ਸਾਹਿਤਕ ਮਹਿਫਲਾਂ ਦਾ ਸ਼ਿੰਗਾਰ-ਗੀਤਕਾਰ ਦੀਦਾਰ ਖਾਨ ਧਬਲਾਨ - ਇੰਜ.ਸਤਨਾਮ ਸਿੰਘ ਮੱਟੂ

ਅਜਿਹੇ ਸੰਜੀਦਾ ਲੇਖਕ ਤੇ ਗੀਤਕਾਰ ਬਹੁਤ ਵਿਰਲੇ ਹੁੰਦੇ ਹਨ ਜੋ ਚੰਦ ਛਿੱਲੜਾਂ ਦੇ ਮੋਹ ਤੋਂ ਮੁਕਤ ਸੱਭਿਆਚਾਰਕ, ਸਮਾਜਿਕ, ਪਰਿਵਾਰਕ ,ਧਾਰਮਿਕ ਵਿਸ਼ਿਆਂ ਨੂੰ ਛੂੰਹਦੇ ਮਰਿਆਦਾ ਪਰਸ਼ੋਤਮ ਸਾਹਿਤਕ ਗੀਤਾਂ,ਕਵਿਤਾਵਾਂ ਦੀ ਰਚਨਾ ਨੂੰ ਪਹਿਲ ਦਿੰਦੇ ਹਨ।ਅਜਿਹੀਆਂ ਹੀ ਸਾਹਿਤਕ ਸ਼ਖਸ਼ੀਅਤਾਂ ਚੋਂ ਗੀਤਕਾਰ ਦੀਦਾਰ ਖਾਨ ਧਬਲਾਨ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ।
ਆਪਣੀ ਜਿੰਦਗੀ ਦੀਆਂ 60 ਕੁ ਹੁਸੀਨ ਬਹਾਰਾਂ ਅਤੇ ਪੱਤਝੜਾ ਦਾ ਆਨੰਦ ਮਾਣ ਚੁੱਕੇ ਦੀਦਾਰ ਖਾਨ ਨੇ ਸ਼ਾਹੀ ਸਹਿਰ ਪਟਿਆਲਾ ਦੇ ਪਿੰਡ ਧਬਲਾਨ ਵਿਖੇ ਪਿਤਾ ਜਨਾਬ ਲਤੀਫ ਖਾਨ ਭੱਟੀ ਅਤੇ ਮਾਤਾ ਬੇਗਮ ਹਸਨੀ ਦੇ ਘਰ 12 ਮਈ 1959 ਨੂੰ ਜਨਮ ਲਿਆ।ਪੜਾਈ ਪੱਖੋਂ ਉਸਦਾ ਹੱਥ ਥੋੜਾ ਤੰਗ ਰਿਹਾ, ਬੱਸ ਪ੍ਰਾਇਮਰੀ ਹੀ ਪਾਸ ਕਰ ਸਕਿਆ ਅਤੇ ਪੜ੍ਹਾਈ ਛੱਡ ਪਿਤਾ ਨਾਲ ਕਬੀਲਦਾਰੀ ਦੇ ਮੋਢੇ ਨਾਲ ਮੋਢਾ ਜੋੜ ਲਿਆ।ਬੇਸ਼ੱਕ ਉਸਦੇ ਪਰਿਵਾਰ ਦਾ ਗੀਤ ਸੰਗੀਤ ਨਾਲ ਕੋਈ ਵਾਸਤਾ ਨਹੀਂ ਸੀ,ਪਰ ਫਿਰ ਵੀ ਨਾਨਕਿਆਂ ਚੋਂ ਉਸਦੇ ਕਵੀਸ਼ਰ ਮਾਮਾ ਰਮਜ਼ਾਨ ਖਾਨ ਦਾ ਉਸਦੇ ਮਨ ਤੇ ਡੂੰਘਾ ਪ੍ਰਭਾਵ ਪਿਆ ਤੇ ਉਸਦੇ ਮਨ ਅੰਦਰ ਵਿਚਾਰਾਂ ਦਾ ਤੂਫਾਨ ਉਬਾਲੇ ਮਾਰਨ ਲੱਗਾ।