ਪ੍ਰੇਰਨਾਦਾਇਕ ਲੇਖ : ਭੁੱਖ ਦੇ ਪਸਾਰੇ

ਪ੍ਰਮਾਤਮਾ ਨੇ ਹਰ ਜੀਵ ਨਾਲ ਪੇਟ ਲਾ ਕੇ ਭੇਜਿਆ ਹੈ, ਜਿਸ ਕਾਰਨ ਉਸ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ। ਇਸ ਭੋਜਨ ਨਾਲ ਉਸ ਦੇ ਸਰੀਰ ਨੂੰ ਊਰਜ਼ਾ ਮਿਲਦੀ ਹੈ। ਮਨੁੱਖਾਂ ਅਤੇ ਬਾਕ ਜੀਵ ਜੰਤੂਆਂ ਤੋਂ ਇਲਾਵਾ ਪੇੜ ਪੌਧਿਆਂ ਨੂੰ ਵੀ ਖਾਦ ਪਾਣੀ ਦੇ ਰੂਪ ਵਿਚ ਖ਼ੁਰਾਕ ਦੀ ਜ਼ਰੂਰਤ ਹੈ ਜਿਸ ਨਾਲ ਉਹ ਮੌਲਦੇ ਹਨ। ਧੁੱਪ ਵੀ ਉਨ੍ਹਾਂ ਦੇ ਵਾਧੇ ਵਿਚ ਸਹਾਈ ਹੁੰਦੀ ਹੈ। ਪੇੜ ਪੌਧਿਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਵਾਤਾਵਰਨ ਵਿਚੋਂ ਗੰਦੀ ਹਵਾ (ਕਾਬਨ ਡਾਇਆਕਸਾਈਡ)  ਨੂੰ ਸੋਖਦੇ ਹਨ ਅਤੇ ਤਾਜ਼ੀ ਹਵਾ (ਆਕਸੀਜਨ) ਛੱਡਦੇ ਹਨ ਜੋ ਮਨੁੱਖ ਦੇ ਸਾਹ ਲੈਣ ਅਤੇ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ। ਇਸੇ ਲਈ ਕਹਿੰਦੇ ਹਨ ਕਿ ਰੁੱਖਾਂ ਦਾ ਕੱਟਣਾ ਮਨੁੱਖਤਾ ਦਾ ਵਿਨਾਸ਼ ਕਰਨ ਬਰਾਬਰ ਹੈੇ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹੋਰ ਰੁੱਖ  ਲਾਣੇ ਚਾਹੀਦੇ ਹਨ।
ਦੁਨੀਆਂ ਵਿਚ ਕੋਈ ਵੀ ਜੀਵ ਭੋਜਨ ਤੋਂ ਬਿਨਾ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿ ਸਕਦਾ। ਪੇੜ ਪੌਧਿਆਂ ਦੀ ਭੁੱਖ ਖਾਦ, ਪਾਣੀ ਅਤੇ ਹਵਾ ਤੱਕ ਸੀਮਤ ਹੁੰਦੀ ਹੈ।ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੀ ਭੁੱਖ ਭੋਜਨ ਅਤੇ ਕਾਮ ਵਾਸ਼ਨਾ ਤੱਕ ਸੀਮਤ ਹੁੰਦੀ ਹੈ ਤਾਂ ਕਿ ਉਹ ਆਪ ਜ਼ਿੰਦਾ ਰਹਿਣ ਅਤੇ ਉਨ੍ਹਾਂ ਦੀ ਨਸਲ ਵੀ ਅੱਗੇ ਵਧਦੀ ਰਹੇ। ਮਨੁੱਖ ਦੀ ਭੁੱਖ ਭੋਜਨ ਅਤੇ ਕਾਮ ਵਾਸ਼ਨਾ ਤੋਂ ਇਲਾਵਾ ਵੀ ਕਈ ਤਰ੍ਹਾਂ ਦੀ ਅਤੇ ਅਸੀਮਤ ਹੈ। ਭੁੱਖ ਬਾਰੇ ਹਰ ਮਨੁੱਖ ਦੇ ਆਪਣੇ ਆਪਣੇ ਨਿਵੇਕਲੇ ਵਿਚਾਰ ਹਨ। ਸਧਾਰਨ ਲੋਕ ਇਹ ਸੋਚਦੇ ਹਨ ਕਿ ਰੱਬ ਨੇ ਮਨੁੱਖ ਦੇ ਨਾਲ ਇਹ ਪੇਟ ਐਵੇਂ ਹੀ ਲਾ ਛੱਡਿਆ ਹੈ। ਪੇਟ ਇਕ ਐਸਾ ਖੂਹ ਹੈ ਜੋ ਕਦੀ ਨਹੀਂ ਭਰਦਾ। ਜੇ ਰੱਬ ਮਨੁੱਖ ਦੇ ਨਾਲ ਪੇਟ ਨਾ ਲਾਉਂਦਾ ਤਾਂ ਕਿੰਨਾ ਚੰਗਾ ਹੁੰਦਾ? ਬੰਦੇ ਨੂੰ ਐਵੇਂ ਐਨਾ ਤਰੱਦਦ ਤਾਂ ਨਾ ਕਰਨਾ ਪੈਂਦਾ। ਉਹ ਅਰਾਮ ਨਾਲ ਆਪਣੀ ਜ਼ਿੰਦਗੀ ਜਿਉਂਦਾ। ਉਹ ਸੋਚਦੇ ਹਨ ਕਿ ਇਸ ਪਾਪੀ ਪੇਟ ਦੀ ਖਾਤਿਰ ਮਨੁੱਖ ਨੂੰ ਕਈ ਕਈ ਪਾਪੜ ਨਹੀਂ ਵੇਲਣੇ ਪੈਂਦੇ ਹਨ? ਪਾਪੀ ਪੇਟ ਖਾਤਿਰ ਹੀ ਮਨੁੱਖ ਘਰੋਂ ਬੇਘਰ ਹੋ ਕੇ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਹੈ। ਇਸ ਪੇਟ ਖਾਤਿਰ ਬੰਦੇ ਨੂੰ ਕੀ ਕੀ ਕਸ਼ਟ ਨਹੀਂ ਝੱਲਣੇ ਪੈਂਦੇ? ਪਾਪੀ ਪੇਟ ਮਨੁੱਖ ਕੋਲੋਂ ਬਹੁਤ ਕੁਝ ਕਰਾ ਦਿੰਦਾ ਹੈ। ਕਈ ਵਾਰੀ ਮਾਵਾਂ ਇਸ ਭੁੱਖ ਕਾਰਨ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੇਚਣ ਲਈ ਮਜ਼ਬੂਰ ਹੋ ਜਾਂਦੀਆਂ ਹਨ। ਕਈ ਵਾਰੀ ਉਨ੍ਹਾਂ ਦੀ ਅਜ਼ਮਤ ਵੀ ਦਾਅ ਤੇ ਲੱਗ ਜਾਂਦੀ ਹੈ। ਉਹ ਤਾਂ ਭੁੱਖ ਨੂੰ ਮੌਤ ਨਾਲੋਂ ਵੀ ਭੈੜੀ ਚੀਜ਼ ਗਿਣਦੇ ਹਨ।    
ਕੁਝ ਸਿਆਣੇ ਮਨੁੱਖ ਪੇਟ ਨੂੰ ਸਰੀਰ ਦਾ ਜ਼ਰੂਰੀ ਅੰਗ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਮਨੁੱਖ ਨੂੰ ਭੁੱਖ ਲਗਦੀ ਹੈ ਤਾਂ ਉਹ ਭੋਜਨ ਕਰਦਾ ਹੈ। ਭੋਜਨ ਕਰਨ ਨਾਲ ਹੀ ਮਨੁੱਖ ਨੂੰ ਊਰਜ਼ਾ ਮਿਲਦੀ ਹੈ ਅਤੇ ਉਹ ਜ਼ਿੰਦਾ ਰਹਿੰਦਾ ਹੈ। ਭੋਜਨ ਤੋਂ ਬਿਨਾ ਕੋਈ ਮਨੁੱਖ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿ ਸਕਦਾ। ਇਸ ਲਈ ਇਹ ਲੋਕ ਮਨੁੱਖ ਲਈ ਪੇਟ ਅਤੇ ਭੁੱਖ ਨੂੰ ਜ਼ਰੂਰੀ ਸਮਝਦੇ ਹਨ।
