ਕਸ਼ਮੀਰ, ਮਹਾਮਤਾ ਗਾਂਧੀ ਤੇ ਗਾਂਧੀਵਾਦੀ ਸੋਚ - ਰਾਮਚੰਦਰ ਗੁਹਾ

ਮਹਾਤਮਾ ਗਾਂਧੀ ਨੇ ਸਿਰਫ਼ ਇਕ ਵਾਰ ਅਗਸਤ 1947 ਦੇ ਪਹਿਲੇ ਹਫ਼ਤੇ ਕਸ਼ਮੀਰ ਵਾਦੀ ਦਾ ਦੌਰਾ ਕੀਤਾ। ਉਹ ਉਦੋਂ ਸਤੱਤਰ ਸਾਲ ਦੇ ਸਨ। ਇਹ ਬੜਾ ਬਿਖੜਾ ਸਫ਼ਰ ਸੀ, ਪਰ ਜ਼ਾਤੀ ਜ਼ਿੰਮੇਵਾਰੀ ਅਤੇ ਕੌਮੀ ਸਨਮਾਨ ਦੀ ਭਾਵਨਾ ਨੇ ਉਨ੍ਹਾਂ ਨੂੰ ਉੱਥੇ ਸੱਦ ਲਿਆ। ਉਨ੍ਹਾਂ ਦਾ ਮੁਲਕ ਆਜ਼ਾਦ ਵੀ ਹੋਣ ਵਾਲਾ ਸੀ ਤੇ ਦੋਫਾੜ ਵੀ, ਪਰ ਇਹ ਸਾਫ਼ ਨਹੀਂ ਸੀ ਕਿ ਜੰਮੂ-ਕਸ਼ਮੀਰ ਰਿਆਸਤ ਇਸ ਵੰਡ ਦੌਰਾਨ ਕਿਸ ਪਾਸੇ ਜਾਵੇਗੀ। ਰਿਆਸਤ ਦੀ ਬਹੁਗਿਣਤੀ ਆਬਾਦੀ ਮੁਸਲਮਾਨ ਸੀ, ਪਰ ਉਨ੍ਹਾਂ ਦਾ ਹਰਮਨ ਪਿਆਰਾ ਆਗੂ ਸ਼ੇਖ਼ ਅਬਦੁੱਲਾ ਆਪਣੀ ਪੱਕੀ ਧਰਮ-ਨਿਰਪੱਖ ਸੋਚ ਕਾਰਨ ਪਾਕਿਸਤਾਨ ਨੂੰ ਘਿਰਣਾ ਕਰਦਾ ਸੀ। ਰਿਆਸਤ ਦਾ ਹਾਕਮ ਮਹਾਰਾਜਾ ਹਰੀ ਸਿੰਘ ਹਿੰਦੂ ਸੀ, ਪਰ ਉਹ ਨਾ ਭਾਰਤ ਵਿਚ ਜਾਣਾ ਚਾਹੁੰਦਾ ਸੀ ਤੇ ਨਾ ਪਾਕਿਸਤਾਨ ਵਿਚ। ਉਸ ਦੇ ਦਿਲ ਵਿਚ ਇੱਛਾ ਪਲ਼ ਰਹੀ ਸੀ ਕਿ ਕਸ਼ਮੀਰ ਨੂੰ ਪੂਰਬ ਦੇ ਸਵਿਟਜ਼ਰਲੈਂਡ ਵਰਗਾ ਆਜ਼ਾਦ ਮੁਲਕ ਬਣਾ ਕੇ ਉਹ ਇਸ ਦਾ ਹਾਕਮ ਬਣਿਆ ਰਹੇ।
    ਗਾਂਧੀ ਦੀ ਕਸ਼ਮੀਰ ਫੇਰੀ ਦੇ ਦੋ ਮੁੱਖ ਟੀਚੇ ਸਨ- ਮਹਾਰਾਜੇ ਤੋਂ ਸ਼ੇਖ਼ ਅਬਦੁੱਲਾ ਨੂੰ ਜੇਲ੍ਹ 'ਚੋਂ ਰਿਹਾਅ ਕਰਾਉਣਾ ਅਤੇ ਇਹ ਪਤਾ ਲਾਉਣਾ ਕਿ ਕਸ਼ਮੀਰ ਦੇ ਲੋਕ ਕੀ ਚਾਹੁੰਦੇ ਸਨ। ਵਾਦੀ ਵਿਚ ਪੁੱਜਣ 'ਤੇ ਗਾਂਧੀ ਦਾ ਜ਼ੋਰਦਾਰ ਸਵਾਗਤ ਹੋਇਆ। ਜਦੋਂ ਉਹ ਸ੍ਰੀਨਗਰ ਵਿਚ ਦਾਖ਼ਲ ਹੋਏ ਤਾਂ ਸੜਕ ਦੇ ਦੋਹੀਂ ਪਾਸੀਂ ਹਜ਼ਾਰਾਂ ਲੋਕ ਸਵਾਗਤ ਖੜੋਤੇ 'ਮਹਾਤਮਾ ਗਾਂਧੀ ਕੀ ਜੈ' ਦੇ ਨਾਅਰੇ ਲਾ ਰਹੇ ਸਨ। ਦਰਿਆ ਜੇਹਲਮ ਦੇ ਪੁਲ਼ ਉੱਤੇ ਵੱਡੀ ਗਿਣਤੀ ਲੋਕ ਜਮ੍ਹਾਂ ਹੋਣ ਕਾਰਨ ਮਹਾਤਮਾ ਗਾਂਧੀ ਨੂੰ ਦਰਿਆ ਪਾਰ ਜਾਣ ਲਈ ਕਿਸ਼ਤੀ ਵਰਤਣੀ ਪਈ। ਉੱਥੇ ਉਨ੍ਹਾਂ ਨੇ ਸ਼ੇਖ਼ ਅਬਦੁੱਲਾ ਦੀ ਪਤਨੀ ਵੱਲੋਂ ਸੱਦੀ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਹਿੰਦੋਸਤਾਨੀ ਜ਼ੁਬਾਨ ਵਿਚ ਸਿਆਸੀ ਮੁੱਦਿਆਂ ਦੀ ਬਜਾਏ ਅਧਿਆਤਮਕ ਵਿਸ਼ੇ 'ਤੇ ਚਰਚਾ ਕੀਤੀ। ਗਾਂਧੀ ਦੀ ਡਾਕਟਰ ਸੁਸ਼ੀਲਾ ਨਾਇਰ, ਜੋ ਉਨ੍ਹਾਂ ਦੇ ਨਾਲ ਸੀ, ਨੇ ਲਿਖਿਆ ਹੈ ਕਿ 'ਲਾਗਲੇ ਪਿੰਡਾਂ ਤੋਂ ਆਏ ਵੱਡੀ ਗਿਣਤੀ ਮਰਦ ਤੇ ਔਰਤਾਂ ਮਹਾਤਮਾ ਦੀ ਇਕ ਝਲਕ ਪਾਉਣ ਲਈ ਤਰਲੋਮੱਛੀ ਹੋ ਰਹੇ ਸਨ। ਉਨ੍ਹਾਂ ਦੀ ਆਮ ਜਨਤਾ 'ਚ ਪੈਂਠ ਨੂੰ ਦੇਖ ਕੇ ਉਨ੍ਹਾਂ ਦੇ ਦੋਸਤ ਤੇ ਦੁਸ਼ਮਣ ਸਭ ਹੈਰਾਨ ਸਨ। ਉਨ੍ਹਾਂ ਦੀ ਮਹਿਜ਼ ਮੌਜੂਦਗੀ ਹੀ ਲੋਕਾਂ ਨੂੰ ਨਿਵੇਕਲੀ ਖ਼ੁਸ਼ੀ ਬਖ਼ਸਦੀ ਸੀ।'
      ਗਾਂਧੀ ਜੀ ਨੇ ਤਿੰਨ ਦਿਨ ਵਾਦੀ ਤੇ ਦੋ ਦਿਨ ਜੰਮੂ ਵਿਚ ਬਿਤਾਏ। ਆਪਣੀ ਕਸ਼ਮੀਰ ਫੇਰੀ ਬਾਰੇ ਦੋਵਾਂ ਨਹਿਰੂ ਤੇ ਪਟੇਲ ਨੂੰ ਭੇਜੀ ਸੰਖੇਪ ਚਿੱਠੀ ਵਿਚ ਉਨ੍ਹਾਂ ਨੇ ਮਹਾਰਾਜਾ ਹਰੀ ਸਿੰਘ ਅਤੇ ਉਸ ਦੇ ਪੁੱਤਰ ਕਰਨ ਸਿੰਘ ਨਾਲ ਹੋਈ ਗੱਲਬਾਤ ਦੇ ਵੇਰਵੇ ਦਿੱਤੇ। ਉਨ੍ਹਾਂ ਨੇ ਲਿਖਿਆ : 'ਦੋਵਾਂ (ਮਹਾਰਾਜਾ ਤੇ ਉਨ੍ਹਾਂ ਦਾ ਪੁੱਤਰ) ਨੇ ਮੰਨਿਆ ਕਿ ਬਰਤਾਨਵੀ ਸਰਬਉੱਚਤਾ ਖ਼ਤਮ ਹੋਣ ਤੋਂ ਬਾਅਦ ਹੀ ਕਸ਼ਮੀਰ ਦੇ ਲੋਕਾਂ ਦੀ ਸੱਚੀ ਸਰਬਉੱਚਤਾ ਸ਼ੁਰੂ ਹੋਵੇਗੀ। ਉਹ ਚਾਹੇ ਸੰਘ (ਭਾਰਤ) ਵਿਚ ਸ਼ਾਮਲ ਹੋਣਾ ਚਾਹੁਣ, ਪਰ ਉਨ੍ਹਾਂ ਨੂੰ ਇਸ ਬਾਰੇ ਚੋਣ ਲੋਕਾਂ ਦੀਆਂ ਖ਼ਾਹਿਸ਼ਾਂ ਮੁਤਾਬਿਕ ਕਰਨੀ ਹੋਵੇਗੀ। ਉਹ ਇਸ ਦਾ ਫ਼ੈਸਲਾ ਕਿਵੇਂ ਕਰਨਗੇ, ਇਹ ਮੀਟਿੰਗ ਵਿਚ ਨਹੀਂ ਵਿਚਾਰਿਆ ਗਿਆ।'
       ਸ਼ੇਖ਼ ਅਬਦੁੱਲਾ ਭਾਵੇਂ ਜੇਲ੍ਹ ਵਿਚ ਸੀ, ਪਰ ਨੈਸ਼ਨਲ ਕਾਂਗਰਸ (ਐੱਨਸੀ) ਦੇ ਹੋਰ ਆਗੂ ਆਜ਼ਾਦ ਸਨ ਤੇ ਗਾਂਧੀ ਜੀ ਨੇ ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਬਾਅਦ ਵਿਚ ਨਹਿਰੂ ਤੇ ਪਟੇਲ ਨੂੰ ਲਿਖਿਆ ਕਿ ਐੱਨਸੀ ਦੇ ਇਨ੍ਹਾਂ ਆਗੂਆਂ ਨੂੰ ਉਮੀਦ ਸੀ ਕਿ ਲੋਕਾਂ ਦੀਆਂ ਆਜ਼ਾਦ ਵੋਟਾਂ, ਭਾਵੇਂ ਇਹ ਬਾਲਗ਼ ਵੋਟ ਰਾਹੀਂ ਹੋਣ ਜਾਂ ਮੌਜੂਦਾ ਰਜਿਸਟਰ ਰਾਹੀਂ, ਦਾ ਨਤੀਜਾ ਕਸ਼ਮੀਰ ਦੇ ਸੰਘ (ਭਾਰਤ) ਵਿਚ ਸ਼ਾਮਲ ਹੋਣ ਦੇ ਹੱਕ ਵਿਚ ਭੁਗਤੇਗਾ, ਬਸ਼ਰਤੇ ਸ਼ੇਖ਼ ਅਬਦੁੱਲਾ ਅਤੇ ਹੋਰ ਬੰਦੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇ...।'
      ਮਹਾਤਮਾ ਗਾਂਧੀ ਨੇ ਭਾਰਤ ਦਾ ਆਜ਼ਾਦੀ ਦਿਹਾੜਾ ਦਿੱਲੀ ਵਿਚ ਨਹੀਂ ਸਗੋਂ ਕਲਕੱਤਾ ਵਿਚ ਬਿਤਾਇਆ। ਉਹ ਜਸ਼ਨ ਮਨਾਉਣ ਦੇ ਰੌਂਅ ਵਿਚ ਨਹੀਂ ਸਨ ਕਿੳਂਂਕਿ ਪੂਰੇ ਭਾਰਤ ਵਿਚ ਹਿੰਦੂ-ਮੁਸਲਿਮ ਦੰਗੇ ਸ਼ੁਰੂ ਹੋ ਚੁੱਕੇ ਸਨ। ਗਾਂਧੀ ਜੀ ਨੇ ਆਪਣੀ ਮਿਸਾਲ ਅਤੇ ਆਪਣੇ ਵਰਤਾਂ ਰਾਹੀਂ ਕਲਕੱਤਾ ਵਿਚ ਇਕੱਲਿਆਂ ਹੀ ਹਿੰਸਾ ਰੋਕ ਦਿੱਤੀ ਅਤੇ ਫਿਰ ਉਹ ਇਸ ਉਮੀਦ ਨਾਲ ਦਿੱਲੀ ਵੱਲ ਤੁਰ ਪਏ ਕਿ ਉੱਥੇ ਵੀ ਅਜਿਹਾ ਹੀ ਕੀਤਾ ਜਾ ਸਕੇ।
     ਮਹਾਰਾਜੇ ਨੇ ਸਤੰਬਰ ਦੇ ਅਖੀਰ ਵਿਚ ਸ਼ੇਖ਼ ਅਬਦੁੱਲਾ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਤਿੰਨ ਹਫ਼ਤੇ ਬਾਅਦ ਪਾਕਿਸਤਾਨ ਨੇ ਕਸ਼ਮੀਰ ਉੱਤੇ ਹਮਲਾ ਕਰ ਦਿੱਤਾ ਤਾਂ ਕਿ ਜਬਰੀ ਇਸ ਰਿਆਸਤ 'ਤੇ ਕਬਜ਼ਾ ਕਰ ਸਕੇ। ਸ਼ੇਖ਼ ਨੇ ਲੋਕਾਂ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਧਾੜਵੀਆਂ ਖ਼ਿਲਾਫ਼ ਲਾਮਬੰਦ ਕੀਤਾ। ਕਸ਼ਮੀਰ ਵਾਸੀਆਂ ਦੀ ਇਸ ਦਲੇਰੀ ਬਾਰੇ ਜਾਣ ਕੇ ਗਾਂਧੀ ਜੀ ਨੇ 29 ਅਕਤੂਬਰ 1947 ਨੂੰ ਆਪਣੀ ਪ੍ਰਾਰਥਨਾ ਸਭਾ ਵਿਚ ਕਿਹਾ : 'ਕਸ਼ਮੀਰ ਨੂੰ ਮਹਾਰਾਜਾ ਨਹੀਂ ਬਚਾ ਸਕਦਾ। ਜੇ ਕੋਈ ਕਸ਼ਮੀਰ ਨੂੰ ਬਚਾ ਸਕਦਾ ਹੈ, ਉਹ ਹਨ ਉੱਥੋਂ ਦੇ ਮੁਸਲਮਾਨ, ਕਸ਼ਮੀਰੀ ਪੰਡਿਤ, ਰਾਜਪੂਤ ਅਤੇ ਸਿੱਖ।' ਗਾਂਧੀ ਜੀ ਨੇ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ 'ਸ਼ੇਖ਼ ਅਬਦੁੱਲਾ ਦੇ ਇਨ੍ਹਾਂ ਸਾਰਿਆਂ (ਭਾਈਚਾਰਿਆਂ) ਨਾਲ ਬੜੇ ਕਰੀਬੀ ਤੇ ਦੋਸਤਾਨਾ ਰਿਸ਼ਤੇ ਹਨ।' ਇਕ ਮਹੀਨੇ ਬਾਅਦ, ਜਦੋਂ ਹਮਲਾਵਰਾਂ ਨੂੰ ਮਾਰ ਭਜਾਉਣ ਦੀ ਪੂਰੀ ਜ਼ਿੰਮੇਵਾਰੀ ਭਾਰਤੀ ਫ਼ੌਜ ਨੂੰ ਮਿਲ ਚੁੱਕੀ ਸੀ, ਸ਼ੇਖ਼ ਅਬਦੁੱਲਾ ਦਿੱਲੀ ਪੁੱਜਾ। ਗਾਂਧੀ ਜੀ ਦੀ 28 ਨਵੰਬਰ ਦੀ ਪ੍ਰਾਰਥਨਾ ਸਭਾ ਵਿਚ ਸ਼ੇਖ਼ ਉਨ੍ਹਾਂ ਦੇ ਐਨ ਨਾਲ ਖਲੋਤਾ ਸੀ। ਇਸ ਮੌਕੇ ਮਹਾਤਮਾ ਨੇ ਆਖਿਆ : 'ਸ਼ੇਖ਼ ਅਬਦੁੱਲਾ ਨੇ ਇਕ ਬਹੁਤ ਵੱਡਾ ਕੰਮ ਕੀਤਾ ਹੈ। ਉਸ ਨੇ ਕਸ਼ਮੀਰ ਵਿਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕਮੁੱਠ ਰੱਖਿਆ ਹੈ ਅਤੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਇਹ ਸਾਰੇ ਭਾਈਚਾਰੇ ਇਕੱਠਿਆਂ ਜਿਉਣਾ ਤੇ ਇਕੱਠਿਆਂ ਮਰਨਾ ਚਾਹੁਣਗੇ।'
      ਦੋ ਮਹੀਨੇ ਬਾਅਦ ਇਕ ਕੱਟੜ ਹਿੰਦੂਵਾਦੀ ਨੇ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ। ਉਦੋਂ ਤੋਂ ਸੱਤ ਦਹਾਕਿਆਂ ਦੌਰਾਨ ਕਸ਼ਮੀਰ ਇਕ ਤੋਂ ਬਾਅਦ ਦੂਜੇ ਸੰਕਟ ਵਿਚ ਫਸਦਾ ਜਾ ਰਿਹਾ ਹੈ। ਸਰਕਾਰੀ ਦਮਨ ਤੇ ਨਾਲ ਹੀ ਧਾਰਮਿਕ ਕੱਟੜਤਾ ਨੇ ਭਾਰਤ ਦੇ ਇਸ ਸਭ ਤੋਂ ਵੱਧ ਖ਼ੂਬਸੂਰਤ ਹਿੱਸੇ ਨੂੰ ਸਭ ਤੋਂ ਵੱਧ ਸੰਕਟਗ੍ਰਸਤ ਬਣਾ ਕੇ ਰੱਖ ਦਿੱਤਾ ਹੈ। ਜੇ ਗਾਂਧੀ ਜੀ ਜ਼ਿੰਦਾ ਹੁੰਦੇ ਤਾਂ ਉਹ ਸੰਭਵ ਤੌਰ 'ਤੇ ਕਸ਼ਮੀਰ ਦੇ ਆਧੁਨਿਕ ਇਤਿਹਾਸ ਦੀਆਂ ਤਿੰਨ ਘਟਨਾਵਾਂ : ਨਹਿਰੂ ਸਰਕਾਰ ਵੱਲੋਂ 1953 ਵਿਚ ਸ਼ੇਖ਼ ਅਬਦੁੱਲਾ ਦੀ ਗ੍ਰਿਫ਼ਤਾਰੀ, 1989-90 ਵਿਚ ਇਸਲਾਮੀ ਜਹਾਦੀਆਂ ਵੱਲੋਂ ਪੰਡਿਤਾਂ ਦਾ ਨਸਲੀ ਸਫ਼ਾਇਆ ਅਤੇ ਇਕਪਾਸੜ ਢੰਗ ਨਾਲ ਧਾਰਾ 370 ਦਾ ਖ਼ਾਤਮਾ ਤੇ ਨਾਲ ਹੀ 