4 ਸਤੰਬਰ ਬਰਸੀ 'ਤੇ ਵਿਸ਼ੇਸ਼ : ਦਰਵੇਸ਼ ਗਾਇਕ ਹਾਕਮ ਸੂਫ਼ੀ ਨੂੰ ਚੇਤੇ ਕਰਦਿਆਂ .......... - ਮਨਜਿੰਦਰ ਸਿੰਘ ਸਰੌਦ

ਪੰਜਾਬੀ ਸੰਗੀਤ ਇੰਡਸਟਰੀ ਅੰਦਰ ਸਵਰਗੀ ਗਾਇਕ ਹਾਕਮ ਸੂਫ਼ੀ ਦਾ ਨਾਂਅ ਅੱਜ ਵੀ ਬੜੀ ਮਾਣ ਨਾਲ ਲਿਆ ਜਾਂਦੈ। ਪੰਜਾਬ ਦੀਆਂ ਸੰਗੀਤਕ ਫ਼ਿਜ਼ਾਵਾਂ ਅੰਦਰ ਉਹਨਾਂ ਦੀ ਗਾਇਕੀ ਨੇ ਐਸੀ ਮਹਿਕ ਖਿਲਾਰੀ ਜਿਸ ਨੂੰ ਉਹਨਾਂ ਦੇ ਚਾਹੁਣ ਵਾਲੇ ਲੰਮਾਂ ਸਮਾਂ ਮਾਣ ਦਿੰਦੇ ਰਹਿਣਗੇ। ਸਮੁੱਚੀ ਕਾਇਨਾਤ ਅੰਦਰ ਵਗਦੀਆਂ ਹਵਾਵਾਂ ਨੂੰ ਠੱਲ੍ਹਣ ਵਰਗੀ ਖਿੱਚ ਸੀ ਉਸ ਫ਼ਨਕਾਰ ਦੀ ਗਾਇਕੀ ਵਿੱਚ। ਭਾਵੇਂ ਪੰਜਾਬ ਦੀ ਸਰ-ਜ਼ਮੀਨ 'ਤੇ ਵੱਡੇ-ਵੱਡੇ ਗਵੱਈਆਂ ਨੇ ਜਨਮ ਲਿਐ। ਇਸ ਧਰਤੀ ਦੀ ਕੁੱਖ ਨੇ ਵਿਸ਼ਵ-ਪੱਧਰੀ ਕਲਾਕਾਰ ਪੈਦਾ ਕੀਤੇ। ਪੰਜਾਬੀ ਗੀਤ ਸੰਗੀਤ ਦੇ ਸੱਚੇ ਰਹਿਨੁਮਾ ਵਜੋਂ ਜਾਣੀ ਜਾਂਦੀ ਸ਼ਖ਼ਸੀਅਤ ਦਾ ਨਾਂਅ ਸੀ ਹਾਕਮ ਸੂਫ਼ੀ। ਪੰਜਾਬੀ ਮਾਂ ਬੋਲੀ ਦੇ ਇਸ ਫ਼ਨਕਾਰ ਪੁੱਤਰ ਨੇ 67 ਕੁ ਵਰ੍ਹੇ ਪਹਿਲਾਂ ਬਾਪੂ ਕਰਤਾਰ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖ ਤੋਂ ਜਨਮ ਲਿਆ। ਬਚਪਨ ਤੋਂ ਸਾਊ ਪ੍ਰਵਿਰਤੀ ਦਾ ਮਾਲਕ ਇਹ ਬੱਚਾ ਆਪਣੀ ਅਲੱਗ ਪਗਡੰਡੀ 'ਤੇ ਤੁਰਦਿਆਂ ਤੁਰਦਿਆਂ ਵਧੀਆ ਗਾਇਕੀ ਦਾ ਅਸਲ ਹਾਕਮ ਬਣ ਬੈਠਾ। ਅਫ਼ਸੋਸ ਪੰਜਾਬੀ ਗਾਇਕੀ ਦਾ ਇਹ ਅਲਬੇਲਾ ਪੁੱਤਰ ਸਾਥੋਂ 7 ਕੁ ਵਰ੍ਹੇ ਪਹਿਲਾਂ ਵਿਛੜ ਚੁੱਕਿਐ। ਪਰ ਚਾਹੁਣ ਵਾਲਿਆਂ ਦੇ ਦਿਲ ਦੀ ਸਰਦਲ ਕਿਸੇ ਸੱਜਰੀ ਹੂਕ ਦੀ ਤਰ੍ਹਾਂ ਅੱਜ ਵੀ ਮੱਲੀਂ ਬੈਠਾ ਹੈ। ਜਦੋਂ ਹਾਕਮ ਸੂਫ਼ੀ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਤਾਂ ਉਹਨਾਂ ਦੇ ਚਿਹਰੇ ਤੋਂ ਮਾਂ ਬੋਲੀ ਦੀ ਕੀਤੀ ਸੱਚੀ ਸੇਵਾ ਸਾਫ਼ ਝਲਕਦੀ ਸੀ। ਨਾ ਕੋਈ ਪਛਤਾਵਾ, ਨਾ ਗ਼ਮ ਨਾ ਗ਼ਿਲਾ ਸੀ। ਹਾਂ, ਕਦੇ ਕਦੇ ਮਾੜਾ ਗਾਉਣ ਵਾਲਿਆਂ ਨੂੰ ਤਾਅਨਾ ਜ਼ਰੂਰ ਦੇ ਦਿਆ ਕਰਦੇ ਸੀ
