ਭਾਰਤ ਵਿੱਚ ਸੂਈ ਤੇ ਤਲਵਾਰ ਦੋਵਾਂ ਤੋਂ ਵੱਧ ਸਰਗਰਮ ਹੈ ਕੈਂਚੀ - ਜਤਿੰਦਰ ਪਨੂੰ

ਸਾਡੇ ਇਹ ਸਤਰਾਂ ਲਿਖਣ ਵੇਲੇ ਤੱਕ ਭਾਰਤ ਦੇ ਲੋਕਾਂ ਨੂੰ ਝਟਕਾ ਦੇਣ ਵਾਲੀ ਇਹ ਵੱਡੀ ਖਬਰ ਮਿਲ ਚੁੱਕੀ ਹੈ ਕਿ ਇਸ ਦੇਸ਼ ਦੀ ਸਰਕਾਰ ਦਾ ਵੱਡੀਆਂ ਖਾਹਿਸ਼ਾਂ ਵਾਲਾ ਅਤੇ ਬਹੁਤ ਪ੍ਰਚਾਰਿਆ ਗਿਆ ਚੰਦਰਯਾਨ-ਦੋ ਮਿਸ਼ਨ ਐਨ ਚੰਦ ਦੀ ਫਿਰਨੀ ਉੱਤੇ ਪਹੁੰਚ ਕੇ ਹੱਥੋਂ ਛੁੱਟਣ ਵਾਲੀ ਗੱਲ ਹੋ ਗਈ ਹੈ। ਇਸ ਦੇ ਨਾਲ ਸਾਨੂੰ ਵੀ ਓਨਾ ਹੀ ਝਟਕਾ ਲੱਗਾ ਹੈ, ਜਿੰਨਾ ਕਿਸੇ ਉਸ ਹੋਰ ਭਾਰਤੀ ਨੂੰ ਲੱਗਾ ਹੋਵੇਗਾ, ਜਿਹੜਾ ਦੇਸ਼ ਦਾ ਨਾਂਅ ਰੋਸ਼ਨ ਹੁੰਦਾ ਵੇਖਣਾ ਚਾਹੁੰਦਾ ਹੈ। ਚੰਦਰਯਾਨ ਮਿਸ਼ਨ ਕਾਮਯਾਬ ਹੁੰਦਾ ਤਾਂ ਭਾਰਤ ਦਾ ਨਾਂਅ ਜਿਹੜਾ ਬਣਨਾ ਸੀ, ਉਹ ਵੱਖਰੀ ਗੱਲ ਸੀ, ਇਸ ਦਾ ਸਮੁੱਚੀ ਮਨੁੱਖਤਾ ਦੇ ਲਈ ਵੀ ਕਈ ਤਰ੍ਹਾਂ ਦਾ ਲਾਭ ਹੋਣਾ ਸੀ, ਜਿਹੜਾ ਹੋਣ ਤੋਂ ਰਹਿ ਗਿਆ ਹੈ। ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਇਹੋ ਜਿਹੇ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਅਤੇ ਠੇਡੇ ਵੀ ਲੱਗਦੇ ਰਹਿੰਦੇ ਹਨ, ਇਸ ਲਈ ਦਿਲ ਛੋਟਾ ਕਰਨ ਦੀ ਥਾਂ ਅਗਲੇ ਯਤਨ ਵੱਲ ਧਿਆਨ ਦੇਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਸਿਰਫ ਏਥੋਂ ਤੱਕ ਸੀਮਤ ਹੋ ਸਕਦੇ ਹਨ, ਪਰ ਸਾਡੀ ਸੋਚ ਕਿਸੇ ਨੂੰ ਠੀਕ ਲੱਗੇ ਜਾਂ ਨਾ, ਇਹ ਕਹਿਣ ਵਿੱਚ ਸਾਨੂੰ ਝਿਜਕ ਨਹੀਂ ਕਿ ਇਸ ਤਰ੍ਹਾਂ ਦੇ ਕੰਮਾਂ ਮੌਕੇ ਪ੍ਰਧਾਨ ਮੰਤਰੀ ਦਾ ਹਰ ਵਾਰੀ ਮੌਜੂਦ ਹੋਣਾ ਸਾਨੂੰ ਠੀਕ ਨਹੀਂ ਲੱਗਦਾ। ਜਿਹੜਾ ਸਮਾਂ ਸਾਡੇ ਸਾਇੰਸਦਾਨਾਂ ਨੂੰ ਆਪਣੇ ਮਿਸ਼ਨ ਲਈ ਸਮੱਰਪਤ ਕਰਨਾ ਚਾਹੀਦਾ ਹੈ, ਉਸੇ ਦੌਰਾਨ ਜਦੋਂ ਪ੍ਰਧਾਨ ਮੰਤਰੀ ਸਿਰਹਾਣੇ ਜਾ ਬੈਠਦਾ ਹੈ ਤਾਂ ਉਸ ਵਕਤ ਪਰੋਟੋਕੋਲ ਦਾ ਖਿਆਲ ਰੱਖਣ ਲਈ ਕੁਝ ਨਾ ਕੁਝ ਸਮਾਂ ਓਧਰ ਵੀ ਲੱਗਦਾ ਹੈ ਤੇ ਅਸਲ ਕੰਮ ਵੱਲੋਂ ਧਿਆਨ ਲਾਂਭੇ ਪੈਂਦਾ ਹੈ। ਬੱਚਿਆਂ ਨੂੰ ਵੀ ਪੁੱਛੋ ਤਾਂ ਇਹ ਗੱਲ ਕਹਿਣਗੇ ਕਿ ਸਾਰਾ ਕੁਝ ਆਉਂਦਾ ਹੁੰਦਿਆਂ ਵੀ ਜਦੋਂ ਟੀਚਰ ਸਿਰਹਾਣੇ ਆਣ ਖੜੋਂਦਾ ਹੈ ਤਾਂ ਕਈ ਵਾਰ ਏਸੇ ਤਰ੍ਹਾਂ ਦੇ ਦਬਾਅ ਹੇਠ ਬੱਚਿਆਂ ਦੇ ਹੱਥ ਕੰਬਣ ਲੱਗਦੇ ਅਤੇ ਕਈ ਕੁਝ ਭੁੱਲ ਜਾਂਦਾ ਹੈ। ਸਾਇੰਸਦਾਨਾਂ ਦੀ ਪਿੱਠ ਥਾਪੜਨ ਦਾ ਕੰਮ ਦਿੱਲੀ ਵਿੱਚ ਬੈਠੇ ਵੀ ਹੋ ਸਕਦਾ ਹੈ ਤੇ ਉਨ੍ਹਾਂ ਕੋਲ ਇੱਕ ਦਿਨ ਬਾਅਦ ਵੀ ਜਾਇਆ ਜਾ ਸਕਦਾ ਹੈ, ਪਰ ਇਹ ਗੱਲ ਮੌਕੇ ਦੇ ਮਾਲਕਾਂ ਨੂੰ ਕਹਿਣ ਦੀ ਜੁਰਅੱਤ ਸਾਇੰਸਦਾਨਾਂ ਕੀ, ਵੱਡੇ ਅਫਸਰਾਂ ਦੀ ਵੀ ਨਹੀਂ ਹੋ ਸਕਦੀ
ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਇੰਸਦਾਨਾਂ ਨੂੰ ਠੀਕ ਕਿਹਾ ਹੈ ਕਿ ਏਦਾਂ ਦੇ ਹਾਦਸੇ ਤੋਂ ਦੁਖੀ ਹੋਣ ਜਾਂ ਹਿੰਮਤ ਛੱਡਣ ਦੀ ਲੋੜ ਨਹੀਂ, ਅਗਲੇ ਕੰਮ ਲਈ ਜੁੱਟ ਜਾਣਾ ਚਾਹੀਦਾ ਹੈ, ਪਰ ਪ੍ਰਧਾਨ ਮੰਤਰੀ ਨੂੰ ਇਹ ਸੋਚਣ ਜੋਗਾ ਵਕਤ ਵੀ ਕੱਢਣਾ ਚਾਹੀਦਾ ਹੈ ਕਿ ਖੁਦ ਉਨ੍ਹਾਂ ਦੇ ਜ਼ਿੰਮੇ ਜਿਹੜਾ ਕੰਮ ਹੈ, ਓਥੇ ਵੀ ਸਥਿਤੀ ਠੀਕ ਨਹੀਂ। ਆਰਥਿਕ ਮੋਰਚੇ ਉੱਤੇ ਭਾਰਤ ਦੀ ਸਥਿਤੀ ਲਗਾਤਾਰ ਚਿੰਤਾ ਵਾਲੀ ਬਣੀ ਜਾਂਦੀ ਹੈ। ਮਾਰੂਤੀ ਵਰਗੀ ਕਾਰ ਕੰਪਨੀ ਆਪਣੇ ਮੁੱਢ ਤੋਂ ਕਦੀ ਰੁਕਦੀ ਨਹੀਂ ਵੇਖੀ ਸੀ ਤੇ ਇਸ ਹਫਤੇ ਉਸ ਨੂੰ ਆਪਣੇ ਗੁੜਗਾਂਉਂ ਤੇ ਮਾਨੇਸਰ ਵਾਲੇ ਦੋ ਪਲਾਂਟ ਦੋ ਦਿਨ ਬੰਦ ਕਰਨ ਦਾ ਐਲਾਨ ਕਰਨਾ ਪੈ ਗਿਆ ਹੈ। ਕਾਰਨ ਸਿਰਫ ਆਰਥਿਕ ਮੰਦੀ ਹੈ, ਜਿਸ ਨੂੰ ਸਰਕਾਰ ਨਹੀਂ ਮੰਨਦੀ। ਕੰਪਨੀ ਦੇ ਬੰਦ ਦਾ ਕਾਰਨ ਇਹ ਹੈ ਕਿ ਮਾਲ ਬਹੁਤ ਜ਼ਿਆਦਾ ਬਣ ਗਿਆ ਹੈ ਤੇ ਅੱਗੇ ਵਿਕਰੀ ਨਹੀਂ ਹੋ ਰਹੀ। ਪ੍ਰਧਾਨ ਮੰਤਰੀ ਨੂੰ ਉਸ ਤਰ੍ਹਾਂ ਦੀ ਕੋਈ ਚਿੰਤਾ ਹੀ ਨਹੀਂ, ਜਿਹੋ ਜਿਹੀ ਚਿੰਤਾ ਆਮ ਲੋਕਾਂ ਨੂੰ ਹੈ। ਉਹ ਰਾਜਨੀਤੀ ਦੀਆਂ ਅੱਠੋ-ਅੱਠ ਮਾਰ ਰਿਹਾ ਹੈ।
ਭਾਰਤ ਦਾ ਪ੍ਰਧਾਨ ਮੰਤਰੀ ਸਾਰੀ ਦੁਨੀਆ ਨੂੰ ਇਹ ਹੋਕਾ ਦੇਈ ਜਾਂਦਾ ਹੈ ਕਿ ਅਸੀਂ ਟ੍ਰਿਲੀਅਨ ਡਾਲਰ ਇਕਾਨਮੀ ਵਾਲਾ ਦੇਸ਼ ਬਣਨ ਵਾਲੇ ਹਾਂ। ਦੇਸ਼ ਟ੍ਰਿਲੀਅਨ ਡਾਲਰ ਇਕਾਨਮੀ ਵਾਲਾ ਬਣਨ ਨਾਲ ਆਮ ਆਦਮੀ ਦੀ ਜ਼ਿੰਦਗੀ ਉੱਤੇ ਕੀ ਅਸਰ ਪਵੇਗਾ, ਇਹ ਗੱਲ ਕਿਸੇ ਆਮ ਆਦਮੀ ਦੀ ਪੱਲੇ ਨਹੀਂ ਪੈ ਰਹੀ। ਆਮ ਆਦਮੀ ਨੂੰ ਨਾ ਟ੍ਰਿਲੀਅਨ ਦਾ ਪਤਾ ਹੈ, ਨਾ ਉਸ ਇਕਾਨਮੀ ਦੀ ਸਮਝ ਹੈ, ਜਿਸ ਦੀ ਪੂਰੀ ਸਮਝ ਉਸ ਦੇ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਜਾਪਦੀ, ਪਰ ਲੋਕਾਂ ਨੂੰ ਇਹ ਪਤਾ ਹੈ ਕਿ ਜਦੋਂ ਵੀ ਭਾਰਤ ਦੀ ਆਰਥਿਕ ਤਰੱਕੀ ਦੀ ਗੱਲ ਹੁੰਦੀ ਹੈ, ਆਮ ਘਰਾਂ ਦਾ ਚੁੱਲ੍ਹਾ ਬਾਲਣਾ ਪਹਿਲਾਂ ਤੋਂ ਮਹਿੰਗਾ ਹੋ ਜਾਂਦਾ ਹੈ। ਬਾਜ਼ਾਰ ਵਿੱਚ ਖਾਣ-ਪੀਣ ਅਤੇ ਪਹਿਨਣ ਵਾਲੀ ਹਰ ਚੀਜ਼ ਹੋਰ ਮਹਿੰਗੀ ਹੋ ਜਾਂਦੀ ਹੈ। ਕਾਰੋਬਾਰੀ ਜਮਾਤ ਦੇ ਜਿਹੜੇ ਲੋਕ ਪਹਿਲਾਂ ਇਸ ਪ੍ਰਧਾਨ ਮੰਤਰੀ ਦੇ ਵਿਖਾਏ ਸੁਫਨਿਆਂ ਨੂੰ ਆਪਣੇ ਕੋਲ ਆਏ ਗ੍ਰਾਹਕਾਂ ਅੱਗੇ ਮੁਫਤ ਪਰੋਸਣ ਦਾ ਕੰਮ ਬੜੇ ਸ਼ੌਕ ਨਾਲ ਕਰਦੇ ਹੁੰਦੇ ਸਨ, ਅੱਜ-ਕੱਲ੍ਹ ਕਰਨ ਤੋਂ ਹਟਦੇ ਜਾਂਦੇ ਹਨ। ਹਾਕਮ ਪਾਰਟੀ ਨਾਲ ਰਾਜਸੀ ਪੱਖੋਂ ਬੱਝੇ ਹੋਏ ਲੋਕ ਅੱਜ ਵੀ ਪਾਰਟੀ ਦਾ ਗੁਣਗਾਨ ਕਰਦੇ ਹੋਏ ਮਿਲ ਜਾਂਦੇ ਹਨ, ਪਰ ਸਿਰਫ ਰਾਜਸੀ ਪੱਖੋਂ ਜੁੜਨ ਤੋਂ ਸਿਵਾ ਹੋਰ ਹਰ ਗੱਲ ਵਿੱਚ ਉਹ ਵੀ ਅਵਾਜ਼ਾਰ ਦਿਖਾਈ ਦੇਂਦੇ ਹਨ। ਪਾਰਟੀ ਉਨ੍ਹਾਂ ਦੀ ਮਜ਼ਬੂਤ ਹੈ ਤੇ ਹਰ ਆਏ ਦਿਨ ਹੋਰ ਮਜ਼ਬੂਤ ਹੋਈ ਜਾਂਦੀ ਹੈ, ਪਰ ਆਪਣੇ ਕੰਮਾਂ ਕਾਰਨ ਮਜ਼ਬੂਤ ਨਹੀਂ ਹੋ ਰਹੀ, ਇਸ ਲਈ ਹੁੰਦੀ ਜਾਂਦੀ ਹੈ ਕਿ ਜਿਹੜਾ ਆਗੂ ਕਿਸੇ ਵੀ ਪਾਰਟੀ ਵੱਲੋਂ ਕਿਸੇ ਵੇਲੇ ਕਿਸੇ ਰਾਜ ਦੀ ਸਰਕਾਰ ਜਾਂ ਕੇਂਦਰ ਦਾ ਕੋਈ ਅਹੁਦਾ ਮਾਣ ਚੁੱਕਾ ਹੈ, ਉਸ ਦੀ ਕੁਝ ਨਾ ਕੁਝ ਕਮਜ਼ੋਰੀ ਲੱਭ ਕੇ ਉਸ ਨੂੰ ਦੇਸ਼ ਦੀ ਕਮਾਨ ਸੰਭਾਲ ਰਹੀ ਪਾਰਟੀ ਵੱਲ ਖਿੱਚਿਆ ਜਾ ਰਿਹਾ ਹੈ। ਜਦੋਂ ਉਹ ਲੋਕ ਇਹ ਵੇਖਦੇ ਹਨ ਕਿ ਕਿਸੇ ਸਮੇਂ ਦਾ ਗ੍ਰਹਿ ਮੰਤਰੀ ਪੀ ਚਿਦੰਬਰਮ ਰਗੜਿਆ ਗਿਆ ਤੇ ਫਲਾਣੇ-ਫਲਾਣੇ ਹੋਰ ਆਗੂਆਂ ਨੂੰ ਸੀ ਬੀ ਆਈ ਦੇ ਇੱਕੋ ਸੰਮਣ ਨਾਲ ਇਹ ਸਮਝ ਪੈ ਗਈ ਹੈ ਕਿ ਦੇਸ਼ ਦੀ ਮੁੱਖ ਧਾਰਾ ਬਾਰੇ ਕਿਸੇ ਸਿਧਾਂਤ ਨਾਲ ਸੋਚਣ ਦੀ ਥਾਂ 'ਰੱਬ ਨੇੜੇ ਕਿ ਘਸੁੰਨ' ਦਾ ਇੱਕੋ ਗਜ਼ ਰਹਿ ਗਿਆ ਹੈ ਤਾਂ ਉਹ 'ਯੋਗ ਸਮੇਂ' ਉੱਤੇ 'ਯੋਗ ਫੈਸਲੇ' ਲੈਣ ਲੱਗ ਪਏ ਹਨ।
ਚੰਦਰਯਾਨ-2 ਆਖਰੀ ਸਿਰੇ ਉੱਤੇ ਪਹੁੰਚ ਕੇ ਸਾਥ ਨਾ ਛੱਡ ਜਾਂਦਾ ਤਾਂ ਅਗਲਾ ਇੱਕ ਮਹੀਨਾ ਇਸ ਦੇ ਆਸਰੇ ਹੀ ਰਾਜਸੀ ਲੀਡਰਸ਼ਿਪ ਦੀ ਇਹੋ ਜਿਹੀ ਮਹਿਮਾ ਗਾਈ ਜਾਣੀ ਸੀ ਕਿ ਕਿਸੇ ਨੂੰ ਹੋਰ ਕੋਈ ਮੁੱਦਾ ਚੇਤੇ ਹੀ ਨਹੀਂ ਸੀ ਆਉਣ ਦਿੱਤਾ ਜਾਣਾ। ਇਹੋ ਜਿਹੇ ਮੁੱਦਿਆਂ ਦੀ ਕ੍ਰਿਪਾ ਹੈ ਕਿ ਦੇਸ਼ ਦੇ ਲੋਕਾਂ ਨੂੰ ਕਦੇ ਇਹ ਯਾਦ ਨਹੀਂ ਰਹਿੰਦਾ ਕਿ ਪ੍ਰਧਾਨ ਮੰਤਰੀ ਨੇ ਪੰਜ ਸਾਲ ਪਹਿਲਾਂ ਕੀ ਕਿਹਾ ਸੀ ਜਾਂ ਪੰਜ ਸਾਲ ਲੰਘਣ ਤੱਕ ਪੰਜ ਸਾਲ ਪਹਿਲਾਂ ਦਾ ਕਿਹਾ ਭੁਲਾਉਣ ਨੂੰ ਕਿਹੜਾ ਦਾਅ ਵਰਤਿਆ ਸੀ, ਉਸ ਦੀ ਥਾਂ ਤੇਜ਼ ਰਫਤਾਰ ਫਿਲਮ ਵਾਂਗ ਨਵਾਂ ਦ੍ਰਿਸ਼ ਅੱਖਾਂ ਮੂਹਰੇ ਆ ਜਾਂਦਾ ਹੈ। ਤਰੱਕੀ ਵੇਖਣ ਦੇ ਲਈ ਮਨ ਕਰਦਾ ਹੋਵੇ ਤਾਂ ਚੰਦਰਯਾਨ-2 ਦੇ ਬਾਅਦ ਚੰਦਰਯਾਨ-3 ਨੂੰ ਉਡੀਕਣ ਦੀ ਲੋੜ ਨਹੀਂ, ਸਰਕਾਰੀ ਅੰਕੜਿਆਂ ਵਿੱਚੋਂ ਹੀ ਬਥੇਰਾ ਕੁਝ ਦਿਖਾਈ ਦੇ ਜਾਂਦਾ ਹੈ। 