2019 ਵਿਚ ਮੋਦੀ ਸਰਕਾਰ ਵੱਲੋਂ ਕਸ਼ਮੀਰੀਆਂ ਦਾ ਵਹਿਸ਼ੀਆਨਾ ਦਮਨ, ਤੋਂ ਸ਼ਾਇਦ ਸਭ ਤੋਂ ਵੱਧ ਦੁਖੀ ਹੁੰਦੇ। ਖ਼ਾਸਕਰ ਆਖ਼ਰੀ ਘਟਨਾ ਮਹਾਤਮਾ ਲਈ ਸਭ ਤੋਂ ਵੱਧ ਭਿਆਨਕ ਹੋਣੀ ਸੀ ਕਿ ਉਨ੍ਹਾਂ ਦੇ ਜਨਮ ਦੇ 150ਵੇਂ ਸਾਲ ਦੌਰਾਨ ਭਾਰਤ ਦੀ ਇਕ ਹਕੂਮਤ ਨੇ 'ਲੋਕਾਂ ਦੀਆਂ ਖ਼ਾਹਿਸ਼ਾਂ ਮੁਤਾਬਿਕ ਫ਼ੈਸਲਾ ਲੈਣ ਤੋਂ ਮੁਨਕਰ ਹੁੰਦਿਆਂ' ਉਲਟਾ ਇਨਸਾਨੀ ਇਤਿਹਾਸ ਵਿਚ ਪਹਿਲੀ ਵਾਰ ਵਾਦੀ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਖੁੱਲ੍ਹੀ ਜੇਲ੍ਹ ਬਣਾ ਕੇ ਰੱਖ ਦਿੱਤਾ।
      ਇਸ ਬਾਰੇ ਪੁਸ਼ਟੀ ਕਰਨ ਲਈ ਗਾਂਧੀ ਜੀ ਸਾਡੇ ਦਰਮਿਆਨ ਨਹੀਂ। ਪਰ ਕੁਝ ਧਿਰਾਂ ਜ਼ਰੂਰ ਹਨ ਜਿਹੜੀਆਂ ਗਾਂਧੀ ਦੇ ਨਾਂ 'ਤੇ ਕੁਝ ਬੋਲਣ ਦੀ ਭਰੋਸੇਯੋਗਤਾ ਰੱਖਦੀਆਂ ਹਨ। ਅਜਿਹੀ ਇਕ ਖ਼ੁਦਮੁਖ਼ਤਾਰ ਸੰਸਥਾ ਹੈ ਗਾਂਧੀ ਪੀਸ ਫਾਊਂਡੇਸ਼ਨ (ਜੀਪੀਐੱਫ), ਜਿਸ ਦਾ ਮੈਨੂੰ ਹੁਣੇ ਹੀ ਇਸ ਮੁਤੱਲਕ ਬਿਆਨ ਮਿਲਿਆ ਹੈ। ਇਹ ਸੰਸਥਾ ਗਾਂਧੀ ਜੀ ਦੀ ਯਾਦ ਵਿਚ 1959 ਵਿਚ ਕਾਇਮ ਕੀਤੀ ਗਈ ਜੋ ਉਦੋਂ ਤੋਂ ਹੀ ਵਧੀਆ ਕੰਮ ਕਰ ਰਹੀ ਹੈ। ਨੌਜਵਾਨ ਪਾਠਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਮਹਾਨ ਆਗੂ ਜੈਪ੍ਰਕਾਸ਼ ਨਾਰਾਇਣ ਦਾ ਜੀਪੀਐੱਫ ਨਾਲ ਕਰੀਬੀ ਰਿਸ਼ਤਾ ਰਿਹਾ ਹੈ। ਜੇਪੀ ਵਾਂਗ ਹੀ, ਜੀਪੀਐੱਫ ਨੇ ਵੀ ਦੇਸ਼ ਵਿਚ ਐਮਰਜੈਂਸੀ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਅਤੇ ਇਸ ਕਾਰਨ ਇੰਦਰਾ ਗਾਂਧੀ ਨੇ 1980 ਵਿਚ ਸੱਤਾ 'ਚ ਪਰਤਣ 'ਤੇ ਸੰਸਥਾ ਨੂੰ ਤੰਗ-ਪ੍ਰੇਸ਼ਾਨ ਕੀਤਾ।
       ਗਾਂਧੀ ਪੀਸ ਫਾਊਂਡੇਸ਼ਨ ਦਾ ਇਹ ਬਿਆਨ ਦੋਵਾਂ ਹਿੰਦੀ ਤੇ ਅੰਗਰੇਜ਼ੀ ਵਿਚ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ : 'ਜਿਹੜੀ ਬੰਦੂਕ ਦਾ ਇਸਤੇਮਾਲ ਕਸ਼ਮੀਰ ਨੂੰ ਖ਼ਾਮੋਸ਼ ਕਰਨ ਲਈ ਕੀਤਾ ਗਿਆ ਸੀ, ਹੁਣ ਉਸ ਦੀ ਵਰਤੋਂ ਦੂਰਬੀਨ ਵਜੋਂ ਕੀਤੀ ਜਾ ਰਹੀ ਹੈ ਤਾਂ ਕਿ ਇਸ ਰਾਹੀਂ ਕਸ਼ਮੀਰ ਵਿਚ ਝਾਕਿਆ ਜਾ ਸਕੇ। ਇਹ ਭਾਰਤ ਲਈ ਸ਼ਰਮਨਾਕ, ਅਫ਼ਸੋਸਨਾਕ ਅਤੇ ਬਦਨੁਮਾ ਗੱਲ ਹੈ।' ਇਸ ਵਿਚ ਹੋਰ ਆਖਿਆ ਗਿਆ ਹੈ : 'ਇਕ ਪੂਰੀ ਰਿਆਸਤ ਨੂੰ ਦਿਨ-ਦਿਹਾੜੇ ਨਕਸ਼ੇ ਤੋਂ ਮਿਟਾ ਦਿੱਤਾ ਗਿਆ। ਭਾਰਤੀ ਸੰਘ ਦੇ ਪਹਿਲਾਂ 28 ਸੂਬੇ ਸਨ, ਹੁਣ 27 ਰਹਿ ਗਏ ਹਨ। ਇਹ ਕੋਈ ਜਾਦੂ ਦੀ ਖੇਡ ਨਹੀਂ ਜਿਸ ਵਿਚ ਜਾਦੂਗਰ ਸਾਨੂੰ ਆਪਣਾ ਕਮਾਲ ਦਿਖਾਉਂਦਾ ਹੈ ਅਤੇ ਅਸੀਂ ਜਾਣਦੇ ਹੁੰਦੇ ਹਾਂ ਕਿ ਇਹ ਸਭ ਖ਼ਿਆਲੀ ਤੇ ਕਾਲਪਨਿਕ ਹੈ। ਪਰ ਇੱਥੇ ਅਸੀਂ ਜੋ ਦੇਖ ਰਹੇ ਹਾਂ, ਉਹ ਜ਼ਾਲਮਾਨਾ, ਘਿਨਾਉਣਾ, ਗ਼ੈਰਜਮਹੂਰੀ ਅਤੇ ਜ਼ਾਹਰਾ ਤੌਰ 'ਤੇ ਨਾਬਦਲਣਯੋਗ ਹੈ। ਇਸ ਤੋਂ ਸਾਡੀ ਜਮਹੂਰੀ ਸਿਆਸਤ ਦੀ ਗ਼ਰੀਬੀ ਦਾ ਪਰਦਾਫ਼ਾਸ਼ ਹੁੰਦਾ ਹੈ।'
      'ਲੋਕਾਂ ਦੀ ਸਭਾ' ਵਿਚ ਕੀਤੀ ਗਈ ਇਸ ਧੋਖੇਬਾਜ਼ੀ ਬਾਰੇ ਬਿਆਨ ਕਹਿੰਦਾ ਹੈ : 'ਇਸ ਵਾਰ ਸੰਸਦ ਵਿਚ ਜੋ ਕੁਝ ਹੋਇਆ, ਉਹ ਵਿਚਾਰ-ਵਟਾਂਦਰੇ ਜਾਂ ਕਿਸੇ ਗੰਭੀਰ ਬਹਿਸ ਨਾਲੋਂ ਬਿਲਕੁਲ ਵੱਖ ਸੀ। ਇਕ ਬੰਦਾ ਚੀਕ-ਚੀਕ ਕੇ ਬੋਲਿਆ ਅਤੇ ਹੋਰ ਤਿੰਨ ਸੌ ਤੋਂ ਜ਼ਿਆਦਾ ਨੇ ਮੇਜ਼ ਥਪਥਪਾਏ, ਅਤੇ ਬਾਕੀ ਦੇ ਨਿਰਾਸ਼ ਤੇ ਹਾਰੇ ਹੋਏ ਬੈਠੇ ਰਹਿ ਗਏ। ਇਹ ਬਹੁਮਤ ਜਾਂ ਬਹੁਗਿਣਤੀ ਨਹੀਂ ਸਗੋਂ ਬਹੁਗਿਣਤੀਵਾਦ ਹੈ ૶ ਸਿਰਫ਼ ਜ਼ਿਆਦਾ ਅੰਕਾਂ ਦੇ ਆਧਾਰ 'ਤੇ ਹਕੂਮਤ ਕਰਨ ਦੀ ਕੋਸ਼ਿਸ਼।'
ਗਾਂਧੀ ਪੀਸ ਫਾਊਂਡੇਸ਼ਨ ਨੇ ਸਾਨੂੰ ਖ਼ਬਰਦਾਰ ਕੀਤਾ ਹੈ : 'ਅਸੀਂ ਕਸ਼ਮੀਰ ਦੀ ਹਮੇਸ਼ਾ ਲਈ ਤਾਲਾਬੰਦੀ ਨਹੀਂ ਕਰ ਸਕਾਂਗੇ। ਯਕੀਨਨ ਦਰਵਾਜ਼ੇ ਖੁੱਲ੍ਹਣਗੇ, ਲੋਕ ਬਾਹਰ ਨਿਕਲਣਗੇ ਤੇ ਨਾਲ ਹੀ ਧਮਾਕੇ ਨਾਲ ਬਾਹਰ ਆਵੇਗੀ ਉਨ੍ਹਾਂ ਦੀ ਪੀੜ। ਵਿਦੇਸ਼ੀ ਅਨਸਰ ਉਨ੍ਹਾਂ ਦੇ ਦਿਮਾਗ਼ਾਂ ਵਿਚ ਹੋਰ ਵੀ ਜ਼ਿਆਦਾ ਜ਼ੋਰ ਨਾਲ ਜ਼ਹਿਰ ਘੋਲਣਗੇ। ਉਹ ਸਾਰੇ ਵਿਰੋਧੀ ਆਗੂ ਜੇਲ੍ਹਾਂ ਵਿਚ ਡੱਕ ਦਿੱਤੇ ਗਏ ਹਨ ਜਿਹੜੇ ਲੋਕਾਂ ਨੂੰ ਅਮਨ ਬਣਾਈ ਰੱਖਣ ਤੇ ਕਾਨੂੰਨ ਦਾ ਪਾਲਣ ਕਰਨ ਦੀਆਂ ਅਪੀਲਾਂ ਕਰ ਰਹੇ ਸਨ। ਅਸੀਂ ਸੰਭਵ ਤੌਰ 'ਤੇ ਸੁਲ੍ਹਾ-ਸਫ਼ਾਈ ਦੇ ਸਾਰੇ ਪੁਲ਼ ਸਾੜ ਸੁੱਟੇ ਹਨ।' ਜੀਪੀਐੱਫ ਦਾ ਬਿਆਨ ਇਸ ਨੇਕ ਸਲਾਹ ਨਾਲ ਖ਼ਤਮ ਹੁੰਦਾ ਹੈ, ਜੋ ਆਮ ਭਾਰਤੀਆਂ ਤੇ ਸਰਕਾਰ, ਦੋਵਾਂ ਲਈ ਹੈ : 'ਜ਼ਰੂਰੀ ਹੈ ਕਿ ਅਸੀਂ ਇਸ ਬਿਪਤਾ ਦੀ ਘੜੀ ਕਸ਼ਮੀਰੀਆਂ ਨਾਲ ਡਟ ਕੇ ਖੜ੍ਹੀਏ ਕਿਉਂਕਿ ਇਹ ਸਾਡੇ ਲਈ ਵੀ ਸੰਕਟ ਦਾ ਵੇਲ਼ਾ ਹੈ। ਤਾਂ ਕਿ ਸਾਡੇ ਬੇਸਹਾਰਾ ਹਮਵਤਨੀਆਂ, ਜਿਨ੍ਹਾਂ ਨੂੰ ਬੰਦ ਕਰ ਕੇ ਰੱਖਿਆ ਗਿਆ ਹੈ, ਨੂੰ ਪਤਾ ਲੱਗ ਸਕੇ ਕਿ ਸਹੀ ਸੋਚ ਵਾਲੇ ਸਾਰੇ ਭਾਰਤੀ ਇਸ ਦੁੱਖ ਵਿਚ ਉਨ੍ਹਾਂ ਦੇ ਨਾਲ ਹਨ। ਸਰਕਾਰ ਲਈ ਜ਼ਰੂਰੀ ਹੈ ਕਿ ਉਹ ਅਮਨ ਤੇ ਕਾਨੂੰਨ ਦੀ ਰਾਖੀ ਕਰੇ, ਪਰ ਨਾਲ ਹੀ ਹਰ ਪੱਧਰ 'ਤੇ ਪ੍ਰਗਟਾਵੇ ਦੀ ਆਜ਼ਾਦੀ ਵੀ ਮੁਹੱਈਆ ਕਰਵਾਏ। ਇਸ ਨਾਲ ਸਾਨੂੰ ਹਾਲਾਤ ਆਮ ਵਰਗੇ ਬਣਾਉਣ ਵਿਚ ਮਦਦ ਮਿਲੇਗੀ।'
      ਇਕ ਅਜਿਹਾ ਵਿਅਕਤੀ ਹੋਣ ਦੇ ਨਾਤੇ, ਜਿਸ ਨੇ ਸਾਲਾਂ ਤੋਂ ਮਹਾਤਮਾ ਗਾਂਧੀ ਨੂੰ ਪੜ੍ਹਿਆ ਅਤੇ ਖ਼ੁਦ ਨੂੰ ਉਨ੍ਹਾਂ ਦੀਆਂ ਲਿਖਤਾਂ ਵਿਚ ਡੁਬੋ ਲਿਆ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਜੀਪੀਐੱਫ ਦਾ ਬਿਆਨ ਬਿਲਕੁਲ ਉਸ ਲੀਹ 'ਤੇ ਹੈ, ਜਿਵੇਂ ਮਹਾਤਮਾ ਗਾਂਧੀ ਕਸ਼ਮੀਰ ਦੀ ਮੌਜੂਦਾ ਤ੍ਰਾਸਦਿਕ ਹਾਲਤ ਬਾਰੇ ਸੋਚ ਸਕਦੇ ਸਨ। ਆਉ, ਆਪਾਂ ਗਾਂਧੀ ਜੀ ਵੱਲੋਂ 1947 ਵਿਚ ਬੋਲੇ ਗਏ ਲਫ਼ਜ਼ਾਂ ਨੂੰ ਯਾਦ ਕਰੀਏ : 'ਕਸ਼ਮੀਰ ਨੂੰ ਮਹਾਰਾਜਾ ਨਹੀਂ ਬਚਾ ਸਕਦਾ। ਜੇ ਕੋਈ ਕਸ਼ਮੀਰ ਨੂੰ ਬਚਾ ਸਕਦਾ ਹੈ, ਉਹ ਹਨ ਉੱਥੋਂ ਦੇ ਮੁਸਲਮਾਨ, ਕਸ਼ਮੀਰੀ ਪੰਡਿਤ, ਰਾਜਪੂਤ ਅਤੇ ਸਿੱਖ।'
