ਮਾਰੂਥਲ ਦੇ ਸਫ਼ਰ ਦਾ ਮੁਸਾਫਿਰ-ਜਸਵਿੰਦਰ ਦੂਹੜਾ

(8 ਸਤੰਬਰ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼)

ਜਸਵਿੰਦਰ ਦੂਹੜਾ ਪੰਜਾਬੀ ਸਾਹਿਤਕ ਹਲਕਿਆਂ ਚ ਨਰੋਈ,ਵਿਗਿਆਨਕ, ਗੁਣਾਤਮਕ ਅਤੇ ਸਿਰਜਣਾਤਮਕ ਰੁਚੀਆਂਂ ਵਾਲਾ ਇੱਕ ਚਰਚਿਤ ਸਾਹਿਤਕਾਰ ਹੈ।ਪੰਜਾਬੀ ਮਾਂ ਬੋਲੀ ਦੇ ਇਸ ਲਾਡਲੇ ਚ ਸਾਹਿਤਕ ਵਿਧਾਵਾਂ ਕਹਾਣੀਆਂ,ਗਜ਼ਲਾਂ ਅਤੇ ਕਾਵਿਤਾਵਾਂ ਚ ਪੂਰਨ ਪਰਪੱਕਤਾ ਸਹਿਤ ਵਿਸ਼ਿਆਂ ਨਾਲ ਪੂੂਰਾ ਇਨਸਾਫ ਕਰਨ ਅਤੇ ਘੱਟ ਸ਼ਬਦਾਂ ਚ ਵੱਡੀ ਗੱਲ ਕਹਿਣ ਦੀ ਚੰਗੀ ਮੁਹਾਰਤ ਹੈ।ਉਸਦੀਆਂ ਰਚਨਾਵਾਂ ਦੇ ਕਾਲਪਨਿਕ ਵਿਸ਼ੇ ਵੀ ਆਮ ਲੋਕਾਂ ਦੀ ਜ਼ਿੰਦਗੀ ਦੀ ਅਸਲੀਅਤ ਦੀ ਤਰਜਮਾਨੀ ਕਰਦੇ ਹਨ।
ਉਹ ਜਿਲ੍ਹਾ ਜਲੰਧਰ  ਨੇੜਲੇ  ਦੂਹੜੇ ਪਿੰਡ ਦਾ ਜੰਮਪਲ ਹੈ ਅਤੇ ਸੰਧੂ ਗਜ਼ਲ ਸਕੂਲ ਦਕੋਹਾ ਵਾਲੇ ਅਮਰਜੀਤ ਸਿੰਘ ਸੰਧੂ ਦਾ ਲਾਡਲਾ ਸ਼ਗਿਰਦ ਹੈ।ਆਪਣੀ ਜ਼ਿੰਦਗੀ ਦੀਆਂ 46 ਕੁ ਹੁਸੀਨ ਬਹਾਰਾਂ ਅਤੇ ਪੱਤਝੜਾਂਂ ਦਾ ਆਨੰਦ ਮਾਣ ਚੁੱਕੇ ਇਸ ਮਾਂ ਬੋਲੀ ਪੰਜਾਬੀ ਦੇ ਲਾਡਲੇ ਜਸਵਿੰਦਰ ਨੇ ਪਿਤਾ ਸ੍ਰ.ਸੁੱਚਾ ਰਾਮ ਦੇ ਵਿਹੜੇ ਅਤੇ ਮਾਤਾ ਸ੍ਰੀਮਤੀ  ਜੋਗਿੰਦਰ ਕੌਰ ਦੀ ਗੋਦੀ ਨੂੰ ਪੂਰਨ ਖਿੜੇ ਫੁੱਲ ਵਰਗੀਆਂ ਖੁਸ਼ੀਆਂ ਤੇ ਖੇੜਿਆਂ ਨਾਲ ਭਰਿਆ।ਉਹਨਾਂ ਗੁਰੂ ਨਾਨਕ ਖਾਲਸਾ ਕਾਲਜ ਡਰੌਲੀ ਕਲਾਂ ਤੋਂਂ ਐਮ.ਏ. ਪੰਜਾਬੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਰਨਲਇਜ਼ਮ ਦੀ ਤਾਲੀਮ ਹਾਸਲ ਕੀਤੀ ਹੋਈ ਹੈ।

ਸਾਫ ਦਿਲ ਅਤੇ ਮਸੂਮੀਅਤ ਜਿਹੇ ਚਿਹਰੇ ਦੇ ਮਾਲਕ ਜਸਵਿੰਦਰ ਦੂਹੜਾ ਸ਼ਾਇਰ ਚ ਪਹਿਲੀ ਮਿਲਣੀ ਚ ਆਪਣਾ ਬਣਾ ਲੈਣ ਦੀ ਖੂਬਸੂਰਤ ਯੋਗਤਾ ਹੈ।ਜਲੰਧਰ ਸਥਿਤ ਅਖਬਾਰ ਸਮੂਹ ਚ ਬਤੌਰ ਉੱਪ ਸੰਪਾਦਕ ਦੀ ਰੁਝੇਵਿਆਂ ਭਰੀ ਜਿੰਦਗੀ ਚੋਂ ਕੁੱਝ ਪਲ ਸਾਹਿਤ ਸਿਰਜਣਾ ਦੀ ਯਤਨਸ਼ੀਲਤਾ ਨੂੰ ਸਮਰਪਿਤ ਹੈ।ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਨਿਮਰਤਾ, ਪਿਆਰ, ਸਹਿਜਤਾ,ਮਿਲਵਰਤਨ, ਸਲੀਕਾ ਆਦਿ ਜਿਹੇ ਗੁਣਾਂ ਨਾਲ ਭਰਪੂਰ ਜਸਵਿੰਦਰ ਦੂਹੜਾ ਨਾਲ ਪੱਕੀ ਦਿਲੀ ਸਾਂਝ ਪੈ ਗਈ।ਉਹਨਾਂ ਆਪਣਾ ਗਜ਼ਲ ਸੰਗ੍ਰਹਿ "ਮਾਰੂਥਲ ਦਾ ਸਫਰ " ਪਿਆਰ ਸਹਿਤ ਭੇਂਟ ਕੀਤਾ।ਉਸਦੀਆਂ ਕਵਿਤਾਵਾਂ ਦੇ ਵਿਸ਼ੇ ਪਿਆਰ ਦੀ ਤਾਂਘ, ਵਿਛੋੜੇ ਦਾ ਦਰਦ,ਸਮਾਜਿਕ ਮਜਬੂਰੀਆਂ,ਬੇਵਫਾਈਆਂ, ਬੇਦਰਦੀ ਆਦਿ ਦਿਲ ਦੀਆਂ ਗਹਿਰਾਈਆਂ ਨੂੰ ਟੋਹਦੇ ਹਨ ਅਤੇ ਸਮਾਜਿਕ ਅਤੇ ਪਰਿਵਾਰਕ ਕੁਰੀਤੀਆਂ ਨੂੰ ਕਰਾਰੀ ਸੱਟ ਵੀ ਮਾਰਦੇ ਹਨ।ਉਸਨੇ ਆਪਣੀਆਂ ਕਵਿਤਾਵਾਂ ਰਾਹੀਂ ਬੇ-ਕਾਨੂੰਨੀ, ਬੇ-ਅਸੂਲੀ,ਲਾਪਰਵਾਹੀ, ਧੱਕੇਸ਼ਾਹੀ ਦੇ ਆਲਮ ਚ ਮਨੁੱਖ ਦੀ ਮਜਬੂਰੀ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ ਹੈ।ਉਸਨੇ ਆਪਣੇ ਮਨ ਦੇ ਵਲਵਲਿਆਂ ਅਤੇ ਵਿਚਾਰਾਂ ਦੇ ਤੂਫਾਨ ਨੂੰ ਕੋਰੇ ਕਾਗਜਾਂ ਦੀ ਹਿੱਕ ਤੇ ਝਰੀਟ ਕੇ ਸਾਹਿਤਕ ਰਚਨਾਵਾਂ ਦੀ ਉਤਪਤੀ ਨਾਲ ਸਾਹਿਤ ਹਲਕਿਆਂ ਚ ਚੋਖੀ ਪੈਂਠ ਬਣਾਈ ਹੈ।