ਜਦੋਂ ਕੋਈ ਕੰਨਨ ਗੋਪੀ ਨਾਥਨ ਅਪਣੀ ਅਫਸਰੀ ਨੂੰ ਲੱਤ ਮਾਰ ਕੇ ਹਕੂਮਤਾਂ ਨੂੰ ਬਗਾਵਤ ਦਾ ਸੁਨੇਹਾ ਦੇ ਦਿੰਦਾ ਹੈ.... - ਬਘੇਲ ਸਿੰਘ ਧਾਲੀਵਾਲ

ਕੇਰਲ ਕੇਡਰ ਦੇ 2012 ਬੈਚ ਦੇ ਆਈ ਏ ਐਸ ਅਧਿਕਾਰੀ ਕੰਨਨ ਗੋਪੀਨਾਥਨ ਦਾ ਅਸਤੀਫਾ ਜਿਉਂਦੀ ਜਮੀਰ ਦੇ ਲੋਕਾਂ ਦੀ ਅਜਿਹੀ ਮਿਸ਼ਾਲ ਪੇਸ਼ ਕਰਦਾ ਹੈ,ਜਿਹੜਾ ਹਰ ਫਿਰਕੂ ਹੋਈ ਸੋਚ ਤੇ ਮੁਰਦਾ ਹੋਈ ਇਨਸਾਨੀਅਤ ਨੂੰ ਝੰਜੋੜ ਦੇਣ ਵਾਲਾ ਹੈ।ਅਪਣੇ ਲਈ,ਅਪਣੇ ਧਰਮ ਲਈ ਅਤੇ ਅਪਣੀ ਕੌਮ ਲਈ ਵੱਡੇ ਵੱਡੇ ਰੁਤਬਿਆਂ ਨੂੰ ਠੁਕਰਾ ਦੇਣ ਦੀਆਂ ਬਹੁਤ ਸਾਰੀਆ ਮਿਸ਼ਾਲਾਂ ਮਿਲਦੀਆਂ ਹਨ। ਅਪਣੇ ਧਰਮ ਦੀ ਆਣ ਸ਼ਾਨ ਖਾਤਰ ਨੌਕਰੀਆਂ ਹੀ ਨਹੀ ਲੋਕ ਮਰਨ ਤੋ ਵੀ ਪਿੱਛੇ ਨਹੀ ਹੱਟਦੇ,ਪ੍ਰੰਤੂ ਭਾਰਤ ਦੇ ਜੋ ਮੌਜੂਦਾ ਹਾਲਾਤ ਬਣੇ ਹੋਏ ਹਨ,ਜਿਸ ਤਰਾਂ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਜਾ ਰਹੀ ਹੈ,ਬਹੁ ਗਿਣਤੀ ਭਾਰਤੀ ਜਨਤਾ ਨੂੰ ਫਿਰਕੂ ਰਾਜਨੀਤਕ ਲੋਕਾਂ ਨੇ ਅਪਣੇ ਨਸਲੀ ਭਿੰਨਤਾ ਵਾਲੇ ਰੰਗ ਵਿੱਚ ਰੰਗ ਲੈਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ।ਹਰ ਪਾਸੇ ਮਾਰੋ ਮਾਰੋ ਹੋ ਰਹੀ ਹੈ।ਹਰ ਪਾਸੇ ਤੋ ਸਰਕਾਰੀ ਅਤੇ ਸਰਕਾਰੀ ਸਹਿ ਪਰਾਪਤ ਗੈਰ ਸਰਕਾਰੀ ਜਬਰ ਕਾਰਨ ਘੱਟ ਗਿਣਤੀ ਬੇ ਸਹਾਰੇ ਲੋਕਾਂ ਦੀਆਂ ਚੀਕਾਂ ਪੂਰੀ ਦੁਨੀਆਂ ਦਾ ਧਿਆਨ ਅਪਣੇ ਵੱਲ ਖਿੱਚ ਰਹੀਆਂ ਹਨ।ਜੰਮੂ ਕਸ਼ਮੀਰ ਦੇ ਲੋਕਾਂ ਦੇ ਮੁਢਲੇ ਅਧਿਕਾਰਾਂ ਦਾ ਕਤਲ ਕਰਕੇ ਉਥੋ ਦੇ ਲੋਕਾਂ ਦੀ ਅਜਾਦੀ ਹੀ ਨਹੀ ਖੋਹੀ ਗਈ,ਬਲਕਿ ਭਾਰਤੀ ਨਿਜਾਮ ਉਹਨਾਂ ਲੋਕਾਂ ਦੇ ਜਿਉਣ ਦੇ ਹੱਕ ਵੀ ਖੋਹ ਚੁੱਕਾ ਹੈ।ਲਗਾਤਾਰ ਤਿੰਨ ਹਫਤਿਆਂ ਤੋ ਵੱਧ ਸਮੇ ਤੋ ਲੋਕਾਂ ਨੂੰ ਘਰਾਂ ਵਿੱਚ ਨਜਰਬੰਦ ਕੀਤਾ ਹੋਇਆ ਹੈ।ਭਾਰਤੀ ਫੋਰਸਾਂ ਨੂੰ ਕਸ਼ਮੀਰੀਆਂ ਤੇ ਜੁਲਮ ਕਰਨ ਦੀ ਖੁੱਲ ਦਿੱਤੀ ਹੋਈ ਹੈ।ਇਸ ਨੰਗੇ ਚਿੱਟੇ ਜੁਲਮੀ ਵਰਤਾਰੇ ਦੇ ਖਿਲਾਫ ਬੋਲਣ ਵਾਲਿਆਂ ਦੀ ਜ਼ੁਬਾਨ ਬੰਦ ਕਰਨ ਦੇ ਹਰ ਸੰਭਵ ਯਤਨ ਹੋ ਰਹੇ ਹਨ।ਜਦੋ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਨੇਤਾ ਕਸ਼ਮੀਰੀ ਬਹੂ ਬੇਟੀਆਂ ਦੀ ਇੱਜਤ ਤਾਰ ਤਾਰ ਕਰਨ ਲਈ ਦੇਸ਼ ਦੀ ਜਨਤਾ ਨੂੰ ਉਕਸਾ ਰਹੇ ਸਨ,ਦੇਸ਼ ਦੇ ਬਹੁਤ ਵੱਡੀ ਗਿਣਤੀ ਵਿੱਚ ਵੱਖ ਵੱਖ ਸੂਬਿਆਂ ਦੇ ਭਾਰਤੀ ਜਨਤਾ ਪਾਰਟੀ ਦੇ ਪਿਛਲੱਗ ਲੋਕ ਕਸ਼ਮੀਰੀ ਬੱਚੀਆਂ ਪ੍ਰਤੀ ਬਲਾਤਕਾਰੀ ਸੋਚ ਦੀ ਕਲਪਨਾ ਵਿੱਚ ਗੁਆਚੇ ਭੰਗੜੇ ਪਾਉਣ ਵਿੱਚ ਮਸਤ ਸਨ,ਤਾਂ ਉਸ ਸਮੇ ਸਮੁੱਚੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਸਮੇਤ ਜਿੱਥੇ ਵੀ ਸਿੱਖ ਭਾਈਚਾਰੇ ਦੇ ਲੋਕ ਵਸਦੇ ਹਨ,ਉਹਨਾਂ ਨੇ ਮਜਲੂਮ ਕਸ਼ਮੀਰੀ ਬੱਚੀਆਂ ਦੀ ਰਾਖੀ ਦਾ ਐਲਾਨ ਹੀ ਨਹੀ ਕੀਤਾ,ਸਗੋਂ ਸੁਰਖਿਅਤ ਉਹਨਾਂ ਨੂੰ ਉਹਨਾਂ ਦੇ ਘਰੋ ਘਰੀ ਪਹੁੰਚਾ ਕੇ ਆਪਣਾ ਸੱਚੇ ਸਿੱਖ ਹੋਣ ਦਾ ਫਰਜ ਪੂਰਾ ਕੀਤਾ,ਜਿਸ ਦੇ ਇਬਜ ਵਿੱਚ ਪੰਜਾਬ ਨੂੰ ਹੜਾਂ ਦੀ ਮਾਰ ਝੱਲਣ ਲਈ ਮਜਬੂਰ ਕੀਤਾ ਗਿਆ।ਪੰਜਾਬ ਦੇ ਸੈਕੜੇ ਪਿੰਡ ਇਸ ਵੇਲੇ ਹੜਾਂ ਦੀ ਬੁਰੀ ਤਰਾਂ ਮਾਰ ਹੇਠ ਆ ਚੁੱਕੇ ਹਨ,ਜਿੱਥੇ ਆਉਣ ਵਾਲੇ ਸਮੇ ਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸਾ ਵੀ ਬਣਿਆ ਹੋਇਆ,ਇਸ ਲਈ ਇੱਥੇ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਅੱਜ ਪੰਜਾਬ ਨੂੰ ਕਸ਼ਮੀਰ ਦੇ ਹੱਕ ਚ ਖੜਨ ਦਾ ਸਬਕ ਹੜਾਂ ਦੇ ਰੂਪ ਚ ਸਿਖਾਇਆ ਜਾ ਰਿਹਾ ਹੈ,ਪ੍ਰੰਤੂ ਸਿੱਖ ਸਮਾਜ ਨੇ ਜਿੱਥੇ ਕਸ਼ਮੀਰੀਆਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਕੇ ਅਪਣੇ ਸਿੱਖੀ ਅਸੂਲਾਂ ਤੇ ਪਹਿਰਾ ਦਿੱਤਾ ਹੈ ਓਥੇ ਇਤਿਹਾਸ ਵਿੱਚ ਵੀ ਆਪਣਾ ਨਾਮ ਜਾਬਰ ਦੇ ਖਿਲਾਫ ਖੜਨ ਵਾਲਿਆਂ ਦੀ ਕਤਾਰ ਵਿੱਚ ਲਿਖ ਦਿੱਤਾ ਹੈ ਅਤੇ ਹੜਾਂ ਦੀ ਭਿਆਨਕ ਮਾਰ ਸਮੇ ਵੀ ਸਿੱਖਾਂ ਨੇ ਅਪਣੈ ਗੁਰੂ ਵੱਲੋਂ ਬਖਸ਼ੇ ਹੋਏ ਮਾਨਵੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਪਣੇ ਭਾਈਚਾਰੇ ਦੀ ਮਦਦ ਦਾ ਜੋ ਕਾਰਜ ਅਰੰਭਿਆ ਹੈ,ਉਹਨੇ ਵੀ ਭਾਰਤੀ ਸਟੇਟ ਦੀ ਪੰਜਾਬ ਨੂੰ ਬਰਬਾਦ ਕਰਨ ਦੀ ਸਾਜਿਸ਼ ਨੂੰ ਨਾਕਾਮ ਹੀ ਨਹੀ ਕੀਤਾ ,ਸਗੋਂ ਇਹ ਸੁਨੇਹਾ ਦੇਣ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ,ਕਿ ਜਾਬਰੋ ਇਹ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਉਜਾੜਨ ਦੀਆਂ ਤੁਹਾਡੀਆਂ ਸਾਜਿਸ਼ਾਂ ਕਦੇ ਵੀ ਸਫਲ ਨਹੀ ਹੋਣਗੀਆਂ। ਗਾਹੇ ਬ ਗਾਹੇ ਕਸ਼ਮੀਰ ਤੋ ਨਸਰ ਹੋ ਰਹੀਆਂ ਵੀਡੀਓ ਭਾਰਤੀ ਤੰਤਰ ਦੇ ਜੁਲਮਾਂ ਦੀ ਕਹਾਣੀ ਕਹਿ ਜਾਂਦੀਆਂ ਹਨ,ਇਸ ਦੇ ਬਾਵਜੂਦ ਕਿਸੇ ਨੂੰ ਵੀ ਕਸ਼ਮੀਰੀ ਲੋਕਾਂ ਦੀ ਅਸਿਹ ਪੀੜਾ ਦਾ ਰੰਚਕ ਮਾਤਰ ਵੀ ਅਹਿਸਾਸ ਨਹੀ ਹੋ ਰਿਹਾ।