        ਹਾਕਮ ਸੂਫ਼ੀ ਦੀ ਗਾਇਕੀ ਸਮਝਣ ਵਾਲਿਆਂ ਲਈ ਇਬਾਦਤ ਦੀ ਭੱਠੀ ਵਿੱਚ ਤਪ ਕੇ ਉਸ ਮਰਤਬੇ ਨੂੰ ਪਹੁੰਚ ਚੁੱਕੀ ਸੀ ਜੋ ਕਿਸੇ ਕਿਸੇ ਨੂੰ ਹਾਸਲ ਹੁੰਦੈ। ਉਸ ਮਹਾਨ ਸਪੂਤ ਨੇ ਸਾਰੀ ਉਮਰ ਸੱਚੇ ਫ਼ਰਜ਼ਾ ਦਾ ਸਾਥ ਨਿਭਾਇਆ। ਉਹਨਾਂ ਦੀ ਗਾਇਕੀ ਅੰਦਰ ਇੱਕ ਰਵਾਨਗੀ ਸੀ। ਵਗਦੇ ਪਾਣੀਆਂ ਦੀ ਤਰ੍ਹਾਂ ਚੱਲਦੇ ਰਹਿਣਾ ਉਹਨਾਂ ਦੀ ਫ਼ਿਤਰਤ ਸੀ। ਉਹਨਾਂ ਦੇ ਗਾਏ ਗੀਤ ਪੰਜਾਬ ਦੀ ਫ਼ਿਜ਼ਾ ਅੰਦਰ ਅੱਜ ਵੀ ਤਾਜ਼ੇ ਨੇ। ''ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ'' ਨੂੰ ਕੌਣ ਭੁੱਲ ਸਕਦੈ। ''ਪਾਣੀ ਵਿੱਚ ਮਾਰਾਂ ਡੀਟਾਂ'' ਅੱਜ ਵੀ ਬਹੁਤਿਆਂ ਕੋਲੇ ਕਿਸੇ ਸੱਜਣ ਦੇ ਗਹਿਣੇ ਵਾਂਗਰਾਂ ਸਾਂਭਿਆ ਪਿਐ। ਅਜੋਕੇ ਸਮੇਂ ਅੰਦਰ ਵੀ ''ਮੇਲਾ ਯਾਰਾਂ ਦਾ ਦਿਲਦਾਰਾਂ ਦਾ'' ਜਿਹਾ ਗੀਤ ਪੰਜਾਬ ਦੇ ਕਿਸੇ ਸਮੇਂ ਦੇ ਅਮੀਰ ਸੱਭਿਆਚਾਰ ਦਾ ਜਾਮਨ ਪ੍ਰਤੀਤ ਹੁੰਦਾ ਏ। ਉਹਨਾਂ ਦੇ ਤੁਰ ਜਾਣ 'ਤੇ ਗਾਇਕੀ ਦੀ ਕਾਇਨਾਤ ਅੰਦਰ ਇੱਕ ਖਲਾਅ ਪੈਦਾ ਹੋਇਐ। ਜਿਨ੍ਹਾਂ ਰਾਹਾਂ 'ਤੇ ਹਾਕਮ ਤੁਰਦਾ-ਤੁਰਦਾ ਗੁਣਗੁਣਾਉਂਦਾ ਹੁੰਦਾ ਸੀ, ਉਨ੍ਹਾਂ ਰਾਹਾਂ 'ਤੇ ਕੁੱਲ ਆਲਮ ਲਈ ਭਾਵੇਂ ਲੱਖ ਰੌਣਕਾਂ ਹੋਣ ਪਰ ਉਸ ਦੇ ਚਾਹੁਣ ਵਾਲਿਆਂ ਲਈ ਇਹ ਰਾਹ ਅੱਜ ਕਿਸੇ ਰੋਹੀ ਬੀਆ-ਬਾਨ ਤੋਂ ਘੱਟ ਨਹੀਂ ਜਾਪਦੇ। ਉਹ ਇਸ ਦੁਨੀਆਂ ਤੋਂ ਦੁਰਕਾਰੇ ਲੋਕਾਂ ਨੂੰ ਸਮਰਪਿਤ ਇਨਸਾਨ ਵੀ ਸਨ। ਕਹਿੰਦੇ ਇੱਕ ਵਾਰ ਸ਼ਮਸ਼ਾਨ ਘਾਟ ਵਿੱਚ ਕਿਸੇ ਲਾਵਾਰਿਸ ਲਾਸ਼ ਕੋਲ ਕੋਈ ਰੋਣ ਵਾਲਾ ਨਹੀਂ ਸੀ ਤਾਂ ਇਹ ਮਸਤ ਸ਼ਾਇਰ ਸਾਰੀ ਰਾਤ ਮੁਰਦਾ ਸਰੀਰ ਕੋਲ ਬੈਠ ਕੇ ਰੋਂਦਾ ਰਿਹਾ ਤੇ ਵਿਛੋੜੇ ਦੇ ਗੀਤ ਗਾਉਂਦਾ ਰਿਹਾ ਤੇ ਆਖਦਾ ਰਿਹਾ ਮੈਂ ਹਾਂ ਤੇਰਾ।
        ਭਰਾ ਨਛੱਤਰ ਸਿੰਘ ਅੱਖਾਂ ਭਰ ਕੇ ਕਹਿੰਦੈ ਕਿ ਹਾਕਮ ਸੂਫ਼ੀ ਨੇ ਜਿਉਂਦੇ ਜੀਅ ਸਾਰੀ ਉਮਰ ਕਿਸ ਤੋਂ ਗਾਉਣ ਬਦਲੇ ਆਪਣੇ ਮੂੰਹੋਂ ਮੰਗ ਕੇ ਕਿਸੇ ਤੋਂ ਪੈਸੇ ਨਹੀਂ ਲਏ। ਸਿਤਮ ਦੀ ਗੱਲ ਇਹ ਹੈ ਕਿ ਉਸ ਦੀ ਯਾਦ ਵਿੱਚ ਜੁੜ ਬੈਠਣ ਲਈ ਅੱਜ ਕਈ ਵੱਡੇ ਕਲਾਕਾਰ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਚੰਦ ਗੱਲਾਂ ਬੋਲਣ ਦੇ ਲਈ ਲੱਖਾਂ ਰੁਪਏ ਮੰਗ ਕੇ ਸ਼ਰਮਸਾਰ ਕਰਦੇ ਨੇ।
        ਭਾਵੇਂ ਗਾਇਕੀ ਦੇ ਸਮੁੰਦਰ ਵਿੱਚ ਲੱਖ ਸਿਕੰਦਰ ਆਵਣ, ਪਰ ਹਾਕਮ ਦੀਆਂ ਲਾਈਆਂ ਤਾਰੀਆਂ ਸਦਾ ਯਾਦ ਰਹਿਣਗੀਆਂ। ਮੈਨੂੰ ਕਈ ਵਰ੍ਹਿਆਂ ਦੇ ਗਾਇਕੀ ਅਤੇ ਸੱਭਿਆਚਾਰ ਬਾਰੇ ਲਿਖਣ ਦੇ ਸਫ਼ਰ ਦੌਰਾਨ ਇਸ ਮਹਾਨ ਫਨਕਾਰ ਦੀ ਗਾਇਕੀ ਨੇ ਬਹੁਤ ਪ੍ਰਭਾਵਿਤ ਕੀਤਾ। ਸਿਰੇ ਦੀ ਸ਼ਾਇਰੀ ਦਾ ਮਾਲਕ ਹੋਣ 'ਤੇ ਵੀ ਗ਼ਰੀਬੀ ਨਾਲ ਘੁਲਦਿਆਂ, ਅਧਿਆਪਕ ਜਿਹੇ ਪਵਿੱਤਰ ਕਿੱਤੇ ਨੂੰ ਅਪਣਾਈ ਰੱਖਿਆ ਸੀ। ਵੱਡਾ ਗ਼ਿਲਾ ਉਹਨਾਂ 'ਤੇ ਜ਼ਰੂਰ ਐ ਜਿਹੜੇ ਵੱਡੇ ਗਵੱਈਆਂ ਨੇ ਹਰ ਸਮੇਂ ਪਰਛਾਵੇਂ ਵਾਂਗ ਰਹਿਣ ਦਾ ਵਾਅਦਾ ਤਾਂ ਕੀਤਾ ਪਰ ਆਖ਼ਿਰੀ ਸਮੇਂ ਗ਼ਰੀਬੀ ਦਾਅਵੇ ਵਾਲੀ ਮੌਤ 'ਤੇ ਸਾਥ ਛੱਡ ਗਏ। ਸ਼ਾਇਦ ਗਾਇਕੀ ਦੇ ਇਤਿਹਾਸ ਦਾ ਇਹੀ ਕੌੜਾ ਸੱਚ ਹੈ। ਕਈ ਵਰ੍ਹੇ ਪਹਿਲਾਂ ਸਵਰਗੀ ਸੁਰਜੀਤ ਬਿੰਦਰਖੀਏ ਦੇ ਇਸ ਸੰਸਾਰ ਨੂੰ ਛੱਡ ਕੇ ਜਾਣ ਸਮੇਂ ਕੁਝ ਲੋਕਾਂ ਵੱਲੋਂ ਕੀਤੇ ਵਾਅਦੇ ਵੀ ਵਾ-ਵਰੋਲੇ ਦੀ ਤਰ੍ਹਾਂ ਉੱਡ ਗਏ ਸਨ।