ਉਸਨਾਂ "ਕਿਰਨਾਂ" ਮਿੰਨੀ ਕਹਾਣੀ ਸੰਗ੍ਰਹਿ, "ਇੱਕ ਵਾਰ ਫਿਰ" ਕਾਵਿ ਸੰਗ੍ਰਹਿ,"ਹਾਲ ਮੁਰੀਦਾਂ ਦਾ " ਕਾਵਿ ਸੰਗ੍ਰਹਿ,"ਹਉਂਕਿਆਂ ਦਾ ਸਮੁੰਦਰ" ਕਾਵਿ ਸੰਗ੍ਰਹਿ, "ਹਾਸੇ ਦੀਆਂ ਛੁਰਲੀਆਂ" ਹਾਸਰਸ ਕਾਵਿ ਸੰਗ੍ਰਹਿ,"ਤੈਨੂੰ ਆਪਣਾ ਬਣਾਇਆ" ਗੀਤ ਸੰਗ੍ਰਹਿ ਆਦਿ ਸਮੇਤ ਕਈ ਪੁਸਤਕਾਂ ਸੰਪਾਦਿਤ ਕੀਤੀਆਂ ਹਨ ।
ਉਹ ਕਈ ਮੈਗਜੀਨ ਵਾਰਿਸ, ਵਾਰਿਸ ਪੰਜਾਬ ਦਾ,ਉੱਭਰਦੀਆਂ ਪੈੜਾਂ,ਵਿੱਦਿਅਕ ਦਰਬਾਰ ਆਦਿ ਸੰਪਾਦਕ ਰਹੇ ਹਨ।ਵੇਦਨਾ ਨਿਊਜ਼ ਮੈਗਜੀਨ ਅਤੇ ਵੇਦਨਾ ਟੀਵੀ ਦੇ ਮੌਜੂਦਾ ਸੰਪਾਦਕ  ਹਨ।
 "ਮਾਰੂਥਲ ਦਾ ਸਫਰ " ਗਜ਼ਲ ਸੰਗ੍ਰਹਿ ਅਤੇ "ਪੱਤਝੜ" ਕਾਵਿ ਸੰਗ੍ਰਹਿ ਉਸਦੀ ਸੁੱਘੜ,ਗੰਭੀਰ ਅਤੇ ਫੱਕਰਾਨਾਂ ਸੋਚ ਦੀ ਉਤਪਤੀ ਹਨ।ਉਹਨਾਂ ਦੀ ਕਵਿਤਾ ਦਾ ਸ਼ੇਅਰ
 "ਪੱਥਰ ਦੇ ਲੋਕਾਂ ਨੂੰ,
ਸ਼ੀਸ਼ੇ ਦਾ ਦਿਲ ਵੇਚਣ ਤੁਰਿਆ ਹਾਂ।
ਪਾਗਲ ਹਾਂ ਮੈਂ,
ਆਪਣੀ ਜ਼ਿੰਦਗੀ ਦਾ ਹਸ਼ਰ ਦੇਖਣ ਤੁਰਿਆ ਹਾਂ।"
ਆਪਣੇ ਪਿਆਰੇ ਨੂੰ ਪਿਆਰ ਦੇ ਇਜ਼ਹਾਰ ਚ ਅਤਿਅੰਤ ਖੂਬਸੂਰਤ ਸ਼ੇਅਰ
"ਅੱਖ ਨੂੰ ਅੱਥਰੂ, ਦਿਲ ਨੂੰ ਇੱਕ ਹਾਦਸਾ,
ਪੈਰਾਂ ਨੂੰ ਮਾਰੂਥਲ ਦਾ ਸਫ਼ਰ ਦੇ ਗਿਆ।
ਦਿਲ ਤੇ ਲਾਕੇ, ਮੈਂ ਰੱਖਿਐ ਅਜੇ ਤੀਕ ਵੀ,
ਜਿਹੜਾ ਸਦਮਾ ਤੂੰ ਦਿਲ ਨੂੰ ਅ-ਜਰ ਦੇ ਗਿਆ।"ਉਸਦੀ ਸੋਚ ਦੀ ਡੂੰਘਾਈ ਅਤੇ ਗੰਭੀਰਤਾ ਦੀ ਸ਼ਾਹਦੀ ਭਰਦੇ ਹਨ।
ਇੱਕ ਹੋਰ ਸ਼ੇਅਰ
ਨਾ ਭਟਕਣ ਤੋਂ ਡਰੀਂ ਤੂੰ,ਇਹ ਖੁਦਾ ਦੀ ਦੇਣ ਹੈ ਸਾਨੂੰ,
