ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

28 Aug. 2018

ਸਿੱਧੂ ਦੀ ਜਨਰਲ ਬਾਜਵਾ ਨੂੰ ਪਾਈ ਜੱਫੀ ਤੋਂ ਕੈਪਟਨ ਅਮਰਿੰਦਰ ਸਿੰਘ ਵੀ ਨਾਰਾਜ਼- ਇਕ ਖ਼ਬਰ
ਜੱਫੀ ਸ਼ਾਨ ਹੈ ਸਾਡੀ ਪੰਜਾਬੀਆਂ ਦੀ, ਕਿਉਂ ਬਾਤ ਦਾ ਬਤੰਬੜ ਬਣਾਂਵਦੇ ਹੋ।

ਲੋਕਾਂ ਦੀ ਉਮੀਦ ਟੁੱਟੀ,ਪੈਟਰੌਲ ਤੇ ਡੀਜ਼ਲ ਜੀ.ਐੱਸ.ਟੀ. ਦੇ ਘੇਰੇ 'ਚ ਨਹੀਂ ਆਉਣਗੇ-ਇਕ ਖ਼ਬਰ
ਭੈਣ ਬਖਤੌਰੇ ਦੀ, ਲੰਡੇ ਊਠ ਨੂੰ ਸ਼ਰਾਬ ਪਿਲ਼ਾਵੇ।

ਬਾਜਵਾ ਨਾਲ਼ ਜੱਫੀ ਦੇ ਮਾਮਲੇ 'ਤੇ ਸਿੱਧੂ ਨੇ ਆਲੋਚਕਾਂ ਨੂੰ ਠੋਕਵੇ ਜਵਾਬ ਦਿੱਤੇ-ਇਕ ਖ਼ਬਰ
ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।

ਪੰਜਾਬ ਸਰਕਾਰ ਨਸ਼ਿਆਂ ਦਾ ਖ਼ਾਤਮਾ ਕਰਨ 'ਚ ਫੇਲ੍ਹ- ਵਿਧਾਇਕ ਡਾ.ਗਾਂਧੀ
ਜੱਗ ਭਾਵੇਂ ਨਿੰਦਿਆ ਕਰੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।

ਮਾੜੇ ਖ਼ਰੀਦ ਕਾਰਨਾਂ ਕਰ ਕੇ ਕਿਸਾਨਾਂ ਦਾ ਮੱਕੀ ਤੋਂ ਮੋਹ ਭੰਗ- ਇਕ ਖ਼ਬਰ
ਪੰਜਾਬ ਸਿਆਂ ਜੋ ਮਰਜ਼ੀ ਬੀਜ ਲੈ, ਧੋਤੀਆਂ ਵਾਲ਼ਿਆਂ ਤੇਰੀਆਂ ਘੀਸੀਆਂ ਕਰਾਉਣੀਆਂ।

ਛਾਪਿਆਂ ਤੋਂ ਬਾਅਦ ਦੋਧੀ ਕਾਰਾਂ ਅਤੇ ਯੂ.ਐੱਸ.ਵੀ.ਰਾਹੀਂ ਦੁੱਧ ਢੋਣ ਲੱਗੇ-ਇਕ ਖ਼ਬਰ
ਯਾਨੀ ਕਿ ਕੁੱਤੇ ਦੀ ਪੂਛ ਸਿੱਧੀ ਨਹੀਂ ਹੋਵੇਗੀ।

ਹਰਿਆਣਾ ਸਮੇਤ ਕਈ ਰਾਜਾਂ ਦੇ ਰਾਜਪਾਲ ਬਦਲੇ- ਇਕ ਖ਼ਬਰ
ਵਿਚਾਰੇ ਚੱਕਵੇਂ ਚੁੱਲ੍ਹੇ ਨੇ, ਮੀਂਹ ਪਏ 'ਤੇ ਅੰਦਰ ਨਹੀਂ ਤਾਂ ਬਾਹਰ।

ਨਾਰਾਜ਼ ਵਿਧਾਇਕਾਂ ਦੇ ਗ਼ਿਲੇ-ਸ਼ਿਕਵੇ ਦੂਰ ਕਰਾਂਗਾ- ਕੇਜਰੀਵਾਲ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

ਨੋਟਬੰਦੀ ਤੇ ਜੀ.ਐੱਸ.ਟੀ. ਨਾਲ ਛੋਟੇ ਉਦਯੋਗਾਂ ਨੂੰ ਲੱਗੀ ਸੱਟ- ਆਰ.ਬੀ.ਆਈ.
ਬਹੁਤਿਆਂ ਭਰਾਵਾਂ ਵਾਲ਼ੀਏ, ਗੱਡਾ ਆ ਗਿਆ ਸੰਦੂਕੋਂ ਖ਼ਾਲੀ।

ਸਿਹਤ ਮੰਤਰੀ ਵਲੋਂ ਖਾਧ-ਪਦਾਰਥਾਂ 'ਚ ਮਿਲਾਵਟ ਕਰਨ ਵਾਲ਼ਿਆਂ ਨੂੰ ਤਾੜਨਾ- ਇਕ ਖ਼ਬਰ
ਰਿਸ਼ਵਤਾਂ ਲੈ ਕੇ ਸਭ ਕੁਝ ਪਾਸ ਕਰੀ ਜਾਣ ਵਾਲਿਆਂ ਬਾਰੇ ਕੀ ਖ਼ਿਆਲ ਐ ਮੰਤਰੀ ਜੀ?

ਬਾਬੇ ਨਾਨਕ ਦੇ ਅਵਤਾਰ ਦਿਹਾੜੇ ਸਾਰਾ ਖ਼ਾਲਸਾ ਪੰਥ ਇਕੱਠਾ ਹੋਵੇ- ਗਿਆਨੀ ਗੁਰਬਚਨ ਸਿੰਘ
ਗਿਆਨੀ ਜੀ, ਬਾਦਲਾਂ ਨੂੰ ਪੁੱਛ ਲਿਐ ਖ਼ਾਲਸਾ ਪੰਥ ਇਕੱਠਾ ਕਰਨ ਲਈ?

ਖ਼ਾਲਿਸਤਾਨ ਦਾ ਮੁੱਦਾ: ਯੂ.ਕੇ. ਨਾ ਹੱਕ 'ਚ ਨਾ ਵਿਰੋਧ'ਚ- ਇਕ ਖ਼ਬਰ
ਯਾਨੀ ਕਿ ਮੋਰ ਬੋਲਦਾ ਵੀ ਐ ਤੇ ਨਹੀਂ ਵੀ ਬੋਲਦਾ।

ਪੰਜਾਬ ਵਿਚ ਕਾਂਗਰਸ ਨਾਲ਼ ਗੱਠਜੋੜ ਨਹੀਂ ਕਰੇਗੀ 'ਆਪ'- ਕੇਜਰੀਵਾਲ
ਤੇਰੀ ਮੇਰੀ ਨਹੀਂ ਨਿਭਣੀ, ਤੂੰ ਤੇਲਣ ਮੈਂ ਸੁਨਿਆਰਾ।

ਪੰਜਾਬ 'ਚ ਫਾਡੀ ਰਹਿਣ ਵਾਲ਼ਾ ਸੁਖਬੀਰ ਹੁਣ ਹਰਿਆਣੇ 'ਚ ਗੱਪਾਂ ਮਾਰਨ ਲੱਗਾ- ਧਰਮਸੋਤ
25 ਪੰਜਾਬ ਵਾਲ਼ਾ ਤੇ 25 ਹਰਿਆਣੇ ਵਾਲ਼ਾ, 50 ਸਾਲ ਰਾਜ ਕਰੂ ਬਈ ਪੰਜਾਬ ਦਾ ਛ੍ਹੋਰਾ।