        ਇੱਕ ਰੰਜ ਜੋ ਸੂਫ਼ੀ ਪਰਿਵਾਰ ਦੇ ਸੀਨੇ ਅੰਦਰ ਜਜ਼ਬ ਹੋ ਕੇ ਰਹਿ ਗਿਐ ਕਿ ਇੱਕ ਵੱਡਾ ਕਲਾਕਾਰ ਜਿਸ ਨੇ ਹਾਕਮ ਸੂਫ਼ੀ ਦੇ ਜਿਉਂਦੇ ਜੀਅ ਉਸ ਅਤੇ ਪਰਿਵਾਰ ਨਾਲ ਵਾਅਦੇ ਤਾਂ ਬਹੁਤ ਕੀਤੇ ਪਰ ਸ਼ਾਇਦ ਉਹ ਵਾਅਦੇ ਰੇਤ ਦੇ ਮਹਿਲ ਵਾਂਗ ਢਹਿ ਗਏ। ਸਿਤਮ ਦੀ ਗੱਲ ਇਹ ਹੋਈ ਕਿ ਹਾਕਮ ਸੂਫ਼ੀ ਦੇ ਇਸ ਸੰਸਾਰ ਤੋਂ ਜਾਣ ਸਮੇਂ ਤੋਂ ਲੈ ਕੇ ਅੱਜ ਤੱਕ ਉਸ ਨੇ ਸੂਫ਼ੀ ਪਰਿਵਾਰ ਨਾਲ ਹਮਦਰਦੀ ਦੇ ਬੋਲ ਵੀ ਸਾਂਝੇ ਕਰਨੇ ਮੁਨਾਸਿਬ ਨਾ ਸਮਝੇ। ਕੀ ਕਰਾਂਗੇ ਅਜਿਹੇ ਵੱਡੇ ਕਲਾਕਾਰਾਂ ਨੂੰ ?
        ਹਾਕਮ ਦੇ ਇਸ ਦੁਨੀਆਂ ਤੋਂ ਜਾਣ 'ਤੇ ਗੱਲਾਂ ਤਾਂ ਢੇਰ ਸਾਰੀਆਂ ਕੀਤੀਆਂ ਗਈਆਂ ਪਰ ਅਮਲੀ ਹਕੀਕਤਾਂ ਵਿੱਚ ਕੁਝ ਨਾ ਹੋਇਆ। ਕਿੱਥੋਂ ਭਾਲਾਂਗੇ ਉਸ ਦਰਵੇਸ਼ ਰੂਹ ਨੂੰ। ਉਹ ਕਿੰਨੀਆਂ ਹੀ ਯਾਦਾਂ ਦਿਲ 'ਚ ਸਮੇਟ ਸਾਥੋਂ ਸਦਾ ਲਈ ਓਹਲੇ ਹੋ ਗਿਐ। ਅਸੀਂ ਜਿਉਂਦੇ ਜੀਅ ਉਸ ਨੂੰ ਬਣਦਾ ਮਾਣ ਵੀ ਨਾ ਦੇ ਸਕੇ।
        4 ਸਤੰਬਰ ਨੂੰ ਇਸ ਮਹਾਨ ਫ਼ਨਕਾਰ ਹਾਕਮ ਸੂਫ਼ੀ ਨੂੰ ਉਹਨਾਂ ਦੇ ਸ਼ਹਿਰ ਵਿਖੇ ਪਹੁੰਚ ਕੇ ਉਹਨਾਂ ਦੀ ਯਾਦ ਵਿੱਚ ਕਰਵਾਏ ਜਾਂਦੇ ਸਾਲਾਨਾ ਸੱਭਿਆਚਾਰਕ ਮੇਲੇ ਵਿੱਚ ਹਾਜ਼ਰੀ ਭਰੀਏ ਜਿੱਥੇ ਪੰਜਾਬ ਦੇ ਨਾਮੀ ਗਾਇਕ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪੰਜਾਬੀ ਮਾਂ ਬੋਲੀ ਦੇ ਇਸ ਸਪੂਤ ਲਈ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।

ਲੇਖਕ : ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
94634-63136