ਮਹਾਤਮਾ ਗਾਂਧੀ ਤੇ ਤਾਰਕ ਨਾਥ ਜਵਾਬ ਦੇਣ... - ਸਵਰਾਜਬੀਰ

ਇਸ ਲੇਖ ਦਾ ਪਹਿਲਾ ਸਿਰਲੇਖ ਸੀ 'ਇਹ ਕੌਣ ਹੈ, ਉਹ ਕੌਣ ਸੀ?' ਲੋਕ ਆਪਸ ਵਿਚ ਜੁੜੇ ਹੁੰਦੇ ਹਨ। ਜੌਹਨ ਗੁਆਰੇ ਆਪਣੇ ਨਾਟਕ 'ਸਿਕਸ ਡਿਗਰੀਜ਼ ਆਫ਼ ਸੈਪੇਰੇਸ਼ਨ' ਵਿਚ ਇਹ ਕਹਿਣ ਦਾ ਯਤਨ ਕਰਦਾ ਹੈ ਕਿ ਕੋਈ ਵੀ ਦੋ ਮਨੁੱਖ ਆਪਣੇ ਆਪ ਨਾਲ ਛੇ ਜਾਂ ਇਸ ਤੋਂ ਘੱਟ ਕੜੀਆਂ ਰਾਹੀਂ ਜੁੜੇ ਹੁੰਦੇ ਹਨ (ਇਹ ਐੱਫ਼। ਕਾਰਿੰਥੀ ਦਾ ਵਿਚਾਰ ਸੀ)। ਦੇਸ਼ ਦੀਆਂ ਅਖ਼ਬਾਰਾਂ ਵਿਚ ਇਕ ਰੂਸੀ ਨਾਵਲਕਾਰ ਚਰਚਾ ਦਾ ਵਿਸ਼ਾ ਬਣਿਆ ਹੈ। ਉਹ ਕੌਣ ਸੀ ਤੇ ਸਾਡੇ ਨਾਲ ਕਿਵੇਂ ਜੁੜਿਆ ਹੋਇਆ ਹੈ?
      111 ਸਾਲ ਪਹਿਲਾਂ ਭਾਵ 1908 ਦੀ ਗੱਲ ਹੈ। ਉਦੋਂ ਤਕ ਉਹ ਆਪਣੇ ਸਾਰੇ ਵੱਡੇ ਨਾਵਲ ਲਿਖ ਚੁੱਕਾ ਸੀ। ਅੱਠ ਵਰ੍ਹੇ ਪਹਿਲਾਂ (1901 ਵਿਚ) ਰੂਸ ਦੇ ਆਰਥੋਡੋਕਸ ਚਰਚ ਨੇ ਉਸ ਨੂੰ ਚਰਚ ਵਿਚੋਂ ਕੱਢ/ਛੇਕ ਦਿੱਤਾ ਸੀ, ਬਹੁਤ ਸਾਰੇ ਲੇਖਕ ਤੇ ਵਿਦਵਾਨ ਟਿੱਲ ਲਾ ਹਟੇ ਸਨ (1902 ਤੋਂ 1906 ਦੇ ਵਿਚਕਾਰ) ਕਿ ਉਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਜਾਵੇ ਪਰ ਇਨਾਮ ਦੇਣ ਵਾਲੀ ਕਮੇਟੀ ਨਹੀਂ ਮੰਨੀ ਸੀ, ਉਦੋਂ ਤਕ ਉਸ ਨੂੰ ਆਪਣੇ ਸਮਕਾਲੀਆਂ ਵਿਚ ਸਭ ਤੋਂ ਮਹਾਨ ਲੇਖਕ ਵਜੋਂ ਸਵੀਕਾਰ ਕੀਤਾ ਜਾ ਚੁੱਕਾ ਸੀ; 1908 ਵਿਚ ਅੰਗਰੇਜ਼ਾਂ ਦੀ ਗ਼ੁਲਾਮੀ ਸਹਿ ਰਹੇ ਦੇਸ਼ ਹਿੰਦੋਸਤਾਨ ਦੇ ਇਕ ਬਾਸ਼ਿੰਦੇ ਤਾਰਕ ਨਾਥ ਦਾਸ ਨੇ ਉਸ ਨੂੰ ਦੋ ਖ਼ਤ ਲਿਖੇ ਸਨ। ਇਹ ਬੰਦਾ ਕੌਣ ਸੀ? ਇਹ ਦੁਨੀਆਂ ਦਾ ਪ੍ਰਸਿੱਧ ਲੇਖਕ ਲਿਉ ਟਾਲਸਟਾਏ ਸੀ ਜਿਸ ਨੇ 'ਜੰਗ ਤੇ ਅਮਨ' (ਵਾਰ ਐਂਡ ਪੀਸ), 'ਅੰਨਾ ਕੈਰੀਨੀਨਾ', 'ਇਵਾਨ ਇਲੀਚ ਦੀ ਮੌਤ' (ਡੈੱਥ ਆਫ਼ ਇਵਾਨ ਇਲੀਚ), 'ਮੋਇਆਂ ਦੀ ਜਾਗ' (ਦਿ ਰਿਸਰਰੈਕਸ਼ਨ) ਜਿਹੇ ਮਹਾਨ ਨਾਵਲ, ਕੁਰਜ਼ਰ ਸੋਨਾਟਾ ਅਤੇ ਫਾਦਰ ਸਰਜ਼ੀਅਸ ਜਿਹੀਆਂ ਕਈ ਮਹਾਨ ਕਹਾਣੀਆਂ, ਸਵੈ-ਜੀਵਨੀ, ਨਾਟਕ ਤੇ ਬਹੁਤ ਉੱਚ-ਪੱਧਰ ਦੀ ਵਾਰਤਕ ਲਿਖੀ। ਉਸ ਨੂੰ ਵੇਲ਼ੇ ਦਾ ਮਹਾਨ ਚਿੰਤਕ ਮੰਨਿਆ ਜਾਂਦਾ ਸੀ। ਤੇ ਉਸ ਨੇ ਤਾਰਕ ਨਾਥ ਦਾਸ ਦੇ ਖ਼ਤਾਂ ਦਾ ਜਵਾਬ ਦਿੱਤਾ ਜਿਹੜਾ ਅੰਗਰੇਜ਼ੀ ਵਿਚ 'ਏ ਲੈਟਰ ਟੂ ਏ ਹਿੰਦੂ' (ਇਕ ਹਿੰਦੂ ਨੂੰ ਖ਼ਤ) ਵਜੋਂ ਜਾਣਿਆ ਜਾਂਦਾ ਹੈ।
       ਕਈ ਲੋਕ ਪੁੱਛ ਸਕਦੇ ਹਨ ਕਿ ''ਟਾਲਸਟਾਏ ਨੂੰ ਕਿਉਂ ਯਾਦ ਕੀਤਾ ਜਾਏ? ਟਾਲਸਟਾਏ ਵਰਗੇ ਹੋਰ ਕਈ ਲੇਖਕ ਹੋਏ ਹਨ।'' ਕਈ ਕਹਿ ਸਕਦੇ ਹਨ ''ਨਹੀਂ, ਉਹੋ ਜਿਹੇ ਲੇਖਕ ਬਹੁਤ ਘੱਟ ਹੋਏ ਹਨ, ਉਸ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ।'' ਪਰ ਇਸ ਵੇਲ਼ੇ ਯਾਦ ਕਰਨ ਦਾ ਮੌਕਾ ਬੰਬੇ ਹਾਈ ਕੋਰਟ ਦੇ ਇਕ ਜੱਜ ਸਾਹਿਬ ਨੇ ਦਿੱਤਾ ਹੈ ਜਿਨ੍ਹਾਂ ਨੇ 29 ਅਗਸਤ ਨੂੰ ਵਰਨੋਨ ਗੋਂਸਾਲਵਜ਼ ਦੀ ਜ਼ਮਾਨਤ ਦੀ ਅਰਜ਼ੀ ਸੁਣਦੇ ਹੋਏ ਟਾਲਸਟਾਏ ਦੇ ਨਾਵਲ 'ਵਾਰ ਐਂਡ ਪੀਸ' ਕਿਤਾਬ ਬਾਰੇ ਜ਼ਿਕਰ ਕੀਤਾ ਅਤੇ ਗੋਂਸਾਲਵਜ਼ ਨੂੰ ਇਹ ਪੁੱਛਿਆ ਕਿ ''ਉਸ ਨੇ ਇਹ ਕਿਤਾਬ, ਜਿਸ ਵਿਚ ਇਕ ਹੋਰ ਦੇਸ਼ ਦੀ ਜੰਗ ਦੇ ਵਿਵਰਣ ਹਨ, ਨੂੰ ਘਰ ਵਿਚ ਕਿਉਂ ਰੱਖਿਆ ਸੀ?'' ਸਵਾਲ ਵਾਜਬ ਹੈ। ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਵਰਨੋਨ ਗੋਂਸਾਲਵਜ਼ ਕੌਣ ਹੈ ਤੇ ਉਹ ਜੇਲ੍ਹ ਵਿਚ ਕਿਉਂ ਹੈ?