ਅਜਿਹੇ ਵਿੱਚ ਜੇ ਕੋਈ ਉੱਚ ਆਹੁਦੇ ਤੇ ਬੈਠਾ ਅਫਸਰ ਮਜਲੂਮ ਲੋਕਾਂ ਲਈ ਅਪਣੇ ਅਧਿਕਾਰਾਂ ਦੀ ਵਰਤੋ ਨਾ ਕਰ ਸਕਣ ਕਰਕੇ ਅਪਣੇ ਉੱਚੇ ਸਰਕਾਰੀ ਰੁਤਵੇ ਨੂੰ ਠੇਡਾ ਮਾਰ ਕੇ ਆਮ ਲੋਕਾਂ ਵਿੱਚ ਆਣ ਖੜਾ ਹੋ ਜਾਂਦਾ ਹੈ,ਤਾਂ ਕਿਹਾ ਜਾਣਾ ਬਣਦਾ ਹੇ ਕਿ ਭਾਰਤੀ ਲੋਕਾਂ ਵਿੱਚ ਅਜੇ ਇਨਸਾਨੀਅਤ ਜਿਉਂਦੀ ਹੈ।ਅਜੇ ਇਹ ਆਸ ਕੀਤੀ ਜਾ ਸਕਦੀ ਹੈ,ਕਿ ਭਾਰਤ ਦੀਆਂ ਫਾਸੀਵਾਦੀ ਤਾਕਤਾਂ ਲੱਖ ਯਤਨ ਕਰਨ ਦੇ ਬਾਵਜੂਦ ਵੀ ਭੈੜੇ ਮਨਸੂਬਿਆਂ ਵਿੱਚ ਕਾਮਯਾਬ ਨਹੀ ਹੋ ਸਕਣਗੀਆਂ।ਜਿੰਨੀ ਦੇਰ ਕੰਨਨ ਗੋਪੀ ਨਾਥਨ ਵਰਗੇ ਜਾਗਦੀ ਜਮੀਰ ਵਾਲੇ ਲੋਕ ਭਾਰਤੀ ਕੱਟੜਵਾਦੀ ਸਿਸਟਮ ਨੂੰ ਹਲੂਣਾ ਦੇ ਕੇ ਇਹ ਸਪਸਟ ਸੁਨੇਹਾ ਦਿੰਦੇ ਰਹਿਣ ਦੀ ਹਿੰਮਤ ਕਰਦੇ ਰਹਿਣਗੇ,ਓਨੀ ਦੇਰ ਭਗਵੇ ਰੰਗ ਵਿੱਚ ਰੰਗੇ ਦੇਸ਼ ਦੇ ਫਿਰਕਾਪ੍ਰਸਤ ਹਾਕਮਾਂ ਅਤੇ ਉਹਨਾਂ ਦੀ ਪੁਸਤਪਨਾਹੀ ਕਰਨ ਵਾਲੇ ਨਸਲੀ ਭੇਦਭਾਵ ਚ ਅੰਨੇ ਹੋਏ ਕਮਜੋਰ ਦਿਲ ਸੰਗਠਨਾਂ ਦੀ ਹਿੰਮਤ ਨਹੀ ਪਵੇਗੀ ਕਿ ਉਹ ਅਪਣੇ ਦਿਲ ਵਿੱਚ ਧਾਰੀਆਂ ਫਿਰਕੂ ਹੱਦਬੰਦੀਆਂ ਨੂੰ ਨਕਸੇ ਤੇ ਲੈ ਕੇ ਆਉਣ ਵਿੱਚ ਸਫਲ ਹੋ ਸਕਣ।ਇਸ ਤਰਾਂ ਦੇ ਅਸਤੀਫੇ ਜਿੱਥੇ ਉਹਨਾਂ ਮਜਲੂਮ ਲੋਕਾਂ ਨੂੰ ਢਾਰਸ ਦਿੰਦੇ ਹਨ,ਜਿਹੜੇ ਕੱਟੜਵਾਦ ਦੀ ਮਾਰ ਝੱਲ ਰਹੇ ਹਨ,ਓਥੇ ਭਾਰਤੀ ਸਿਸਟਮ ਦੇ ਮੂੰਹ ਤੇ ਉਹ ਕਰਾਰੀ ਚਪੇੜ ਵੀ ਹੈ,ਜਿਸ ਦਾ ਦਰਦ ਉਹਨਾਂ ਨੂੰ ਧੁਰ ਅੰਦਰ ਤੱਕ ਹਲੂਣਾ ਦੇ ਕੇ ਇਹ ਚੇਤਾ ਕਰਵਾ ਜਾਂਦਾ ਹੈ ਕਿ ਹਿੰਦੂ ਫਾਸੀਵਾਦੀ ਸਿਸਟਮ ਲਾਗੂ ਕਰਨਾ ਐਨਾ ਸੁਖਾਲਾ ਨਹੀ ਹੈ,ਜਿੰਨਾ ਉਹ ਸਮਝੀ ਬੈਠੇ ਹਨ। ਗੋਪੀ ਨਾਥਨ ਦਾ ਅਸਤੀਫਾ ਓਨਾ ਮਹੱਤਵਪੂਰਨ ਨਹੀ,ਜਿੰਨਾ ਮਹੱਤਵਪੂਰਨ ਅਸਤੀਫੇ ਤੋ ਬਾਅਦ ਦਿੱਤਾ ਗਿਆ ਉਹਨਾਂ ਦਾ ਬਿਆਨ ਹੈ।ਗੋਪੀਨਾਥਨ ਦੇ ਇਸ ਬਿਆਨ ਨੇ ਕੱਟੜਵਾਦੀ ਹਕੂਮਤ ਨੂੰ ਧੁਰ ਅੰਦਰ ਤੱਕ ਕੰਬਣੀ ਛੇੜ ਦਿੱਤੀ ਹੈ,ਉਹ ਵੱਖਰੀ ਗੱਲ ਹੈ ਕਿ ਹਕੂਮਤਾਂ ਅਪਣੀ ਕਮਜੋਰੀ ਨੂੰ ਹਮੇਸਾਂ ਛੁਪਾ ਕੇ ਰੱਖਦੀਆਂ ਹਨ।ਅਪਣੇ ਅੰਦਰਲੇ ਡਰ ਨੂੰ ਉਜਾਗਰ ਕਰਨ ਦੀ ਬਜਾਏ ਅਪਣੇ ਆਪ ਨੂੰ ਵੱਧ ਮਜਬੂਤ ਅਤੇ ਕਠੋਰ ਸਾਬਤ ਕਰਨ ਲਈ ਜੁਲਮਾਂ ਦੀ ਦਰ ਵਿੱਚ ਵਾਧਾ ਕਰ ਦਿੰਦੀਆਂ ਹਨ।ਇੱਕ ਪਾਸੇ ਕਸ਼ਮੀਰ ਦੇ ਲੋਕਾਂ ਦੀ ਗੈਰਤ ਜਦੋਂ ਜਵਾਲਾਮੁਖੀ ਬਣ ਫਟਣ ਦੀ ਕਗਾਰ ਤੇ ਹੋਵੇ,ਦੇਸ਼ ਦਾ 30 ਕਰੋੜ ਰਵਿਦਾਸੀਆ ਸਮਾਜ ਜਿਸ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰਾ ਵੀ ਹੈ ਕਿਉਕਿ ਇਹ ਸਮਾਜ ਸਿੱਖ ਧਰਮ ਦਾ ਅਨਿਖੜਵਾਂ ਅੰਗ ਹੈ,ਇਹ ਸਮਾਜ ਵੀ ਦਿੱਲੀ ਦੀ ਹਿੱਕ ਤੇ ਖੜਾ ਵੰਗਾਰ ਰਿਹਾ ਹੋਵੇ,ਤਾਂ ਅਜਿਹੇ ਮੌਕੇ ਭਾਰਤੀ ਸਿਵਲ ਸੇਵਾ ਦੇ ਅਹਿਮ ਪਦ ਤੇ ਬਿਰਾਜਮਾਨ ਕੋਈ ਕੰਨਨ ਗੋਪੀ ਨਾਥਨ ਵਰਗਾ ਅਫਸਰ ਅਪਣੀ ਅਫਸਰੀ ਨੂੰ ਲੱਤ ਮਾਰ ਕੇ ਸਰਕਾਰਾਂ ਨੂੰ ਬਗਾਵਤ ਦਾ ਸੁਨੇਹਾ ਦੇ ਦਿੰਦਾ ਹੈ ਤਾਂ ਉਦੋਂ ਹਾਕਮਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਤਖਤ ਡਾਂਵਾਡੋਲ ਹੋਣ ਲੱਗਿਆਂ ਦੇਰ ਨਹੀ ਲੱਗਦੀ, ਅਤੇ ਫਿਰ ਡਾਂਵਾਡੋਲ ਹੋਏ ਤਖਤਾਂ ਤੋ ਫਾਸੀਵਾਦੀ ਹਾਕਮਾਂ ਦੇ ਧੜੰਮ ਕਰਕੇ ਹੇਠਾਂ ਡਿੱਗਣ ਦੇ ਕਿੱਸੇ ਇਤਿਹਾਸ ਬਣੇ ਹੋਏ ਹਨ।ਸਿਆਣੇ ਕਹਿੰਦੇ ਹਨ ਕਿ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਤੇ ਵਿਚਾਰ ਵੀ ਲੈਣਾ ਚਾਹੀਦਾ ਹੈ।

ਬਘੇਲ ਸਿੰਘ ਧਾਲੀਵਾਲ
99142-58142