ਵਿਦਵਾਨ ਲੋਕ ਇਸ ਤੋਂ ਵੀ ਅੱਗੇ ਜਾਂਦੇ ਹਨ। ਉਹ ਮੰਨਦੇ ਹਨ ਕਿ ਭੁੱਖ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਸ ਦੇ ਸਰੀਰ ਨੂੰ ਸ਼ਕਤੀ ਮਿਲਦੀ ਹੈ। ਇਸ ਤੋਂ ਇਲਾਵਾ ਉਹ ਕਾਮ ਭੁੱਖ ਨੂੰ ਵੀ ਸ੍ਰਸ਼ਿਟੀ ਨੂੰ ਅੱਗੇ ਤੋਰਨ ਲਈ ਜ਼ਰੂਰੀ ਸਮਝਦੇ ਹਨ। ਉਨ੍ਹਾਂ ਦੇ ਵਿਚਾਰ ਇਥੋਂ ਤੱਕ ਹੀ ਸੀਮਤ ਨਹੀਂ ਰਹਿੰਦੇ। ਉਹ ਮਨੁਖ ਦੀਆਂ ਜ਼ਰੂਰਤਾਂ, ਖਾਹਿਸ਼ਾਂ, ਲਾਲਸਾਵਾਂ ਅਤੇ ਉੱਚੇ ਇਰਾਦਿਆਂ ਨੂੰ ਵੀ ਮਨੁੱਖੀ ਭੁੱਖ ਦਾ ਹੀ ਨਾਮ ਦਿੰਦੇ ਹਨ। ਬੇਸ਼ੱਕ ਇਹ ਭੁੱਖਾਂ ਅਸੀਮਤ ਹਨ ਪਰ ਇਨ੍ਹਾਂ ਨੂੰ ਪੂਰਾ ਕਰਨ ਲਈ ਹੀ ਇਨਸਾਨ ਉੱਦਮ ਅਤੇ ਮਿਹਨਤ ਕਰਦਾ ਹੈ ਅਤੇ ਵਿਕਾਸ ਦਾ ਪਹੀਆ ਅੱਗੇ ਤੁਰਦਾ ਹੈ।

ਇਸ ਹਿਸਾਬ ਸਿਰ ਮਨੁੱਖ ਦੀ ਭੁੱਖ ਕਈ ਪ੍ਰਕਾਰ ਦੀ ਹੁੰਦੀ ਹੈ ਪਰ ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਰੂਰੀ ਭੁੱਖ ਹੈ ਪੇਟ ਦੀ।  ਜਦੋਂ ਪੇਟ ਭਰ ਜਾਂਦਾ ਹੈ ਤਾਂ ਮਨੁੱਖ ਵਿਚ ਕਈ ਪ੍ਰਕਾਰ ਦੀਆਂ ਹੋਰ ਭੁੱਖਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ ਮਨੁੱਖ ਕੇਵਲ ਭੋਜਨ ਤੇ ਹੀ ਜਿੰਦਾ ਨਹੀਂ ਰਹਿ ਸਕਦਾ। ਉਸ ਅੰਦਰ ਕਾਮ ਦੀ ਭੁੱਖ ਵੀ ਬਹੁਤ ਪ੍ਰੱਬਲ ਹੁੰਦੀ ਹੈ। ਇਸ ਤੋਂ ਇਲਾਵਾ ਮਨੁੱਖ ਦੀਆਂ ਹੋਰ ਵੀ ਕਈ ਜ਼ਰੂਰਤਾਂ ਹਨ। ਉਸ ਦੀਆਂ ਕਈ ਖ਼ਾਹਿਸ਼ਾਂ ਅਤੇ ਕਈ ਸੁਪਨੇ ਹਨ। ਇਹ ਸਭ ਖ਼ਾਹਿਸ਼ਾਂ ਅਤੇ ਜ਼ਰੂਰਤਾਂ ਅੱਗੇ ਜਾ ਕੇ ਭੁੱਖ ਦਾ ਹੀ ਰੂਪ ਧਾਰ ਲੈਂਦੀਆਂ ਹਨ ਜਿਵੇਂ ਦੌਲਤ ਦੀ ਭੁੱਖ, ਅੋਲਾਦ ਦੀ ਭੁੱਖ, ਕਾਰ ਅਤੇ ਮਕਾਨ ਦੀ ਭੁੱਖ, ਉੱਚੇ ਅਹੁਦੇ ਅਤੇ ਨਾਮ ਦੀ ਭੁੱਖ ਆਦਿ। ਸਾਡੀਆਂ ਇਹ ਭੁੱਖਾਂ ਐਨੀਆਂ ਵਧ ਜਾਂਦੀਆਂ ਹਨ ਕਿ ਇਨ੍ਹਾਂ ਨੂੰ ਇਕ ਥਾਂ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਕ ਭੁੱਖ ਪੂਰੀ ਹੁੰਦੀ ਹੈ ਤਾਂ ਉਸੇ ਸਮੇਂ ਸਾਡੇ ਅੰਦਰ ਦੂਜੀ ਭੁੱਖ ਪੈਦਾ ਹੋ ਜਾਂਦੀ ਹੈ। ਇਹ ਭੁੱਖਾਂ ਸਾਨੂੰ ਸਾਰੀ ਉਮਰ ਨਚਾਈ ਰੱਖਦੀਆਂ ਹਨ ਅਤੇ ਮਰਨ ਤੱਕ ਸਾਡਾ ਪਿੱਛਾ ਨਹੀਂ ਛੱਡਦੀਆਂ। ਇਕ ਕਿਸਮ ਦੀਆਂ ਇਹ ਸਾਡੀਆਂ ਜ਼ਰੂਰਤਾਂ ਅਤੇ ਖ਼ਾਹਿਸ਼ਾਂ ਹੀ ਹਨ ਜੋ ਸਾਡੀ ਭੁੱਖ ਦਾ ਰੂਪ ਧਾਰ ਲੈਂਦੀਆਂ ਹਨ। ਕਿਸੇ ਹੋਰ ਜੀਵ ਦੇ ਮੁਕਾਬਲੇ ਮਨੁੱਖ ਅੰਦਰ ਇਹ ਭੁੱਖਾਂ, ਖ਼ਾਹਿਸ਼ਾਂ ਅਤੇ ਲਾਲਸਾਵਾਂ ਸਭ ਤੋਂ ਜ਼ਿਆਦਾ ਹਨ। ਜ਼ਰੂਰਤ ਤੋਂ ਜ਼ਿਆਦਾ ਤ੍ਰਿਸ਼ਨਾ ਬੰਦੇ ਨੂੰ ਲਾਲਚੀ, ਭ੍ਰਿਸ਼ਟ ਅਤੇ ਜ਼ਾਲਮ ਵੀ ਬਣਾ ਦਿੰਦੀਆਂ ਹਨ।ਜਦ ਇਹ ਭੁੱਖ ਆਪਣੀ ਚਰਮ ਸੀਮਾ ਤੇ ਪਹੁੰਚ ਜਾਂਦੀਆਂ ਹਨ ਤਾਂ ਬੰਦੇ ਦੀ ਸ਼ਾਂਤੀ ਭੰਗ ਹੁੰਦੀ ਹੈ। ਕਈ ਵਾਰੀ ਉਸ ਨੂੰ ਮਾਨਸਿਕ ਰੋਗੀ ਵੀ ਬਣਾ ਦਿੰਦੀਆਂ ਹਨ। ਬੰਦੇ ਦੀ ਭੁੱਖ, ਖਾਹਿਸ਼ ਜਾਂ ਲਾਲਚ ਦਾ ਇਕ ਹਾਂ ਪੱਖੀ ਪਹਿਲੂ ਵੀ ਹੈ। ਕਹਿੰਦੇ ਹਨ ਕਿ ਜ਼ਰੂਰਤ ਆਵਿਸ਼ਕਾਰ ਦੀ ਜਨਨੀ ਹੈ। ਜਦ ਬੰਦੇ ਅੰਦਰ ਕਿਸੇ ਤਰ੍ਹਾਂ ਦੀ ਭੁੱਖ ਪੈਦਾ ਹੁੰਦੀ ਹੈ ਤਾਂ ਉਹ ਇਸ ਭੁੱਖ ਨੂੰ ਮਿਟਾਉਣ ਲਈ ਜਾਂ ਜ਼ਰੂਰਤ ਨੂੰ ਪੂਰੀ ਕਰਨ ਲਈ ਹੱਥ ਪੈਰ ਵੀ ਮਾਰਦਾ ਹੈ।
ਜਦ ਮਨੁੱਖ ਇਸ ਧਰਤੀ ਤੇ ਪੈਦਾ ਹੋਇਆ ਤਾਂ ਉਸ ਸਮੇਂ ਨੂੰ ਪੱਥਰ ਦਾ ਯੁੱਗ ਕਿਹਾ ਜਾਂਦਾ ਹੈ। ਉਸ ਸਮੇਂ ਮਨੁੱਖ ਕੋਲ ਵਸੀਲੇ ਵੀ ਨਾਂ ਮਾਤਰ ਹੀ ਸਨ। ਉਸ ਦਾ ਵਾਹ ਭੁੱਖ, ਕੁਦਰਤੀ ਆਫ਼ਤਾਂ ਅਤੇ ਖ਼ੂੰਖਾਰ ਜਾਨਵਰਾਂ ਨਾਲ ਸੀ। ਉਸ ਨੂੰ ਪੇਟ ਭਰਨ ਲਈ ਅਤੇ ਆਪਣੇ ਬਚਾਅ ਲਈ ਕੁਝ ਤਾਂ ਉੱਦਮ ਕਰਨਾ ਹੀ ਪੈਣਾ ਸੀ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਹ ਸੰਘਰਸ਼ ਦੇ ਰਾਹ ਤੇ ਪਿਆ। ਇਸ ਨਾਲ ਵਿਕਾਸ ਦਾ ਪਹੀਆ ਘੁੰਮਣ ਲੱਗਾ। ਆਪਸੀ ਇਤਫ਼ਾਕ ਅਤੇ ਪਰਸਪਰ ਸਹਿਯੋਗ ਲਈ ਮਨੁੱਖ ਪਹਿਲਾਂ ਇਸ਼ਾਰਿਆਂ ਨਾਲ ਇਕ ਦੂਜੇ ਨੂੰ ਮਨ ਦੀ ਗਲ ਸਮਝਾਉਂਦਾ ਸੀ। ਫਿਰ ਉਸ ਨੇ ਤਰ੍ਹਾਂ ਤਰ੍ਹਾਂ ਦੀਆਂ ਆਵਜ਼ਾਂ ਕੱਢ ਕੇ ਇਕ ਦੂਜੇ ਨੂੰ ਆਪਣੀ ਗਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਹੌਲੀ ਹੌਲੀ ਇਹ ਆਵਾਜ਼ਾਂ ਸੱਪਸ਼ਟ ਹੁੰਦੀਆਂ ਗਈਆਂ ਅਤੇ ਇਕ ਭਾਸ਼ਾ ਦਾ ਰੂਪ ਧਾਰਨ ਕਰ ਗਈਆਂ। ਇਸ ਨਾਲ ਮਨੁੱਖ ਨੂੰ ਇਕ ਦੂਜੇ ਨੂੰ ਸਮਝਣ ਦੀ ਅਤੇ ਸਹਿਯੋਗ ਕਰਨ ਦੀ ਬਹੁਤ ਆਸਾਨੀ ਹੋ ਗਈ। ਇਹ ਭਾਸ਼ਾ ਉਥੋਂ ਤੱਕ ਹੀ ਕੰਮ ਆਉਂਦੀ ਸੀ ਜਿਥੋਂ ਤੱਕ ਮਨੁੱਖ ਦੀ ਆਵਾਜ਼ ਜਾਂਦੀ ਸੀ। ਜੇ ਦੂਰ ਦੇ ਮਨੁੱਖ ਤੱਕ ਕੋਈ ਗੱਲ ਪਹੁੰਚਾਉਣੀ ਹੋਵੇ ਤਾਂ ਸੰਦੇਸ਼ ਵਾਹਕ ਤੋਂ ਕੰਮ ਲਿਆ ਜਾਣ ਲੱਗਾ ਪਰ ਇਸ ਤਰ੍ਹਾਂ ਦੇ ਸੰਚਾਰ ਵਿਚ ਕਈ ਟੱਪਲੇ ਵੀ ਲੱਗਣ ਲੱਗੇ। ਇਸ ਤੋਂ ਬਾਅਦ ਲਿਖਤੀ ਚਿਨ੍ਹਾਂ ਦਾ ਜਨਮ ਹੋਇਆ ਉਸ ਤੋਂ ਪਿੱਛੋਂ ਲਿਪੀ ਹੋਂਦ ਵਿਚ ਆਈ। ਇਹ ਲਿਪੀ ਪਹਿਲਾਂ ਪੱਥਰਾਂ ਤੇ ਲਿਖੀ ਜਾਂਦੀ ਸੀ। ਫਿਰ ਭੋਜ ਪੱਤਰਾਂ 'ਤੇ ਲਿਖੀ ਜਾਣ ਲੱਗੀ ਫਿਰ ਪੜਾਅ ਦਰ ਪੜਾਅ ਵਿਕਾਸ ਹੁੰਦੇ ਹੋਏ ਕਾਗਜ਼ ਨੇ ਜਨਮ ਲਿਆ ਅਤੇ ਮਨੁੱਖ ਦੀ ਲਿਖਤ ਨੂੰ ਲਿਪੀ ਦੇ ਰੂਪ ਵਿਚ ਇਕ ਟਕਸਾਲੀ ਰੂਪ ਮਿਲਿਆ। ਧਰਤੀ ਤੇ ਕੇਵਲ ਮਨੁੱਖ ਹੀ ਇਕ ਐਸਾ ਜੀਵ ਹੈ ਜੋ ਆਪਣੀਆਂ ਭਾਵਨਾਵਾਂ, ਗੁੱਸੇ, ਗਿਲੇ ਅਤੇ ਗਿਆਨ ਨੂੰ ਲਿਖ ਕੇ ਅਤੇ ਬੋਲ ਕੇ ਪ੍ਰਗਟ ਕਰ ਸਕਦਾ ਹੈ।
