ਇਉਂ ਮਿਲਦੀ ਹੁੰਦੀ ਸੀ ਸਜਾ ਸਾਨੂੰ... -ਜਸਵੀਰ ਸ਼ਰਮਾਂ ਦੱਦਾਹੂਰ

ਜੇਕਰ ਤਿੰਨ ਕੁ ਦਹਾਕੇ ਪਹਿਲਾਂ ਦੇ ਸਮਿਆਂ ਤੇ ਝਾਤੀ ਮਾਰੀਏ ਤਾਂ ਸਕੂਲ ਵੀ ਬਹੁਤ ਘੱਟ ਸਨ ਤੇ ਆਮ ਲੜਕੀਆਂ ਨੂੰ ਪੜ੍ਹਾਉਣ ਲਈ ਰਿਵਾਜ ਵੀ ਬਹੁਤ ਘੱਟ ਸੀ। ਤੱਪੜਾਂ ਜਾਂ ਪੱਲੀਆਂ ਤੇ ਬੈਠਣਾ ਫੱਟੀਆਂ ਤੇ ਸਲੇਟਾਂ ਉੱਤੇ ਲਿਖਣਾ।ਕਲਮ ਦਵਾਤ ਜਾ ਡਰੰਕ ਨਾਲ ਲਿਖਣਾ ਤੇ ਉਸ ਨੂੰ ਡੰਕ ਵੀ ਆਮ ਹੀ ਕਿਹਾ ਜਾਂਦਾ ਰਿਹਾ ਹੈ।ਦਵਾਤ ਵਿੱਚ ਲੋੜ ਅਨੁਸਾਰ ਕਾਲੀ ਸਿਆਹੀ ਜਾ ਨੀਲੀ ਸਿਆਹੀ ਪਾ ਲੈਣੀ ਤੇ ਓਹ ਪੰਜ ਜਾਂ ਦਸੀ ਭਾਵ ਦਸ ਪੈਸਿਆਂ ਦੀ ਕਾਗਜ਼ ਦੀ ਪੁੜੀ ਵਿੱਚ ਹੀ ਹੁੰਦੀ ਸੀ।ਅੱਧੀ ਛੁੱਟੀ ਵੇਲੇ ਧੜਮੱਚੜ ਮਨਾਉਂਦੇ ਅਸੀਂ ਘਰੀਂ ਆ ਜਾਇਆ ਕਰਦੇ ਸਾਂ ਤੇ ਕਦੇ ਕਦੇ ਅੱਧੀ ਛੁੱਟੀ ਤੋਂ ਬਾਅਦ ਸਕੂਲੇ ਜਾਂਦੇ ਵੀ ਘੱਟ ਹੀ ਸੀ। ਅਗਲੇ ਦਿਨ ਫਿਰ ਕਦੇ ਕਦੇ ਸ਼ਾਮਤ ਆ ਜਾਣੀ ਭਾਵ ਸਜਾ ਮਿਲਣੀ ਤੇ ਓਹ ਸਜਾ ਵੀ ਫੋਟੋ ਵਾਂਗ ਲੱਤਾਂ ਵਿੱਚ ਦੀ ਬਾਹਾਂ ਪਾ ਕੇ ਕੰਨ ਫੜਾ ਦੇਣੇ ਮਾਸਟਰ ਜੀ ਹੋਰਾਂ ਨੇ ਤੇ ਪਿਛਲੇ ਦਿਨ ਜੋ ਅੱਧੀ ਛੁੱਟੀ ਤੋਂ ਬਾਅਦ ਦਾ ਕੰਮ ਹੁੰਦਾ ਸੀ ਜਿਸ ਸਮੇਂ ਅਸੀਂ ਸਕੂਲ ਚੋਂ ਭਗੌੜੇ ਹੁੰਦੇ ਸਾਂ ਓਹ ਸਾਰਾ ਕੰਮ ਕੰਨ ਫੜ੍ਹੇ ਫੜਾਏ ਭਾਵ ਮੁਰਗੇ ਬਣੇ ਬਣਾਇਆਂ ਹੀ ਅੱਗੇ ਕਿਤਾਬਾਂ ਜਾਂ ਕਾਪੀਆਂ ਰੱਖ ਕੇ ਯਾਦ ਕਰਨਾ ਤੇ ਓਨਾਂ ਚਿਰ ਖਹਿੜਾ ਨਹੀਂ ਛੁਟਦਾ ਸੀ ਜਿਨ੍ਹਾਂ ਚਿਰ ਓਹ ਅਧੂਰਾ ਕੰਮ ਪੂਰਾ ਕਰਕੇ ਮਾਸਟਰ ਜੀ ਨੂੰ ਸੁਣਾ ਨਾ ਦੇਣਾ। ਬਹੁਤ ਔਖੀ ਸਜਾ ਹੋਇਆ ਕਰਦੀ ਸੀ।ਇਸ ਤੋਂ ਵੀ ਔਖਾ ਤੇ ਬਹੁਤ ਜ਼ਿਆਦਾ ਬੇਇਜ਼ਤੀ ਵਾਲਾ ਕੰਮ ਹੁੰਦਾ ਸੀ ਕਿ ਕਲਾਸ ਦੇ ਵਿਚੋਂ ਹੀ ਕਿਸੇ ਹੋਰ ਹੁਸ਼ਿਆਰ ਪਿੰਡ ਦੇ ਮੁੰਡੇ ਜਾ ਹੁਸ਼ਿਆਰ ਲੜਕੀ ਨੇ ਸਜਾ ਦੇਣੀ ਮਤਲਬ ਖ਼ੜ੍ਹੇ ਕਰਕੇ ਹੱਥਾਂ ਤੇ ਡੰਡੇ ਵੱਜਿਆ ਕਰਦੇ ਸਨ।
ਪਰ ਦੋਸਤੋ ਸਮੇਂ ਬਹੁਤ ਚੰਗੇ ਸਨ ਕੋਈ ਵੀ ਕਿਸੇ ਦਾ ਗੁੱਸਾ ਨਹੀਂ ਕਰਦਾ ਸੀ ਕੋਈ ਕਿਸੇ ਨੂੰ ਹੂਟ ਭਾਵ ਮਖੌਲ ਨਹੀਂ ਕੀਤਾ ਜਾਂਦਾ ਸੀ। ਮੈਨੂੰ ਚੰਗੀ ਤਰ੍ਹਾ ਯਾਦ ਹੈ ਕਿ ਸਾਡੇ ਸਕੂਲ ਵਿਖੇ ਇੱਕ ਮਾਸਟਰ ਜੀ ਡਰੰਕ ਵਿਚ ਅਲੱਗ-ਅਲੱਗ ਕਿਸਮ ਦੀ ਨਿੱਬ੍ਹ ਪਾਕੇ ਹਿੰਦੀ ਪੰਜਾਬੀ ਦੀਆਂ ਕਾਪੀਆਂ ਦਾ ਕੰਮ ਚੈਕ ਕਰਦੇ ਸਨ ਤੇ ਜੇਕਰ ਕਿਤੇ ਕੋਈ ਗਲਤੀ ਹੋਣੀ ਤਾਂ ਢਿੱਡ ਵਿੱਚ ਡਰੰਕ ਦੀ ਡੰਡੀ ਹੀ ਚੁਭੋ ਦਿਆ ਕਰਦੇ ਸਨ।ਪਰ ਦੋਸਤੋ ਓਦੋਂ ਸਮੇਂ ਬਹੁਤ ਹੀ ਚੰਗੇ ਹੋਇਆ ਕਰਦੇ ਸਨ ਕੋਈ ਵੀ ਪਰਿਵਾਰਕ ਮੈਂਬਰ ਕਦੇ ਵੀ ਸਕੂਲ ਵਿੱਚ ਆ ਕੇ ਉਲਾਂਭਾ ਨਹੀਂ ਦਿਆ ਕਰਦੇ ਸਨ ਸਗੋਂ ਇਹ ਕਹਿਣਾ ਕਿ ਮਾਸਟਰ ਜੀ ਇਹਦੀ ਚਮੜੀ ਉਧੇੜ ਦਿਓ ਪਰ ਇਹਨੂੰ ਬੰਦਾ ਬਣਾ ਦੇਣਾ। ਘਰ ਦੇ ਵਿੱਚੋਂ ਦਸੀ ਚੁਆਨੀ ਅਠਾਨੀ ਖ਼ਰਚਣ ਲਈ ਮਿਲਦੀ ਸੀ ਉਨ੍ਹਾਂ ਸਮਿਆਂ ਵਿੱਚ ਇਹ ਚੁਆਨੀ ਅਠਿਆਨੀ ਹੀ ਬਹੁਤ ਹੋਇਆ ਕਰਦੀ ਸੀ। ਕਾਗਜ਼ ਦਾ ਇਕ ਰੁਪੱਈਆਂ ਤਾਂ ਕਿਸੇ ਤਕੜੇ ਘਰ ਭਾਵ ਚੰਗੀ ਜ਼ਮੀਨ ਜਾਇਦਾਦ ਵਾਲੇ ਘਰਾਂ ਦੇ ਬੱਚਿਆਂ ਨੂੰ ਮਿਲਦਾ ਸੀ। ਤੇ ਆਮ ਬੱਚੇ ਉਸ ਅਮੀਰ ਪਰਿਵਾਰ ਦੇ ਬੱਚੇ ਵੱਲ ਨੀਝ ਨਾਲ ਵੇਖਿਆ ਕਰਦੇ ਸਨ ਕਿ ਇਹਦੇ ਮਾਪੇ ਘਰੋਂ ਅਮੀਰ ਹਨ ਇਸੇ ਲਈ ਹੀ ਇਸ ਨੂੰ ਖਰਚਣ ਲਈ ਇਕ ਰੁਪੱਈਆਂ ਮਿਲਿਆ ਹੈ।ਪਰ ਕੋਈ ਈਰਖਾ ਜਾਂ ਸਾੜਾ ਨਹੀਂ ਕਰਦਾ ਸੀ। ਕਦੇ ਕਦੇ ਮਾਸਟਰ ਜੀ ਹੋਰਾਂ ਨੇ ਖੇਤਾਂ ਵਿਚੋਂ ਸਾਗ ਮੂਲੀਆਂ ਪਾਲਕ ਵੀ ਲੈਣ ਭੇਜ ਦੇਣਾ। ਸਕੂਲਾਂ ਵਿੱਚ ਚਪੜਾਸੀ ਦੀ ਪੋਸਟ ਵੀ ਘੱਟ ਈ ਹੁੰਦੀ ਸੀ ਮਾਸਟਰਾਂ ਤੇ ਮੈਡਮਾਂ ਭਾਵ ਭੈਣ ਜੀਆਂ ਨੂੰ ਪਾਣੀ ਤੇ ਚਾਹ ਦੀ ਸੇਵਾ ਵੀ ਬੱਚੇ ਹੀ ਕਰਦੇ ਸਨ। ਸਕੂਲਾਂ ਦੇ ਵਿੱਚ ਚਾਹ ਘੱਟ ਹੀ ਬਣਿਆਂ ਕਰਦੀ ਸੀ ਭਾਵ ਸਰਪੰਚ ਦੇ ਘਰੋਂ ਜਾਂ ਫਿਰ ਜੋ ਵੀ ਕੋਈ ਸਰਦਾ ਪੁਜਦਾ ਘਰ ਸਕੂਲ ਦੇ ਨੇੜੇ ਹੁੰਦਾ ਸੀ ਓਸੇ ਘਰੋਂ ਹੀ ਬੱਚੇ ਹੀ ਜਾ ਕੇ ਲੈ ਆਉਂਦੇ ਸਨ।ઠ
ਦੋਸਤੋ ਸਮੇਂ ਸਮੇਂ ਦੀ ਗੱਲ ਹੈ ਹੁਣ ਬਦਲੇ ਹਾਲਾਤਾਂ ਵਿੱਚ ਨਾ ਤਾਂ ਕੋਈ ਮਾਸਟਰ ਕਿਸੇ ਬੱਚੇ ਤੋਂ ਪਾਣੀ ਚਾਹ ਮੰਗਦਾ ਹੀ ਹੈ ਤੇ ਨਾ ਹੀ ਕੋਈ ਬੱਚਾ ਪਿਆਉਂਦਾ ਹੀ ਹੈ। ਕਿਸੇ ਬੱਚੇ ਨੂੰ ਝਿੜਕਨਾ ਆਪਣੇ ਆਪ ਆਫਤ ਮੁੱਲ ਲੈਣ ਵਾਲੀ ਗੱਲ ਹੈ ਜੇਕਰ ਕੋਈ ਮਾਸਟਰ ਗਲਤੀ ਨਾਲ ਕਿਸੇ ਬੱਚੇ ਨੂੰ ਝਿੜਕਦਾ ਵੀ ਹੈ ਤਾਂ ਉਸ ਦੀ ਸ਼ਾਮਤ ਆ ਜਾਂਦੀ ਹੈ ਬਦਲੀ ਦੀ ਤਿਆਰੀ ਜਾਂ ਫਿਰ ਮਾਸਟਰ ਜੀ ਨੂੰ ਰਾਹੇ ਬਗਾਹੇ ਕੁੱਟ ਦਿੱਤਾ ਜਾਂਦਾ ਹੈ।