ਅਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ ਜੀ ਦੇ 8 ਸਤੰਬਰ ਨੂੰ ਭੋਗ 'ਤੇ ਵਿਸ਼ੇਸ਼

97 ਬਹਾਰਾਂ ਤੇ ਪੱਤਝੜ ਦੇ ਚਸ਼ਮਦੀਦ ਗਵਾਹ ਸਨ ਅਜ਼ਾਦੀ ਘੁਲਾਟੀਏ
ਬਾਬਾ ਗੁਰਦਿਆਲ ਸਿੰਘ

ਅਜ਼ਾਦ ਹਿੰਦ ਫੌਜ ਦੇ ਮੁਖੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਅਤਿ ਨਜ਼ਦੀਕੀ ਅਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ ਦਾ ਜਨਮ 1 ਜਨਵਰੀ, 1922 ਨੂੰ ਮਹਿਲ ਕਲਾਂ ਦੀ ਧਰਤੀ 'ਤੇ ਨਾਨਕੇ ਘਰ ਹੋਇਆ, ਜਿੱਥੇ ਇਨ੍ਹਾਂ ਨੇ ਆਪਣੇ ਬਚਪਨ ਦੇ ਜਵਾਨੀ
ਦਾ ਆਨੰਦ ਮਾਣਿਆ। ਉਨ੍ਹਾਂ ਦਾ ਜੱਦੀ ਪਿੰਡ ਭੋਤਨਾ (ਬਰਨਾਲਾ) ਹੈ।
                        ਬਾਬਾ ਗੁਰਦਿਆਲ ਸਿੰਘ ਦੇ ਪਿਤਾ ਸ. ਸੱਜਣ ਸਿੰਘ ਜੋ 1927 'ਚ ਮਲੇਸ਼ੀਆ 'ਚ ਪੀ. ਡਬਲਯੂ. ਦੀ ਨੌਕਰੀ ਕਰਨ ਚਲੇ ਗਏ। ਜਿਸ ਵਕਤ ਬਾਬਾ ਗੁਰਦਿਆਲ ਸਿੰਘ ਦੀ ਉਮਰ ਸਿਰਫ 15 ਸਾਲ ਸੀ। ਬਾਬਾ ਗੁਰਦਿਆਲ ਸਿੰਘ 1937 'ਚ ਆਪਣੇ ਪਿਤਾ ਕੋਲ ਮਲੇਸ਼ੀਆ ਪਹੁੰਚ ਕੇ ਉੱਥੇ ਮੋਟਰ ਗੱਡੀ ਚਲਾਉਣ ਦੀ ਨੌਕਰੀ ਕਰਨ ਲੱਗ ਪਏ। ਮਲੇਸ਼ੀਆ 'ਚ ਨੌਕਰੀ ਕਰਦੇ ਰੇਡੀਓ ਸੁਣਨ ਦੇ ਸ਼ੌਂਕੀ ਬਾਬਾ ਗੁਰਦਿਆਲ ਸਿੰਘ ਨੇ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣ ਲਈ ਆਪਣੀ ਨੌਕਰੀ ਨੂੰ ਛੱਡ ਕੇ ਨੇਤਾ ਜੀ ਦੀ ਤਕਰੀਰ ਤੋਂ ਭਾਵੁਕ ਹੋ ਕੇ ਆਪਣੀ ਜੱਦੀ-ਪੁਸ਼ਤੀ ਜ਼ਮੀਨ- ਜ਼ਾਇਦਾਦ ਅਜ਼ਾਦ ਹਿੰਦ ਫੌਜ ਨੂੰ ਦਿੰਦੇ ਹੋਏ ਅਜ਼ਾਦੀ ਦੀ ਲਹਿਰ 'ਚ ਕੁੱਦ ਪਏ। ਪਰ ਇਹ ਉਤਸ਼ਾਹ ਹੀ ਅੱਜ ਬਾਬਾ ਗੁਰਦਿਆਲ ਸਿੰਘ ਨੂੰ ਜਲੀਲ ਕਰ ਰਿਹਾ ਹੈ। ਨਾ ਕੋਈ ਜ਼ਮੀਨ- ਜ਼ਾਇਦਾਦ ਨਾ ਆਪਣਾ ਘਰ ਬਲਕਿ ਇੱਕ ਛੋਟੇ ਜਿਹੇ ਘਰ 'ਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇਤਾ ਜੀ ਦੇ ਨੇੜਲੇ ਸਾਥੀ ਨੂੰ ਵਡੇਰੀ ਉਮਰ ਦੇ ਬਾਵਜ਼ੂਦ ਬੱਚਿਆਂ ਦਾ ਪੇਟ ਪਾਲਣ ਲਈ ਪਹਿਲਾਂ ਦਿੱਲੀ ਟੈਕਸੀ ਚਲਾਉਣੀ ਪਈ। ਫਿਰ 1960 ਤੋਂ 1993 ਤੱਕ ਪ੍ਰਾਇਵੇਟ ਬੱਸ 'ਤੇ ਡਰਾਇਵਰੀ ਕੀਤੀ। ਜਦੋਂ ਬਿਰਧ ਸਰੀਰ ਡਰਾਇਵਰੀ ਕਰਨ ਤੋਂ ਅਸਮਰੱਥ ਹੋ ਗਿਆ ਤਾਂ ਸੰਗਰੂਰ ਬੱਸ ਅੱਡੇ 'ਤੇ ਹਾਕਰ ਦਾ ਕੰਮ ਕੀਤਾ। ਬਿਰਧ ਸਰੀਰ ਸਾਰਾ ਦਿਨ ਸਵਾਰੀਆਂ ਨੂੰ ਹਾਕਾਂ ਮਾਰਦਾ ਥੱਕ- ਟੁੱਟ ਜਾਂਦਾ ਸੀ। ਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ 'ਚ ਕੁੱਦਿਆ ਸੀ, ਉਸ ਵਕਤ ਮਲੇਸ਼ੀਆ 'ਚ ਚੰਗੀ- ਭਲੀ ਵਧੀਆ ਨੌਕਰੀ ਕਰ ਰਿਹਾ ਸੀ। ਰੇਡੀਓ ਸੁਣਨ ਦੇ ਸ਼ੌਕੀਨ ਬਾਬਾ ਜੀ ਨੇ ਸੁਭਾਸ਼ ਚੰਦਰ ਬੋਸ ਦੀ ਰੇਡੀਓ 'ਤੇ ਤਕਰੀਰ ਸੁਣ ਕੇ ਭਾਵੁਕ ਹੋ ਕੇ ਅਜ਼ਾਦ ਹਿੰਦ ਫੌਜ 'ਚ ਬਤੌਰ ਡਰਾਇਵਰ ਨੰਬਰ- 34328 ਭਰਤੀ ਹੋ ਗਿਆ। ਉਸ ਸਮੇਂ ਬਾਬਾ ਗੁਰਦਿਆਲ ਸਿੰਘ ਜਵਾਨੀ ਦੇ ਪਹਿਲੇ ਪੜਾਅ 'ਤੇ ਮਸਾਂ 20 ਕੁ ਸਾਲ ਦੇ ਸਨ। ਬਾਬਾ ਗੁਰਦਿਆਲ ਸਿੰਘ ਨੂੰ ਅਜ਼ਾਦ ਹਿੰਦ ਫੌਜ ਵੱਲੋਂ ਲਾਇਸੈਂਸ ਨੰਬਰ 462 ਜਾਰੀ ਕੀਤਾ ਗਿਆ, ਫਿਰ ਜਦੋਂ ਜਪਾਨ ਅਤੇ ਮਲੇਸ਼ੀਆ ਗਿਆ ਤਾਂ ਫਿਰ ਜਪਾਨੀ ਲਾਇਸੈਂਸ ਜਾਰੀ ਕੀਤਾ ਗਿਆ। ਕੁੱਲ ਤਿੰਨ ਲਾਇਸੈਂਸ ਅਜ਼ਾਦ ਹਿੰਦ ਫੌਜ ਦੌਰਾਨ ਥਾਈਲੈਂਡ, ਮਲੇਸ਼ੀਆ ਅਤੇ ਜਪਾਨ ਵੱਲੋਂ ਜਾਰੀ ਕੀਤੇ ਗਏ। ਬਾਬਾ ਗੁਰਦਿਆਲ ਸਿੰਘ ਨੂੰ ਅਜ਼ਾਦ ਹਿੰਦ ਫੌਜ ਵੱਲੋਂ 4 ਮੈਡਲ ਦਿੱਤੇ ਗਏ। ਜਿੰਨ੍ਹਾਂ ਨੂੰ ਦੇਖ-ਦੇਖ ਬਾਬਾ ਗੁਰਦਿਆਲ ਸਿੰਘ ਭਾਵੁਕ ਹੁੰਦਾ ਹੋਇਆ ਅੱਖਾਂ ਭਰ ਆਉਂਦਾ ਹੈ। ਬਹੁਤਾ ਸਮਾਂ ਨੇਤਾ ਜੀ ਨਾਲ ਬ੍ਰਹਮਾ, ਸਿੰਗਾਪੁਰ ਅਤੇ ਮਲੇਸ਼ੀਆ ਦੀ ਧਰਤੀ 'ਤੇ ਰਹਿੰਦਿਆਂ ਅਜ਼ਾਦ ਹਿੰਦ ਫੌਜ 'ਚ ਬਗ਼ੈਰ ਤਨਖ਼ਾਹ ਤੋਂ ਦੇਸ਼ ਅਜ਼ਾਦ ਕਰਾਉਣ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨਾਲ ਕੰਮ ਕੀਤਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਜੋ ਬਾਬਾ ਗੁਰਦਿਆਲ ਸਿੰਘ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ ਤਾਂ ਉਹ ਪੁਰਾਣੀਆਂ ਯਾਦਾਂ 'ਚ ਗੁਆਚ ਜਾਂਦੇ ਸਨ।
                   ਬਾਬਾ ਗੁਰਦਿਆਲ ਸਿੰਘ  1942 ਤੋਂ 1945 ਤੱਕ ਨੇਤਾ ਜੀ ਦੇ ਨਾਲ ਰਹਿੰਦਿਆਂ ਨੇਤਾ ਜੀ ਦੀ ਹੈਲਮਨ ਪੈਟਰੋਲ ਗੱਡੀ ਡਰਾਈਵ ਕਰਦੇ ਸਨ ਅਤੇ ਹਮੇਸ਼ਾਂ ਹੀ ਨੇਤਾ ਸੁਭਾਸ਼ ਚੰਦਰ ਬੋਸ ਦੇ ਨਾਲ ਰਹਿੰਦੇ ਸੀ। ਦੇਸ਼ ਦੀ ਅਜ਼ਾਦੀ 'ਚ ਹਿੱਸਾ ਪਾਉਣ ਵਾਲੇ ਬਾਬਾ ਗੁਰਦਿਆਲ ਸਿੰਘ ਨੂੰ ਉਦੋਂ ਬਹੁਤਾ ਜ਼ਲੀਲ ਹੋਣਾ ਪਿਆ, ਜਦੋਂ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਅਜ਼ਾਦ ਹਿੰਦ ਫ਼ੌਜ ਨੂੰ ਫ਼ੌਜ ਹੀ ਨਹੀਂ ਮੰਨਦੀ ਸੀ, ਸਗੋਂ ਅੱਤਵਾਦੀ ਕਹਿ ਕੇ ਜ਼ਲੀਲ ਕਰਦੀ ਸੀ। ਦੇਸ਼ ਅਜ਼ਾਦ ਹੋਣ ਤੋਂ ਬਾਅਦ 1947 ਤੋਂ ਲੈ ਕੇ 1996 ਕੋਈ ਪੈਨਸ਼ਨ  ਜਾਂ ਭੱਤਾ ਨਹੀਂ ਦਿੱਤਾ ਗਿਆ। ਜਦੋਂ ਬਾਬਾ ਗੁਰਦਿਆਲ ਸਿੰਘ ਨੂੰ ਪੈਨਸ਼ਨ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤਾਂ ਬਾਬਾ ਗੁਰਦਿਆਲ ਸਿੰਘ ਨੇ ਇੱਕ ਰਿੱਟ ਨੰਬਰ 12350 ਸਾਲ 1996 'ਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੀ। ਕਾਨੂੰਨੀ ਫ਼ੈਸਲਾ ਬਾਬਾ ਗੁਰਦਿਆਲ ਸਿੰਘ ਦੇ ਹੱਕ 'ਚ ਹੋ ਗਿਆ। ਹਾਈਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਜਾਰੀ ਕੀਤਾ ਕਿ ਬਾਬਾ ਗੁਰਦਿਆਲ ਸਿੰਘ ਨੂੰ ਪੈਨਸ਼ਨ ਦਿੱਤੀ ਜਾਵੇ। ਪੈਨਸ਼ਨ ਸ਼ੁਰੂ ਹੋਣ ਤੋਂ ਬਾਅਦ ਬਾਬਾ ਗੁਰਦਿਆਲ ਸਿੰਘ ਨੇ ਜਦੋਂ ਫਿਰ 1998 'ਚ ਇੱਕ ਰਿੱਟ ਬਕਾਇਆ ਲੈਣ ਲਈ ਹਾਈਕੋਰਟ ਦਰਜ਼ ਕੀਤੀ ਤਾਂ ਕੋਰਟ ਨੇ ਪਹਿਲਾਂ ਲਾਗੂ ਪੈਨਸ਼ਨ ਵੀ ਬੰਦ ਕਰ ਦਿੱਤੀ ਤਾਂ ਬਾਬਾ ਗੁਰਦਿਆਲ ਸਿੰਘ ਨੇ ਸੁਪਰੀਮ ਕੋਰਟ 'ਚ 05-09-2001 ਨੂੰ ਰਿੱਟ ਪਾਈ ਤਾਂ ਮਾਣਯੋਗ ਸੁਪਰੀਮ ਕੋਰਟ ਨੇ 1996 ਤੋਂ ਭਾਰਤ ਸਰਕਾਰ ਨੂੰ ਬਾਬਾ ਗੁਰਦਿਆਲ ਸਿੰਘ ਨੂੰ ਬਕਾਇਆ ਦੇਣ ਲਈ ਕਹਿ ਦਿੱਤਾ। ਬਾਬਾ ਗੁਰਦਿਆਲ ਸਿੰਘ ਦਾ ਨਾਂ ਮਾਣਯੋਗ ਸੁਪਰੀਮ ਕੋਰਟ 'ਚ ਦੇਸ਼ ਭਗਤਾਂ ਦੀ ਸੂਚੀ 'ਚ 282 ਨੰਬਰ 'ਤੇ ਦਰਜ਼ ਹੈ।
                       97 ਬਹਾਰਾਂ ਤੇ ਪੱਤਝੜ ਦੇ ਚਸ਼ਮਦੀਦ ਗਵਾਹ ਬਾਬਾ ਗੁਰਦਿਆਲ ਸਿੰਘ ਨੂੰ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਸਦਕਾ 9 ਅਗਸਤ 2019 ਨੂੰ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਦੇਸ਼ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਵੀ ਬਾਬਾ ਗੁਰਦਿਆਲ ਸਿੰਘ ਜੀ ਦੇ ਕੋਲ ਆ ਕੇ ਕਾਫੀ ਸਮਾਂ ਦੇਸ਼ ਦੀ ਆਜ਼ਾਦੀ 'ਚ ਪਾਏ ਯੋਗਦਾਨ ਸਬੰਧੀ ਵਾਰਤਾਲਾਪ ਕੀਤੀ ਗਈ।
                      15 ਅਗਸਤ ਨੂੰ ਤਾਂ ਉਹ ਸੰਗਰੂਰ ਵਿੱਚ ਹੋਏ ਆਜ਼ਾਦੀ ਜਸ਼ਨਾਂ ਚ ਸ਼ਾਮਿਲ ਹੋਏ ਸਨ। ਉਤਸ਼ਾਹ ਦੇ ਭਰੇ ਪੁਰਖ ਸਨ। ਬਾਬਾ ਗੁਰਦਿਆਲ ਸਿੰਘ ਮਿਤੀ 29 ਅਗਸਤ ਨੂੰ 2019 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਸਰਧਾਂਜਲੀ ਸਮਾਗਮ ਮਿਤੀ 8 ਸਤੰਬਰ 2019 ਨੂੰ ਗੁਰਦੁਆਰਾ ਨਾਨਕਿਆਣਾਂ ਸਾਹਿਬ ਸੰਗਰੂਰ ਵਿਖੇ ਹੋਵੇਗਾ।
                ਅਜਿਹੇ ਇੱਕ ਵੱਡੇ ਇਨਕਲਾਬੀ ਦੇ ਚਲੇ ਜਾਣ ਤੇ ਮਨ ਉਦਾਸ ਹੁੰਦਾ ਹੈ, ਇਸ ਕਰਕੇ ਕਿ ਜਿਸ ਆਜ਼ਾਦੀ ਦੀ ਲੜਾਈ ਉਨ੍ਹਾਂ ਲੜੀ ਸੀ ਉਹ ਤਾਂ ਹਰ ਲਿੱਸੇ ਨਿਤਾਣੇ ਤੇ ਰੱਜੇ ਪੁੱਜੇ ਲਈ ਇੱਕੋ ਜੇਹੀ ਹੋਣੀ ਸੀ, ਪਰ ਇਹ ਫਿੱਟੇ ਰੰਗ ਵਾਲੀ ਆਜ਼ਾਦੀ ਕਿਸ ਰਾਹ ਤੁਰ ਪਈ?
