ਨਾਜ਼ੀਆਂ ਵਿੱਰੁਧ ਲੜਦੀ ਸ਼ਹੀਦ ਹੋਣਵਾਲੀ ਰੂਸ ਦੀ ਮਹਾਨ ਅਮਰ ਨਾਇਕਾ ! ਤਾਨਿਆ ! - ਰਾਜਿੰਦਰ ਕੌਰ ਚੋਹਕਾ

ਰੂਸ ਦੀ ਮਹਾਨ ਅਮਰ ਨਾਇਕਾ 'ਤਾਨਿਆ' ਦੀ ਆਪਣੇ ਵਤਨ ਲਈ, ਦੁਸ਼ਮਣਾਂ ਹੱਥੋਂ ਰਾਖੀ ਕਰਦਿਆਂ ਅਤੇ ਦੁਸ਼ਮਣਾਂ ਵਲੋਂ ਦਿੱਤੇ ਗਏ ਅਣ-ਮਨੁੱਖੀ ਤੇ ਅਸਿਹ-ਤਸੀਹਿਆਂ ਦੀ ਲਾ-ਮਿਸਾਲ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ! ਉਸ ਨੇ ਆਪਣੇ ਦੇਸ਼ ਦੀ ਪਵਿੱਤਰ ਧਰਤੀ ਦੀ ਖਾਤਰ ਸ਼ਹੀਦ ਹੋਏ ਉਨ੍ਹਾਂ ਲੱਖਾਂ ਹੀ ਦੇਸ਼ ਵਾਸੀਆਂ ਦੇ ਡੁਲ੍ਹੇ-ਖੂਨ ਦੀ ਸੋਂਹ ਖਾ ਕੇ, ਉਨ੍ਹਾਂ ਦੀ ਸ਼ਹਾਦਤ ਦਾ, ਦੁਸ਼ਮਣ ਪਾਸੋਂ ਬਦਲਾ ਲੈਣ ਦਾ ਪ੍ਰਣ ਕੀਤਾ ਤੇ ਉਸ ਪ੍ਰਣ ਨੂੰ, ਉਸ ਨੇ ਆਪ ਫਾਂਸੀ ਦਾ ਰਸਾ ਚੁੰਮ ਕੇ ਪੂਰਾ ਕੀਤਾ !
    ਜਰਮਨ ਨਾਜ਼ੀਆਂ ਹੱਥੋਂ ਸੂਰਮਗਤੀ ਨਾਲ ਸ਼ਹੀਦੀ, ਪ੍ਰਾਪਤ ਕਰਨ ਵਾਲੀ ਇਸ ਮਹਾਨ ''ਰੂਸੀ-ਬੇਟੀ'' ਦਾ ਅਸਲੀ ਨਾ ''ਤਾਨਿਆਂ'' ਨਹੀਂ ਸੀ ? ਉਸ ਦਾ ਨਾਂ ''ਜੋਇਆ'' ਸੀ। ਉਸ ਨੇ ਨਾਜ਼ੀਆਂ ਵੱਲੋਂ, ਉਸ ਉੱਪਰ ਕੀਤੇ ਅਕਿਹ-ਅਸਿਹ ਜ਼ਬਰ ਵੇਲੇ ਵੀ ਵੈਰੀਆਂ ਨੂੰ ਆਪਣਾ ਨਾਂਅ, ਆਪਣੀ ਪਛਾਣ ਤੇ ਆਪਣੇ ਛਾਪੇਮਾਰ ਦਸਤੇ' ਵਾਰੇਂ ਕੁਝ ਵੀ ਦਸਣ ਤੋਂ ਨਾਂਹ ਕਰ ਦਿੱਤੀ ! ਇੱਥੋਂ ਤੱਕ, ਉਸ ਨੇ  ''ਪੈਟਰੀਸੀਵੋ ਦੇ ''ਕੁਲਕਵੈਸ਼ਲੀ'' ਨੂੰ ਤੇ ਪੈਟਰੀਸੀਵੋ ਜਾਂਦਿਆਂ ਰਾਸਤੇ ਵਿੱਚ ਇੱਕ ਪੁਰਾਣੇ ਮਿਲੇ ਸਾਥੀ ਤੋਂ ਵੀ ਆਪਣੇ ਅਸਲੀ ਨਾਮ ਨੂੰ ਲਕੋਈ ਰੱਖਿਆ !