      ਅੰਗਰੇਜ਼ਾਂ ਤੇ ਮਹਾਰਾਸ਼ਟਰ ਦੇ ਪੇਸ਼ਵਿਆਂ ਵਿਚਕਾਰ ਹੋਏ ਤੀਸਰੇ ਐਂਗਲੋ-ਮਰਾਠਾ ਯੁੱਧ ਵਿਚ ਇਕ ਲੜਾਈ 1 ਜਨਵਰੀ, 1818 ਨੂੰ ਕੋਰੇਗਾਉਂ ਦੇ ਪਿੰਡ ਵਿਚ ਹੋਈ। ਇਸ ਪਿੰਡ ਦੇ ਲਾਗੇ ਭੀਮਾ ਨਾਂ ਦੀ ਨਦੀ ਵਹਿੰਦੀ ਹੈ ਤੇ ਇਸ ਲਈ ਇਸ ਨੂੰ ਕੋਰੇਗਾਉਂ ਭੀਮਾ ਦੀ ਲੜਾਈ ਵੀ ਕਿਹਾ ਜਾਂਦਾ ਹੈ। ਇਸ ਲੜਾਈ ਵਿਚ ਅੰਗਰੇਜ਼ ਫ਼ੌਜ ਦੀ ਇਕ ਛੋਟੀ ਜਿਹੀ ਟੁਕੜੀ (ਲਗਭਗ 834 ਬੰਦਿਆਂ ਦੀ), ਜਿਸ ਵਿਚ ਮਹਾਰ (ਮਹਾਰਾਸ਼ਟਰ ਦੀ ਇਕ ਦਲਿਤ ਜਾਤੀ) ਬਹੁਗਿਣਤੀ ਵਿਚ ਸਨ, ਨੇ ਪੇਸ਼ਵਾ ਫ਼ੌਜ ਦੀ ਇਕ ਵੱਡੀ ਟੁਕੜੀ (ਲਗਭਗ 2000 ਬੰਦਿਆਂ ਦੀ), ਜਿਸ ਵਿਚ ਬਹੁਤੇ ਸੈਨਿਕ ਮਰਹੱਟੇ, ਗੋਸਾਈਂ ਤੇ ਅਰਬ ਸਨ, ਨੂੰ ਹਰਾਇਆ। ਇਸ ਲਈ ਮਹਾਰਾਸ਼ਟਰ ਦੇ ਦਲਿਤ ਇਸ ਜਿੱਤ ਨੂੰ ਦਲਿਤਾਂ ਦੀ ਪੇਸ਼ਵਾ ਰਾਜਿਆਂ (ਜਿਹੜੇ ਬ੍ਰਾਹਮਣ ਸਨ) 'ਤੇ ਜਿੱਤ ਦਾ ਪ੍ਰਤੀਕ ਮੰਨਦੇ ਹਨ ਅਤੇ ਇਸ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ।
      2018 ਵਿਚ ਜਦ ਦਲਿਤ ਕਾਰਕੁਨ ਅਤੇ ਹੋਰ ਲੋਕ ਇਸ ਜਿੱਤ ਦੀ 200ਵੀਂ ਵਰ੍ਹੇਗੰਢ ਮਨਾ ਰਹੇ ਸਨ ਤਾਂ ਉਨ੍ਹਾਂ 'ਤੇ ਪਥਰਾਉ ਕੀਤਾ ਗਿਆ, ਆਪਸ ਵਿਚ ਹੋਈ ਮੁੱਠਭੇੜ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੂਰੇ ਦੇਸ਼ ਵਿਚ ਰੋਸ ਦੀ ਲਹਿਰ ਫੈਲ ਗਈ, ਖ਼ਾਸ ਕਰਕੇ ਮਹਾਰਾਸ਼ਟਰ ਵਿਚ, 3 ਜਨਵਰੀ ਨੂੰ ਮਹਾਰਾਸ਼ਟਰ ਬੰਦ ਹੋਇਆ। ਬਾਅਦ ਵਿਚ ਹੋਈ ਤਫ਼ਤੀਸ਼ ਦੌਰਾਨ ਅਗਸਤ 2018 ਵਿਚ ਆਂਧਰਾ ਪ੍ਰਦੇਸ਼/ਤਿਲੰਗਾਨਾ ਦੇ ਮਸ਼ਹੂਰ ਕਵੀ ਵਰਵਰਾ ਰਾਓ, ਸਮਾਜਿਕ ਕਾਰਕੁਨ ਅਰੁਣ ਫਰੇਰਾ, ਇਕਨੌਮਿਕ ਐਂਡ ਪੁਲਿਟੀਕਲ ਵੀਕਲੀ ਦੇ ਸਹਿਯੋਗੀ (ਸਲਾਹਕਾਰੀ) ਸੰਪਾਦਕ ਗੌਤਮ ਨਵਲੱਖਾ, ਮਸ਼ਹੂਰ ਅਰਥਸ਼ਾਸਤਰੀ ਕ੍ਰਿਸ਼ਨਾ ਭਾਰਦਵਾਜ ਦੀ ਧੀ ਸੁਧਾ ਭਾਰਦਵਾਜ (ਜੋ ਮਜ਼ਦੂਰਾਂ ਤੇ ਜਮਹੂਰੀ ਅਧਿਕਾਰਾਂ ਲਈ ਲੜਨ ਵਾਲੀ ਕਾਰਕੁਨ ਹੈ) ਅਤੇ ਵਰਨੋਨ ਗੋਂਸਾਲਵਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਲੇਖਕਾਂ ਅਤੇ ਕਾਰਕੁਨਾਂ 'ਤੇ ਭੀਮਾ ਕੋਰੇਗਾਉਂ ਵਿਚ ਹੋਈ ਹਿੰਸਾ ਭੜਕਾਉਣ ਦੇ ਦੋਸ਼ ਲਾਏ ਗਏ ਅਤੇ ਇਹ ਵੀ ਦੋਸ਼ ਲਗਾਇਆ ਕਿ ਉਹ ਦੇਸ਼ ਦੇ ਇਕ ਵੱਡੇ ਨੇਤਾ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੂੰ 'ਅਰਬਨ ਨਕਸਲਾਈਟਸ' ਦਾ ਨਾਮ ਦਿੱਤਾ ਗਿਆ ਹੈ। ਇਸ ਸਬੰਧ ਵਿਚ ਰੋਸਾ ਵਿਲਸਨ ਤੇ ਹੋਰਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤੇ ਕਈਆਂ ਦੇ ਘਰਾਂ 'ਤੇ ਛਾਪੇ ਮਾਰੇ ਗਏ।
      ਵਰਨੋਨ ਗੋਂਸਾਲਵਜ਼ ਖ਼ੁਦ ਕੌਣ ਹੈ? ਉਹ ਮੁੰਬਈ ਦੇ ਕਈ ਮਸ਼ਹੂਰ ਕਾਲਜਾਂ ਵਿਚ ਪੜ੍ਹਾਉਂਦਾ ਰਿਹਾ ਹੈ। ਉਸ ਨੂੰ 2007 ਵਿਚ ਨਕਸਲਾਈਟਾਂ ਦਾ ਸਹਿਯੋਗੀ ਹੋਣ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਵੀਹ ਮੁਕੱਦਮੇ ਦਾਇਰ ਕੀਤੇ ਗਏ। ਉਹ 2013 ਵਿਚ ਰਿਹਾਅ ਹੋਇਆ।