ਉਸ ਵੇਲੇ ਦੇ ਗੀਤਕਾਰ ਚਰਨ ਸਿੰਘ ਸਫਰੀ,ਗੁਰਦੇਵ ਮਾਨ,ਬਾਬੂ ਸਿੰਘ ਮਾਨ ਆਦਿ ਦਾ ਗੀਤਾਂ ਚ ਵੱਜਦਾ ਨਾਮ ਸੁਣ ਉਸ ਉੱਪਰ ਗੀਤਕਾਰੀ ਦਾ ਭੂਤ ਸਵਾਰ ਹੋ ਗਿਆ।ਖੇਤਾਂ ਚ ਡੰਗਰਾਂ ਪਿੱਛੇ ਘੁੰਮਦਿਆਂ ਕਾਫੀਏ ਮਿਲਾਉਣੇ ਸ਼ੁਰੂ ਕਰ ਦਿੱਤੇ ਅਤੇ ਸਭ ਤੋਂ ਪਹਿਲਾ ਗੀਤ " ਕੁੰਤੀ ਦਾ ਬਾਪੂ ਕਰਦਾ ਰਹੇ ਸ਼ਿਕਾਰ" ਲਿਖਿਆ।ਬੱਸ ਫਿਰ ਚੱਲ ਸੋ ਚੱਲ।ਹੁਣ ਤੱਕ ਬੇਰੋਕ ਕਰੀਬ 600 ਗੀਤਾਂ ਦੀ ਰਚਨਾ ਕਰ ਦਿੱਤੀ ਹੈ।ਉਸਦਾ ਕਹਿਣਾ ਹੈ ਕਿ ਗੀਤਾਂ ਦੀ ਰਚਨਾ ਉਸਨੂੰ ਕੁਦਰਤੀ ਬਖਸ਼ਿਸ਼ ਹੈ।ਭਾਵੇਂ ਉਸਨੇ ਇਸ ਖੇਤਰ ਚ ਕਿਸੇ ਨੂੰ ਗੁਰੂ ਨਹੀਂ ਧਾਰਨ ਕੀਤਾ ,ਪਰ ਗਾਇਕੀ ਦੀਆਂ ਬਾਰੀਕੀਆਂ ਉਸਨੇ ਬਾਬੂ ਦੀਦਾਰ ਜਾਫਰ ਤੋਂ ਸਿੱਖੀਆਂ ਹਨ।
ਦੀਦਾਰ ਖਾਨ ਦਾ ਪਹਿਲਾਂ ਗੀਤ 'ਉੱਡਦੇ ਪੰਛੀ ਨੂੰ ਸੀਟੀ ਮਾਰ ਬੁਲਾਵੇਂਂ' 1978 ਚ ਗਾਇਕ ਸੁਖਦੇਵ ਸਫਰੀ ਅਤੇ ਸੁਤਿੰਦਰ ਬੀਬਾ ਦੀ ਆਵਾਜ਼ ਚ ਰਿਕਾਰਡ ਹੋਇਆ ਸੀ,ਜੋ ਕਾਫੀ ਮਕਬੂਲ ਹੋਇਆ।ਇਸਤੋਂ ਬਾਅਦ ਸੁਖਦੇਵ ਸਫਰੀ, ਆਗਿਆ ਸਿੰਘ ਹੀਰਾ, ਮੰਗਤ ਖਾਨ, ਮਨਜੀਤ ਬੁਟਾਰੀ, ਤੀਰਥ ਚੰਦਨ, ਭਾਗ ਸਿੰਘ ਸੰਦਲ, ਬਲਜੀਤ ਸਹੋਤਾ, ਆਸਾ ਚੌਹਾਨ, ਕਰਨੈਲ ਹੀਰਾ ਨਾਭਾ,ਗੁਰਪ੍ਰੀਤ ਢਿੱਲੋਂ, ਪ੍ਰੀਤ ਸੰਦਲ,ਮਨੂੰ ਸਿਮਰਨ ਆਦਿ ਗਾਇਕਾਂ ਨੇ ਉਸਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ ਚ ਗਾਇਆ ਹੈ।
ਉਸਦੇ ਰਿਕਾਰਡ ਗੀਤਾਂ ਚੋਂ
ਮਾਂ ਦਾ ਖਤ,
ਤੱਤੀ ਤਵੀ,
ਤੇਰੇ ਨਾਲ ਸਿੰਘਾਂ ਦੀ ਲੜਾਈ ਦਿੱਲੀਏ, ਸਾਡੀ ਯਾਦ,