ਇਸ ਕਰਕੇ ਮਾਸਟਰ ਵੀ ਬਹੁਤ ਸਿਆਣੇ ਹੋ ਗਏ ਹਨ ਕੋਈ ਪਾਸ ਹੋਏ ਜਾਂ ਫੇਲ ਉਨ੍ਹਾਂ ਦਾ ਕੋਈ ਮਤਲਬ ਨਹੀਂ। ਕੋਈ ਕੋਈ ਵਿਰਲਾ ਬੱਚਾ ਹੀ ਮਾਸਟਰਾਂ ਜਾਂ ਮੈਡਮਾਂ ਦੀ ਇਜਤ ਮਾਨ ਕਰਦਾ ਹੈ। ਓਹ ਗੱਲ ਅਲਹਿਦਾ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਪਰ ਬਹੁਤ ਘੱਟ ਐਸੇ ਬੱਚੇ ਹਨ ਜੋ ਅੱਜ ਵੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਪਹਿਲੇ ਸਮਿਆਂ ਵਿੱਚ ਬਹੁਤ ਹੀ ਇਜਤ ਮਾਨ ਸਤਿਕਾਰ ਮਿਲਿਆ ਕਰਦਾ ਸੀ ਅਧਿਆਪਕਾਂ ਨੂੰ ਸੋ ਦੋਸਤੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ।ਆਮ ਕਹਾਵਤ ਵੀ ਹੈ ਕਿ ਓਹਨਾਂ ਸਮਿਆਂ ਦੀਆਂ ਦਸ ਜਮਾਤਾਂ ਤੇ ਅਜੋਕੀ ਬੀ ਏ ਇੱਕ ਬਰਾਬਰ ਹੀ ਹਨ। ਬੇਸ਼ੱਕ ਪੈਸੇ ਦਾ ਪਸਾਰਾ ਘੱਟ ਸੀ ਪਰ ਪੜ੍ਹਾਈ ਪੱਖੋਂ ਖਰਚੇ ਪੱਖੋਂ ਇਜਤ ਮਾਨ ਸਤਿਕਾਰ ਪੱਖੋਂ ਓਹ ਵੇਲ਼ੇ ਹੁਣ ਵਾਲਿਆਂ ਸਮਿਆਂ ਨਾਲੋਂ ਕਈ ਗੁਣਾਂ ਚੰਗੇ ਸਨ। ਤਰੱਕੀ ਹੋਣੀ ਸਮੇਂ ਮੁਤਾਬਿਕ ਢਲਣਾ ਇਹ ਆਪਣੀ ਫਿਤਰਤ ਹੈ ਇਹ ਢਲਣਾ ਹੀ ਪੈਣਾ ਹੈ ਸੋ ਆਪਾਂ ਸਮੇਂ ਦੇ ਹਾਣੀ ਹੋ ਵੀ ਰਹੇ ਹਾਂ।ਪਰ ਓਹ ਬੀਤੇ ਸਮੇਂ ਕਦੇ ਕਦੇ ਜਿਹਨ ਦੇ ਵਿੱਚ ਆ ਜ਼ਾਂਦੇ ਨੇ ਇਸੇ ਲਈ ਹੀ ਇਹ ਗੱਲਾਂ ਪਾਠਕਾਂ ਦੇਸਤਾਂ ਮਿੱਤਰਾਂ ਨਾਲ ਕਰਨ ਨੂੰ ਦਿਲ ਕਰ ਆਉਂਦਾ ਹੈ।

-ਜਸਵੀਰ ਸ਼ਰਮਾਂ ਦੱਦਾਹੂਰ 95691-49556
ਸ੍ਰੀ ਮੁਕਤਸਰ ਸਾਹਿਬ