                     ਮੈਨੂੰ ਦਿੱਲੀ ਦੇ ਰਾਜਪਲਟੇ ਵੇਲੇ ਸੁਰਜੀਤ ਹਾਂਸ ਦੀ  ਲਿਖੀ ਕਵਿਤਾ ਚੇਤੇ ਆ ਰਹੀ ਏ ਜੋ ਉਸ ਨੇ ਰਾਜ ਪਲਟੇ ਤੋਂ ਕੁਝ ਅਰਸਾ ਪਹਿਲਾਂ ਮੋਏ ਚਿੱਲੀ ਦੇ ਰਾਸ਼ਟਰਪਤੀ ਅਲੈਂਡੇ ਦੇ ਹਵਾਲੇ ਨਾਲ ਲਿਖੀ ਸੀ।
ਭਲਾ ਅਲੈਂਡੇ ਮਰ ਗਿਆ।
ਦੇਸ਼ ਦੀ ਮਾੜੀ ਕਿਸਮਤ ਦਾ
ਉਸ ਕਾਲਾ ਦਿਨ ਨਹੀਂ ਵੇਖਿਆ।

ਦੇਸ਼ਭਗਤ ਬਾਪੂ ਗੁਰਦਿਆਲ ਸਿੰਘ ਭੋਤਨਾ ਤੇ ਸਾਥੀਆਂ ਦੇ ਸੁਪਨਿਆਂ ਵਾਲੀ ਆਜ਼ਾਦੀ ਵਿੱਚ ਮਨੁੱਖ ਲਈ ਸਰਬਪੱਖੀ ਵਿਕਾਸ ਦੇ ਬਰਾਬਰ ਮੌਕੇ ਹਾਸਲ ਕਰਨ ਲਈ ਇਹ ਲੋਕ ਸਾਡੀ ਪ੍ਰੇਰਕ ਸ਼ਕਤੀ ਬਣਨ ਦੇ ਸਮਰੱਥ ਹਨ।
ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਵਿਕਾਸ ਲਈ ਸਾਫ਼ ਨੀਤ ਤੇ ਸਪਸ਼ਟ ਨੀਤੀ ਵਾਲੇ ਨੀਤੀ ਘਾੜੇ ਧਰਤੀ ਤੋਂ ਖੰਭ ਲਾ ਕੇ ਉੱਡ ਗਏ ਨੇ।

ਕੂੜ ਦੀ ਮੱਸਿਆ ਵੇਲੇ ਦੇਸ਼ ਭਗਤੀ ਵਾਲੇ ਚੰਨਾਂ ਦਾ ਅਲੋਪ ਹੋਣਾ ਹੋਰ ਵੀ ਦੁਖਦਾਈ ਹੁੰਦਾ ਹੈ।

ਪਰ ਆਸ ਤੇ ਜੱਗ ਜੀਂਦਾ ਹੈ।
ਵੋਹ ਸੁਬਹ ਕਭੀ ਤੋ ਆਏਗੀ
ਪਾਸ਼ ਦੇ ਕਹਿਣ ਮੁਤਾਬਕ
ਸੋਨੇ ਦੀ ਸਵੇਰ ਜਦੋਂ ਆਊ ਹਾਣੀਆ।
ਗਾਏਗਾ ਅੰਬਰ, ਭੂਮੀ ਗਾਊ ਹਾਣੀਆ।
ਸ: ਗੁਰਦਿਆਲ ਸਿੰਘ ਜੀ ਨੂੰ ਚੇਤੇ ਕਰਦਿਆਂ ਮੈਂ ਪਰਿਵਾਰ ਦੇ ਸਦਮੇ ਨੂੰ ਵੀ ਸਮੰਝਦਾ ਹਾਂ।
ਪਰ ਇਸ ਉਮਰੇ ਇਹੀ ਕਹਿਣਾ ਬਣਦਾ ਹੈ ਕਿ
ਜੋ ਗੁਜਰੀ ਸੋ ਵਾਹਵਾ ਗੁਜਰੀ।
ਸਲਾਮ
ਬਾਪੂ ਗੁਰਦਿਆਲ ਸਿੰਘ ਜੀ।

ਗੁਰਭਿੰਦਰ ਸਿੰਘ ਗੁਰੀ
99157-27311