     ਜੀ ਹਾਂ! ਇਸ ਵਰਨੋਨ ਗੋਂਸਾਲਵਜ਼ ਤੋਂ ਜੱਜ ਸਾਹਿਬ ਨੇ ਪੁੱਛਿਆ ਹੈ ਕਿ ਉਸ ਦੇ ਘਰ ਵਿਚ ਟਾਲਸਟਾਏ ਦੀ ਕਿਤਾਬ 'ਵਾਰ ਐਂਡ ਪੀਸ' ਕੀ ਕਰ ਰਹੀ ਸੀ? ਉਹ ਟਾਲਸਟਾਏ, ਜਿਸ ਨੇ 111 ਵਰ੍ਹੇ ਪਹਿਲਾਂ ਇਕ ਹਿੰਦੂ ਤਾਰਕ ਨਾਥ ਦਾਸ ਨੂੰ ਖ਼ਤ ਲਿਖਿਆ ਸੀ।
        ਇਹ ਤਾਰਕ ਨਾਥ ਦਾਸ ਕੌਣ ਸੀ? ਭਾਈ ਜਾਨ, ਤਾਰਕ ਨਾਥ 1884 ਵਿਚ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਵਿਚ ਜੰਮਿਆ ਬੰਗਾਲੀ ਸੀ, ਜਿਹੜਾ ਕਲਕੱਤੇ ਵਿਚ ਪੜ੍ਹਿਆ ਅਤੇ ਜਿਹਨੂੰ ਬੰਗਾਲੀਆਂ ਦੇ ਇਕ ਗਰੁੱਪ (ਜਿਨ੍ਹਾਂ ਵਿਚ ਜਤਿੰਦਰ ਨਾਥ ਮੁਖਰਜੀ ਉਰਫ਼ ਬਾਘਾ ਜਤਿਨ, ਜੋ ਬਾਅਦ ਵਿਚ ਸ਼ਹੀਦ ਭਗਤ ਸਿੰਘ ਦਾ ਸਾਥੀ ਬਣਿਆ ਤੇ ਜਿਸ ਨੇ ਭਗਤ ਸਿੰਘ ਹੋਰਾਂ ਨਾਲ ਜੇਲ੍ਹ ਵਿਚ ਕੀਤੀ ਲੰਬੀ ਭੁੱਖ ਹੜਤਾਲ ਦੌਰਾਨ ਸ਼ਹਾਦਤ ਪਾਈ) ਨੇ ਅਮਰੀਕਾ ਪੜ੍ਹਨ ਭੇਜਿਆ। ਉਸ ਨੇ ਪਾਂਡੂਰੰਗਾ ਖਾਨਾਖੋਜੇ (ਬਾਲ ਗੰਗਾਧਰ ਤਿਲਕ ਦਾ ਸਾਥੀ) ਨਾਲ ਮਿਲ ਕੇ ਇੰਡੀਅਨ ਇੰਡੀਪੀਡੈਂਸ ਲੀਗ ਦੀ ਨੀਂਹ ਰੱਖੀ ਅਤੇ ਕੈਨੇਡਾ 'ਚੋਂ 'ਫਰੀ ਹਿੰਦੋਸਤਾਨ' ਨਾਂ ਦਾ ਅਖ਼ਬਾਰ ਕੱਢਿਆ ਜਿਸ ਦੇ ਗੁਰਮੁਖੀ ਰੂਪ ਦਾ ਨਾਮ 'ਸਵਦੇਸ਼ ਸੇਵਕ' (ਗੁਰਾਂ ਦਿੱਤਾ ਸਿੰਘ ਜਾਂ ਗੁੱਰਾਂ ਦਿੱਤਾ ਕੁਮਾਰ ਦੇ ਨਾਲ) ਸੀ। ਉਹ ਗ਼ਦਰ ਪਾਰਟੀ ਨਾਲ ਵੀ ਜੁੜਿਆ ਰਿਹਾ ਅਤੇ ਸਾਨ ਫਰਾਂਸਿਸਕੋ ਸਾਜ਼ਿਸ਼ ਕੇਸ ਵਿਚ ਦੋ ਸਾਲ ਦੀ ਜੇਲ੍ਹ ਕੱਟੀ।