ਜਦ ਮਨੁੱਖ ਨੇ ਆਪਣੇ ਹਾਲਾਤਾਂ ਤੇ ਕੁਝ ਕਾਬੂ ਪਾ ਲਿਆ ਤਾਂ ਉਸ ਨੇ ਧਰਤੀ ਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਕਿ ਪੇਟ ਦੀ ਭੁੱਖ ਲਈ ਉਸ ਨੂੰ ਜ਼ਿਆਦਾ ਬਿਖੜੇ ਰਸਤਿਆਂ 'ਤੇ ਨਾ ਭਟਕਣਾ ਪਏ। ਉਹ ਔਖੇ ਸਮੇਂ ਲਈ ਅਨਾਜ ਦੇ ਭੰਡਾਰੇ ਭਰ ਕੇ ਰੱਖਣ ਲੱਗਾ। ਇਸ ਨਾਲ ਉਸ ਦੇ ਅੰਦਰ ਲਾਲਸਾ ਪੈਦਾ ਹੋਈ। ਜਦ ਉਸ ਦਾ ਪੇਟ ਭਰਨ ਲੱਗਾ ਤਾਂ ਉਸ ਅੰਦਰ ਸੁਹਜ ਸੁਆਦ ਦੀ ਰੁੱਚੀ ਪੈਦਾ ਹੋਈ ਜਿਸ ਨੇ ਉਸ ਅੰਦਰ ਕਲਾ ਪੈਦਾ ਕੀਤੀ ਅਤੇ ਉਸ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ॥ ਉਸ ਦੀ ਮਿਹਨਤ ਰੰਗ ਲਿਆਈ। ਰੋਜ਼ ਨਿੱਤ ਨਵੀਆਂ ਖੋਜਾਂ ਅਤੇ ਆਵਿਸ਼ਕਾਰ ਹੋਣ ਲੱਗੇ। ਇਸ ਤੋਂ ਬਾਅਦ ਪਹੀਏ ਦਾ ਆਵਿਸ਼ਕਾਰ ਹੋਇਆ। ਇਸ ਨਾਲ ਮਨੁੱਖ ਦੀ ਰੇਂਗਦੀ ਹੋਈ ਜ਼ਿੰਦਗੀ ਨੂੰ ਰਫ਼ਤਾਰ ਮਿਲੀ। ਉਸ ਦੀ ਜ਼ਿੰਦਗੀ ਦੌੜਨ ਲੱਗੀ। ਪਹੀਏ ਨੇ ਮਸ਼ੀਨਰੀ ਯੁੱਗ ਨੂੰ ਜਨਮ ਦਿੱਤਾ। ਫਿਰ ਤਾਂ ਮਾਨੋ ਮਨੁੱਖ ਦੀ ਕਲਪਨਾ ਨੂੰ ਖੰਭ ਲੱਗ ਗਏ। ਮਨੁੱਖ ਮੈਨ ਤੋਂ ਜੈਂਟਲ ਮੈਨ ਬਣ ਗਿਆ। ਇਸ ਤਰ੍ਹਾਂ ਵਿਕਾਸ ਦੀਆਂ ਛਾਲਾਂ ਮਾਰਦਾ ਹੋਇਆ ਉਹ ਅੱਜ ਦੇ ਮਾਡਰਨ ਯੁੱਗ ਤੇ ਪਹੁੰਚ ਗਿਆ। ਉਸ ਦਾ ਧਰਤੀ ਆਕਾਸ਼ ਅਤੇ ਸਮੁੰਦਰ ਤੇ ਸਾਮਰਾਜ ਹੋ ਗਿਆ। ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਤਾਂ ਉਸ ਨੇ ਹੈਰਾਨੀ ਜਨਕ ਉਨਤੀ ਕੀਤੀ। ਉਸ ਨੇ ਰਾਕਟ ਅਤੇ ਟੈਲੀਵੀਜ਼ਨ ਦਾ ਆਵਿਸ਼ਕਾਰ ਕੀਤਾ। ਰਾਕਟ ਦੁਆਰਾ ਉਹ ਪੁਲਾੜ ਵਿਚ ਉਡਾਰੀਆਂ ਮਾਰਨ ਲੱਗਾ। ਉਸ ਨੇ ਕੁਦਰਤ ਦੇ ਗੁੱਝੇ ਭੇਦਾਂ ਤੋਂ ਪਰਦਾ ਚੁੱਕਣਾ ਸ਼ੁਰੂ ਕੀਤਾ। ਟੈਲੀਫੋਨ ਅਤੇ ਟੈਲੀਵੀਜ਼ਨ ਨੇ ਸਾਰੀ ਦੁਨੀਆਂ ਨੂੰ ਇਕ ਦੂਜੇ ਦੇ ਬਿਲਕੁਲ ਨੇੜੇ ਲੈ ਆਂਦਾ। ਉਸ ਦੀ ਹੋਰ ਕੁਝ ਜਾਣਨ ਦੀ ਜਗਿਆਸਾ ਦੀ ਭੁੱਖ ਹਾਲੀ ਵੀ ਨਾ ਮਿਟੀ। ਹੁਣ ਉਸ ਨੇ ਕੰਪਿਊਟਰ, ਇੰਟਰਨੈੱਟ ਦਾ ਆਵਿਸ਼ਕਾਰ ਕੀਤਾ। ਇੰਟਰਨੈੱਟ ਤਾਂ ਸਾਰੀ ਦੁਨੀਆਂ ਨੂੰ ਅਲਾਦੀਨ ਦੇ ਜਿੰਨ ਦੀ ਤਰ੍ਹਾਂ ਮਿਲ ਗਿਆ। ਸਾਰੇ ਮਨੁੱਖੀ ਗਿਆਨ ਨੂੰ ਇੰਟਰਨੈੱਟ ਨਾਲ ਇਕ ਜਗ੍ਹਾ ਸਾਂਭਣ ਦਾ ਸਬੱਬ ਬਣ ਗਿਆ। ਇਸ ਨਾਲ ਬਹੁਤ ਸਾਰੇ ਸਮੇਂ, ਸਥਾਨ, ਕਾਗਜ਼ ਅਤੇ ਧਨ ਦੀ ਬੱਚਤ ਹੋ ਗਈ। ਜੋ ਸੂਚਨਾ ਚਾਹੋ ਇੰਟਰਨੈੱਟ ਇਕ ਜਿੰਨ ਦੀ ਤਰ੍ਹਾਂ ਉਸੇ ਸਮੇਂ ਸਾਹਮਣੇ ਹਾਜ਼ਿਰ ਕਰ ਦਿੰਦਾ ਹੈ।

ਮਨੁੱਖ ਦੀ ਹੋਰ ਗਿਆਨ ਹਾਸਿਲ ਕਰਨ ਦੀ ਭੁੱਖ ਹਾਲੇ ਵੀ ਤੀਬਰ ਹੈ। ਇਸੇ ਹੀ ਲਾਲਸਾ ਕਾਰਨ ਮਨੁੱਖ ਜ਼ਿੰਦਗੀ ਭਰ ਹੀ ਅਧੂਰਾ ਹੀ ਰਹਿੰਦਾ ਹੈ। ਇਸ ਧਰਤੀ ਤੋਂ ਇਲਾਵਾ ਬਾਕੀ ਸੌਰਮੰਡਲ ਦੇ ਦੂਜੇ ਗ੍ਰਹਿਵਾਂ ਤੇ ਕੀ ਹੈ? ਕੀ ਉੱਥੇ ਜੀਵਨ ਹੈ? ਇਸ ਜਗਿਆਸਾ ਕਾਰਨ ਪਹਿਲਾਂ ਉਸ ਨੇ ਚੰਨ ਤੇ ਫੇਰੀਆਂ ਪਾਈਆਂ। ਹੁਣ ਉਹ ਮੰਗਲ ਗ੍ਰਹਿ ਤੇ ਪਹੁੰਚ ਕੇ ਉਸ ਬਾਰੇ ਗਿਆਨ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਇਹ ਸਭ ਵਿਕਾਸ ਮਨੁੱਖ ਦੀ ਜਗਿਆਸਾ (ਭੁੱਖ) ਕਾਰਨ ਹੀ ਸੰਭਵ ਹੋਇਆ ਹੈ। ਮਨੁੱਖ ਦੀ ਹੋਰ ਜਾਣਨ ਦੀ ਭੁੱਖ ਉਸ ਨੂੰ ਹੋਰ ਪਤਾ ਨਹੀਂ ਕਿੱਥੋਂ ਤੱਕ ਲੈ ਜਾਏ।

