਼ਹਾਨੋਂ ਗਿਆ 13 ਸਾਲ ਦਾ ਸਮਾਂ ਹੋ ਗਿਆ ਹੈ ਪਰ ਅਹਿਜੇ ਇਨਸਾਨ ਲੋਕ ਚੇਤਿਆਂ ਵਿਚ ਹਮੇਸ਼ਾਂ ਜਿਉਂਦੇ ਰਹਿੰਦੇ ਹਨ। ਮੈਂਨੂੰ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਸਾਲ 2018-2019 ਦੀ ਕਮੇਟੀ ਦਾ ਇੱਕ ਜ਼ਿੰਮੇਵਾਰ ਕਾਰਜਕਾਰੀ ਮੈਂਬਰ ਹੋਣ ਕਰਕੇ ਇਸ ਗੱਲ ਦੀ ਤਸੱਲੀ ਹੈ ਕਿ ਹੁਣ ਤੱਕ ਸਭਾ ਉਹਨਾਂ ਦੀ ਸੋਚ ਤੇ ਖ਼ਰੀ ਉੱਤਰੀ ਹੈ। ਸਾਲ 2019 ਵਿਚ ਉਹਨਾਂ ਦੀ ਸੋਚ ਦਾ ਜ਼ਸਨ ਮਨਾਉਂਦਿਆਂ ਪਰਮਿੰਦਰ ਕੌਰ ਸਵੈਚ ਨਿਵਾਸੀ ਸਰੀ (ਬੀ ਸੀ) ਨੂੰ 20ਵੇਂ 'ਪੰਜਾਬੀ ਲਿਖਾਰੀ ਸਭਾ ਕੈਲਗਰੀ' ਪੁਰਸਕਾਰ ਨਾਲ ਸਤੰਬਰ 7,2019 ਨੂੰ ਕੈਲਗਰੀ ਦੇ ਵਾਈਟਹੌਰਨ ਕਮਿਊਨਟੀ ਹਾਲ ਵਿਚ ਸਨਮਾਨਿਤ ਕੀਤਾ ਜਾ ਰਿਹਾ ਹੈ।                                                                                              

ਬਲਜਿੰਦਰ ਸੰਘਾ
ਫੋਨ (403)680-3212