ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

10 September 2019

ਸਿੱਖ ਕੌਮ ਨਾ ਹੁੰਦੀ ਤਾਂ ਭਾਰਤ ਦਾ ਸਭਿਆਚਾਰ ਸੁਰੱਖਿਅਤ ਨਾ ਹੁੰਦਾ- ਰਾਜਨਾਥ ਸਿੰਘ
ਸਉਣ ਮਹੀਨੇ ਲੁੱਟਦੇ ਬਾਣੀਏ, ਨਵੀਆਂ ਹੱਟੀਆਂ ਪਾ ਕੇ।


ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਬਾਦਲ ਪਰਵਾਰ ਜ਼ਿੰਮੇਵਾਰ- ਰਾਜ ਕੁਮਾਰ ਵੇਰਕਾ
ਨੀਂ ਛੜੇ ਅੱਜ ਭਜਨ ਕੁਰੇ, ਹੋ ਕੇ ਸ਼ਰਾਬੀ ਬੁੱਕਦੇ।


ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਇਕੱਲਿਆਂ ਹੀ ਚੋਣਾਂ ਲੜਨ ਦੇ ਸੰਕੇਤ ਦਿਤੇ-ਇਕ ਖ਼ਬਰ
ਘੜਾ ਚੁੱਕ ਲਊਂ ਪੱਟਾਂ 'ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।


ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਵਲੋਂ ਖ਼ਾਰਜ-ਇਕ ਖ਼ਬਰ
ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ।


ਟਰੰਪ ਨੇ ਰੱਦ ਕੀਤੀ ਤਾਲਿਬਾਨ ਨਾਲ਼ ਸ਼ਾਂਤੀ ਵਾਰਤਾ- ਇਕ ਖ਼ਬਰ
ਨਹੀਂ ਨਿਭਣੀ ਦਿਲਦਾਰਾ, ਕਰ ਲੈ ਮੋੜ ਮੁੜਾਈਆਂ।


ਕਿਧਰ ਜਾਣ ਕਾਮੇ: ਆਰਥਕ ਮੰਦੀ ਨੇ ਚਾਹ ਵੇਚਣ ਲਾਏ ਫੋਰਮੈਨ- ਇਕ ਖ਼ਬਰ
ਹੌਸਲਾ ਨਾ ਛੱਡਣ, ਕੀ ਪਤਾ ਕੱਲ੍ਹ ਕਲੋਤਰ ਨੂੰ ਪ੍ਰਧਾਨ ਮੰਤਰੀ ਹੀ ਬਣ ਜਾਣ।


ਮੰਦੀ ਬਾਰੇ ਸਰਕਾਰ ਦੀ ਖ਼ਾਮੋਸ਼ੀ ਖ਼ਤਰਨਾਕ- ਪ੍ਰਿਅੰਕਾ ਗਾਂਧੀ
ਕੁਝ ਬੋਲ ਵੇ ਦਿਲਾਂ ਦ ਘੁੰਡੀ ਖੋਲ੍ਹ ਵੇ ਕਿ ਅੱਧੀ ਰਾਤੋਂ ਰਾਤ ਟੱਪ ਗਈ।


ਭਾਰਤ ਆਤਮ ਰੱਖਿਆ ਲਈ ਬਲ ਦਾ ਪ੍ਰਯੋਗ ਕਰਨ ਤੋਂ ਗੁਰੇਜ਼ ਨਹੀਂ ਕਰੇਗਾ- ਰਾਜਨਾਥ ਸਿੰਘ
ਬੰਤੋ ਨਾਰ ਬਦਲੇ, ਜੱਗੇ ਜੱਟ ਦੀ ਗੰਡਾਸੀ ਖੜਕੇ।


ਬ੍ਰੈਗਜ਼ਿੱਟ ਮੁੱਦਾ: ਬਰਤਾਨਵੀ ਪ੍ਰਧਾਨ ਮੰਤਰੀ ਨੂੰ ਸੰਸਦ ਵਿਚ ਦੂਜਾ ਝਟਕਾ-ਇਕ ਖ਼ਬਰ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।


ਤਿਹਾੜ ਜੇਲ੍ਹ 'ਚ ਹਲਕੇ ਨਾਸ਼ਤੇ ਨਾਲ ਚਿਦੰਬਰਮ ਨੇ ਕੀਤੀ ਦਿਨ ਦੀ ਸ਼ੁਰੂਆਤ- ਇਕ ਖ਼ਬਰ
ਨਰਮ ਸਰੀਰਾਂ ਨੂੰ, ਪੈ ਗਏ ਮਾਮਲੇ ਭਾਰੀ।


ਅਲਕਾ ਲਾਂਬਾ ਮੁੜ ਕਾਂਗਰਸ ਦੀ ਝੋਲ਼ੀ 'ਚ ਪਹੁੰਚ ਗਈ - ਇਕ ਖ਼ਬਰ
ਰੋਹੀ ਵਾਲ਼ੀ ਜੰਡ ਵੱਢ ਕੇ, ਮੈਨੂੰ 'ਕੱਲੀ ਨੂੰ ਚੁਬਾਰਾ ਪਾ ਦੇ।


ਅਰਥਚਾਰੇ ਨੂੰ ਤਬਾਹ ਕਰ ਕੇ ਚੁੱਪ ਬੈਠੀ ਹੈ ਸਰਕਾਰ- ਪ੍ਰਿਯੰਕਾ ਗਾਂਧੀ
ਭਿੱਜ ਗਈਆਂ ਨਣਾਨੇ ਪੂਣੀਆਂ, ਰੰਗਲੇ ਭਿੱਜ ਗਏ ਚਰਖ਼ੇ।


ਸੁਨੀਲ ਜਾਖੜ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ- ਸੋਨੀਆ ਗਾਂਧੀ
ਭਗਤੇ ਨੂੰ ਖੰਡ ਪਾ ਦਿਓ, ਐਰ ਗ਼ੈਰ ਨੂੰ ਸ਼ੱਕਰ ਦਾ ਦਾਣਾ।


ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸਬੰਧੀ ਜਾਂਚ ਸਬ-ਕਮੇਟੀ ਦੀ ਇਕੱਤ੍ਰਤਾ ਭਲਕੇ-ਇਕ ਖ਼ਬਰ
ਉਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।


ਗਊ ਮੂਤਰ ਨਾਲ਼ ਬਣੀਆਂ ਦਵਾਈਆਂ ਨਾਲ਼ ਬੁੱਧੀਮਾਨ ਬੱਚੇ ਪੈਦਾ ਹੋਣਗੇ- ਭਾਜਪਾ ਨੇਤਾ
ਬੱਕਰੀ ਨੂੰ ਊਠ ਜੰਮਿਆਂ, ਸਹੁੰ ਰੱਬ ਦੀ ਝੂਠ ਨਾ ਬੋਲਾਂ।


ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਬਾਣੀ ਦੇ ਗੁਟਕਿਆਂ ਤੇ ਵਪਾਰਕ ਇਸ਼ਤਿਹਾਰ ਛਾਪ ਕੇ ਕੀਤੀ ਨਿਰਾਦਰੀ-ਇਕ ਖ਼ਬਰ
ਵਪਾਰੀਆਂ ਹੱਥ ਗੁਰਦੁਆਰੇ, ਜਿਹਨੀਂ ਸਾਰੇ ਅਸੂਲ ਵਿਸਾਰੇ।