ਮਨੁੱਖ ਵਿਚ ਗਿਆਨ ਹਾਸਿਲ ਕਰਨ ਦੀ ਅਤੇ ਉਨਤੀ ਕਰਨ ਦੀ ਭੁੱਖ ਬਹੁਤ ਉਸਾਰੂ ਹੈ। ਇਸ ਨਾਲ ਹੀ ਉਹ ਸਿਆਣਾ ਬਣਦਾ ਹੈ ਅਤੇ ਉਸ ਦੀ ਦੁਨੀਆਂ ਵਿਸ਼ਾਲ ਹੁੰਦੀ ਹੈ। ਉਹ ਆਕਾਸ਼ ਵਿਚ ਖੁਲ੍ਹ ਕੇ ਉਡਾਰੀਆਂ ਲਾਉਂਦਾ ਹੈ ਪਰ ਇਹ ਉਨਤੀ ਹਿਸਾਬ ਸਿਰ ਉਸ ਦੀ ਲਿਆਕਤ ਅਤੇ ਨੰਬਰ ਸਿਰ ਹੀ ਹੋਣੀ ਚਾਹੀਦੀ ਹੈ। ਉਸ ਨੂੰ ਕਿਸੇ ਦੂਜੇ ਦਾ ਹੱਕ ਮਾਰ ਕੇ ਉੱਪਰ ੳੱਠਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭੁੱਖ ਦੀ ਆੜ ਵਿਚ ਲਾਲਚ ਵੱਸ ਪਦਾਰਥਾਂ ਦਾ ਜ਼ਰੂਰਤ ਤੋਂ ਜ਼ਿਆਦਾ ਇਕੱਠਾ ਕਰਨਾ ਮਾੜਾ ਹੈ। ਕਿਉਂਕਿ ਕਿਸੇ ਵਸਤੂ ਦੀ ਬਹੁਲਤਾ ਮਾੜੀ ਹੁੰਦੀ ਹੈ। ਇਸ ਲਈ ਆਪਣੀਆਂ ਖ਼ਾਹਿਸ਼ਾਂ ਦੀ ਭੁੱਖ ਨੂੰ ਆਪਣੀਆਂ ਜ਼ਰੂਰਤਾਂ ਅਤੇ ਸਾਧਨਾਂ ਮੁਤਾਬਿਕ ਕਾਬੂ ਵਿਚ ਰੱਖਣ ਦੀ ਲੋੜ ਹੈ। ਦੁਨਿਆਵੀ ਪਦਾਰਥ ਮਨੁੱਖ ਨੂੰ ਸੁੱਖ ਦੇਣ ਲਈ ਹੁੰਦੇ ਹਨ ਪਰ ਇਨ੍ਹਾਂ ਦਾ ਜ਼ਰੂਰਤ ਤੋਂ ਜ਼ਿਆਦਾ ਆਪਣੇ ਕੋਲ ਸੰਗ੍ਰਹਿ ਕਰਨਾ ਦੁੱਖਾਂ ਦਾ ਕਾਰਨ ਬਣਦਾ ਹੈ ਅਤੇ ਮਾਨਸਿਕ ਸ਼ਾਂਤੀ ਨੂੰ ਭੰਗ ਕਰਦਾ ਹੈ। ਪਿਆਰ, ਈਮਾਨਦਾਰੀ ਅਤੇ ਮਿਹਨਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ ਜੋ ਹਰ ਸਮੇਂ ਇਕ ਸ਼ਕਤੀ ਬਣ ਕੇ ਉਸ ਨਾਲ ਖਲੋਂਦੀ ਹੈ। ਛੱਤੀ ਪ੍ਰਕਾਰ ਦਾ ਭੋਜਨ ਕਰਨ ਵਾਲੇ ਅਤੇ ਉੱਚੇ ਮਹਿਲਾਂ ਵਿਚ ਰਹਿਣ ਵਾਲੇ ਲੋਕਾਂ ਨਾਲੋਂ ਸਾਦਾ ਭੋਜਨ ਕਰਨ ਵਾਲੇ ਨੰਗ ਧੜੰਗ ਗ਼ਰੀਬ ਲੋਕਾਂ ਨੂੰ ਅਕਸਰ ਜ਼ਿਆਦਾ ਖ਼ੁਸ਼ ਦੇਖਿਆ ਗਿਆ ਹੈ। ਇਸੇ ਤਰ੍ਹਾਂ ਕਈ ਪਾਟੇ ਤੱਪੜਾਂ 'ਤੇ ਅਤੇ ਰੜੇ ਮੈਦਾਨ ਸੌਣ ਵਾਲਿਆਂ ਨੂੰ ਮਖ਼ਮਲੀ ਗੱਦਿਆਂ ਤੇ ਸੌਣ ਵਾਲਿਆਂ ਨਾਲੋਂ ਜ਼ਿਆਦਾ ਵਧੀਆ ਨੀਂਦ ਲੈਂਦਿਆਂ ਦੇਖਿਆ ਗਿਆ ਹੈ।

*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-094631-89432

email:  gursharan1183@yahoo.in