ਮੇਰਾ ਡਾਇਰੀਨਾਮਾ : ਪੰਜਾਬ ਸਿੰਆ੍ਹਂ ਕੀ ਹੋ ਗਿਐ ਤੈਨੂੰ...? - ਨਿੰਦਰ ਘੁਗਿਆਣਵੀ

ਪਿੱਛੇ ਜਿਹੇ ਪੰਜਾਬ ਤੋਂ ਬਾਹਰ ਸਾਂ ਸਾਊਥ ਵੱਲ। ਇਕ ਦਾਨਿਸ਼ਵਰ ਨੇ ਸਹਿਜ ਸੁਭਾਅ ਹੀ ਪੁੱਛਿਆ ਕਿ ਪੰਜਾਬ ਕਾ ਕਿਆ ਹਾਲ ਹੈ ਭਾਈ? ਕੀ ਦੱਸਾਂ, ਇੱਕੋ ਹੀ ਘਟਨਾ ਬਹੁਤ ਹੈ, ਅੰਦਾਜ਼ਾ ਤੁਸੀਂ ਆਪੇ ਲਗਾ ਲੈਣਾ। ਇਹ ਆਖ ਕੇ ਮੈਂ ਉਸਨੂੰ ਘਟਨਾ ਸੁਣਾਈ। ਘਟਨਾ ਸੁਣ ਕੇ ਉਸਦੀਆਂ ਅੱਖਾਂ ਨਮ ਹੋ ਗਈਆਂ। ਘਟਨਾ ਇਉਂ ਸੀ: ਮੁਕਤਸਰ ਜਿਲੇ ਦੇ ਇੱਕ ਪਿੰਡ ਵਿਚ ਇਕ ਆਮ ਕਿਰਸਾਨ ਦਾ ਮੁੰਡਾ ਚਿੱਟਾ (ਸਮੈਕ) ਲੈਣ ਲਗ ਗਿਆ। ਜ਼ਮੀਨ ਵੀ ਥੋੜ੍ਹੀ। ਥੁੜਾਂ ਤੇ ਕਰਜ਼ੇ ਮਾਰੇ ਪਿਓ ਨੇ ਮੁੰਡੇ ਨੂੰ ਸਿੱਧੇ ਰਾਹੇ ਪਾਉਣ ਲਈ ਬੜੇ ਯਤਨ ਕੀਤੇ ਪਰ ਸਿੱਟਾ ਇਹ ਨਿਕਲਿਆਂ ਕਿ ਮੁੰਡੇ ਨੇ ਆਪਣਾ ਪਿਓ ਵੀ ਚਿੱਟੇ ਉਤੇ ਲਗਾ ਲਿਆ। ਦੋਵੇਂ ਪਿਓ ਪੁੱਤ ਚਿੱਟੇ ਨੇ ਨਚੋੜ ਲਏ। ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ ਕਾਰਨ ਜ਼ਮੀਨ ਵੇਚਣ ਲੱਗੇ ਤਾਂ ਨੂੰਹ ਤੇ ਸੱਸ ਨੇ ਏਕਤਾ ਕਰ ਲਈ ਤੇ ਕੋਰਟ ਵਿਚੋਂ ਜਾ ਕੇ ਸਟੇਅ ਲੈ ਲਿਆ। ਗੁੱਸੇ ਵਿਚ ਆਏ ਪਿਓ ਪੁੱਤਾਂ ਨੇ ਦੋਵੇਂ ਜਨਾਨੀਆਂ ਮਾਰਨੀਆਂ ਚਾਹੀਆਂ। ਕਿਵੇਂ ਨਾ ਕਿਵੇਂ ਮਾਂ ਤਾਂ ਬਚ ਗਈ ਪਰ ਮੁੰਡੇ ਨੇ ਵਿਹੜੇ ਵਿਚ ਬੈਠੀ ਕੱਪੜੇ ਧੋ ਰਹੀ ਪਤਨੀ ਦੇ ਸਿਰ ਵਿਚ ਕਹੀ ਮਾਰ ਉਸਨੂੰ ਮੁਕਾ ਦਿੱਤਾ। ਪਿਓ ਪੁੱਤ ਜੇਲ ਵਿਚ ਹਨ ਤੇ ਘਰ ਵਿਚ ਦੁੱਖਾਂ ਮਾਰੀ ਇਕੱਲੀ ਔਰਤ ਰਹਿ ਗਈ ਹੈ। ਉਹ ਕੀ ਕਰੇ? ਜਿਊਂਦੀ ਮਰਿਆਂ ਵਰਗੀ ਹੈ।
