ਪੱਤਰਕਾਰੀ ਦੇ ਅਥਾਹ ਜਜ਼ਬੇ ਦਾ ਵਗਦਾ ਦਰਿਆ-ਨਰਪਾਲ ਸਿੰਘ ਸ਼ੇਰਗਿੱਲ - ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਨਰਪਾਲ ਸਿੰਘ ਸ਼ੇਰਗਿੱਲ ਕੌਮਾਂਤਰੀ ਪੰਜਾਬੀ ਪੱਤਰਕਾਰੀ ਦਾ ਉਹ ਨਾਮ ਤੇ ਉਹ ਹਸਤਾਖ਼ਰ ਹੈ ਜੋ ਆਪਣੇ ਆਪ ਵਿਚ ਕਿਸੇ ਵੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਪੰਜਾਬੀ ਪੱਤਰਕਾਰੀ 'ਚ ਅੱਧੀ ਸਦੀ ਤੋਂ ਵੱਧ ਦਾ ਲੰਮਾ ਪੈਂਡਾ ਤਹਿ ਕਰਨ ਵਾਲਾ ਇਹ ਕਰਮ-ਯੋਗੀ ਅੱਜ ਵੀ ਉਸੇ ਰਫ਼ਤਾਰ ਤੇ ਜਜ਼ਬੇ ਨਾਲ ਨਵੇਂ ਦਿਸਹੱਦੇ ਸਥਾਪਿਤ ਕਰਦਾ ਹੋਇਆ ਵਾਹੋ-ਦਾਹੀ ਅੱਗੇ ਦਰ ਅਗੇਰੇ ਵਧ ਰਿਹਾ ਹੈ ਜਿਸ ਰਫ਼ਤਾਰ ਤੇ ਜਜ਼ਬੇ ਨਾਲ ਕਈ ਦਹਾਕੇ ਪਹਿਲਾਂ ਸ਼ੁਰੂ ਹੋਇਆ ਸੀ।
ਨਰਪਾਲ ਸਿੰਘ, ਸੱਚਮੁੱਚ ''ਨਰ'' ਹੈ। ਇਹ ਉਹ ਵਿਅਕਤੀ ਹੈ ਜਿਸ ਦੇ ਨਾਮ ਨਾਲ ਦੋ ''ਸ਼ੇਰ'' (ਇਕ ਸਿੰਘ ਤੇ ਦੂਜਾ ਸ਼ੇਰਗਿੱਲ) ਲੱਗੇ ਹੋਏ। ਇਸ ਤੋਂ ਵੀ ਅੱਗੇ ਦੀ ਗੱਲ ਇਹ ਕਿ ਉਸ ਦੀ ਲੇਖਣੀ ਉਸ ਦੇ ਨਾਮ  ਮੁਤਾਬਿਕ ਹੀ ਬੇਬਾਕ, ਬੇਲਾਗ, ਬੇਲਿਹਾਜ਼ ਤੇ ਨਿਰਪੱਖ ਹੈ। ਸ਼ਾਇਦ ਇਸੇ ਕਾਰਨ ਹੀ ਬਹੁਤੇ ਲੋਕ ਸਮੇਂ-ਸਮੇਂ ਨਰਪਾਲ ਸਿੰਘ ਨੂੰ ਆਪਣਾ ਨਾਮ ਬਦਲ ਕੇ ''ਨਿਰਪੱਖ ਸਿੰਘ'' ਰੱਖਣ ਦੀ ਸਲਾਹ ਦੇਂਦੇ ਰਹਿੰਦੇ ਹਨ।
ਪੱਤਰਕਾਰੀ ਤਾਂ ਬਹੁਤੇ ਕਰਦੇ ਹਨ ਪਰ ਤੱਥਾਂ 'ਤੇ ਆਧਾਰਤ ਤੇ ਵਿਸ਼ਲੇਸ਼ਣਾਤਮਿਕ ਪੱਤਰਕਾਰੀ ਕਰਨ ਵਾਲੇ ਵਿਰਲੇ ਹਨ ਜਿਹਨਾਂ 'ਚੋਂ ਨਰਪਾਲ ਸਿੰਘ ਸ਼ੇਰਗਿੱਲ ਇਕ ਹੈ। ਉਸ ਨੂੰ ਦੁੱਧ ਦਾ ਦੁੱਧ ਤੇ ਪਾਣੀ ਨਿਤਾਰਨ 'ਚ ਵੱਡੀ ਮੁਹਾਰਤ ਹੈ ਜਿਸ ਕਰਕੇ ਉਸ ਦੀ ਹਰ ਖ਼ਬਰ ਜਾਂ ਤਬਸਰਾ ਜਾਨਦਾਰ ਤੇ ਰੌਚਿਕ ਹੁੰਦਾ ਹੈ।
ਪਿਛਲੇ ਛੇ ਦਹਾਕਿਆਂ ਤੋਂ ਇਸ ਕਰਮ-ਯੋਗੀ ਨੇ ਵਿਦੇਸ਼ੀ ਧਰਤੀ 'ਤੇ ਵਿਚਰਦਿਆਂ ਜਿੱਥੇ ਆਪਣੀਆਂ  ਨਿੱਜੀ ਕੁੱਲੀ, ਗੁੱਲੀ ਤੇ ਜੁੱਲੀ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਉੱਥੇ ਪੱਤਰਕਾਰੀ ਰਾਹੀਂ ਪੰਜਾਬੀ ਸਭਿਆਚਾਰ ਤੇ ਵਿਰਸੇ ਦੀ ਵੀ ਅਥਾਹ ਸੇਵਾ ਕੀਤੀ ਹੈ। ਉਸ ਨੇ ਪੱਤਰਕਾਰੀ ਰਾਹੀਂ ਹਰ ਸਿਆਸੀ, ਸਮਾਜਿਕ, ਧਾਰਮਿਕ, ਰਾਜਨੀਤਕ, ਕੌਮੀ ਤੇ ਕੌਮਾਂਤਰੀ ਘਟਨਾ ਦਾ ਵਿਸ਼ਲੇਸ਼ਣਾਤਮਿਕ ਮੁਤਾਲਿਆ ਕਰਕੇ ਪੰਜਾਬੀ ਭਾਈਚਾਰੇ ਤੱਕ ਪਹੁੰਚਾ ਕੇ ਆਪਣਾ ਹੱਕ ਬਾਖ਼ੂਬੀ ਅਦਾ ਕੀਤਾ ਹੈ।
ਨਰਪਾਲ ਸਿੰਘ, ਜਿੱਥੇ ਇਕ ਉੱਚ ਪਾਏ ਦਾ ਪੱਤਰਕਾਰ ਹੈ ਉੱਥੇ ਉਸ ਦੇ ਬਾਰੇ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਇਕ ਆਹਲਾ ਦਰਜੇ ਦਾ ਇਨਸਾਨ ਵੀ ਹੈ। ਸਾਦ ਮੁਰਾਦੀ ਰਹਿਣੀ ਬਹਿਣੀ ਤੇ ਮਿਕਨਾਤੀਸ ਸੋਚਣੀ 'ਚ ਵਿਸ਼ਵਾਸ ਰੱਖਣ ਵਾਲਾ ਇਹ ਸ਼ਖ਼ਸ ਯਾਰਾਂ ਦਾ ਯਾਰ ਹੈ। ਦੋਸਤੀ ਕਿਵੇਂ ਨਿਭਦੀ ਹੈ ਤੇ ਕਿਵੇਂ ਸਫਲਤਾ ਸਾਹਿੱਤ ਨਿਭਾਈ ਜਾਂਦੀ  ਹੈ, ਮੇਰੀ ਜਾਚੇ ਅੱਜ ਦੇ ਯੁੱਗ 'ਚ ਨਰਪਾਲ ਤੋਂ ਵਧੀਆ ਸ਼ਾਇਦ ਹੀ ਕੋਈ ਜਾਣਦਾ ਹੋਵੇ। ਇਸ ਦੇ ਨਾਲ ਹੀ ਇਹ ਵੀ ਬੇਝਿਜਕ ਹੋ ਕੇ ਕਹਾਂਗਾ ਕਿ ਅੱਜ ਦੇ ਜ਼ਮਾਨੇ 'ਚ ਯਾਰਾਂ-ਦੋਸਤਾਂ ਦੇ ਮੂੰਹ 'ਤੇ ਬਹੁਤੇ ਲੋਕ ਇਸ ਕਰਕੇ  ਆਮ ਤੌਰ 'ਤੇ ਮਿੱਠੀਆਂ ਗੋਲੀਆਂ ਹੀ ਵੰਡਦੇ ਹਨ ਕਿ ਮੱਤਾਂ ਕੋਈ ਨਾਰਾਜ਼ ਹੀ ਨਾ ਹੋ ਜਾਵੇ। ਅਜਿਹਾ ਕਰਦੇ ਸਮੇਂ ਬਹੁਤੇ ਤਾਂ ਦੋਸਤਾਂ ਦੀਆਂ ਬਜਰ ਗ਼ਲਤੀਆਂ ਤੱਕ ਵੀ ਦਰਕਿਨਾਰ ਕਰ ਜਾਂਦੇ ਹਨ, ਪਰ ਨਰਪਾਲ, ਦੀ ਆਦਤ ਤੇ ਸੁਭਾਅ ਬਿਲਕੁਲ ਵੱਖਰੇ ਹਨ। ਉਹ ਆਪਣੀ ਲੇਖਣੀ ਦੀ ਤਰਜੇ ਹੀ ਆਪਣੇ ਦੋਸਤਾਂ ਨੂੰ ਜਿੱਥੇ ਸਹੀ ਸਲਾਹ ਦਿੰਦਾ ਹੈ ਉੱਥੇ ਉਨ੍ਹਾਂ ਦੀ ਗ਼ਲਤੀ ਵਾਸਤੇ ਸਾਫ਼ ਤੇ ਖਰੇ ਲਫ਼ਜ਼ਾਂ 'ਚ ਆਲੋਚਨਾ ਵੀ ਡੰਕੇ ਦੀ ਚੋਟ 'ਤੇ ਨਿਰਸੰਕੋਚ ਹੋ ਕੇ ਕਰਦਾ ਹੈ ਤੇ ਉਹ ਵੀ ਪਿੱਠ ਪਿੱਛੇ ਨਹੀਂ।
ਉਂਜ ਤਾਂ ਫ਼ੋਨ 'ਤੇ ਸਾਡੀ ਗੱਲਬਾਤ ਗਾਹੇ ਵਗਾਹੇ ਹੁੰਦੀ ਹੀ ਰਹਿੰਦੀ ਹੈ ਪਰ ਬੀਤੀ ਮਈ ਨੂੰ ਲੰਡਨ ਵਿਖੇ ਇਕ ਸਾਹਿੱਤਿਕ ਸਮਾਗਮ 'ਚ ਹੋਈ ਮਿਲਣੀ ਸਮੇਂ ਉਨ੍ਹਾਂ ਨੇ ਜਗਤ ਗੁਰੂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖ ਕੇ ਬਹੁਤ ਹੀ ਮਿਹਨਤ ਨਾਲ ਸੰਪਾਦਿਤ ਕੀਤੀ 21ਵੀਂ ਐਨ.ਆਰ.ਆਈ. ਇੰਡੀਅਨ ਅਬਰੌਡ ਡਾਇਰੈਕਟਰੀ ਗੁਰੂ ਨਾਨਕ ਦੇਵ ਜੀ ਸਪੈਸ਼ਲ ਐਡੀਸ਼ਨ ਤੇ ਅੰਤਰਰਾਸ਼ਟਰੀ ਵੈਸਾਖੀ ਸੌਵੀਨਾਰ 2019 ਦੀ ਇਕ-ਇਕ ਪੂਰਕ ਕਾਪੀ ਭੇਟ ਕਰਕੇ ਮੇਰਾ ਮਾਣ ਵਧਾਇਆ ਜਿਸ ਵਾਸਤੇ ਮੈਂ ਉਨ੍ਹਾਂ ਦਾ ਦਿਲੋਂ ਮਸ਼ਕੂਰ ਹਾਂ।
ਉਕਤ ਦੋਵੇਂ ਦਸਤਾਵੇਜ਼ਾਂ ਨੂੰ ਦੇਖ ਕੇ ਮਨ ਗਦਗਦ ਹੋ ਗਿਆ। ਵਿਦੇਸ਼ਾਂ ਦੀ ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਕੁੱਝ ਪਲ ਵੀ ਫ਼ੁਰਸਤ ਦੇ ਕੱਢ ਸਕਣੇ ਬਹੁਤ-ਬਹੁਤ ਔਖਾ ਕਾਰਜ ਹੈ ਪਰ ਨਰਪਾਲ ਜੀ ਨੇ ਜਾਣਕਾਰੀ ਭਰਪੂਰ ਇਤਿਹਾਸਕ ਕੌਮਾਂਤਰੀ ਡਾਇਰੈਕਟਰੀਆਂ ਦੀ ਲੜੀਵਾਰ ਸੰਪਾਦਨਾ ਕਰਕੇ ਜਿੱਥੇ ਵਿਰਸਾ ਸੰਭਾਲਿਆ ਹੈ ਤੇ ਨਵਾਂ ਰਿਕਾਰਡ ਬਣਾਇਆ ਹੈ ਉੱਥੇ ਉਨ੍ਹਾਂ ਨੇ ਪੰਜਾਬੀਆ ਦੇ ਇਕ ਅਜਿਹੇ ਸੱਚੇ ਤੇ ਸੁੱਚੇ ਕਰਮਯੋਗੀ ਹੋਣ ਦਾ ਸਬੂਤ ਵੀ ਦਿੱਤਾ ਹੈ ਜੋ ਸੱਚੀ ਲਗਨ ਤੇ ਮਿਹਨਤ ਨਾਲ ਹਮੇਸ਼ਾ ਅਗੇ ਦਰ ਅਗੇਰੇ ਵਧਣ ਨੂੰ ਆਪਣਾ ਕਰਮ ਮੰਨਦਾ ਹੋਇਆ ਪਰੰਪਰਾ ਦੀਆਂ ਲੀਹਾਂ 'ਤੇ ਹਟਕੇ ਲਗਾਤਾਰ ਨਵੀਆਂ ਪੈੜਾਂ ਸਥਾਪਿਤ ਕਰ ਰਿਹਾ ਹੈ।
ਪ੍ਰਾਪਤ ਹੋਈਆਂ ਦੋਵੇਂ ਡਾਇਰੈਕਟਰੀਆਂ ਦਾ ਗਹਿਨ ਅਧਿਐਨ ਕਰਨ ਉਪਰੰਤ ਇਹ ਗੱਲ ਉੱਭਰਵੇਂ ਤੌਰ 'ਤੇ ਸਾਹਮਣੇ ਆਈ ਕਿ ਸੰਪਾਦਕ ਦੁਆਰਾ ਪੂਰੀ ਮਿਹਨਤ ਤੇ ਲਗਨ ਨਾਲ ਤਿਆਰ ਕੀਤੇ ਗਏ ਇਹ ਦੋਵੇਂ ਦਸਤਾਵੇਜ਼ ਅਣਮੁੱਲੇ ਹਨ। ਸੁੰਦਰ ਛਪਾਈ ਤੇ ਦਮਦਾਰ ਪੇਪਰ 'ਤੇ ਪੂਰੀ ਤਰ੍ਹਾਂ ਰੰਗਦਾਰ ਰੂਪ 'ਚ ਪੇਸ਼ ਇਹਨਾਂ ਦਸਤਾਵੇਜ਼ਾਂ 'ਚ ਪ੍ਰਦਾਨ ਕੀਤੀ ਗਈ ਜਾਣਕਾਰੀ ਕੁੱਜੇ 'ਚ ਸਮੁੰਦਰ ਹੈ। ਵਿਦੇਸ਼ਾਂ 'ਚ ਪਰਵਾਸ ਦਾ ਹੇਰਵਾ ਹੰਢਾਉਂਦਿਆਂ ਪੰਜਾਬੀਆਂ ਦਾ ਜੀਵਨ ਪੱਧਰ, ਉਨ੍ਹਾਂ ਦੀ ਸਖ਼ਤ ਮਿਹਨਤ ਤੇ ਪ੍ਰਾਪਤੀਆਂ ਦੇ ਨਾਲ-ਨਾਲ ਪੰਜਾਬ ਨਾਲ ਮੋਹ ਦੀ ਤੀਬਰਤਾ ਤੇ ਇਸ ਦੇ ਨਾਲ ਹੀ ਆਪਣੇ ਸਭਿਆਚਾਰ ਤੇ ਵਿਰਸੇ ਪ੍ਰਤੀ ਚਿੰਤਾ ਆਦਿ ਵਰਣਨ ਸਮੇਤ ਜਗਤ ਬਾਬੇ ਨਾਨਕ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਵੱਖ-ਵੱਖ ਵਿਦਵਾਨਾਂ ਦੇ ਖੋਜ ਭਰਪੂਰ ਲੇਖਾਂ ਰਾਹੀਂ ਗੁਰਬਾਣੀ ਦੀ ਰੌਸ਼ਨੀ 'ਚ ਭਰਪੂਰ ਵਰਣਨ ਕੀਤਾ ਗਿਆ ਹੈ।
ਆਖਿਰ 'ਚ ਏਹੀ ਕਹਾਂਗਾ ਕਿ ਨਰਪਾਲ ਸਿੰਘ ਸ਼ੇਰਗਿੱਲ ਸਿਰਫ਼ ਇਕ ਵਿਅਕਤੀ, ਪੱਤਰਕਾਰ, ਸੰਪਾਦਕ, ਸਾਹਿੱਤ ਰਚੇਤਾ ਜਾਂ ਪਰਵਾਸੀ ਹੀ ਨਹੀਂ ਸਗੋਂ ਉਹ ਇਹਨਾਂ ਸਭਨਾਂ ਦਾ ਸਮੁੱਚ ਹੈ ਤੇ ਆਪਣੇ ਆਪ 'ਚ ਇਕ ਸੰਸਥਾ ਹੈ। ਉਹ ਇਕ ਅਥਾਹ ਜਜ਼ਬੇ ਨਾਲ ਵਗਦਾ ਦਰਿਆ ਹੈ ਜੋ ਹਮੇਸ਼ਾ ਹੀ ਲਵਾ ਲਵ ਵਹਿੰਦਾ ਹੋਇਆ ਅਨੰਤ ਪੈਂਡਾ ਸਰ ਕਰਦਾ ਹੋਇਆ ਬੁਲੰਦੀਆਂ ਵਲ ਵਧਦਾ ਜਾਂਦਾ ਹੈ।
ਜਗਤ ਗੁਰੂ ਬਾਬਾ ਨਾਨਕ ਦੇ ਪਰਕਾਸ਼ ਉਤਸਵ ਨਾਲ ਸਬੰਧਿਤ ਐਨ.ਆਰ.ਆਈ. ਡਾਇਰੈਕਟਰੀ ਵਾਸਤੇ ਨਰਪਾਲ ਸਿੰਘ ਸ਼ੇਰਗਿੱਲ ਜੀ ਨੂੰ ਹਾਰਦਿਕ ਵਧਾਈ ਦੇਂਦਾ ਹੋਇਆ ਉਨ੍ਹਾਂ ਵਾਸਤੇ ਦਿਲੀ ਦੁਆ ਕਰਦਾ ਹਾਂ, ਸੱਤੇ ਖੈਰਾਂ ਮੰਗਦਾ ਹਾਂ ਕਿ ਉਹ ਸਿਹਤਯਾਬ ਰਹਿਣ ਤੇ ਉਨ੍ਹਾਂ ਦੀ ਕਲਮ ਇਸੇ ਰਵਾਨਗੀ ਤੇ ਪੁਖ਼ਤਗੀ ਨਾਲ ਬੇਰੋਕ ਨਿਰੰਤਰ ਚਲਦੀ ਰਹੇ।

-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
ਮੋ. 07806-945964 (ਯੂ.ਕੇ.)
E-mail:dhilon@ntlworld.com