ਆਜ਼ਾਦੀ ਦੇ 73ਵੇਂ ਵਰ੍ਹੇ ਵਿਚ - ਸਵਰਾਜਬੀਰ

ਆਜ਼ਾਦੀ ਬਹੁਤ ਕੀਮਤੀ ਸ਼ੈਅ ਹੈ। ਇਹ ਜ਼ਿੰਦਗੀ ਦੀ ਉਹ ਮੁੱਢਲੀ ਸ਼ਰਤ ਹੈ ਜੋ ਪੂਰੀ ਹੁੰਦੀ ਹੋਵੇ ਤਾਂ ਹੀ ਮਨੁੱਖ, ਮਨੁੱਖ ਵਜੋਂ ਜਿਊਂ ਸਕਦਾ ਹੈ। ਜੇ ਕਿਸੇ ਵੀ ਭੂਗੋਲਿਕ ਖ਼ਿੱਤੇ ਦੇ ਲੋਕ ਕਿਸੇ ਹੋਰ ਦੇਸ਼ ਜਾਂ ਨਸਲ ਦੀ ਗ਼ੁਲਾਮੀ ਭੋਗ ਰਹੇ ਹੋਣ ਤਾਂ ਉਨ੍ਹਾਂ ਦੇ ਜੀਵਨ ਵਿਚੋਂ ਮਨੁੱਖਤਾ ਵੱਡੀ ਪੱਧਰ 'ਤੇ ਮਨਫ਼ੀ ਹੋ ਜਾਂਦੀ ਹੈ। ਇਸੇ ਲਈ ਜਦੋਂ ਵੀ ਵੱਖ ਵੱਖ ਦੇਸ਼ਾਂ ਜਾਂ ਕੌਮਾਂ ਨੂੰ ਗ਼ੁਲਾਮ ਬਣਾਇਆ ਗਿਆ ਤਾਂ ਲੋਕਾਂ ਨੇ ਸੰਘਰਸ਼ ਕੀਤਾ। ਉਨ੍ਹਾਂ ਨੇ ਗ਼ੁਲਾਮੀ ਦਾ ਜੀਵਨ ਜਿਊਣ ਦੀ ਬਜਾਇ ਮੌਤ ਨੂੰ ਗਲੇ ਲਗਾਉਣਾ ਬਿਹਤਰ ਸਮਝਿਆ।
      17ਵੀਂ-18ਵੀਂ ਸਦੀ ਵਿਚ ਯੂਰੋਪ ਦੇ ਕਈ ਦੇਸ਼ ਬਸਤੀਵਾਦੀ ਤਾਕਤਾਂ ਬਣ ਕੇ ਉੱਭਰੇ। ਉਨ੍ਹਾਂ ਨੇ ਏਸ਼ੀਆ ਤੇ ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੂੰ ਗ਼ੁਲਾਮ ਬਣਾ ਲਿਆ। ਵੱਖ ਵੱਖ ਦੇਸ਼ ਹਾਲੈਂਡ, ਸਪੇਨ, ਪੁਰਤਗਾਲ, ਜਰਮਨੀ, ਫ਼ਰਾਂਸ ਜਾਂ ਇੰਗਲੈਂਡ ਦੀਆਂ ਬਸਤੀਆਂ ਬਣ ਗਏ। ਅੰਗਰੇਜ਼ ਸਾਮਰਾਜ ਏਨਾ ਫੈਲ ਗਿਆ ਕਿ ਕਹਾਵਤ ਸੀ ਕਿ ਉਸ ਸਾਮਰਾਜ ਵਿਚ ਸੂਰਜ ਕਦੇ ਵੀ ਨਹੀਂ ਡੁੱਬਦਾ। ਅੰਗਰੇਜ਼ ਹਿੰਦੋਸਤਾਨ ਵਿਚ ਵਪਾਰੀ ਬਣ ਕੇ ਆਏ ਅਤੇ ਈਸਟ ਇੰਡੀਆ ਕੰਪਨੀ ਨੇ ਵਪਾਰ ਦੇ ਨਾਲ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਨੂੰ ਗ਼ੁਲਾਮ ਬਣਾ ਲਿਆ। ਇਸ ਪਿੱਛੇ ਮੁੱਖ ਕਾਰਨ ਇਹ ਸੀ ਕਿ ਇਸ ਭੂਗੋਲਿਕ ਖ਼ਿੱਤੇ ਵਿਚ ਰਾਜ ਕਰਦੇ ਰਾਜੇ ਤੇ ਰਜਵਾੜੇ ਕਦੇ ਵੀ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਵਿਰੁੱਧ ਨਾ ਲੜੇ। ਹੈਦਰ ਅਲੀ ਦੇ ਵਾਰਸ ਟੀਪੂ ਸੁਲਤਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ ਪਰ ਇਹ ਲੜਾਈਆਂ ਵੀ ਉਨ੍ਹਾਂ ਨੇ ਇਕੱਲਿਆਂ ਰਹਿ ਕੇ ਲੜੀਆਂ। ਬਹੁਤ ਸਾਰੇ ਰਜਵਾੜਿਆਂ ਨੇ ਬਿਨਾਂ ਕਿਸੇ ਲੜਾਈ ਤੋਂ ਅੰਗਰੇਜ਼ਾਂ ਦੀ ਈਨ ਮੰਨ ਲਈ।
      ਬਸਤੀਵਾਦ ਵਿਰੁੱਧ 1857 ਵਿਚ ਆਜ਼ਾਦੀ ਦਾ ਪਹਿਲਾ ਸੰਘਰਸ਼ ਹੋਇਆ ਜਿਸ ਨੂੰ ਗ਼ਦਰ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਪੰਜਾਬੀਆਂ ਨੇ ਅਹਿਮਦ ਖ਼ਾਨ ਖਰਲ ਦੀ ਅਗਵਾਈ ਹੇਠ ਬਾਰ ਵਿਚ ਅਤੇ ਮੇਹਰ ਸਿੰਘ ਦੀ ਅਗਵਾਈ ਹੇਠ ਰੋਪੜ ਵਿਚ ਬਗ਼ਾਵਤ ਕੀਤੀ। ਬਾਅਦ ਦੇ ਹੋਏ ਆਜ਼ਾਦੀ ਦੇ ਸੰਘਰਸ਼ ਵਿਚ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ, ਗੁਰਦੁਆਰਿਆਂ ਦੀ ਆਜ਼ਾਦੀ ਲਈ ਚੱਲੀ ਅਕਾਲੀ ਪਾਰਟੀ ਦੀ ਤਹਿਰੀਕ, ਭਗਤ ਸਿੰਘ ਦੀ ਅਗਵਾਈ ਵਿਚ ਬਣੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ, ਬੱਬਰ ਅਕਾਲੀ ਲਹਿਰ ਆਦਿ ਪੰਜਾਬੀਆਂ ਦੇ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਵੱਡੇ ਯੋਗਦਾਨ ਵਾਲੀਆਂ ਤਹਿਰੀਕਾਂ ਸਨ। ਪੰਜਾਬੀਆਂ ਨੇ ਕਾਂਗਰਸ ਦੀ ਅਗਵਾਈ ਵਿਚ ਚੱਲ ਰਹੇ ਆਜ਼ਾਦੀ ਦੇ ਸੰਘਰਸ਼ ਵਿਚ ਵੀ ਵੱਡਾ ਹਿੱਸਾ ਪਾਇਆ ਅਤੇ ਕਿਰਤੀ ਤੇ ਕਮਿਊਨਿਸਟ ਪਾਰਟੀਆਂ ਦੁਆਰਾ ਵਿੱਢੇ ਗਏ ਜਨ-ਅੰਦੋਲਨਾਂ ਵਿਚ ਵੀ ਹਿੱਸਾ ਲਿਆ। ਆਜ਼ਾਦ ਹਿੰਦ ਫ਼ੌਜ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਸਨ। 1919 ਵਿਚ ਰੌਲਟ ਐਕਟ ਦੇ ਵਿਰੁੱਧ ਚੱਲੀ ਤਹਿਰੀਕ ਵਿਚ ਪੰਜਾਬ ਨੂੰ ਵੱਡੇ ਅਜ਼ਾਬ ਤੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ।
      ਦੇਸ਼ ਦੀ ਆਜ਼ਾਦੀ ਦੇ ਨਾਲ ਨਾਲ ਪੰਜਾਬ ਵਿਚ ਵੱਡਾ ਦੁਖਾਂਤ ਵਾਪਰਿਆ ਤੇ ਪੰਜਾਬ ਵੰਡਿਆ ਗਿਆ। ਇਸ ਵੰਡ ਵੇਲ਼ੇ ਪੰਜਾਬੀਆਂ ਨੂੰ ਬਿਲਕੁਲ ਵੀ ਨਹੀਂ ਪੁੱਛਿਆ ਗਿਆ ਕਿ ਉਹ ਕੀ ਚਾਹੁੰਦੇ ਹਨ। ਲਗਭਗ ਦਸ ਲੱਖ ਪੰਜਾਬੀਆਂ ਦੀਆਂ ਜਾਨਾਂ ਗਈਆਂ ਤੇ ਲੱਖਾਂ ਲੋਕ ਬੇਘਰ ਹੋਏ। ਸਦੀਆਂ ਤੋਂ ਆਪਣੇ ਵਸੇਬਿਆਂ ਵਿਚ ਰਹਿੰਦੇ ਪੰਜਾਬੀ, ਹਿੰਦੂ, ਸਿੱਖ ਤੇ ਮੁਸਲਮਾਨ ਆਪਣੀ ਰਹਿਤਲ ਤੋਂ ਟੁੱਟੇ ਤੇ ਨਵੀਆਂ ਥਾਵਾਂ 'ਤੇ ਜਾ ਆਬਾਦ ਹੋਏ। ਇਸ ਵੰਡ ਨਾਲ ਉਹ ਪੰਜਾਬੀਅਤ, ਜਿਸ ਦਾ ਮੁੱਢ ਬਾਬਾ ਫ਼ਰੀਦ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਨੇ ਬੰਨ੍ਹਿਆ ਸੀ, ਖੇਰੂੰ-ਖੇਰੂੰ ਹੋ ਗਈ। ਵੰਡ ਵੇਲ਼ੇ ਖ਼ੁਆਰ ਹੋਏ ਪੰਜਾਬੀਆਂ ਨੇ 1980ਵਿਆਂ ਤੇ 1990ਵਿਆਂ ਦੇ ਦੌਰਾਨ ਅਤਿਵਾਦ ਤੇ ਸਰਕਾਰੀ ਤਸ਼ੱਦਦ ਦਾ ਸੇਕ ਆਪਣੇ ਪਿੰਡੇ 'ਤੇ ਹੰਢਾਇਆ। ਇਨ੍ਹਾਂ ਦੁੱਖਾਂ-ਦੁਸ਼ਵਾਰੀਆਂ ਦੇ ਬਾਵਜੂਦ ਪੰਜਾਬੀਆਂ ਨੇ ਆਪਣੀ ਮਿਹਨਤ ਤੇ ਮੁਸ਼ੱਕਤ ਨਾਲ ਦੇਸ਼ ਦੇ ਵਿਕਾਸ ਵਿਚ ਵੱਡਾ ਹਿੱਸਾ ਪਾਇਆ ਹੈ।
   ਬਹੁਤ ਸਾਰੇ ਪੱਛਮੀ ਰਾਜਸੀ ਮਾਹਿਰਾਂ ਦਾ ਖ਼ਿਆਲ ਸੀ ਕਿ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿਚ ਵੱਖ ਵੱਖ ਵੱਖਵਾਦੀ ਰੁਝਾਨ ਜ਼ੋਰ ਫੜਨਗੇ ਅਤੇ ਦੇਸ਼ ਟੋਟੇ-ਟੋਟੇ ਹੋ ਜਾਵੇਗਾ। ਇਹੋ ਜਿਹੇ ਵਿਚਾਰ ਕਈ ਕਿਤਾਬਾਂ ਤੇ ਮੁੱਖ ਤੌਰ 'ਤੇ ਸੈਲਿਗ ਐੱਸ. ਹੈਰੀਸਨ ਦੀ ਕਿਤਾਬ 'ਇੰਡੀਆ : ਦਿ ਮੋਸਟ ਡੇਂਜਰਸ ਡੀਕੇਡਸ' (India : The Most Dangerous Decades) ਵਿਚ ਦੇਖਣ ਨੂੰ ਮਿਲਦੇ ਹਨ। ਗੁਨਾਰ ਮਿਰਡਲ (Gunnar Myrdal) ਨੇ ਆਪਣੀ ਮਸ਼ਹੂਰ ਕਿਤਾਬ 'ਏਸ਼ੀਅਨ ਡਰਾਮਾ' (Asian Drama) ਵਿਚ ਇਹ ਖ਼ਦਸ਼ਾ ਪ੍ਰਗਟ ਕੀਤਾ ਕਿ ਜੇ ਸਮਾਜ ਨੂੰ ਤੋੜਨ, ਭੰਨਣ ਵਾਲੀਆਂ ਅਤੇ ਵੱਖ ਵੱਖ ਵੱਖਵਾਦੀ ਪ੍ਰਵਿਰਤੀਆਂ ਨੂੰ ਕਾਬੂ ਵਿਚ ਨਾ ਰੱਖਿਆ ਗਿਆ ਤਾਂ ਵਿਕਾਸ ਦੇ ਇਸ ਡਰਾਮੇ (Drama of Development) ਦਾ ਅੰਤ ਦੁਖਾਂਤ ਵਿਚ ਹੋਵੇਗਾ। ਦੇਸ਼ ਦੀ ਜਮਹੂਰੀਅਤ 'ਤੇ ਗੰਭੀਰ ਸੰਕਟ ਆਏ ਪਰ ਲੋਕਾਂ ਨੇ ਵਾਰ ਵਾਰ ਜਮਹੂਰੀਅਤ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਲੋਕ ਡੂੰਘੇ ਪੱਧਰ 'ਤੇ ਇਹ ਵੀ ਜਾਣਦੇ ਹਨ ਕਿ ਧਰਮ, ਨਸਲ ਜਾਂ ਹੋਰ ਕਿਸੇ ਆਧਾਰ 'ਤੇ ਛੋਟੀਆਂ ਛੋਟੀਆਂ ਇਕਾਈਆਂ ਦੀ ਮੰਗ ਕਰਨਾ ਲੋਕਾਂ ਦੇ ਆਪਣੇ ਹਿਤ ਵਿਚ ਨਹੀਂ ਹੁੰਦਾ ਕਿਉਂਕਿ ਇਹੋ ਜਿਹੀਆਂ ਇਕਾਈਆਂ ਹਮੇਸ਼ਾ ਗ਼ਰੀਬ ਲੋਕਾਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਦਮਿਤਾਂ ਤੇ ਔਰਤਾਂ ਦੇ ਹੱਕਾਂ ਦੇ ਵਿਰੁੱਧ ਜਾਂਦੀਆਂ ਹਨ।
     ਸਿਆਸੀ ਆਜ਼ਾਦੀ ਦੇ ਨਾਲ ਨਾਲ ਸਮਾਜਿਕ ਆਜ਼ਾਦੀ ਅਤੇ ਆਰਥਿਕ ਆਜ਼ਾਦੀ ਦੀ ਵੱਖਰੀ ਅਹਿਮੀਅਤ ਹੁੰਦੀ ਹੈ। ਕੋਈ ਵੀ ਆਜ਼ਾਦੀ ਆਪਣੇ ਵਿਚ ਸੰਪੂਰਨ (Absolute) ਨਹੀਂ ਹੁੰਦੀ। ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਪੱਖਾਂ ਤੋਂ ਮਨੁੱਖ ਇਕ-ਦੂਸਰੇ 'ਤੇ ਨਿਰਭਰ ਹਨ ਅਤੇ ਇਸ ਤਰ੍ਹਾਂ ਸਮਾਜ, ਸੱਭਿਆਚਾਰ, ਰਵਾਇਤਾਂ ਤੇ ਅਰਥਚਾਰਾ ਮਨੁੱਖ 'ਤੇ ਵੱਖ ਵੱਖ ਤਰ੍ਹਾਂ ਦੀਆਂ ਬੰਦਸ਼ਾਂ ਲਾਉਂਦੇ ਹਨ। ਪਰ ਆਜ਼ਾਦੀ ਦੇ ਅਰਥ ਸ਼ਾਇਦ ਇਹ ਹੁੰਦੇ ਹਨ ਕਿ ਉਹ ਬੰਦਸ਼ਾਂ ਘੱਟ ਤੋਂ ਘੱਟ ਹੋਣ ਤੇ ਜਿਹੜੀਆਂ ਹੋਣ, ਉਨ੍ਹਾਂ ਦੀ ਤਾਸੀਰ ਇਹੋ ਜਿਹੀ ਹੋਵੇ ਕਿ ਉਨ੍ਹਾਂ ਕਾਰਨ ਦੂਸਰਿਆਂ ਨੂੰ ਆਜ਼ਾਦੀ ਨਾਲ ਜਿਊਣ ਅਤੇ ਸਮਾਜਿਕ ਬਰਾਬਰੀ ਦੇ ਹੱਕ ਮਿਲਣ। ਕਈ ਰਾਜਸੀ ਮਾਹਿਰਾਂ, ਸਮਾਜ ਸ਼ਾਸਤਰੀਆਂ ਅਤੇ ਚਿੰਤਕਾਂ ਅਨੁਸਾਰ ਆਰਥਿਕ ਤਬਦੀਲੀਆਂ ਆਉਣ ਨਾਲ ਸਮਾਜਿਕ ਢਾਂਚੇ ਵਿਚ ਆਪਣੇ ਆਪ ਤਬਦੀਲੀਆਂ ਆਉਂਦੀਆਂ ਹਨ ਅਤੇ ਮਨੁੱਖ ਆਰਥਿਕ ਵਿਕਾਸ ਨਾਲ ਸਮਾਜਿਕ ਆਜ਼ਾਦੀ ਵੱਲ ਵਧਣ ਲੱਗਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੁਨਿਆਦੀ ਆਰਥਿਕ ਤਬਦੀਲੀਆਂ ਸਮਾਜਿਕ ਰਿਸ਼ਤਿਆਂ 'ਤੇ ਡੂੰਘੇ ਅਸਰ ਪਾਉਂਦੀਆਂ ਹਨ ਤੇ ਮਨੁੱਖਾਂ ਵਿਚਲੇ ਬੁਨਿਆਦੀ ਰਿਸ਼ਤੇ ਬਦਲਦੇ ਵੀ ਹਨ ਪਰ ਬਹੁਤ ਸਾਰੇ ਰਿਸ਼ਤਿਆਂ, ਜਿਨ੍ਹਾਂ ਦਾ ਸਬੰਧ ਪਿਤਰੀ ਸੱਤਾ (ਮਰਦ ਪ੍ਰਧਾਨ ਸੋਚ) ਅਤੇ ਹਿੰਦੋਸਤਾਨ ਦੇ ਸੰਦਰਭ ਵਿਚ ਜਾਤੀਵਾਦੀ ਸਮਾਜ ਨਾਲ ਹੈ, ਨੂੰ ਬਦਲਣ ਵਿਚ ਬਹੁਤ ਸਮਾਂ ਲੱਗਦਾ ਹੈ। ਉਦਾਹਰਨ ਦੇ ਤੌਰ 'ਤੇ ਸੋਵੀਅਤ ਯੂਨੀਅਨ ਵਿਚ ਲੰਮਾ ਚਿਰ ਸਮਾਜਵਾਦ ਰਹਿਣ ਨਾਲ ਔਰਤਾਂ ਨੂੰ ਬਹੁਤ ਹੱਦ ਤਕ ਆਜ਼ਾਦੀ ਤਾਂ ਮਿਲੀ ਪਰ ਮਰਦਾਂ ਦੀ ਔਰਤਾਂ ਪ੍ਰਤੀ ਪਹੁੰਚ ਰਵਾਇਤੀ ਤੇ ਔਰਤ ਨੂੰ ਅਧੀਨ ਸਮਝਣ ਵਾਲੀ ਰਹੀ। ਹਿੰਦੋਸਤਾਨ ਵਿਚ ਵੀ ਔਰਤ ਕਈ ਪੱਧਰਾਂ 'ਤੇ ਮਰਦ ਦੀ ਗ਼ੁਲਾਮੀ ਭੋਗਦੀ ਹੈ।
      ਸਿਆਸੀ ਆਜ਼ਾਦੀ ਤੇ ਆਰਥਿਕ ਵਿਕਾਸ ਨੇ ਜਾਤੀਵਾਦ ਦੀ ਸਮੱਸਿਆ ਨੂੰ ਵੀ ਹੱਲ ਨਹੀਂ ਕੀਤਾ। ਸ਼ਾਇਦ ਇਸੇ ਲਈ ਭਗਤ ਸਿੰਘ ਨੇ ਦਲਿਤਾਂ ਬਾਰੇ ਲਿਖਦਿਆਂ ਉਨ੍ਹਾਂ ਨੂੰ ਪਹਿਲਾਂ ਸਮਾਜਿਕ ਇਨਕਲਾਬ ਤੇ ਫਿਰ ਸਿਆਸੀ ਇਨਕਲਾਬ ਲਈ ਜੂਝਣ ਲਈ ਕਿਹਾ ਸੀ। ਇਸ ਤਰ੍ਹਾਂ ਦੇਸ਼ ਵਿਚ ਔਰਤਾਂ ਤੇ ਦਲਿਤਾਂ ਦੀ ਆਜ਼ਾਦੀ ਵਾਸਤੇ ਲੜੀਆਂ ਜਾਣ ਵਾਲੀਆਂ ਲੜਾਈਆਂ ਦਾ ਆਪਣਾ ਮਹੱਤਵ ਹੈ ਜਿਸ ਨੂੰ ਕੋਈ ਜਮਹੂਰੀ ਧਿਰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਅੱਜ ਸਿਆਸੀ ਆਜ਼ਾਦੀ 'ਤੇ ਲੱਗ ਰਹੀਆਂ ਬੰਦਸ਼ਾਂ ਸਮਾਜਿਕ ਤੇ ਆਰਥਿਕ ਆਜ਼ਾਦੀ ਦੇ ਵੱਖ ਵੱਖ ਪਹਿਲੂਆਂ ਨੂੰ ਚੋਭਾਂ ਲਾ ਰਹੀਆਂ ਹਨ। ਇਨ੍ਹਾਂ ਦਾ ਪ੍ਰਗਟਾਓ ਹਜੂਮੀ ਹਿੰਸਾ, ਘੱਟਗਿਣਤੀਆਂ ਤੇ ਦਲਿਤਾਂ ਨਾਲ ਵਿਤਕਰੇ ਭਰੇ ਵਰਤਾਰੇ, ਔਰਤਾਂ 'ਤੇ ਲਗਾਈਆਂ ਜਾਣ ਵਾਲੀਆਂ ਬੰਦਸ਼ਾਂ ਤੇ ਉਨ੍ਹਾਂ ਪ੍ਰਤੀ ਦਾਬੂ ਰਵੱਈਏ ਵਿਚ ਹੋ ਰਿਹਾ ਹੈ। ਸਿਆਸੀ ਪੱਧਰ 'ਤੇ ਕਸ਼ਮੀਰ ਵਿਚ ਹੋਈਆਂ ਘਟਨਾਵਾਂ ਉਸ ਖ਼ਿੱਤੇ ਦੀ ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਬਣਤਰ ਦਾ ਘਾਣ ਕਰ ਦੇਣ ਵਾਲੀਆਂ ਹਨ।
      72 ਸਾਲਾਂ ਵਿਚ ਬਹੁਤ ਕੁਝ ਏਦਾਂ ਦਾ ਹੋਇਆ ਜਿਸ 'ਤੇ ਲੋਕ ਮਾਣ ਕਰ ਸਕਦੇ ਹਨ ਪਰ ਕਿਸੇ ਵੀ ਖ਼ਿੱਤੇ ਦੇ ਲੋਕਾਂ ਦੀ ਜ਼ਿੰਦਗੀ ਵਿਚ ਸਭ ਕੁਝ ਸਿੱਧ-ਪੱਧਰਾ ਅਤੇ ਜਸ਼ਨਮਈ ਨਹੀਂ ਹੁੰਦਾ। ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸਾਵੇਂ ਆਰਥਿਕ ਵਿਕਾਸ ਅਤੇ ਕਾਰਪੋਰੇਟ ਮਾਡਲ ਨੇ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਨਿਰਾਸ਼ਾ ਵੱਲ ਧੱਕਿਆ ਹੈ। ਦੇਸ਼ ਆਜ਼ਾਦੀ ਦੇ 73ਵੇਂ ਸਾਲ ਵਿਚ ਦਾਖ਼ਲ ਹੋ ਚੁੱਕਾ ਹੈ ਪਰ ਨਾਲ ਹੀ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿਚ ਸਭ ਤੋਂ ਵੱਧ ਹੈ। ਆਰਥਿਕ ਮੰਦਵਾੜਾ ਸਭ ਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ। ਨਿਰਾਸ਼ ਤੇ ਬੇਰੁਜ਼ਗਾਰ ਨੌਜਵਾਨਾਂ ਤੋਂ ਅੰਧ-ਰਾਸ਼ਟਰਵਾਦ ਦੀ ਰੰਗਤ ਵਾਲੇ ਦੇਸ਼ ਪ੍ਰੇਮ ਦੀ ਮੰਗ ਕੀਤੀ ਜਾ ਰਹੀ ਹੈ। ਨਿਰਾਸ਼ਾ 'ਤੇ ਧਾਰਮਿਕ ਅਤੇ ਅੰਧ-ਰਾਸ਼ਟਰਵਾਦੀ ਮੁਲੰਮਾ ਚੜ੍ਹਾ ਕੇ ਉਨ੍ਹਾਂ ਨੂੰ ਹਿੰਸਾ ਕਰਨ ਵਾਲੀਆਂ ਭੀੜਾਂ/ਹਜੂਮਾਂ ਵਿਚ ਬਦਲਿਆ ਜਾ ਰਿਹਾ ਹੈ। ਇਸ ਦੇਸ਼ ਵਿਚ ਰਹਿਣ ਵਾਲੇ ਸਾਰੇ ਲੋਕ ਦੇਸ਼ ਨਾਲ ਪ੍ਰੇਮ ਕਰਦੇ ਹਨ। ਉਨ੍ਹਾਂ ਨੇ ਇਸ ਧਰਤੀ ਵਾਸਤੇ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਤੋਂ ਇਸ ਤਰ੍ਹਾਂ ਦੀ ਮੰਗ ਕਰਨਾ ਦੇਸ਼ ਭਗਤੀ ਦੇ ਕਿਸੇ ਮਿਆਰ 'ਤੇ ਪੂਰਾ ਨਹੀਂ ਉਤਰਦਾ। ਦੇਸ਼ ਭਗਤੀ ਦਾ ਅਸਲੀ ਤੱਤ ਲੋਕਾਂ ਦੇ ਨਾਲ ਪਿਆਰ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨਜਿੱਠਣ ਵਿਚ ਹੈ। ਪਰ ਅੱਜ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਧਾਰਮਿਕ, ਅੰਧ-ਰਾਸ਼ਟਰਵਾਦੀ ਤੇ ਦੇਸ਼ ਪ੍ਰੇਮ ਦੇ ਨਾਅਰਿਆਂ ਰਾਹੀਂ ਜਜ਼ਬਾਤੀ ਬਣਾਇਆ ਜਾ ਰਿਹਾ ਹੈ। ਅਸਹਿਮਤੀ ਦੀਆਂ ਆਵਾਜ਼ਾਂ ਨੂੰ ਕੁਚਲਿਆ ਜਾ ਰਿਹਾ ਹੈ। ਇਕ ਸਿਆਸੀ ਮਾਹਿਰ ਅਨੁਸਾਰ ਡਰ ਅਤੇ ਮੌਕਾਪ੍ਰਸਤੀ ਨੇ ਉਦਾਰਵਾਦੀ ਹਿੰਦੋਸਤਾਨੀਆਂ ਦੇ ਬੁੱਲ੍ਹਾਂ 'ਤੇ ਤਾਲੇ ਜੜ ਦਿੱਤੇ ਹਨ। ਅਸਹਿਮਤੀ, ਆਜ਼ਾਦੀ ਤੇ ਜਮਹੂਰੀਅਤ ਦਾ ਡੂੰਘਾ ਸਬੰਧ ਹੈ। ਇਨ੍ਹਾਂ ਵਿਚੋਂ ਕਿਸੇ ਇਕ ਉੱਤੇ ਲੱਗੀ ਚੋਟ ਜਾਂ ਜ਼ਖ਼ਮ ਦੂਸਰੇ ਦੋਵਾਂ ਵਰਤਾਰਿਆਂ ਨੂੰ ਵੀ ਜ਼ਖ਼ਮੀ ਕਰਦੀ ਹੈ। ਇਹ ਬੜੇ ਮੁਸ਼ਕਲ ਵੇਲ਼ੇ ਹਨ ਅਤੇ ਇਨ੍ਹਾਂ ਵੇਲ਼ਿਆਂ ਵਿਚ ਆਪਣੇ ਵਡੇਰਿਆਂ ਦੀਆਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਕੇ ਸੰਘਰਸ਼ ਕਰਦਿਆਂ ਹੀ ਆਜ਼ਾਦੀ ਤੇ ਜਮਹੂਰੀਅਤ ਦੀ ਰੱਖਿਆ ਕੀਤੀ ਜਾ ਸਕਦੀ ਹੈ।

2019-08-19