    'ਜੋਇਆ' (ਤਾਨਿਆ) ਇੱਕ ਬਹੁਤ ਹੀ ਹੁਸ਼ਿਆਰ, ਉੱਚੀ, ਲੰਬੀ, ਸਨੁੱਖੀ ਤੇ ਸੁੰਦਰ ਲੜਕੀ ਸੀ। ਉਸ ਦਾ ਜਨਮ 13-ਸਤੰਬਰ 1923 ਨੂੰ ਪਿਤਾ 'ਅਨਾਤੌਲੀ ਮਾਤਾ ਲਿਊਬੋਫ਼ ਤਿਮੋਫ਼ੀਵਨਾ' ਦੇ ਘਰ ਹੋਇਆ। ਉਸ ਨੇ 'ਮਾਸੋਕਾ ਉਟਬਰਕੀ ਜਿਲ੍ਹੇ ਦੇ ਸਕੂਲ ਵਿੱਚ ਪੜ੍ਹਾਈ ਪੂਰੀ ਕੀਤੀ ! ਛੋਟੇ ਹੁੰਦੇ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਹ ਆਪਣੀ ਵਿਧਵਾਂ ਮਾਤਾ (ਛੋਟਾ ਨਾਂ) 'ਲੋਬੋ' ਤੇ ਭਰਾ ਦਾ ਨਾਲ ''ਅਲੈਜ਼ਦਰਸ਼ਕੀ ਦੀ ਗਲੀ ਨੰਬਰ 7 ਵਿੱਚ ਰਹਿੰਦੀ ਸੀ। ਉਸ ਨੇ ਆਪਣੀ ਸਕੂਲੀ ਪੜ੍ਹਾਈ ਦੌਰਾਨ ਹੀ ਦੇਸ਼ ਦੇ ਮਹਾਨ ਲੇਖਿਕਾਂ, ਬੁੱਧਜੀਵੀਆਂ, ਇਨਕਲਾਬੀਆਂ, ਯੋਧਿਆਂ, ਕਵੀਆਂ ਅਤੇ ਸ਼ਹੀਦਾਂ ਦੀਆਂ ਜੀਵਨੀਆਂ ਪੜ੍ਹ ਕੇ ਉਨ੍ਹਾਂ ਪਾਸੋਂ ਪ੍ਰੇਰਨਾ ਲਈ ਸੀ। ਮਹਾਨ ਲੈਨਿਨ ਦੇ ਪ੍ਰਤੀ ਉਸ ਦੇ ਦਿਲ ਵਿੱਚ ਅਥਾਹ ਵਿਸ਼ਵਾਸ਼ ਸੀ। ''ਉਸ ਨੇ ਆਪਣੀ ਡਾਇਰੀ ਦੇ ਪੰਨ੍ਹਿਆਂ ਵਿੱਚ ''ਮਹਾਨ ਫ਼ਿਲਾਸਫਰ ਲੈਨਿਨ ਨੂੰ ਆਪਣੇ ਦੇਸ਼ ਦੇ ਅਤੀਤ ਦਾ ਇੱਕ ਗੌਰਵਮਈ-ਲੋਹ ਪੁਰਸ਼ ਵਰਤਮਾਨ ਦਾ ਚਮਕਦਾ ਸਿਤਾਰਾ ਤੇ ਆਸਾਂ ਭਰੇ ਭੱਵਿਖ ਦਾ ਪ੍ਰਤੀਕ ਜਾਣ ਕੇ ਯਾਦ ਕੀਤਾ ਸੀ।''
    ਜੂਨ-1941 ਵਿੱਚ ਮਾਸਕੋ ਦੇ ਇੱਕ ਪੇਂਡੂ ਖੇਤਰ ''ਗੋਲਤਸੀਨੋ'' ਵਿੱਚ ਜਦੋਂ ਨਾਜੀਆਂ ਦੀਆਂ ਫੌਜਾਂ ਪਹੁੰਚ ਗਈਆਂ, ਤਾਂ ਜੋਇਆ ਉਸ ਸਮੇਂ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਨੇ ਉਸ ਸਮੇਂ ਹੀ ਫੌਜ ਵਿੱਚ ਭਰਤੀ ਹੋਣ ਦੀ ਪ੍ਰਤਿਗਿਆ ਕੀਤੀ ਤੇ ਆਪਣੀ ਪੜ੍ਹਾਈ ਵਿਚਕਾਰ ਛੱਡ ਕੇ ਫੌਜ ਵਿੱਚ ਭਰਤੀ ਹੋਣ ਦਾ 'ਪ੍ਰਣ-ਪੱਤਰ' ਭਰਿਆ। ਉਸ ਦੀ ਫੌਜੀ ਸੇਵਾ ਵਿੱਚ ਰੂਚੀ ਨੂੰ ਦੁਸ਼ਮਣਾਂ ਵਿਰੁੱਧ, ਉਸ ਦੀ ਯੋਗ ਭੂਮਿਕਾ ਤੇ ਉਸ ਦੇ ਦਲੇਰਾਨਾ ਹੌਸਲੇ ਭਰੇ ਵਤੀਰੇ ਨੂੰ ਦੇਖਦਿਆਂ ਉਸ ਦੀ ਬੇਨਤੀ ਪੱਤਰ ਨੂੰ ਪ੍ਰਵਾਨ ਕਰਦਿਆਂ, ਚੋਣ ਅਧਿਕਾਰੀ ਨੇ, ਉਸ ਦੀ ਚੋਣ ਪ੍ਰੀਖਿਆ ਦੌਰਾਨ ਉਸ ਦੀ ਦਲੇਰਾਨਾ ਹਿੰਮਤ, ਨਿਡਰਤਾ, ਸੂਰਮਾਗਤੀ ਗੰਭੀਰਤਾ ਅਤੇ ਦ੍ਰਿੜਤਾ ਤੋਂ ਪ੍ਰਭਾਵਿਤ ਹੋ ਕੇ 'ਜੋਇਆ' ਨੂੰ ਇੱਕ ਛਾਪੇਮਾਰ-ਦਸਤੇ ਵਿੱਚ ਭਰਤੀ ਕਰ ਲਿਆ ਗਿਆ। ਆਪਣੀ ਦਲੇਰਾਨਾ ਹਿੰਮਤ ਸਦਕਾ, ਉਹ ਜਲਦੀ ਹੀ ਉਸ ਛਾਪੇਮਾਰ ਦਸਤੇ ਦੀ ਆਗੂ ਬਣ ਗਈ। ਇੱਕ ਦਿਨ ਆਪਣੇ ਹੋਰ 'ਕਾਮ ਸਮੋਲ ਛਾਪੇਮਾਰ ਸਾਥੀਆਂ ਸਮੇਤ ''ਉਸਤੋ ਖੋਵ" ਜੰਗੀ ਖੇਤਰ ਦੀ ਹੱਦ ਟੱਪ ਕੇ, ਜਿੱਥੇ ਨਾਜ਼ੀ ਕਾਬਜ਼ ਸਨ, ਵੈਰੀ ਦੀ ਸੈਨਾ ਦੇ ਪਿੱਛੇ ਲੱਗ ਗਈ। ਗੁਰੀਲਾ ਦਸਤੇ (ਛਾਪੇਮਾਰ ਦਸਤੇ) ਦੇ ਸਾਰੇ ਹੀ ਸਮਰਥਕ ਉਸ ਜੰਗਲ ਵਿੱਚ 15 ਦਿਨ ਠਹਿਰੇ, ਰਾਤ ਨੂੰ ਉਹ ਦੁਸ਼ਮਣਾ ਵਿਰੁੱਧ ਲੱਗੀ ਗੁਰੀਲਾ ਕਾਰਵਾਈ ਕਰਦੇ ਅਤੇ ਦਿਨੇ ਲੁੱਕ-ਛਿਪ ਕੇ ਉੜਕ ਦੀ ਠੰਡ ਵਿੱਚ ਰਹਿੰਦੇ ! ਨਾਲ ਲਿਆਦਾਂ ਫੌਜੀ ਰਾਸ਼ਨ, ਜੋ ਸਿਰਫ ਪੰਜਾਂ ਦਿਨਾਂ ਲਈ ਹੀ ਸੀ, ਖਤਮ ਹੋਣ ਤੋਂ ਬਾਦ ਭੁੱਖੇ-ਪਿਆਸੇ, ਠੰਡ ਦੇ ਸਤਾਏ ਤੇ ਉਨੀਦਰੇਂ ਦੇ ਮਾਰੇ, ਔਕੜਾਂ ਭਰੇ ਇਸ ਜੀਵਨ ਤੋਂ ਅੱਕ ਕੇ ਕੁਝ ਸਮਰਥਕ ਵਾਪਸ (ਗੁਰੀਲਾ ਦਸਤੇ ਤੇ ਮੈਂਬਰ) ਤਾਨਿਆਂ ਨੂੰ ਛੱਡ ਕੇ ਵਾਪਸ ਚਲੇ ਗਏ ! ਪਰ ! ਸਿਰਫ ਦੋ ਗੁਰੀਲਾ ਮੈਂਬਰ ਹੀ ਉਸ ਨਾਲ ਰਹੇ। ਪਰ ! (ਜੋਇਆ) ਤਾਨਿਆਂ ਨੇ ਇੱਕ ਨਿਸ਼ਾਨਾ ਜੀਵਨ ਦਾ ਮਿੱਥਿਆ ਹੋਇਆ ਸੀ, 'ਕਿ ਨਾਜ਼ੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਜਾਂ ! ਮਰ ਮਿਟਣਾ !! ਉਸ ਨੇ ਆਪਣੇ ਮਨ ਵਿੱਚ ਲਈ ਇਸ ਪ੍ਰਤਿਗਿਆਂ ਨੂੰ ਪੂਰਾ ਕਰਨ ਲਈ ਆਪਣੀ ਜਿੰਦਗੀ ਦੀ ਵੀ ਪ੍ਰਵਾਹ ਨਹੀਂ ਕੀਤੀ ? ਆਪਣੇ ਵਾਪਸ ਜਾਂਦੇ ਸਾਥੀਆਂ ਨੂੰ ਕਿਹਾ ਕਿ, ''ਤੁਸੀਂ ਮੇਰੀ ਚਿੰਤਾ ਨਹੀਂ ਕਰਨੀ ? ਮੈਂ ਪਹਿਲਾਂ ਦਸ ਜਰਮਨਾਂ ਨੂੰ ਮਾਰ ਕੇ ਮਰਾਂਗੀ ? ਕਿੰਨੀ ਸਾਹਸੀ ਤੇ ਦਲੇਰਾਨਾਂ ਹਿੰਮਤ ਵਾਲੀ ਸੀ ? ਜੋਇਆ ?
    ਅਖੀਰ ਵਿੱਚ ਦਸੰਬਰ-1941 ਨੂੰ ਪਿੰਡ 'ਪੈਟਰੀਸੀਵੋ'' ਜਿਹੜਾ ਨਾਜ਼ੀਆਂ ਦੇ ਅਧਿਕਾਰ ਹੇਠ ਸੀ, ਆਪਣੇ ਦੋ ਸਾਥੀਆਂ ਨਾਲ ਬੜੀ ਨਿਡਰਤਾ ਦੇ ਨਾਲ ਉਨ੍ਹਾਂ ਦੇ ਸੈਨਿਕ ਟਿਕਾਣਿਆਂ ਤੇ ਪੁੱਜ ਗਈ। ਪਰ! ਅਖੀਰ 'ਚ ਉਹ ਦੋ ਸਾਥੀ ਵੀ ਉਸ ਨੂੰ ਇੱਕਲੀ ਨੂੰ ਛੱਡ ਗਏ। ਆਪਣੇ ਮਨ ਵਿੱਚ ਧਾਰੀ ਪ੍ਰਤਿਗਿਆ  ਨੂੰ ਪੂਰਾ ਕਰਨ ਲਈ, ਉਸ ਨੂੰ ਦੋ ਦਿਨ ਲੁੱਕ-ਛਿਪ ਕੇ ਉਸ ਖੇਤਰ ਵਿੱਚ ਰਹਿਣਾ ਪਿਆ। ਉਸ ਨੇ, ਉਸ ਖੇਤਰ ਵਿੱਚ ਨਾਜ਼ੀਆਂ ਦੇ ਫੌਜੀ ਟਿਕਾਣਿਆਂ ਦੀਆਂ ਸਾਰੀਆਂ ਟੈਲੀਫੋਨ ਤਾਰਾ ਕੱਟ ਦਿੱਤੀਆਂ ! ਜਿਊਂ ਹੀ ! ਉਸ ਨੇ ਘੋੜ ਤਬੇਲੇ ਤੇ ਅਸਲੇ ਖਾਨੇ ਨੂੰ ਅਗਨੀ ਦਿਖਾਈ, ਤਾਂ ਇੱਕ ਨਾਜੀ ਪਹਿਰੇਦਾਰ ਨੇ ਇਕ ਨੌਜਵਾਨ ਲੜਕੇ ਨੂੰ ਫੜ ਲਿਆ। ਜਿਉਂ ਹੀ ਤਾਨਿਆ ਨੇ ਪਹਿਰੇਦਾਰ ਨੂੰ ਧੱਕਾ ਦੇ ਕੇ ਸੁੱਟਿਆ ਤਾਂ ਤਾਨਿਆਂ ਨੇ ਆਪਣੀ ਕੋਟ ਵਿੱਚੋਂ ਰੀਵਾਲਵਰ ਕੱਢ ਲਿਆ। ਫੁਰਤੀ ਨਾਲ ਨੌਜਵਾਨ ਨੂੰ ਪਹਿਰੇਦਾਰ ਨੇ ਫੜ ਲਿਆ। ਖਿੱਚਾ-ਧੂਹੀ ਵਿੱਚ ਜਦੋਂ ਰੌਲਾ ਪੈ ਗਿਆ ਤਾਂ, ਪੁਲਿਸ ਦੀ ਟੁਕੜੀ ਵੀ ਆ ਗਈ ਤੇ, ਲੜਕੇ ਨੂੰ ਫੜ ਕੇ ਪੁਲਿਸ ਦੇ ਅਫਸਰਾਂ, ਦੇ ਅਗੇ ਪੇਸ਼ ਕੀਤਾ ਗਿਆ ! ਨਾਜ਼ੀਆਂ ਵਲੋਂ ਲੜਕੇ ਦੀ ਤਲਾਸ਼ੀ ਲੈਣ ਸਮੇਂ, ਉਹ ਹੱਕੇ-ਬੱਕੇ ਰਹਿ ਗਏ, ਕਿ ''ਜਿਸ ਕੈਦੀ ਨੂੰ ਫੜਿਆ ਹੈ, ਉਹ ਲੜਕਾ ਨਹੀਂ ਹੈ ? ਉਹ ਇੱਕ ਲੰਮੀ ਪਤਲੀ, ਸੁੰਦਰ ਤੇ ਛੋਟੀ ਉਮਰ ਦੀ ਇੱਕ ਲੜਕੀ ਹੈ ? '' ਨਾਜ਼ੀਆਂ ਵਲੋਂ ਉਸ ਦਾ ਨਾ ਪੁੱਛਣ ਤੇ ਉਸ ਨੇ ਆਪਣਾ ਨਾਅ 'ਤਾਨਿਆ' ਦੱਸਿਆ ! ਜਾਬਰ ਨਾਜ਼ੀਆਂ ਨੇ ਉਸ ਦੀ ਪੁੱਛ ਪੜਤਾਲ ਕਰਨ ਸਮੇਂ, ਉਸ ਤੇ ਅੰਨ੍ਹਾਂ ਤਸ਼ਦਦ ਕੀਤਾ, ਚਮੜੇ ਦੀਆਂ ਪੇਟੀਆਂ ਨਾਲ, ਉਸ ਦੇ ਸਰੀਰ ਤੇ ਥਾਂ-ਥਾਂ ਲਾਸ਼ਾਂ ਪਾ ਦਿੱਤੀਆਂ। ਲਾਸ਼ਾਂ ਵਾਲੀ ਥਾਂ ਤੋਂ ਚਮੜੀ ਉੱਧੜ ਗਈ ਅਤੇ ਸਰੀਰ ਖੂਨ ਨਾਲ ਲੱਥ-ਪੱਥ ਹੋ ਗਿਆ। ਉਸ ਦੇ ਸਾਰੇ ਸਰੀਰ ਤੋਂ ਸਾਰੇ ਕੱਪੜੇ ਲਾਹ ਕੇ (ਸਮੀਜ ਅਤੇ ਕਛੇ-ਅੰਡਰਵੀਅਰ) ਤੋਂ ਬਿਨ੍ਹਾਂ, ਉਸ ਉੱਪਰ ਅਸਿਹ ਤੇ ਅਕਿਹ ਜ਼ਬਰ-ਜ਼ੁਲਮ ਢਾਹਿਆ ਗਿਆ । ਪਰ ! ਉਸ ਮਹਾਨ, ਰੂਸ ਦੀ ਮਾਣਮਤੀ ਇਨਕਲਾਬਣ ਨੇ ਆਪਣੀ ਜੁਬਾਨ ਵਿੱਚੋਂ ਆਪਣੇ ਸੈਨਿਕ ਟਿਕਾਣਿਆਂ ਵਾਰੇ, ਕੁਝ ਵੀ ਦਸਤ ਤੋਂ ਨਾਂਹ ਕਰ ਦਿੱਤੀ ! ਤਾਨਿਆਂ ਦਾ ਸਾਰਾ ਸਰੀਰ ਪੁਲਿਸ ਦੇ ਅੰਨ੍ਹੇ ਤਸ਼ਦਦ ਦੇ ਨਾਲ ਬਿਨ੍ਹਿਆ ਗਿਆ, ਬਾਹਾਂ ਪਿੱਛੇ ਬੰਨ੍ਹ ਕੇ ਸੰਗੀਨਾਂ ਦੀ ਛਾਂ ਹੇਠਾਂ ਠੰਡੀ ਯੱਖ ਧਰਤੀ ਉੱਤੇ, ਜਿਹੜੀ ਬਰਫ਼ ਨਾਲ ਲਦੀ ਪਈ ਸੀ, ਨੰਗੇ ਪੈਰੀ ਚੱਲਣ ਲਈ ਮਜ਼ਬੂਰ ਕੀਤਾ ! ਪਹਿਰੇਦਾਰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਨੰਗੇ ਪੈਰੀ ਚੱਲਣ ਲਈ ਕਹਿੰਦਾ। ਉਹ ਉਸੇ ਤਰ੍ਹਾਂ ਹੀ ਕਰਦੀ ਰਹੀ, ਪਰ ! ਉਹ ਪਹਿਰੇਦਾਰ ਬਦਲ ਕੇ ਦੂਸਰਾ ਆ ਗਿਆ, ਤਾਂ ਉਸ ਨੇ ਤਾਨਿਆਂ ਨੂੰ ਬੈਂਚ ਤੇ ਬੈਠਣ ਦਾ ਇਸ਼ਾਰਾ ਕੀਤਾ। ਸਾਰੀ ਰਾਤ ਠੰਡ ਵਿੱਚ ਨੰਗੀ ਬੈਂਚ ਤੇ ਬੈਠੀ ਨੇ ਉਨੀਦਰੇ ਵਿੱਚ ਹੀ ਉਸ ਨੇ ਪੂਰੀ ਰਾਤ ਕੱਟੀ!
    ਅੰਨ੍ਹੇ ਤਸ਼ਦਦ ਤੋਂ ਬਾਦ ਤਾਨਿਆਂ ਨੂੰ ਫਾਂਸੀ ਦੇਣ ਲਈ ਪਿੰਡ ਦੇ ਚੌਰਾਹੇ ਦੇ ਵਿੱਚ ਫਾਂਸੀ ਦਾ ਤਖਤਾ ਗਡਿਆ ਗਿਆ। ਉਹ ਬਹੁਤ ਹੀ ਭਿਆਨਕ ਤੇ ਦਿਲ ਕੰਬਾਊ ਦ੍ਰਿਸ਼ ਲੋਕਾਂ ਨੂੰ ਦਿਖਾਉਣ ਲਈ, ਪਿੰਡ ਦੇ ਸਾਰੇ ਕਿਸਾਨਾਂ, ਕਿਰਤੀਆਂ, ਬੱਚਿਆਂ, ਇਸਤਰੀਆਂ ਨੂੰ ਜਬਰੀ ਇਸ ਅਣ-ਮਨੁੱਖੀ ਕਹਿਰ ਨੂੰ ਦਿਖਾਉਣ ਲਈ ਲਿਆਂਦਾ ਗਿਆ ਸੀ। ਫਾਂਸੀ ਦੇ ਤਖਤੇ ਤੇ ਜਾਣ ਤੋਂ ਪਹਿਲਾ, ਇੱਕਠ ਵਿੱਚ ਆਏ ਲੋਕਾਂ ਨੂੰ ਲਲਕਾਰ ਕੇ ਸੰਬੋਧਨ ਕਰਦਿਆਂ ਕਿਹਾ ਕਿ, ''ਸਾਥੀਓ ਤੁਸੀਂ ਉਦਾਸ ਨਹੀਂ ਹੋਣਾ, ਮੈਂ ਮੌਤ ਤੋਂ ਨਹੀਂ ਡਰਦੀ ? ਤਾਨਿਆਂ ਨੂੰ ਆਪਣੇ ਵਤਨ ਤੋਂ ਜਾਨ ਦੇਣ ਦਾ ਸੁਭਾਗਾ ਸਮਾਂ ਇਸ ਤੋਂ ਚੰਗਾ ਹੋਰ ਕੋਈ, ਨਹੀਂ ਹੋ ਸਕਦਾ ? ਮੇਰੇ ਮਰਨ ਤੋਂ ਬਾਦ ਤੁਸੀਂ ਹਿੰਮਤ ਤੋਂ ਕੰਮ ਲੈਣਾ ! ਯੁੱਧ ਕਰਨਾ ਅਤੇ ਨਾਜ਼ੀਆਂ ਨੂੰ ਮਾਰ ਕੇ ਅੱਗ ਵਿੱਚ ਸਾੜ ਦੇਣਾ, ਫਾਂਸੀ ਦੇ ਤਖਤੇ ਤੇ ਖੜੀ ਨੂੰ ਵੀ ਜਾਲਮ ਨਾਜੀ ਤਸੀਹੇ ਦਿੰਦੇ ਰਹੇ ਤੇ ਉਹ ਮਾਣ ਮਤੀ ਰੂਸ ਦੀ ਵੀਰਾਂਗਣ ਅਡੋਲ ਖੜੀ ਰਹੀ ?