     ਸੱਤਾ ਦੇ ਭੁੱਖੇ ਅਜੋਕੇ ਮਹਾਰਾਜੇ, ਜਿਹੜੇ ਕਸ਼ਮੀਰ ਦੇ ਰਖਵਾਲੇ ਹੋਣ ਦਾ ਦਿਖਾਵਾ ਕਰਦੇ ਹਨ, ਕਸ਼ਮੀਰੀਆਂ ਨੂੰ ਨਹੀਂ ਬਚਾ ਸਕਦੇ। ਨਾ ਉਹ ਲੋਭੀ ਕਾਰਪੋਰੇਟ ਮਹਾਰਾਜੇ ਬਚਾ ਸਕਦੇ ਹਨ, ਜਿਹੜੇ ਇਨ੍ਹਾਂ ਸੱਤਾ ਦੇ ਭੁੱਖਿਆਂ ਦੀ ਖ਼ੁਸ਼ਾਮਦ ਕਰ ਰਹੇ ਹਨ। ਯਕੀਨਨ, ਨਾ ਹੀ ਪਾਕਿਸਤਾਨੀ ਫ਼ੌਜ ਜਾਂ ਲੁਕਵੇਂ ਜਹਾਦੀ ਬਚਾ ਸਕਣਗੇ ਜਿਨ੍ਹਾਂ ਨੇ ਦਹਾਕਿਆਂ ਦੌਰਾਨ ਬੜੇ ਕੁਟਿਲ ਤਰੀਕੇ ਨਾਲ ਕਸ਼ਮੀਰੀ ਨੌਜਵਾਨਾਂ ਦੇ ਦਿਮਾਗ਼ਾਂ ਵਿਚ ਭਾਰਤ ਵਿਰੋਧੀ ਸੋਚ ਭਰ ਕੇ ਉਨ੍ਹਾਂ ਨੂੰ ਭਰ ਜਵਾਨੀ ਵਿਚ ਮੌਤ ਦੇ ਰਾਹ ਤੋਰ ਦਿੱਤਾ ਹੈ।
     ਕਸ਼ਮੀਰ ਦੀ ਖ਼ਾਸ ਭੂਗੋਲਿਕ ਸਥਿਤੀ ਅਤੇ ਨਾਲ ਹੀ ਇਤਿਹਾਸ ਦਾ ਉਹ ਦੁਖਦਾਈ ਭਾਰ, ਜਿਹੜਾ ਇਸ ਦੇ ਮੋਢਿਆਂ ਉੱਤੇ ਹੈ, ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਕਸ਼ਮੀਰ ਹੋਰ ਦਹਾਕਿਆਂ ਬੱਧੀ ਟਕਰਾਅ ਤੇ ਖ਼ੂਨ-ਖ਼ਰਾਬੇ ਨਾਲ ਸਰਾਪਿਆ ਰਹੇ। ਪਰ ਉਨ੍ਹਾਂ ਭਾਰਤੀਆਂ ૶ ਸਮੇਤ ਕਸ਼ਮੀਰੀਆਂ ਦੇ ૶ ਜਿਨ੍ਹਾਂ ਨੇ ਹਾਲੇ ਰਾਸ਼ਟਰ ਪਿਤਾ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਪਿੱਠ ਨਹੀਂ ਦਿਖਾਈ, ਨੂੰ ਕੋਸ਼ਿਸ਼ਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਬੋਲਣ ਤੇ ਲਿਖਣ ਵਿਚ ਸੱਚਾਈ, ਬਹਿਸ ਤੇ ਦਲੀਲਬਾਜ਼ੀ ਵਿਚ ਤਰਕ, ਕੰਮ-ਢੰਗ ਵਿਚ ਅਹਿੰਸਾ, ਰੋਜ਼ਾਨਾ ਜ਼ਿੰਦਗੀ ਦੌਰਾਨ ਅੰਤਰ-ਧਰਮ ਸਦਭਾਵਨਾ ਲਈ ਮੁਕੰਮਲ ਵਚਨਬੱਧਤਾ ૶ ਉਹ ਆਦਰਸ਼ ਤੇ ਸਿਧਾਂਤ ਹਨ ਜਿਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਇਸ ਕਾਲੇ ਸਮੇਂ ਦੌਰਾਨ ਵੀ ਜ਼ਿੰਦਾ ਰੱਖਣਾ ਚਾਹੀਦਾ ਹੈ।