'ਬੇਟੀ ਬਚਾਓ, ਬੇਟੀ ਪੜ੍ਹਾਓ' ਵਾਲੇ ਦੌਰ ਵਿੱਚ ਦੇਸ਼ ਦੀਆਂ ਧੀਆਂ ਦੇ ਨਾਲ ਉਹੋ ਕੁਝ, ਸਗੋਂ ਉਸ ਤੋਂ ਵੱਧ ਹੋਈ ਜਾ ਰਿਹਾ ਹੈ, ਜਿਹੜਾ ਕੁਝ ਕਾਂਗਰਸੀ ਰਾਜ ਵਿੱਚ ਹੁੰਦਾ ਅਤੇ ਭਾਜਪਾ ਭੰਡੀ ਕਰ ਕੇ ਉਸ ਦੇ ਮੁਕਾਬਲੇ ਆਪਣੇ-ਆਪ ਨੂੰ 'ਵੱਖਰੀ-ਨਿਆਰੀ ਪਾਰਟੀ' ਆਖਦੀ ਹੁੰਦੀ ਸੀ। ਉਨ੍ਹਾਂ ਦੇ ਵਿਧਾਇਕ ਅਤੇ ਮੰਤਰੀ ਜਿਹੜੇ ਪੁੱਠੇ ਕੰਮ ਕਰਿਆ ਕਰਦੇ ਸਨ, ਅੱਜ ਕੱਲ੍ਹ ਉਹੋ ਸਭ, ਸਗੋਂ ਉਨ੍ਹਾਂ ਦਾ ਰਿਕਾਰਡ ਤੋੜਨ ਵਾਂਗ ਭਾਜਪਾ ਦੇ ਆਗੂ ਤੇ ਮੰਤਰੀ ਕਰਦੇ ਹਨ। ਪਹਿਲਾਂ ਹਰ ਸਕੈਂਡਲ ਵਿੱਚ ਉਨ੍ਹਾਂ ਦਾ ਨਾਂਅ ਆਉਂਦਾ ਸੀ, ਅੱਜ ਹਰ ਸਕੈਂਡਲਬਾਜ਼ ਭਾਜਪਾ ਵਿੱਚ ਆਉਣ ਨੂੰ ਕਾਹਲਾ ਹੋਇਆ ਪਿਆ ਹੈ। ਜਿੱਥੇ ਇਹੋ ਜਿਹੀ ਧਾੜ ਇਕੱਠੀ ਹੋਈ ਜਾਂਦੀ ਹੈ, ਓਥੇ ਇਹੋ ਕੁਝ ਹੋਣਾ ਹੈ।
ਸਭ ਤੋਂ ਭੈੜਾ ਹਾਲ ਬੇਰੁਜ਼ਗਾਰੀ ਦੇ ਪੱਖ ਤੋਂ ਹੈ। ਨੌਕਰੀਆਂ ਨਵੀਂਆਂ ਨਿਕਲ ਨਹੀਂ ਰਹੀਆਂ ਤੇ ਆਰਥਿਕ ਮੰਦੀ ਦੇ ਅਸਰ ਕਾਰਨ ਹੋਰ ਖੇਤਰਾਂ ਵਿੱਚੋਂ ਛਾਂਟੀ ਹੋਣ ਵਾਲਾ ਖਤਰਾ ਪੈਦਾ ਹੋ ਰਿਹਾ ਹੈ। ਹਾਲੇ ਅੱਠ ਮਹੀਨੇ ਪਹਿਲਾਂ ਪਾਰਲੀਮੈਂਟ ਦੇ ਸਾਹਮਣੇ ਇਹ ਗੱਲ ਮੰਨੀ ਗਈ ਕਿ ਦੇਸ਼ ਦੇ ਇੱਕ ਲੱਖ ਦੇ ਕਰੀਬ ਸਕੂਲਾਂ ਵਿੱਚ ਸਿਰਫ ਇੱਕੋ ਅਧਿਆਪਕ ਸਾਰਾ ਕੰਮ ਚਲਾ ਰਿਹਾ ਹੈ। ਇਹੋ ਜਿਹੇ ਸਕੂਲਾਂ ਵਿੱਚ ਅਠਾਰਾਂ ਹਜ਼ਾਰ ਤੋਂ ਵੱਧ ਮੱਧ ਪ੍ਰਦੇਸ਼ ਦੇ ਸਨ, ਜਿੱਥੇ ਭਾਜਪਾ ਦਾ ਚੌਦਾਂ ਤੋਂ ਵੱਧ ਸਾਲ ਰਾਜ ਰਿਹਾ ਤੇ ਪਿਛਲੇ ਦਸੰਬਰ ਵਿੱਚ ਸਰਕਾਰ ਬਦਲੀ ਹੈ। ਦੂਸਰਾ ਨੰਬਰ ਬਾਰਾਂ ਹਜ਼ਾਰ ਏਦਾਂ ਦੇ ਸਕੂਲਾਂ ਨਾਲ ਰਾਜਸਥਾਨ ਦਾ ਹੈ ਅਤੇ ਓਥੇ ਵੀ ਪਿਛਲੇ ਦਸੰਬਰ ਤੱਕ ਭਾਜਪਾ ਸਰਕਾਰ ਸੀ। ਤੀਸਰਾ ਨੰਬਰ ਉੱਤਰ ਪ੍ਰਦੇਸ਼ ਦਾ ਹੈ, ਜਿੱਥੇ ਪਿਛਲੇ ਢਾਈ ਸਾਲਾਂ ਤੋਂ ਭਾਜਪਾ ਦਾ ਰਾਜ ਹੈ ਅਤੇ ਚੌਥਾ ਝਾਰਖੰਡ ਦਾ ਹੈ, ਜਿੱਥੇ ਪਿਛਲੇ ਪੰਜ ਸਾਲਾਂ ਤੋਂ ਭਾਜਪਾ ਦੀ ਅਗਵਾਈ ਹੇਠ ਸਰਕਾਰ ਚੱਲ ਰਹੀ ਹੈ। ਇਨ੍ਹਾਂ ਸਕੂਲਾਂ ਵਾਸਤੇ ਸਰਕਾਰ ਨੂੰ ਕਦੀ ਚੇਤਾ ਹੀ ਨਹੀਂ ਆਇਆ। ਭਾਰਤ ਵਿੱਚ ਜਿੱਥੇ ਹਰ ਸਾਲ ਨਵੇਂ ਸਕੂਲ ਅਤੇ ਕਾਲਜ ਖੁੱਲ੍ਹਣ ਦੀ ਗੱਲ ਸੁਣਿਆ ਕਰਦੀ ਸੀ, ਪਿਛਲੇਰੇ ਸਾਲ ਇੱਕ ਸੌ ਤੋਂ ਵੱਧ ਕਾਲਜ ਬੰਦ ਹੋਣ ਦੀ ਖਬਰ ਆਈ ਸੀ, ਪਿਛਲੇ ਸਾਲ ਅਠੱਤਰ ਬੰਦ ਹੋਏ ਸਨ ਅਤੇ ਅਗਲੇ ਸਾਲ ਪੰਝੱਤਰ ਹੋਰ ਬੰਦ ਹੋਣ ਵਾਲੇ ਸੁਣੇ ਜਾਂਦੇ ਹਨ। ਇਨ੍ਹਾਂ ਵਿਦਿਅਕ, ਟੈਕਨੀਕਲ ਤੇ ਡਾਕਟਰੀ ਕਾਲਜਾਂ ਨੂੰ ਬੰਦ ਕਰਨ ਦੀ ਨੌਬਤ ਕਿਉਂ ਆ ਰਹੀ ਹੈ, ਇਸ ਬਾਰੇ ਸੋਚਣ ਦੀ ਨਾ ਕੋਈ ਲੋੜ ਸਮਝਦਾ ਹੈ ਤੇ ਕਿਸੇ ਕੋਲ ਇਸ ਕੰਮ ਜੋਗਾ ਸਮਾਂ ਹੀ ਬਚਿਆ ਹੈ।