    ''ਵੈਸਲੀ ਕੁਲਕ ਦੀ ਪਤਨੀ ਪ੍ਰਾਸਕੋਇਆ ਨੂੰ ਇੱਕ ਨਾਜ਼ੀ ਅਫਸਰ ਨੇ ਤਾਨਿਆ ਦੀਆਂ ਕੁਝ ਚੀਜ਼ਾਂ ਜੈਕੇਟ, ਬੂਟ, ਜੁਰਾਬਾਂ, ਪੈਂਟ, ਆਦਿ ਪਾਉਣ ਨੂੰ ਦਿੱਤੀਆਂ ਤੇ ਕੁਝ ਬੋਤਲਾਂ, ਜਿਸ ਥੈਲੇ ਵਿੱਚ ਪਾਈਆਂ ਸਨ, ਤੀਲਾਂ ਦੀ ਡੱਬੀ ਤੇ ਕਾਰਤੂਸ ਉਸ ਥੈਲੇ ਵਿੱਚ ਪਾ ਕੇ, ਉਸ ਦੇ ਗੱਲ ਵਿੱਚ ਪਾ ਦਿੱਤਾ। ਪ੍ਰਾਸਕੋਇਆ ਨੇ ਤਾਨਿਆ ਨੂੰ ਪੁੱਛਿਆ ਕਿ, "ਕੀ ? ਤੂੰ ! ਜਰਮਨਾਂ ਦੇ ਤਬੇਲੇ ਨੂੰ ਅੱਗ ਲਾਈ ਸੀ ਤੇ ਕਿੰਨੇ ਜਰਮਨ ਮਰੇ?" ਤਾਨਿਆਂ ਨੇ ਕਿਹਾ ਕਿ, ''ਜਰਮਨ ਤਾਂ ਨਹੀਂ ਮਰੇ, ਪਰ ! ਤਬੇਲੇ ਦੇ ਕੁਝ ਘੋੜੇ ਤੇ ਅਸਲਾ ਸੜ ਕੇ ਸੁਆਹ ਹੋ ਗਿਆ ?"
    ਜਦੋਂ ਤਾਨਿਆਂ ਨੂੰ ਫਾਂਸੀ ਦਿੱਤੀ ਜਾਣ ਲੱਗੀ ਤੇ ਉੱਥੋਂ ਖੜੀ ਭੀੜ ਵਿੱਚ ਕਿਸਾਨਾਂ ਮਜ਼ਦੂਰਾਂ, ਇਸਤਰੀਆਂ ਬੁੱਢੇ ਤੇ ਬੱਚੇ ਰੋਣ ਲੱਗ ਪਏ ਅਤੇ ਇਸ ਭਿਆਨਕ ਦ੍ਰਿਸ਼ ਦੇਖਣ ਤੋਂ ਪਹਿਲਾ ਹੀ ਮੂੰਹ ਪਿੱਛੇ ਕਰ ਲਏ ! ਜਲਾਦ ਨੇ ਫਾਂਸੀ ਅਫਸਰ ਦੇ ਹੁਕਮਾਂ ਵੱਲ ਦੇਖਦਿਆਂ ਅੱਗੇ ਹੱਥ ਵਧਾਇਆ ਹੀ ਸੀ, ਕਿ ''ਤਾਨਿਆ ਨੇ ਇੱਕ ਝਟਕੇ ਨਾਲ ਫਾਂਸੀ ਵਾਲੇ ਰਸੇ ਨੂੰ ਦੋਨਾਂ ਹੱਥਾਂ ਨਾਲ ਪੂਰਾ ਜੋਰ ਲਾ ਕੇ, ਉੱਪਰ ਚੁੱਕ ਕੇ, ਪੈਰਾਂ  ਹੇਠਲੇ ਲੱਕੜ ਦੇ ਉੱਪਰ ਪਬਾ ਭਾਰ ਖੜੀ ਹੋ ਕੇ ਉੱਚੀ ਅਵਾਜ ਵਿੱਚ ਸ਼ਹੀਦੀ ਦੇ ਰੌਅ ਵਿੱਚ ਨਾਜ਼ੀ ਸੈਨਿਕਾਂ ਨੂੰ ਵੰਗਾਰਿਆਂ, ਕਿ ਤੁਸੀਂ ਅੱਜ ਮੈਨੂੰ ਫਾਂਸੀ ਲਾਉਣ ਲੱਗੇ ਹੋ ? ਤੁਸੀਂ ਮੈਨੂੰ ਇੱਕਲੀ ਨੂੰ ਫਾਂਸੀ ਲਾ ਦਿਉਗੇ ? ਮੇਰੀ ਅਵਾਜ਼ ਬੰਦ ਕਰ ਦਿਉਗੇ ? ਮੇਰੇ ਪਿੱਛੋਂ ਮੇਰੇ ਦੇਸ਼ ਵਾਸੀ ਮੇਰੀ ਮੌਤ ਦਾ ਬਦਲਾ ਤੁਹਾਡੇ ਪਾਸੋਂ ਜਰੂਰ ਲੈਣਗੇ ? ਮੇਰੇ ਨਾਲ ਇਸ ਵੇਲੇ ਮੇਰੇ ਦੇਸ਼ ਦੇ ਵੀਹ ਕਰੋੜ ਲੋਕ ਮੇਰੇ ਨਾਲ ਹਨ, ਅਖੀਰ 'ਚ ਜਿੱਤ ਸਾਡੀ ਹੀ ਹੋਵੇਗੀ ? ਮੇਰੇ ਦੇਸ਼ ਵਾਸੀ ਮੇਰੀ ਮੌਤ ਦਾ ਬਦਲਾ ਤੁਹਾਡੇ ਪਾਸੋਂ ਜਰੂਰ ਲੈਣਗੇ ? ਆਪਣੇ ਦੇਸ਼ ਦੇ ਸਾਥੀਆਂ ਨੂੰ ਜੰਗੀ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ, ''ਇਸ ਯੁੱਧ ਨੂੰ ਨਿਡਰਤਾ ਪੂਰਵਕ ਸਿਰੇ ਚੜਾਉਣਾ ! ਜਲਾਦ ਦੇ ਤਾਨਿਆਂ ਦੇ ਪੈਰਾਂ ਹੇਠੋਂ ਲੱਕੜ ਦਾ ਫੱਟਾ ਕੱਢ ਲਿਆ ! ਇਹ ਦ੍ਰਿਸ਼ ਦੇਖ ਦੇ ਲੋਕ ਭੈਅ-ਭੀਤ ਹੋ ਗਏ। ਤਾਨਿਆਂ ਦੀ ਲਾਸ਼ ਇੱਕ ਮਹੀਨਾ ਪਿੰਡ ਦੇ ਚੌਂਕ ਵਿੱਚ ਫਾਂਸੀ ਤੇ ਲਟਕਦੀ ਰਹੀ। ਤਾਨਿਆਂ ਦੀ ਲਾਸ਼ ਨੂੰ ਵੀ ਵਹਿਸ਼ੀ ਨਾਜ਼ੀਆਂ ਨੇ, ਵਹਿਸ਼ੀ ਢੰਗ ਨਾਲ ਸੰਗੀਨਾਂ, ਸੋਟੀਆਂ, ਬੰਦੂਕਾਂ ਨਾਲ ਆਉਂਦਿਆਂ ਜਾਂਦਿਆਂ ਵਿੰਨ ਸੁਟਿਆਂ ਤੇ ਉਸ ਦੀ ਲਾਸ਼ ਨੂੰ ਵੀ ਅਪਮਾਨਿਤ ਕਰਦੇ ਰਹੇ ?  ਸ਼ਰਾਬ ਦੀ ਲੋਰ ਵਿੱਚ ਆਉਂਦੇ ਜਾਂਦੇ ਸਿਪਾਹੀਆਂ, ਨਾਜ਼ੀਆਂ ਨੇ ਉਸ ਦੀ ਲਾਸ਼ ਤੋਂ ਕੱਪੜੇ ਵੀ ਲਾਹ ਦਿੱਤੇ ਅਤੇ ਉਸ ਦੇ ਸਰੀਰ ਤੇ ਚਾਕੂ ਮਾਰ-ਮਾਰ ਕੇ ਟੁੱਕ ਲਾ ਦਿੱਤੇ ? ਇਹੋ ਜਿਹਾ ਦਿਲ-ਕੰਬਾਊ ਦ੍ਰਿਸ਼ ਦੇਖ ਕੇ ਪਿੰਡ ਦੇ ਲੋਕ ਗਮ ਵਿੱਚ ਡੁੱਬ ਗਏ ਤੇ ਭੈਅ-ਭੀਤ ਹੋ ਗਏ । ਜਰਮਨ ਨਾਜ਼ੀਆਂ ਦੇ ਹੁਕਮ ਨਾਲ ਤਾਨਿਆਂ ਦੀ ਲਾਸ਼ ਨੂੰ ਫਾਂਸੀ ਤੋਂ ਉਤਾਰਿਆ ਗਿਆ। ਪਿੰਡ ਵਾਸੀਆਂ ਨੇ ਪਿੰਡੋਂ ਬਾਹਰ ਬਰਫ਼ ਲੱਦੀ ਜਮੀਨ ਵਿੱਚ ਟੋਆ ਪੁੱਟ ਕੇ ਮਹਾਨ ਵੀਰਾਂਗਣ ਸ਼ਹੀਦ ਦੀ ਲਾਸ਼ ਨੂੰ ਰੂਸੀ ਧਰਤੀ ਦੀ ਗੋਦ ਵਿੱਚ ਪਾ ਦਿੱਤਾ !