ਕਲਾਕਾਰ ਦੇ ਸੀਨੇ ਵਿਚ ਤਾਂ ਭਟਕਣ ਜਰੂਰੀ ਹੈ।" ਸਾਹਿਤਕਾਰਾਂ ਦੇ ਮਨੋ-ਪ੍ਰਵਿਰਤੀ ਨੂੰ ਬਾਖੂਬੀ ਬਿਆਨਦਾ ਹੈ।
ਉਹਨਾਂ ਦੀਆਂ ਰਚਨਾਵਾਂ ਪੜ੍ਹਦਿਆਂ ਸਿਆਲ ਦੀ ਕੋਸੀ ਕੋਸੀ ਧੁੱਪ ਦੇ ਨਿੱਘ,ਸਾਉਣ ਦੇ ਮਹੀਨੇ ਬੱਦਲਾਂ ਚੋਂ ਡਿੱਗੀ ਕਣੀ ਨਾਲ ਬਣੇ ਬੁਲਬਲੇ ਨੂੰ ਦੇਖ ਉੱਮੜੀ ਖੁਸ਼ੀ ਅਤੇ ਜੇਠ ਹਾੜ੍ਹ ਦੀ ਤਿੱਖੜ ਦੁਪਹਿਰ ਦੇ ਤਪਦੇ ਮਾਰੂਥਲੀ ਰੇਤ ਤੇ ਡਿੱੱਗੀ ਕਣੀ ਦੀ ਠੰਡਕ ਵਰਗਾ ਅਹਿਸਾਸ ਹੁੰਦਾ ਹੈ।
ਉਹਨਾਂ ਆਪਣੀਆਂ ਰਚਨਾਵਾਂ ਚ ਵਿਸ਼ੇ ਦੇ ਵਜਨ,ਬਹਿਰ,ਸਾਰਥਿਕਤਾ ਆਦਿ ਨੂੰ ਮਜ਼ਬੂਤੀ ਨੂੰ ਬਰਕਰਾਰ ਰੱਖਦਿਆਂ ਕਿਤੇ ਵੀ ਡੋਲਣ ਨਹੀਂ ਦਿੱਤਾ।
ਉਹਨਾਂ ਦੇ ਸਾਹਿਤ ਦੇ ਖੇਤਰ ਚ ਨਰੋਏ ਅਤੇ ਸਿਰਜਣਾਤਮਕ ਸਾਹਿਤ ਦੇ ਵਡਮੁੱਲੇ ਯੋਗਦਾਨ ਨੂੰ ਦੇਖਦਿਆਂ ਹੋਰ ਲੇਖਕਾਂ ਦੇ ਨਾਲ ਜਸਵਿੰਦਰ ਦੂਹੜਾ ਨੂੰ ਵੀ ਜਿਲ੍ਹਾ ਲਿਖਾਰੀ ਸਭਾ ਫਤਹਿਗੜ੍ਹ ਦੇ 8 ਸਤੰਬਰ ਐਤਵਾਰ ਨੂੰ ਹੋਣ ਵਾਲੇ ਵਿਸ਼ੇਸ਼ ਸਨਮਾਨ ਸਮਾਰੋਹ ਚ "ਰੇਡੀਓ ਸੱਚ ਦੀ ਗੂੰਜ" ਅਤੇ "ਪੰਜਾਬੀ ਇਨ ਹਾਲੈਂਡ" ਅਖ਼ਬਾਰ ਸਮੂਹ ਦੇ ਮਾਲਕ ਹਰਜੋਤ ਸਿੰਘ ਸੰਧੂ ਅਤੇ ਸਮੂਹ ਪਰਿਵਾਰ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਪਹਿਲੇ "ਮਾਤਾ ਸਤਮਿੰਦਰ ਕੌਰ ਯਾਦਗਾਰੀ ਪੁਰਸਕਾਰ " ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਸਮੂਹ ਅਦਾਰਾ ਵੀ ਉਹਨਾਂ ਸਨਮਾਨਿਤ ਹੋਣ ਤੇ ਮੁਬਾਰਕਬਾਦ ਦਿੰਦਾ ਹੈ।
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257