ਇੱਕੋ ਮਕਸਦ ਸਰਕਾਰ ਦਾ ਰਹਿ ਗਿਆ ਹੈ ਕਿ ਸਾਰੇ ਦੇਸ਼ ਵਿੱਚ ਇੱਕੋ ਪਾਰਟੀ ਦਾ ਏਦਾਂ ਦਾ ਰਾਜ ਹੋਣਾ ਚਾਹੀਦਾ ਹੈ ਕਿ ਵਿਚਾਲੇ ਕਿਸੇ ਹੋਰ ਦਾ ਝੰਡਾ ਦਿਖਾਈ ਨਾ ਦੇਵੇ। ਲੋਕਤੰਤਰ ਇਹ ਤਾਂ ਨਹੀਂ ਹੁੰਦਾ। ਲੋਕਤੰਤਰ ਵਿੱਚ ਹਰ ਕਿਸਮ ਦੇ ਵਿਚਾਰਾਂ ਨੂੰ ਥਾਂ ਦੇਣੀ ਹੁੰਦੀ ਹੈ। ਏਥੇ ਹਰ ਹੋਰ ਸੋਚ ਨੂੰ ਠੱਪ ਕੇ ਸਿਰਫ ਇੱਕੋ ਪਾਰਟੀ ਤੇ ਇੱਕੋ ਸੋਚ ਦੇ ਰਾਜ ਦੀ ਕਲਪਨਾ ਨੂੰ ਲੋਕਤੰਤਰ ਦਾ ਨਵਾਂ ਨਮੂਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਅਖਾਣ ਹੈ ਕਿ ਸੂਈ ਦਾ ਕੰਮ ਤਲਵਾਰ ਨਹੀਂ ਕਰ ਸਕਦੀ ਤੇ ਤਲਵਾਰ ਦਾ ਕੰਮ ਸੂਈ ਨਹੀਂ ਕਰ ਸਕਦੀ। ਸਾਡਾ ਲੋਕਤੰਤਰ ਇਸ ਜਿੱਲ੍ਹਣ ਵਿੱਚ ਫਸਿਆ ਜਾਪਦਾ ਹੈ, ਜਿੱਥੇ ਸਿਊਣ-ਪਰੋਣ ਦਾ ਆਪਣਾ ਕੰਮ ਸੂਈ ਕਰੀ ਜਾਂਦੀ ਹੈ, ਜਿਸ ਵਿੱਚ ਪੁਲਾੜ ਵਿਗਿਆਨੀਆਂ ਤੇ ਸਿਹਤ ਸੇਵਾਵਾਂ ਤੋਂ ਲੈ ਕੇ ਵਿਕਾਸ ਦੇ ਹਰ ਖੇਤਰ ਦੇ ਲੋਕ ਸ਼ਾਮਲ ਹਨ। ਦੇਸ਼ ਦੀ ਰਾਖੀ ਦਾ ਤਲਵਾਰ ਵਾਲਾ ਕੰਮ ਫੌਜ ਅਤੇ ਹੋਰ ਸੁਰੱਖਿਆ ਸੇਵਾਵਾਂ ਦੇ ਲੋਕ ਵੀ ਕਰੀ ਜਾ ਰਹੇ ਹਨ। ਇਨ੍ਹਾਂ ਦੋਵਾਂ ਸੂਈ ਅਤੇ ਤਲਵਾਰ ਦੇ ਵਿਚਾਲੇ ਹੋਰ ਤਿੱਖੀ ਚੀਜ਼ ਕੈਂਚੀ ਉੱਭਰਦੀ ਜਾਪਦੀ ਹੈ, ਜਿਹੜੀ ਇਸ ਦੇਸ਼ ਦੀ ਏਕਤਾ ਨੂੰ ਪੈਂਦੇ ਕਿਸੇ ਲੰਗਾਰ ਨੂੰ ਸਿਊਣ ਤੇ ਭਰਨ ਦਾ ਕੰਮ ਕਰਨ ਜੋਗੀ ਤਾਂ ਨਹੀਂ, ਚੀਰਨ ਅਤੇ ਲੀਰਾਂ ਕਰਨ ਦੀ ਮਾਹਰ ਹੈ। ਉਹ ਕੈਂਚੀ ਹੀ ਇਸ ਵਕਤ ਵੇਖ ਕੇ ਅਣਗੌਲੀ ਕੀਤੀ ਜਾ ਰਹੀ ਹੈ।