    ਤਾਨਿਆ ਦੀ ਸ਼ਹੀਦੀ ਤੋਂ ਥੋੜ੍ਹੀ ਦੇਰ ਬਾਦ ਹੀ 'ਰੂਸ ਦੀ ਲਾਲ ਫੌਜ' ਨੇ ਨਾਜ਼ੀ ਹਮਲਾਵਰਾਂ ਨਾਲ ਲੋਹਾ ਲਿਆ ਅਤੇ ਨਾਜ਼ੀਆਂ ਨੂੰ ਆਪਣੀ ਸਰ ਜਮੀਨ ਤੋਂ ਖਦੇੜ ਦਿੱਤਾ। ਨਾਜ਼ੀਆਂ ਨੇ ਪਿੱਛੇ ਹੱਟਦੇ ਹੋਏ ਕਈ ਪਿੰਡ ਸਾੜ-ਫੂਕ ਦਿੱਤੇ। ਇਸ ਸਮੇਂ ਸਿਰਫ ''ਪੈਟਰੀਸੀਵੋ'' ਪਿੰਡ ਹੀ ਸਾੜ-ਫੂਕ ਤੋਂ ਬਚਿਆ। ''ਰੂਸੀ ਮੁਕਤੀ ਫੌਜ ਦੇ ਸਿਪਾਹੀਆਂ ਨੇ ਅਤੇ ਉੱਚ ਅਧਿਕਾਰੀਆਂ ਨੇ ਇਸ ਪਿੰਡ ਰੁੱਕ ਕੇ, ਇਸ ਮਹਾਨ ਮਾਣ-ਮਤੀ ਵੀਰਾਂਗਣ ਅਤੇ ਦੇਸ਼ ਭਗਤ, ਜਿਸ ਨੇ ਦੇਸ਼ ਦੀ, ਦੁਸ਼ਮਣਾਂ ਤੋਂ ਰਾਖੀ ਕਰਦਿਆਂ ਫਾਂਸੀ ਦਾ ਰੱਸਾ ਚੁੰਮਿਆ, ਦੀ ਕਬਰ ਤੇ ਸ਼ਰਧਾ ਨਾਲ ਸਿਰ ਝਕਾਉਂਦੇ ਹੋਏ ਤੇ ਉਸ ਦੀ ਕਬਰ ਤੇ ਫੁੱਲ ਭੇਂਟ ਕਰਦੇ ਹੋਏ ਨੂੰ ਸਿਜਦਾ ਕੀਤਾ ਅਤੇ ਉੱਥੇ ਸਕੂਲੀ ਟੀਚਰਾਂ ਨੂੰ ਵੀ ਸਿਰ ਨਿਵਾ ਕੇ ਪਿਆਰ ਭੇਂਟ ਕੀਤਾ ਅਤੇ ਉਸ ਦੇ ਮਾਤਾ ਪਿਤਾ ਨੂੰ ਵੀ ਸਿਜਦਾ ਕੀਤਾ ਜਿਨ੍ਹਾਂ ਨੇ ਇਹੋ ਜਿਹੀ ਵੀਰਾਂਗਣ ਦੇਸ਼ ਭਗਤ ਪੁੱਤਰੀ ਨੂੰ ਪੈਦਾ ਕੀਤਾ ਤੇ ਜਿਨ੍ਹਾਂ ਨੇ ਦੇਸ਼ ਕੁਰਬਾਨੀ ਦੀ ਲਾ ਮਿਸਾਲ ਸਿੱਖਿਆ ਦਿੱਤੀ !
    ''ਤਾਨਿਆ'' ਦੀ ਇਸ ਸ਼ਹਾਦਤ ਦੀ ਵੀਰ ਗਾਥਾ ਦੀ ਜੀਵਨੀ 27 ਜਨਵਰੀ 1942 ਦੇ ਪਰਾਵਦਾ ਅਖਬਾਰ'' ਵਿੱਚ ਛਪੀ। ਉਸ ਸਮੇਂ ਤੱਕ ਸਾਰੇ ਦੇਸ਼ ਦੇ ਲੋਕ ਉਸ ਦੇ ਅਸਲੀ ਨਾਂ ਤੋਂ ਅਣਜਾਣ ਸਨ। ਸੋਵੀਅਤ ਦੇਸ਼ ਦੀ ਸਰਵ-ਉੱਚ-ਸਵਿੰਧਾਨ ਪ੍ਰੀਸ਼ਦ ਵਿੱਚ ਇਸ ਮਹਾਨ ਵੀਰਾਂਗਣ, ਜਿਸ ਨੇ ਬਹੁਤ ਹੀ ਸੂਰਮਗਤੀ ਨਾਲ ਨਾਜ਼ੀਆਂ ਦੇ ਨਾਲ ਮੁਕਾਬਲਾ ਕੀਤਾ, ਜੋਇਆ (ਤਾਨਿਆ) ਨੂੰ ਸੋਵੀਅਤ ਦੇਸ਼ ਦੇ ਅਮਰ-ਨਾਇਕਾ ਦੀ ਪਦਵੀ ਨਾਲ ਸਨਮਾਨਿਤ ਕੀਤਾ। ਤਾਨਿਆ ਦੀ ਲਾ-ਮਿਸਾਲ ਕੁਰਬਾਨੀ ਇਤਿਹਾਸ ਦੇ ਪੰਨਿਆ ਤੇ ਲਿਖੀ ਗਈ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ?

 ਰਾਜਿੰਦਰ ਕੌਰ ਚੋਹਕਾ
ਸਾਬਕਾ ਜਨਰਲ ਸਕੱਤਰ
 ਜਨਵਾਦੀ ਇਸਤਰੀ ਸਭਾ ਪੰਜਾਬ
ਮੋਬਾ: 98725-44738
ਕੈਲਗਰੀ 403-285-4208