       ਹਾਂ ਜੀ ... ਇਸ ਤਾਰਕ ਨਾਥ ਦਾਸ ਨੇ ਲਿਉ ਟਾਲਸਟਾਏ ਨੂੰ ਦੋ ਚਿੱਠੀਆਂ ਲਿਖੀਆਂ ਜਿਸ ਦਾ ਜਵਾਬ ਟਾਲਸਟਾਏ ਨੇ ਲੰਬਾ ਖ਼ਤ, ਜਿਸ ਨੂੰ 'ਏ ਲੈਟਰ ਟੂ ਏ ਹਿੰਦੂ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਲਿਖ ਕੇ ਦਿੱਤਾ। ਇਹ ਖ਼ਤ 'ਫਰੀ ਹਿੰਦੋਸਤਾਨ' ਵਿਚ ਛਪਿਆ। ਉਸ ਸਮੇਂ ਤਕ ਟਾਲਸਟਾਏ ਦਾ ਇਹ ਵਿਚਾਰ ਪ੍ਰਪੱਕ ਹੋ ਚੁੱਕਾ ਸੀ ਕਿ ਜਬਰ ਦਾ ਸਾਹਮਣਾ ਕਰਨ ਲਈ ਅਹਿੰਸਾ ਦਾ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ। ਇਸ ਖ਼ਤ ਵਿਚ ਟਾਲਸਟਾਏ ਨੇ ਸਵਾਮੀ ਵਿਵੇਕਾਨੰਦ ਅਤੇ ਤਾਮਿਲ ਸਾਹਿਤ ਦੇ ਪੁਰਾਤਨ ਗ੍ਰੰਥ 'ਤ੍ਰਿਰੂਕੁਰਲ' ਦਾ ਜ਼ਿਕਰ ਕੀਤਾ ਹੈ (ਪਤਾ ਨਹੀਂ ਇਹ ਟਾਲਸਟਾਏ ਕੀ ਕੁਝ ਪੜ੍ਹਦਾ ਰਹਿੰਦਾ ਸੀ)।
       ਪਰ ਅਜੇ ਕਹਾਣੀ ਖ਼ਤਮ ਨਹੀਂ ਹੋਈ। ਇਹ ਖ਼ਤ ਮਹਾਤਮਾ ਗਾਂਧੀ ਨੇ ਪੜ੍ਹਿਆ। ਉਸ ਵੇਲ਼ੇ ਉਹ ਦੱਖਣੀ ਅਫ਼ਰੀਕਾ ਵਿਚ ਰਹਿ ਰਿਹਾ ਸੀ। ਉਹ ਉਸ ਵੇਲ਼ੇ ਤਕ ਟਰਾਂਸਵਾਲ (ਦੱਖਣੀ ਅਫ਼ਰੀਕਾ ਦਾ ਇਕ ਸੂਬਾ) ਸਰਕਾਰ ਦੇ ਹਿੰਦੋਸਤਾਨੀਆਂ ਤੇ ਚੀਨੀਆਂ ਨੂੰ ਦਬਾਉਣ ਦੇ ਆਦੇਸ਼ ਵਿਰੁੱਧ ਸੱਤਿਆਗ੍ਰਹਿ ਕਰ ਚੁੱਕਾ ਸੀ। ਉਹ ਇਸ ਖ਼ਤ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਟਾਲਸਟਾਏ ਨੂੰ ਚਿੱਠੀ ਲਿਖ ਕੇ 'ਇਕ ਹਿੰਦੂ ਨੂੰ ਖ਼ਤ' ਨੂੰ ਦੱਖਣੀ ਅਫ਼ਰੀਕਾ ਤੋਂ ਚਲਾਏ ਜਾ ਰਹੇ ਆਪਣੇ ਅਖ਼ਬਾਰ 'ਇੰਡੀਅਨ ਓਪੀਨੀਅਨ' (Inidan Oipinon) ਵਿਚ ਛਾਪਣ ਦੀ ਇਜਾਜ਼ਤ ਮੰਗੀ। ਗਾਂਧੀ ਨੇ ਲੇਖ ਦਾ ਤਰਜਮਾ ਗੁਜਰਾਤੀ ਵਿਚ ਕਰਕੇ ਹਿੰਦੋਸਤਾਨ ਭੇਜਿਆ। ਗਾਂਧੀ ਤੇ ਟਾਲਸਟਾਏ ਵਿਚ ਖ਼ਤੋ-ਖ਼ਿਤਾਬਤ ਹੁੰਦੀ ਰਹੀ। 1 ਅਕਤੂਬਰ 1909 ਦੀ ਆਪਣੀ ਚਿੱਠੀ ਮਹਾਤਮਾ ਗਾਂਧੀ ਇਸ ਤਰ੍ਹਾਂ ਸ਼ੁਰੂ ਕਰਦਾ ਹੈ, ''ਸ੍ਰੀਮਾਨ ਜੀ (ਸਰ), ਮੈਂ ਤੁਹਾਡਾ ਧਿਆਨ ਉਨ੍ਹਾਂ ਘਟਨਾਵਾਂ ਵੱਲ ਦਿਵਾਉਣਾ ਚਾਹੁੰਦਾ ਹਾਂ ਜਿਹੜੀਆਂ ਟਰਾਂਸਵਾਲ ਵਿਚ ਤਿੰਨ ਵਰ੍ਹਿਆਂ ਤੋਂ ਹੋ ਰਹੀਆਂ ਹਨ...।'' ਟਾਲਸਟਾਏ ਆਪਣਾ ਇਕ ਖ਼ਤ ਏਥੋਂ ਸ਼ੁਰੂ ਕਰਦਾ ਹੈ, ''ਮੈਨੂੰ ਤੁਹਾਡਾ ਬਹੁਤ ਦਿਲਚਸਪ ਖ਼ਤ ਹੁਣੇ ਹੁਣੇ ਮਿਲਿਆ ਅਤੇ ਮੈਨੂੰ ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ। ਰੱਬ ਟਰਾਂਸਵਾਲ ਵਿਚਲੇ ਸਾਡੇ ਭਰਾਵਾਂ ਤੇ ਸਾਥੀਆਂ ਦਾ ਭਲਾ ਕਰੇ! ... ਮਾਸਕੋ ਵਾਲੇ ਤੁਹਾਨੂੰ ਕ੍ਰਿਸ਼ਨ (ਭਗਵਾਨ) ਸਬੰਧੀ ਕਿਤਾਬ ਬਾਰੇ ਹੋਰ ਜਾਣਕਾਰੀ ਦੇਣਗੇ।''
      ਗਾਂਧੀ ਟਾਲਸਟਾਏ ਦੀਆਂ ਲਿਖਤਾਂ ਤੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ 1893 ਤੋਂ ਹੀ ਟਾਲਸਟਾਏ ਦੀਆਂ ਲਿਖਤਾਂ ਪੜ੍ਹ ਅਤੇ ਉਨ੍ਹਾਂ ਬਾਰੇ ਲਿਖ ਰਿਹਾ ਸੀ। ਉਸ ਦੇ ਅਹਿੰਸਾ ਤੇ ਸੱਤਿਆਗ੍ਰਹਿ ਦੇ ਸਿਧਾਂਤਾਂ ਦੀ ਸਿਰਜਣਾ ਟਾਲਸਟਾਏ ਦੇ ਸਿਧਾਂਤਾਂ ਦੀ ਜ਼ਮੀਨ 'ਤੇ ਹੀ ਕੀਤੀ ਗਈ ਸੀ। ਗਾਂਧੀ ਦੇ ਇਕ ਲੇਖ ਦਾ ਨਾਂ 'ਟਾਲਸਟਾਏ ਦਾ ਸੱਤਿਆਗ੍ਰਹਿ' (ਟਾਲਸਟਾਏ'ਜ਼ ਸੱਤਿਆਗ੍ਰਹਿ) ਹੈ। ਉਸ ਨੇ ਟਾਲਸਟਾਏ ਬਾਰੇ ਕਾਫ਼ੀ ਕੁਝ ਲਿਖਿਆ ਅਤੇ ਉਸ ਦੀਆਂ ਲਿਖਤਾਂ ਨੂੰ ਉਲਥਾਇਆ ਤੇ ਛਾਪਿਆ। ਗਾਂਧੀ ਨੇ ਟਰਾਂਸਵਾਲ ਵਿਚ ਇਕ ਸੰਸਥਾ/ਕਮਿਊਨ ਸ਼ੁਰੂ ਕੀਤੀ ਜਿਸ ਦਾ ਨਾਂ ਉਸ ਨੇ 'ਟਾਲਸਟਾਏ ਫਾਰਮ' ਰੱਖਿਆ।
      ਹਾਂ ਜੀ... ਗਾਂਧੀ ਨੇ ਉਸ ਟਾਲਸਟਾਏ ਨੂੰ ਖ਼ਤ ਲਿਖੇ ਅਤੇ ਟਾਲਸਟਾਏ ਦੇ ਸਿਧਾਂਤਾਂ 'ਤੇ ਅਮਲ ਕਰਕੇ ਅੰਗਰੇਜ਼ਾਂ ਵਿਰੁੱਧ ਤੇ ਆਜ਼ਾਦੀ ਲਈ ਅੰਦੋਲਨ ਚਲਾਏ... ਹਾਂ ਜੀ, ਉਸ ਟਾਲਸਟਾਏ ਦੀ ਕਿਤਾਬ ਬਾਰੇ ਜੱਜ ਸਾਹਿਬ ਵਰਨੋਨ ਗੋਂਸਾਲਵਜ਼ ਤੋਂ ਪੁੱਛ ਰਹੇ ਹਨ ਕਿ ਉਹਦੀ ਕਿਤਾਬ ਗੋਂਸਾਲਵਜ਼ ਦੇ ਘਰ ਵਿਚ ਕਿਉਂ ਪਾਈ ਗਈ। ਸ਼ਾਇਦ ਇਸ ਦਾ ਸਭ ਤੋਂ ਠੀਕ ਜਵਾਬ ਮਹਾਤਮਾ ਗਾਂਧੀ ਤੇ ਤਾਰਕ ਨਾਥ ਦਾਸ, ਜੇ ਉਹ ਜਿਉਂਦੇ ਹੁੰਦੇ, ਹੀ ਦੇ ਸਕਦੇ ਸਨ। ਉਹ ਹੀ ਜੱਜ ਸਾਹਿਬ ਨੂੰ ਦੱਸ ਸਕਦੇ ਸਨ ਕਿ ਟਾਲਸਟਾਏ ਕੌਣ ਸੀ ਤੇ ਕਿਤਾਬ 'ਵਾਰ ਐਂਡ ਪੀਸ' ਕਿਉਂ ਮਹੱਤਵਪੂਰਨ ਹੈ। ਹੋ ਸਕਦਾ ਹੈ, ਗਾਂਧੀ ਤੇ ਤਾਰਕ ਨਾਥ ਦਾਸ ਨੂੰ ਪੁੱਛਿਆ ਜਾਂਦਾ ਕਿ ਉਨ੍ਹਾਂ ਨੇ ਇਕ ਵਿਦੇਸ਼ੀ ਭਾਵ ਟਾਲਸਟਾਏ ਨੂੰ ਖ਼ਤ ਕਿਉਂ ਲਿਖੇ ਸਨ? ਰੱਬ ਖ਼ੈਰ ਕਰੇ!