ਭਾਜਪਾ ਦੀ ਮੁਢਲੀ ਮੈਂਬਰਸ਼ਿਪ 18 ਕਰੋੜ ਤੋਂ ਪਾਰ...? -ਜਸਵੰਤ ਸਿੰਘ 'ਅਜੀਤ'

ਖਬਰਾਂ ਅਨੁਸਾਰ ਸੰਸਾਰ ਦੀ ਸਭ ਤੋਂ ਵੱਡੀਆਂ ਪਾਰਟੀਆਂ ਵਿੱਚ ਸ਼ੁਮਾਰ ਮੰਨੀ ਜਾਣ ਵਾਲੀ ਰਾਜਸੀ ਪਾਰਟੀ, ਭਾਜਪਾ ਦੀ ਮੁਢਲੀ ਮੈਂਬਰਸ਼ਿਪ 18 ਕਰੋੜ ਦਾ ਅੰਕੜਾ ਪਾਰ ਕਰ, ਇੱਕ ਨਵਾਂ ਰਿਕਾਰਡ ਕਾਇਮ ਕਰਨ ਵਲ ਵੱਧ ਰਹੀ ਹੈ। ਦਸਿਆ ਜਾਂਦਾ ਹੈ ਕਿ ਸ਼੍ਰੀ ਨਰੇਂਦਰ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਾਰਟੀ ਨੇ 2 ਕਰੋੜ 20 ਲੱਖ ਨਵੇਂ ਮੈਂਬਰ ਬਣਾਏ ਜਾਣ ਦਾ ਟੀਚਾ ਮਿਥਿਆ ਸੀ, ਪਰ ਇਸਦਾ ਅਨੁਮਾਨਤ ਅੰਕੜਾ ਕਈ ਗੁਣਾਂ ਵੱਧ ਗਿਆ ਹੈ। ਇਸ ਸਫਲਤਾ ਤੋਂ ਪਾਰਟੀ ਲੀਡਰਸ਼ਿਪ ਬਹੁਤ ਖੁਸ਼ ਹੈ ਅਤੇ ਇਸ ਖੁਸ਼ੀ ਵਿੱਚ ਉਹ ਬਗਲਾਂ ਵੀ ਵਜਾ ਰਹੀ ਹੈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਸਫਲਤਾ ਪੁਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸਤੋ ਸਾਬਤ ਹੋ ਜਾਂਦਾ ਹੈ ਕਿ ਦੇਸ਼ ਦੇ ਸਾਰੇ ਵਰਗਾਂ ਦਾ ਹੀ ਰੁਝਾਨ ਭਾਜਪਾ ਵਲ ਹੋ ਰਿਹਾ ਹੈ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਅੰਕੜੇ ਇਹ ਵੀ ਸਾਬਤ ਕਰਦੇ ਹਨ ਕਿ ਲੋਕਾਂ ਦਾ ਭਾਜਪਾ ਪ੍ਰਤੀ ਕਿਤਨਾ ਅਟੁਟ ਵਿਸ਼ਵਾਸ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜਿਸ ਕਿਸੇ ਇਲਾਕੇ/ਖੇਤ੍ਰ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨਾਲ ਜੁੜੀ ਟੋਲੀ ਪੁਜਦੀ ਹੈ, ਉਸੇ ਇਲਾਕੇ/ਖੇਤ੍ਰ ਦੇ ਆਮ ਅਤੇ ਖਾਸ ਲੋਕਾਂ ਵਿੱਚ ਭਾਜਪਾ ਨਾਲ ਜੁੜਨ ਪ੍ਰਤੀ ਉਤਸਾਹ ਤੇ ਜੋਸ਼ ਵੇਖਣ ਨੂੰ ਮਿਲਦਾ ਹੈ।


ਇਕ ਪ੍ਰਤੀਕਰਮ : ਬਗਲਾਂ ਨਾ ਵਜਾਉ:  ਇਸ ਵਿੱਚ ਕੋਈ ਸ਼ਕ ਨਹੀਂ ਕਿ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਵਿੱਚ ਹੋਏ ਰਿਕਾਰਡ ਵਾਧੇ ਪੁਰ ਭਾਜਪਾ ਆਗੂਆਂ ਦਾ ਖੁਸ਼ ਹੋਣਾ ਅਤੇ ਬਗਲਾਂ ਵਜਾਣਾ ਸੁਭਾਵਕ ਹੈ। ਪ੍ਰੰਤੂ ਇਸਦੇ ਵਿਰੁਧ ਇਤਿਹਾਸਕਾਰਾਂ ਅਤੇ ਰਾਜਨੀਤੀਕਾਰਾਂ ਦਾ ਕਹਿਣਾ ਹੈ ਕਿ ਇਹ ਗਲ ਕੋਈ ਬਹੁਤ ਖੁਸ਼ੀ ਦੇਣ ਵਾਲੀ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਵੀ ਕੋਈ ਪਾਰਟੀ ਸੱਤਾ ਵਿੱਚ ਹੁੰਦੀ ਜਾਂ ਅਉਂਦੀ ਹੈ ਤਾਂ ਸੱਤਾ-ਲਾਭ ਪ੍ਰਾਪਤ ਕਰਨ ਵਾਲੇ ਮੌਕਾਪ੍ਰਸਤਾਂ ਦਾ ਉਸ ਵਲ ਰੁਝਾਨ ਵੱਧ ਜਾਂਦਾ ਹੈ। ਉਹ ਦਸਦੇ ਹਨ ਕਿ ਜਦੋਂ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਇਹੀ ਮੌਕਾਪ੍ਰਸਤ ਉਸ ਵਲੋਂ ਮੂੰਹ ਮੋੜਨ ਵਿੱਚ ਦੇਰ ਨਹੀਂ ਲਾਂਦੇ। ਉਹ ਇਤਿਹਾਸਕ ਮਿਸਾਲ ਦਿੰਦੇ ਹੋਏ ਦਸਦੇ ਹਨ ਕਿ ਪੰਜਾਬ ਵਿਚੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਰਾਜ ਕਾਇਮ ਹੋਇਆ ਸੀ ਅਤੇ ਉਸਦਾ ਦਿਨ-ਬ-ਦਿਨ ਵਿਸਤਾਰ ਹੁੰਦਾ ਜਾ ਰਿਹਾ ਸੀ, ਤਾਂ ਉਸ ਸਮੇਂ ਲੋਕਾਂ ਵਿੱਚ ਸਿੱਖੀ ਸਰੂਪ ਧਾਰਣ ਕਰ ਸਿੱਖ ਬਣਨ ਦੀ ਹੋੜ ਲਗ ਗਈ ਸੀ। ਜਿਸਦਾ ਨਤੀਜਾ ਇਹ ਹੋਇਆ ਕਿ ਖਾਲਸਾ ਰਾਜ ਵਿੱਚ ਸਿੱਖਾਂ ਦੀ ਗਿਣਤੀ ਦਿਨਾਂ ਵਿੱਚ ਹੀ ਲੱਖਾਂ ਦੇ ਅੰਕੜੇ ਨੂੰ ਪਾਰ ਕਰ ਗਈ। ਇਨ੍ਹਾਂ ਮੌਕਾਪ੍ਰਸਤਾਂ ਵਿੱਚ ਉਹ ਡੋਗਰੇ ਵੀ ਸਨ, ਜਿਨ੍ਹਾਂ ਨੇ ਸਿੱਖੀ ਸਰੂਪ ਧਾਰਣ ਕਰ ਮਹਾਰਾਜੇ ਦਾ ਵਿਸ਼ਵਾਸ ਜਿਤਿਆ 'ਤੇ ਉੱਚ ਜ਼ਿਮੇਂਦਾਰ ਅਹੁਦਿਆਂ ਪੁਰ ਕਾਬਜ਼ ਹੋ ਗਏ। ਜਦੋਂ ਮਹਾਰਾਜੇ ਨੇ ਅੱਖਾਂ ਮੀਟੀਆਂ, ਸਭ ਤੋਂ ਪਹਿਲਾਂ ਇਹੀ ਡੋਗਰੇ ਅਸਲੀ ਰੂਪ ਵਿੱਚ ਆਏ ਤੇ ਇਨ੍ਹਾਂ ਨੇ ਅੰਗਰੇਜ਼ਾਂ ਨਾਲ ਗੰਢ-ਤਰੁਪ ਕਰ ਨਾ ਕੇਵਲ ਸਿੱਖ ਰਾਜ ਦਾ ਸੂਰਜ ਹੀ ਡੋਬਿਆ, ਸਗੋਂ ਗਦਾਰੀ ਦੇ ਮੁਲ ਵਜੋਂ ਸਮੁਚਾ ਕਸ਼ਮੀਰ ਵੀ ਹਥਿਆ ਲਿਆ। ਹੋਰ ਤਾਂ ਹੋਰ ਇਨ੍ਹਾਂ ਡੋਗਰਿਆਂ ਤੋਂ ਇਲਾਵਾ ਉਹ ਮੌਕਾਪ੍ਰਸਤ ਵੀ ਸਿੱਖੀ ਸਰੂਪ ਤਿਆਗ ਅਸਲੀ ਰੰਗ ਵਿੱਚ ਆ ਗਏ। ਅਸਲੀ ਸਿੱਖਾਂ ਦੀ ਗਿਣਤੀ ਲਖਾਂ ਤੋਂ ਹੇਠਾਂ ਆ ਮਾਤ੍ਰ ਪੰਜਾਹ ਹਜ਼ਾਰ ਦੇ ਲਗਭਗ ਹੀ ਰਹਿ ਗਈ। ਇਸੇ ਅਧਾਰ ਤੇ ਉਨ੍ਹਾਂ ਨੇ ਭਵਿਖ ਬਾਣੀ ਕਰਦਿਆਂ ਕਿਹਾ ਕਿ ਜੇ ਸਮਾਂ ਬੀਤਣ ਨਾਲ ਭਾਜਪਾ ਨਾਲ ਵੀ ਇਹੀ ਕੁਝ ਹੋਵੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।


ਕਸ਼ਮੀਰੀਆਂ ਵਿਰੁਧ ਨਫਰਤ ਨਾ ਫੈਲਾਓ: ਇਨ੍ਹਾਂ ਹੀ ਦਿਨਾਂ ਵਿੱਚ ਇੱਕ ਬੁਧੀਜੀਵੀ ਸ਼ਿਵ ਪ੍ਰਸਾਦ ਜੋਸ਼ੀ ਨੇ ਆਪਣੇ ਤਾਜ਼ਾ ਕਾਲਮ ਵਿੱਚ ਲਿਖਿਆ ਹੈ ਕਿ ਇਸ ਸਮੇਂ ਕਸ਼ਮੀਰੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੇ ਦਿਲੋ-ਦਿਮਾਗ ਵਿਚੋਂ ਡਰ ਕਢਣਾ ਅਤੇ ਉਸਦੀ ਥਾਂ ਉਸ ਵਿੱਚ ਭਰੋਸਾ ਪੈਦਾ ਕਰਨਾ ਕੇਵਲ ਪੁਲਿਸ ਅਤੇ ਆਰਪੀਐਫ ਦੀ ਹੀ ਜ਼ਿਮੇਂਦਾਰੀ ਨਹੀਂ, ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦੇ ਨਾਲ ਹੀ ਸਮਾਜਸੇਵੀ ਸੰਸਥਾਵਾਂ ਅਤੇ ਸ਼ਹਿਰਾਂ ਦੇ ਪ੍ਰਮੁਖ ਸਜਣਾਂ ਨੂੰ ਵੀ ਇਹ ਜ਼ਿਮੇਂਦਾਰੀ ਨਿਭਾਉਣ ਲਈ ਅਗੇ ਆਉਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਸ਼ੋਸ਼ਲ ਮੀਡੀਆ ਪੁਰ ਵੀ ਸ਼ਾਂਤੀ ਅਤੇ ਸਦਭਾਵਨਾ ਵਧਾਣ ਵਾਲਾ ਮਾਹੋਲ਼ ਸਿਰਜਨ ਵਿੱਚ ਮਦਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕਿ ਰਾਜਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਆਪਣੀ ਲੜਾਈ ਰਾਜਸੀ ਢੰਗ ਨਾਲ ਹੀ ਲੜ ਕੇ ਜਿੱਤ ਸਕਦੇ ਹਨ। ਉਕਸਾਹਟ ਅਤੇ ਨਫਰਤ ਭਰਿਆ ਜੋਸ਼ ਪੈਦਾ ਕਰਕੇ ਆਪਣੀ ਲੜਾਈ ਨਹੀਂ ਜਿੱਤ ਸਕਦੇ। ਉਨ੍ਹਾਂ ਕਿਹਾ ਕਿ ਮੁਹੱਲਾ ਕਮੇਟੀਆਂ, ਹਾਉਸਿੰਗ ਸੋਸਾਇਟੀਆਂ ਅਤੇ ਕਿਰਾਏ ਤੇ ਕਮਰਾ ਦੇਣ ਵਾਲੇ ਮਕਾਨ ਮਾਲਕਾਂ ਨੂੰ ਵੀ ਸਦਭਾਵਨਾ ਬਣਾਈ ਰਖਣੇ ਦੇ ਲਈ ਆਪਣੀ ਗਲ ਨਿਡਰਤਾ ਨਾਲ ਸਾਹਮਣੇ ਰਖਣੀ ਚਾਹੀਦੀ ਹੈ। ਕਿਸੇ ਵੀ ਘਟਨਾ ਦੀ ਪ੍ਰਮਣਿਕਤਾ ਜਾਂਚੇ ਬਿਨਾਂ, ਉਸ ਪੁਰ ਆਪਣੀ ਪ੍ਰਤੀਕਿਰਿਆ ਦੇਣ ਤੋਂ ਸੰਜਮ ਵਰਤਿਆ ਜਾਣਾ ਚਾਹੀਦਾ ਹੈ। ਅੱਜਕਲ ਸਿਖਿਆ ਅਤੇ ਰੋਜ਼ਗਾਰ ਲਈ ਇੱਕ ਤੋਂ ਦੂਸਰੇ ਰਾਜ ਵਿੱਚ ਪਲਾਇਨ ਕੀਤਾ ਜਾਣਾ ਸੁਭਾਵਕ ਹੈ। ਇਨ੍ਹਾਂ ਹਾਲਾਤ ਵਿੱਚ ਜੇ ਇੱਕ-ਦੂਜੇ ਪ੍ਰਤੀ ਬੇ-ਰੁਖੀ ਬਣੀ ਰਹੀ ਤਾਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਆਉਣਾ-ਜਾਣਾ ਅਤੇ ਇੱਕ-ਦੂਜੇ ਦੇ ਗੁਆਂਢੀ ਬਣ ਕੇ ਰਹਿਣਾ ਵੀ ਮੁਸੀਬਤ ਬਣ ਜਾਇਗਾ। ਸ਼ਕ, ਅਵਿਸ਼ਵਾਸ, ਨਫਰਤ ਅਤੇ ਹਿੰਸਾ ਅਜਿਹੇ ਹੀ ਨਾਜ਼ੁਕ ਮੌਕਿਆਂ ਪੁਰ ਪਨਪਦੇ ਹਨ। ਇਸ ਕਰਕੇ ਇਹ ਧਿਆਨ ਰਖਣਾ ਬਹੁਤ ਜ਼ਰੂਰੀ ਹੈ ਕਿ ਆਪਸੀ ਪਿਆਰ, ਭਰੋਸਾ, ਇੱਕਜੁਟਤਾ ਅਤੇ ਭਾਈਚਾਰਾ ਵੀ ਅਜਿਹੇ ਮੌਕਿਆ ਪੁਰ ਹੀ ਬਣੇ ਰਹਿੰਦੇ ਹਨ। 


ਬੀਐਸਐਨਐਲ ਹਜ਼ਾਰਾਂ ਬੰਦਿਆਂ ਦੀ ਛੁਟੀ ਕਰਨ ਦੇ ਮੂਡ ਵਿੱਚ : ਬੀਐਐਨਐਲ ਦੇ ਚੇਅਰਮੈਨ ਪ੍ਰਵੀਨ ਕੁਮਾਰ ਪੁਰਵਾਰ ਨੇ ਆਪਣੇ ਇੱਕ ਬਿਆਨ ਵਿੱਚ ਦਸਿਆ ਕਿ ਬੀਐਸਐਨਐਲ ਆਪਣੇ ਖਰਚ ਵਿੱਚ ਕਟੌਤੀ ਕਰਨ ਲਈ ਅੱਧੇ, ਲਗਭਗ 70 ਤੋਂ 80 ਹਜ਼ਾਰ ਤਕ, ਕਰਮਚਾਰੀਆਂ ਨੂੰ ਦਿਲਖਿਚਵੇਂ ਪੈਕਜ ਦੀ ਪੇਸ਼ਕਸ਼ ਕਰ, ਵੀਆਰਐਸ ਦੇ ਕੇ ਰਿਟਾਇਰ ਕਰਨ ਦੇ ਮੁੱਦੇ ਪੁਰ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਦਸਿਆ ਜਾਂਦਾ ਹੈ ਕਿ ਘਾਟੇ ਵਿੱਚ ਚਲ ਰਹੀ ਸਰਕਾਰੀ ਟੈਲਕਾਮ ਕੰਪਨੀ, ਬੀਐਸਐਨਐਲ ਜਿਥੇ ਇੱਕ ਪਾਸੇ ਆਪਣੀਆਂ ਜ਼ਮੀਨਾਂ ਕਿਰਾਏ ਪੁਰ ਦੇ ਕੇ ਪੈਸਾ ਜੁਟਾ ਰਹੀ ਹੈ, ਉਥੇ ਹੀ ਉਹ ਦੂਸਰੇ ਪਾਸੇ ਆਪਣੇ ਖਰਚ ਵਿੱਚ ਕਟੌਤੀ ਕਰਨ ਲਈ ਆਪਣੇ ਕਰਮਚਾਰੀਆਂ ਨੂੰ ਵੀਆਰਐਸ ਦੀ ਪੇਸ਼ਕਸ਼ ਕਰ ਰਿਟਾਇਰ ਕਰਨ ਦਾ ਮਨ ਵੀ ਲਗਭਗ ਬਣਾ ਚੁਕੀ ਹੈ। ਇਤਨੇ ਕਰਮਚਾਰੀਆਂ ਨੂੰ ਰਿਟਾਇਰ ਕਰ ਦਿੱਤੇ ਜਾਣ ਤੋਂ ਬਾਅਦ ਕੰਪਨੀ ਦਾ ਕੰਮ ਕਿਵੇਂ ਚਲੇਗਾ? ਇਸ ਸੁਆਲ ਦਾ ਜਵਾਬ ਦਿੰਦਿਆਂ ਸ਼੍ਰੀ ਪੁਰਵਾਰ ਨੇ ਦਸਿਆ ਕਿ ਠੇਕੇ ਪੁਰ ਮੁਲਾਜ਼ਮ ਦਾ ਪਰਬੰਧ ਕਰਕੇ ਇਸ ਘਾਟੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਜੇ 70-80 ਹਜ਼ਾਰ ਕਰਮਚਾਰੀ ਰਿਟਾਇਰ ਹੋ ਵੀ ਜਾਂਦੇ ਹਨ ਤਾਂ ਵੀ ਕੰਪਨੀ ਪਾਸ ਇੱਕ ਲੱਖ ਦੇ ਕਰੀਬ ਕਰਮਚਾਰੀ ਬਚ ਰਹਿੰਦੇ ਹਨ।


ਆਰਥਕ ਸੰਕਟ ਦਾ ਸਾਹਮਣਾ :  ਸ਼੍ਰੀ ਪੁਰਵਾਰ ਨੇ ਦਸਿਆ ਕਿ ਦੂਜੀਆਂ ਟੈਲੀਕਾਮ ਕੰਪਨੀਆਂ ਵਾਂਗ ਹੀ ਬੀਐਸਐਨਐਲ ਨੂੰ ਵੀ ਆਰਥਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਪਣੀਆਂ ਪ੍ਰਾਥਮਿਕਤਾਵਾਂ ਦਾ ਜ਼ਿਕਰ ਕਰਦਿਆਂ ਦਸਿਆ ਕਿ ਰੈਵੇਨਿਯੂ ਦਾ ਪ੍ਰਬੰਧ ਕਰਨਾ ਸਾਡੀ ਪਹਿਲੀ ਲੋੜ ਹੈ, ਆਪ੍ਰੇਸ਼ਨਲ ਖਰਚ ਨੂੰ ਪੂਰਿਆਂ ਕਰਨ ਦਾ ਪ੍ਰਬੰਧ ਕਰਨਾ ਸਾਡੇ ਲਈ ਦੂਸਰੇ ਨੰਬਰ ਤੇ ਹੈ। ਉਨ੍ਹਾਂ ਦਸਿਆ ਕਿ ਕਈ ਖਰਚੇ ਅਜਿਹੇ ਹਨ, ਜਿਨ੍ਹਾਂ ਪੁਰ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਕੁਝ ਪੁਰ ਪਹਿਲ ਕਰਕੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਊਰਜਾ ਪੁਰ ਤਕਰੀਬਨ 2700 ਕਰੋੜ ਰੁਪਏ ਦਾ ਖਰਚ ਆਉਂਦਾ ਹੈ। ਜਿਸਨੂੰ ਕੰਟਰੋਲ ਕਰਨ ਲਈ ਊਰਜਾ ਦੀ ਖਪਤ ਵਿੱਚ 15 ਪ੍ਰਤੀਸ਼ਤ ਤਕ ਦੀ ਕਟੌਤੀ ਕਰਨ ਦੀ ਕੌਸ਼ਿਸ਼ ਕੀਤੀ ਜਾਇਗੀ।

...ਅਤੇ ਅੰਤ ਵਿੱਚ : 500 ਦੇ ਲਗਭਗ ਮਾਪਿਆਂ ਪੁਰ ਕੀਤੇ ਗਏ ਸਰਵੇ ਤੋਂ ਇਹ ਗਲ ਉਭਰ ਕੇ ਸਾਹਮਣੇ ਆਈ ਹੈ ਕਿ ਕਈ ਮਾਤਾ-ਪਿਤਾ ਆਪਣੇ ਬਚਿਆਂ ਨੂੰ ਰਿਸ਼ਵਤ ਦੇ ਰੂਪ ਵਿੱਚ ਪੈਸੇ ਦੇ ਰਹੇ ਹਨ ਤਾਂ ਜੋ ਉਹ ਸਮਾਰਟ ਫੋਨਾਂ ਅਤੇ ਟੈਬਲੇਟਾਂ ਵਲ ਬਹੁਤਾ ਨਾ ਝਾਂਕਣ। ਲਗਭਗ ਇੱਕ ਚੁਥਾਈ ਮਾਤਾ-ਪਿਤਾ ਅਪਣੇ ਬਚਿਆਂ ਨੂੰ ਸਕ੍ਰੀਨ ਟਾਈਮ ਘਟ ਅਤੇ ਫੋਨ ਛੱਡ ਕੇ ਜਲਦੀ ਸੌਂ ਜਾਣ ਲਈ ਵੀ ਰਿਸ਼ਵਤ ਵਜੋਂ ਪੈਸੇ ਦੇ ਰਹੇ ਹਨ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਅੱਜਕਲ ਬੱਚੇ ਕਈ-ਕਈ ਘੰਟੇ ਸਮਾਰਟ ਫੋਨ ਅਤੇ ਟੈਬਲੇਟ ਦੇਖਣ ਵਿੱਚ ਬਿਤਾ ਰਹੇ ਹਨ। ਕਈ ਮਾਤਾ-ਪਿਤਾ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਬਚਿਆਂ ਲਈ ਸਕ੍ਰੀਨ ਟਾਈਮ ਘਟ ਕਰਨਾ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ। 12 ਤੋਂ 15 ਵਰ੍ਹਿਆਂ ਦੇ ਕਈ ਬੱਚੇ ਵੀ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਆਖਿਰ ਉਹ ਆਪਣੀ ਇਸ ਆਦਤ ਤੋਂ ਕਿਵੇਂ ਛੁਟਕਾਰਾ ਹਾਸਲ ਕਰਨ। ਉਨ੍ਹਾਂ ਨੂੰ ਤਾਂ ਇਉਂ ਜਾਪਣ ਲਗਾ ਹੈ ਕਿ ਜਿਵੇਂ ਕਿ ਇਹ ਆਦਤ ਉਨ੍ਹਾਂ ਦੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣ ਗਈ ਹੋਈ ਹੈ।000
Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085