ਵਾਹਗੇ ਦੀ ਦੀਵਾਰ,
 ਪ੍ਰਦੇਸ਼ ਦੀ ਚਿੱਠੀ ਗੀਤ ਜ਼ਿਕਰਯੋਗ ਹਨ।ਉਸਦੇ ਲਿਖੇ ਗੀਤ ਕਈ ਸਾਂਝੇ ਕਾਵਿ ਸੰਗ੍ਰਹਿਆਂ ਚ ਛਪੇ ਹਨ,ਜਿੰਨ੍ਹਾਂ ਚੋਂ ਜੀਵਨੀ ਕਵੀਸ਼ਰ ਨਸੀਬ ਚੰਦ ਪਾਤੜਾਂ, ਕਲਮ ਕਾਫਲਾ, ਕਲਮ ਸ਼ਕਤੀ, ਸ਼ਿਰਾਜਾ(ਜੰਮੂ-ਕਸ਼ਮੀਰ ਤੋਂ), ਕਲਮ ਦਾ ਸਫਰ ਪ੍ਰਮੁੱਖ ਹਨ।
ਪੰਜਾਬੀ ਬਾਲ ਸਾਹਿਤ ਪੁਰਸਕਾਰ ਜੇਤੂ ਡਾ. ਦਰਸ਼ਨ ਸਿੰਘ ਆਸ਼ਟ ਦੇ ਸਹਿਯੋਗ ਸਦਕਾ ਦੀਦਾਰ ਖਾਨ ਨੇ ਆਪਣੇ ਲਿਖੇ ਗੀਤਾਂ ਦੀਆਂ ਚਾਰ ਪੁਸਤਕਾਂ- ਪੌਣਾਂ ਚ ਘੁਲੇ ਗੀਤ, ਕਾਗਜਾਂ ਦੇ ਫੁੱਲ,
ਅੱਲ੍ਹੇ ਜਖ਼ਮ ਅਤੇ
ਜਨਮ ਤੁਮਹਾਰੇ ਲੇਖੇ(ਧਾਰਮਿਕ)
 ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।ਇਸ ਤੋਂ ਇਲਾਵਾ ਉਸਦੇ ਲਿਖੇ ਸਾਹਿਤਕ ਗੀਤ ਪੰਜਾਬੀ ਦੇ ਪੰਜਾਬ ਅਤੇ ਵਿਦੇਸ਼ਾਂ ਤੋਂ ਛਪਦੇ ਅਖਬਾਰਾਂ ਅਤੇ ਮੈਗਜ਼ੀਨ ਸਮੁੰਦਰੋਂ ਪਾਰ, ਗੁਸੱਈਆਂ,ਚੜ੍ਹਦੀ ਕਲਾ, ਅਦਬ ਆਦਿ ਚ ਛਪਦੇ ਰਹਿੰਦੇ ਹਨ। ਉਹ ਆਪਣੇ ਗੀਤਾਂ ਨਾਲ ਆਕਾਸ਼ਵਾਣੀ ਪਟਿਆਲਾ, ਟਾਈਮ ਟੀਵੀ, ਲਕਸ਼ਮੀ ਚੈਨਲ ਕਲਕੱਤਾ ਰਾਹੀਂ ਵੀ ਸਰੋਤਿਆਂ ਨਾਲ ਰੂਬਰੂ ਹੋ ਚੁੱਕਾ ਹੈ।
ਉਸਦਾ ਕਹਿਣਾ ਹੈ ਕਿ ਉਸਨੇ ਹਮੇਸ਼ਾ ਸਾਹਿਤਕ ਅਤੇ ਪਰਿਵਾਰਕ ਗੀਤ ਲਿਖਣ ਨੂੰ ਤਰਜੀਹ ਦਿੱਤੀ ਹੈ।ਉਸਦੇ ਗੀਤਾਂ ਦੇ ਵਿਸ਼ੇ ਪਿਆਰ, ਮੁਹੱਬਤ, ਵਿਛੋੜੇ ਦਾ ਦਰਦ,ਸਮਾਜਿਕ ਕੁਰੀਤੀਆਂ, ਪਰਿਵਾਰਕ ਨੋਕਝੋਕ ਆਧਾਰਿਤ ਹਨ।ਦੇਸ਼ ਦੀ ਵੰਡ ਦਾ ਉਸਨੂੰ ਗਹਿਰਾ ਦੁੱਖ ਹੈ।
