ਆਵਾਰਾ ਪਸ਼ੂਆਂ ਨਾਲ ਹੋ ਰਹੀਆਂ ਮੌਤਾਂ ਦਾ ਆਖਰ ਜ਼ਿੰਮੇਵਾਰ ਕੌਣ ? - ਜਗਦੇਵ ਸਿੰਘ (ਐਡਵੋਕੇਟ)

ਮੌਤ ਦੀਆਂ ਦਰਜਨਾਂ ਘਟਨਾਵਾਂ ਵਾਪਰਨ 'ਤੇ ਵੀ ਅਜੇ ਤੱਕ ਕਿਉਂ ਨਹੀਂ ਜਾਗੀ ਸਰਕਾਰ
ਆਵਾਰਾ ਪਸ਼ੂਆਂ ਕਾਰਨ ਮਾਰੇ ਗਏ ਲੋਕਾਂ ਨੂੰ ਕੀ ਸਰਕਾਰ ਜਾਂ ਪ੍ਰਸ਼ਾਸਨ ਮੁਆਵਜ਼ਾ ਦੇਵੇਗਾ
-----------------੦---------------------੦------------
ਪੰਜਾਬ ਭਰ ਵਿੱਚ ਸੜਕਾਂ, ਗਲੀ, ਮੁਹੱਲਿਆਂ ਅਤੇ ਸ਼ੇਰ ਸ਼ਾਹ ਸੂਰੀ ਮਾਰਗ ਤੇ 'ਆਵਾਰਾ' ਘੁੰਮ ਰਹੇ ਪਸ਼ੂ ਮੌਤ ਦਾ ਖੌਅ ਬਣੇ ਹੋਏ ਜਿਸ ਨੂੰ ਲੈ ਕੇ ਸਰਕਾਰ ਪਤਾ ਨਹੀਂ ਕਿਉਂ ਅਵੇਸਲੇਪਨ ਦਾ ਰੁੱਖ ਅਖਤਿਆਰ ਕਰੀ ਬੈਠੀ ਹੈ, ਜਦੋਂ ਕਿ ਰੋਜ਼ਾਨਾ ਹੀ ਘੁੰਮ ਰਹੇ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸਿਆਂ ਨਾਲ ਸੜਕਾਂ ਤੇ ਡਿੱਗਿਆ ਮਨੁੱਖੀ ਖੂਨ ਦੇਖ ਕੇ ਅਣਜਾਣ ਵਿਅਕਤੀ ਵੀ ਸਰਕਾਰਾਂ ਦੀਆਂ ਅਣ-ਗਹਿਲੀਆਂ ਨੂੰ ਕੋਸਣ ਤੋਂ ਨਹੀਂ ਹੱਟਦੇ ।
ਜਦੋਂ ਕਿ ਇਹ ਆਵਾਰਾ ਪਸ਼ੂ ਝੂੰਡਾਂ ਦੇ ਰੂਪ ਵਿੱਚ ਸੜਕਾਂ ਦੇ ਘੁੰਮਦੇ ਰਹਿੰਦੇ ਹਨ ਇੱਥੋ ਤੱਕ ਕੇ ਕਈ ਵਾਰ ਤਾਂ ਇਨ੍ਹਾਂ ਦੇ ਸੜਕਾਂ ਤੇ ਵਿਚਕਾਰ ਆ ਕੇ ਖੜ੍ਹ ਜਾਣ ਕਾਰਨ ਲੰਮਾ ਲੰਮਾ ਜਾਮ ਤੱਕ ਲੱਗ ਜਾਂਦਾ ਹੈ ।
ਮਨੁੱਖੀ ਮੌਤਾਂ ਦਾ ਖੋਅ ਬਣੇ ਇਹ ਆਵਾਰਾ ਪਸ਼ੂ ਕਈ ਸਵਾਲ ਪੈਦਾ ਕਰਦੇ ਹਨ ਕਿ ਆਖਿਰ ਇੰਨੀ ਵੱਡੀ ਗਿਣਤੀ ਵਿੱਚ ਰਾਤੋ ਰਾਤ ਸੜਕਾਂ ਤੇ ਇਹ ਕਿੱਥੋਂ ਤੇ ਕਿਵੇਂ ਆ ਜਾਂਦੇ ਹਨ ਕੌਣ ਛੱਡ ਕੇ ਜਾਂਦਾ ਹੈ ? ਜੀ. ਟੀ ਰੋਡ ਤੇ ਭੁੱਖੇ ਪਿਆਸੇ ਬੈਠੇ ਆਖਰ ਇਹ ਗੁੱਸੇ ਵਿੱਚ ਆ ਕੇ ਮਨੁੱਖੀ ਜ਼ਿੰਦਗੀਆਂ ਤੇ ਆਪਣੀ ਭੜਾਸ ਕੱਢਦੇ ਹੋਏ ਮੌਤ ਦੇ ਘਾਟ ਉਤਾਰ ਦਿੰਦੇ ਹਨ ਜ਼ਿਆਦਾਤਰ ਗਿਣਤੀ ਵਿਚ ਕਾਲੇ ਰੰਗ ਦੇ ਹੋਣ ਕਰਕੇ ਸੜਕਾਂ ਕਿਨਾਰੇ ਬਣੇ ਫੁਟ-ਪਾਤਾਂ ਦੇ ਨਾਲ  ਲੱਗ ਕੇ ਬੈਠੇ ਇਹ ਪਸ਼ੂ ਤੇਜ਼ ਵਾਹਨਾਂ ਦੀ ਲਪੇਟ ਵਿੱਚ ਆਉਣ ਕਾਰਨ ਜਿੱਥੇ ਆਪ ਗੰਭੀਰ ਰੂਪ ਵਿੱਚ ਜ਼ਖ਼ਮੀ ਹੁੰਦੇ ਹਨ ਉੱਥੇ ਵਾਹਨਾਂ ਤੇ ਮਨੁੱਖੀ ਜਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਰੋਜ਼ਾਨਾ ਹੀ ਇਨ੍ਹਾਂ ਆਵਾਰਾ ਪਸ਼ੂਆਂ ਨਾਲ ਵਾਪਰ ਰਹੀਆਂ ਰੋਜਾਨਾਂ ਘਟਨਾਵਾਂ ਨਾਲ ਮੌਤਾਂ ਹੋ ਰਹੀਆਂ ਹਨ ਤਾਂ ਸਰਕਾਰ ਇਨ੍ਹਾਂ ਪ੍ਰਤੀ ਗੰਭੀਰ ਹੋ ਕੇ ਕੋਈ ਸਖਤ ਕਾਰਵਾਈ ਕਿਉਂ ਨਹੀਂ ਕਰਦੀ ? ਕਿਉਂ ਇਨ੍ਹਾਂ ਪਸ਼ੂਆਂ ਤੇ ਲਗਾਮ ਨਹੀਂ ਕਸੀ ਜਾਂਦੀ ਜਦੋਂ ਕਿ ਰੋਜ਼ਾਨਾ ਹੀ ਅਵਾਰਾ ਪਸ਼ੂਆਂ ਕਾਰਨ ਹੋਈਆਂ ਮੌਤਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਮੋਟੀਆਂ ਮੋਟੀਆਂ ਸੁਰਖੀਆਂ ਬਣੀਆਂ ਰਹਿੰਦੀਆਂ ਹਨ। ਟੀ. ਵੀ ਚੈਨਲ ਸੋਸ਼ਲ ਮੀਡੀਆ ਤੇ ਸਾਰੇ ਪੰਜਾਬ ਨਿਵਾਸੀ ਸਰਕਾਰਾਂ ਨੂੰ ਕੋਸਦੇ ਦੇਖੇ ਜਾਂਦੇ ਹਨ ।
ਭਾਵੇਂ ਲੋਕ ਹੁਣ ਇਸ ਗੱਲ ਤੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਕਰਕੇ ਜਵਾਬ ਮੰਗਣ ਲੱਗ ਪਏ ਹਨ । ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਮੌਤ ਦੇ ਮੂੰਹ ਗਈਆਂ ਜਾਨਾਂ ਦੇ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਪ੍ਰਤੀ ਇਨਸਾਫ਼ ਲੈਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਰੋਹ ਵਿੱਚ ਆ ਕੇ ਧਰਨੇ ਮੁਜ਼ਾਹਰੇ ਆਦਿ ਕਰਨ ਲਈ ਮਜਬੂਰ ਹੋਏ ਹਨ ਅਤੇ ਮਾਣਯੋਗ ਅਦਾਲਤਾਂ ਦਾ ਰੁੱਖ ਅੱਖਤਿਆਰ  ਕਰਨ ਲੱਗ ਪਏ ਹਨ, ਜੋ ਨਿਸਚੈ  ਹੀ ਸਰਕਾਰਾਂ ਨੂੰ ਜਵਾਬ ਦੇਣ ਲਈ ਮਜਬੂਰ ਕਰੇਗਾ ।
ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਦੋਂ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਗਊਸ਼ਾਲਾਵਾਂ ਬਣੀਆਂ ਹਨ ਤਾਂ ਕਿਉਂ ਅਣਗਹਿਲੀ ਵਰਤਦਿਆਂ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿਚ ਛੱਡਿਆ ਨਹੀਂ ਜਾਂਦਾ ? ਉੱਥੇ ਕਿਉਂ ਇਨ੍ਹਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ । ਜਦ ਕਿ ਪੰਜਾਬ ਸਰਕਾਰ ਰਾਜ ਦੀ ਜਨਤਾ ਤੋਂ ਸਿੱਧੇ ਤੌਰ ਤੇ ਲੱਖਾਂ ਕਰੋੜਾਂ ਰੁਪਏ ਗਊ ਸੈੱਸ ਦੇ ਰੂਪ ਵਿੱਚ ਇਕੱਠਾ ਕਰਦੀ ਹੈ ਤਾਂ ਕਿੱਥੇ ਜਾਂਦੇ ਹਨ ਇਹ ਪੈਸੇ ਇਸ ਦਾ ਜਵਾਬ ਵੀ ਪੰਜਾਬ ਨਿਵਾਸੀ ਸਰਕਾਰ ਤੋਂ ਚਾਹੁੰਦੇ ਹਨ।
ਸਰਕਾਰ ਚਾਹੇ ਤਾਂ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਜਾਨਵਰਾਂ ਦੀਆਂ ਬੀੜਾਂ ਵਿੱਚ ਵੀ ਛੁਡਵਾ ਸਕਦੀ ਹੈ, ਜਿੱਥੇ ਬੀੜਾਂ ਦੁਆਲੇ ਲੱਗੀਆਂ ਕੰਡਾਂ ਤਾਰ ਨਾਲ ਹੋਈ ਚਾਰਦੀਵਾਰੀ ਹੋਣ ਕਰਕੇ ਉਹ ਸੜਕਾਂ ਤੇ ਵੀ ਨਹੀਂ ਆ ਸਕਣਗੇ ।
ਸਵਾਲ ਵੀ ਪੈਦਾ ਹੁੰਦਾ ਹੈ ਕਿ ਆਵਾਰਾ ਪਸ਼ੂਆਂ ਨਾਲ ਹੋ ਰਹੀਆਂ ਰੋਜ਼ਾਨਾ ਹੀ ਮੌਤਾਂ ਲਈ ਆਖ਼ਰ ਜ਼ਿੰਮੇਵਾਰ ਹੈ ਕੌਣ ? ਸੈਂਕੜੇ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਸਰਕਾਰ ਸੁੱਤੀ ਕਿਉਂ ਕਿਉਂ ਪਈ ਹੈ ਕਿ ਇਨ੍ਹਾਂ ਪਸ਼ੂਆਂ ਦੀ ਅਣਗਹਿਲੀ ਕਾਰਨ ਮਰੇ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰ ਜਾਂ ਪ੍ਰਸ਼ਾਸਨ ਮੁਆਵਜ਼ਾ ਦੇਵੇਗਾ ਜਾਂ ਅਦਾਲਤਾਂ ਤੋਂ ਇਨਸਾਫ ਪ੍ਰਾਪਤ ਕਰਨ ਲਈ ਸਾਲਾਂ ਬੱਧੀ ਇੰਤਜ਼ਾਰ ਕਰਨਾ ਪਵੇਗਾ ।
ਇਨ੍ਹਾਂ ਪਸ਼ੂਆਂ ਕਾਰਨ ਕਿਸਾਨਾਂ ਨੂੰ ਵੀ ਆਰਥਿਕ ਤੌਰ ਤੇ ਨੁਕਸਾਨ ਜਰਨਾ ਪੈਂਦਾ ਹੈ ਕਿਉਂਕਿ ਪੁੱਤਾਂ ਵਾਂਗੂੰ ਪਾਲੀਆਂ ਹੋਈਆਂ ਫਸਲਾਂ ਨੂੰ ਵੀ ਇਹ ਤਹਿਸ-ਨਹਿਸ ਕਰਕੇ ਰੱਖ ਦਿੰਦੇ ਹਨ।  ਸਮਾਜ ਵਿੱਚ ਵਿਚਰਦਿਆਂ ਕਈ ਸਵਾਲ ਮਨਾਂ ਵਿੱਚ ਘਰ ਕਰ ਜਾਂਦੇ ਹਨ ਪਰ  ਕੁੱਲ ਮਿਲਾ ਕੇ ਇਨ੍ਹਾਂ ਗੰਭੀਰ ਸਮੱਸਿਆਵਾਂ ਦੇ ਢੁੱਕਵੇਂ ਹੱਲ ਨਾ ਹੋਣਾ ਮਨਾਂ ਦੇ ਵਲਵਲੇ ਬਣ ਕੇ  ਰਹਿ ਜਾਂਦੇ ਹਨ ।

ਜਗਦੇਵ ਸਿੰਘ (ਐਡਵੋਕੇਟ)
ਫ਼ਤਹਿਗੜ੍ਹ ਸਾਹਿਬ ।
9815507909
email :-   jagdev365@gmail.com