ਆਪਣੀ ਇਸ ਕਲਾ ਦੇ ਬਲਬੂਤੇ ਉਹਨਾਂ ਸਾਊਦੀ ਅਰਬ,ਪਾਕਿਸਤਾਨ, ਨੇਪਾਲ ਅਤੇ ਭਾਰਤ ਚ ਜੰਮੂ ਕਸ਼ਮੀਰ, ਮੇਘਾਲਿਆ, ਦਾਰਜੀਲਿੰਗ, ਕਲਕੱਤਾ,ਜੈਪੁਰ, ਪ੍ਰਤਾਪਗੜ੍ਹ, ਸ਼ਿਲਾਂਗ ਵਿਖੇ ਕਵੀ ਦਰਬਾਰਾਂ ਚ ਭਰਵੀਂ ਹਾਜਰੀ ਲਵਾਈ ਹੈ।
ਅੱਜਕਲ੍ਹ ਆਪਣੇ ਪਰਿਵਾਰ ਨਾਲ ਪਿੰਡ ਚ ਜਿੰਦਗੀ ਬਸਰ ਕਰ ਰਹੇ ਦੀਦਾਰ ਖਾਨ ਨੂੰ ਪਟਿਆਲਾ ਦੀਆਂ ਸਾਹਿਤਕ ਮਹਿਫਲਾਂ ਚ ਹਾਜਰੀ ਲਗਵਾ ਕੇ ਸਕੂਨ ਮਿਲਦਾ ਹੈ।ਉਸਦੇ ਲਿਖੇ ਗੀਤ ਚ ਨਸੀਹਤ
"ਇੱਟਾਂ ਸੀਮਿੰਟ ਸਰੀਏ ਦੇ ਨਾਲ ਬੰਗਲਾ ਬਣ ਜਾਦੈ,
ਜਿੱਥੇ ਬਹੀਏ ਜੁੜਕੇ ਤਾਂ ਉਹ ਘਰ ਅਖਵਾਉਂਦਾ ਹੈ।
ਹੋਵੇ ਕਲਾ ਕਲੇਸ਼ ਤਾਂ ਬੰਦਾ ਭੱਜਦੈ ਬਾਹਰ ਨੂੰ,
ਜੇ ਹੋਵੇ ਸਤਿਕਾਰ ਤਾਂ ਬੰਦਾ ਘਰ ਨੂੰ ਆਉਂਦਾ ਹੈ।"
ਅਤੇ
"ਵੱਢਦੇ ਕਸਾਈਆਂ ਕੋਲੋਂ ਭੱਜ ਜੇ ਛੁਡਾ ਕੇ ਪਸ਼ੂ
ਕਿਹੜੇ ਪਾਸੇ ਗਿਆ ਇਹ ਦੱਸਣਾ ਨਹੀਂ ਚਾਹੀਦਾ।
ਹੁੰਦਾ ਹੋਵੇ ਝਗੜਾ ਤਾਂ ਵੱਟ ਲਈਏ ਪਾਸਾ,
ਐਵੇਂ ਜੱਟਾਂ ਦੀ ਲੜਾਈ ਵਿੱਚ ਫਸਣਾ ਨਹੀਂ ਚਾਹੀਦਾ।"
ਮਾਣ ਸਨਮਾਨ ਬਾਬਤ ਗੱਲ ਕਰਦਿਆਂ ਉਸਦਾ ਕਹਿਣਾ ਹੈ ਕਿ ਸਰੋਤਿਆਂ ਅਤੇ ਪਾਠਕਾਂ ਦਾ ਪਿਆਰ ਸਭ ਤੋੱ ਵੱਡਾ ਸਨਮਾਨ ਹੈ।ਪ੍ਰਮਾਤਮਾ ਕਰੇ ਗੀਤਕਾਰ ਦੀਦਾਰ ਖਾਨ ਦੀ ਕਲਮ ਇਸੇ ਤਰ੍ਹਾਂ ਨਿਰੰਤਰ ਕੋਰੇ ਕਾਗਜ ਦੀ ਹਿੱਕ ਰੰਗਦੀ ਰਹੇ।

ਆਮੀਨ !!
ਇੰਜ.ਸਤਨਾਮ ਸਿੰਘ ਮੱਟੂ
ਬੀਂਂਬੜ੍ਹ, ਸੰਗਰੂਰ।
9779708257
ਫੋਟੋਆਂ. 1. ਦੀਦਾਰ ਖਾਨ