ਅਜਿਹੀਆਂ ਘਟਨਾਵਾਂ ਹੁਣ ਪੰਜਾਬ ਵਿਚ ਆਮ ਹੋ ਗਈਆਂ ਨੇ। ਸਵਾਲ ਮੂੰਹ ਅੱਡੀ ਖ਼ਲੋਤਾ ਹੈ ਕਿ ਇਹ ਉਹੀ ਪੰਜਾਬ ਹੈ, ਜਿਸਦੀ ਤਸਵੀਰ ਦੇਖਦਿਆਂ ਹੁਣ ਡਰ ਆਣ ਲੱਗਿਆ ਹੈ। ਮੇਰੇ ਗੁਰੂਆਂ ਪੀਰਾਂ, ਰਿਸ਼ੀਆਂ-ਮੁਨੀਆਂ, ਕਵੀਆਂ-ਕਲਾਕਾਰਾਂ, ਯੋਧਿਆਂ, ਸੂਰਬੀਰਾਂ ਤੇ ਦੇਸ਼ ਭਗਤਾਂ ਦਾ ਪੰਜਾਬ? ਕਿਸ ਨੇ ਸਿਰਜੀ ਹੈ ਲਹੂ ਵਿਚ ਭਿੱਜੀ ਹੋਈ ਅਜਿਹੀ ਤਸਵੀਰ ਮੇਰੇ ਪੰਜਾਬ ਦੀ? ਲਗਦਾ ਹੈ ਕਿ ਪੰਜਾਬ ਦੀ ਤਸਵੀਰ ਨੂੰ ਖੂਨ ਦੇ ਨਾਲ ਨਾਲ ਨਸ਼ਾ ਵੀ ਲੱਗ ਗਿਆ ਹੈ ਚਿੱਟੇ ਦਾ, ਜੋ ਕਦੇ ਇਹਦੇ ਉਤੋਂ ਲੱਥਣਾ ਨਹੀਂ। ਧੁੰਦਲੀ-ਧੁਆਂਖੀ ਤੇ ਉਦਾਸੀ ਮਾਰੀ ਮੇਰੇ ਪੰਜਾਬ ਦੀ ਤਸਵੀਰ ਵੇਖਣ ਵਾਲਿਓ, ਕਿੰਨਾ ਕੁ ਚਿਰ ਵੇਖੀ ਜਾਓਗੇ ਏਸ ਨੂੰ? ਸੋਚੀ ਜਾਓਗੇ ਤੇ ਕੋਸੀ ਜਾਓਗੇ ਆਪਣੇ ਆਪ ਉਤੇ? ਤਸਵੀਰ ਹੱਥਾਂ ਵਿਚ ਹੈ ਮੇਰੇ, ਅਨੇਕਾਂ ਸਵਾਲ ਮਨ ਮਸਤਕ ਵਿਚ ਸ਼ੋਰ ਪਾ ਰਹੇ ਨੇ। ਅਜੀਬ ਅਵਸਥਾ ਹੈ। ਰੰਗਲੇ ਪੰਜਾਬ ਦੀ ਮਹਿਮਾਂ ਗਾਉਣ ਵਾਲੇ ਗਵੱਈਏ ਗੂੰਗੇ ਹੋ ਗਏ ਨੇ ਤੇ ਕਹਿੰਦੇ ਨੇ ਪੰਜਾਬ ਰੰਗਲਾ ਨਹੀਂ, ਸਗੋਂ ਕੰਗਲਾ  ਬਣ ਕੇ ਰਹਿ ਗਿਆ ਹੈ ਤੇ ਸਾਡੇ ਕੋਲੋਂ ਝੂਠੇ ਮੂਠੇ ਗੀਤ ਰਚ ਕੇ ਨਹੀਂ ਗਾਏ ਜਾਣੇ। ਪੰਜਾਬ ਦੀਆਂ ਸਿਫਤਾਂ ਸੁਣਾਉਣ ਤੇ ਗਾਉਣ ਵਾਲਿਆਂ ਦੇ ਮੂੰਹਾਂ ਨੂੰ ਜਿੰਦਰੇ ਵੱਜ ਗਏ ਨੇ। ਆਪਣਾ 'ਡਾਇਰੀ ਨਾਮਾ' ਲਿਖਦਿਆਂ ਕਲੇਜੇ ਧੂਹ ਪੈ ਰਹੀ ਹੈ ਪਰ ਜੇ ਕਰ ਇਹ ਗੱਲਾਂ ਅਸਾਂ ਨਹੀਂ ਕਰਨੀਆਂ ਤਾਂ ਹੋਰ ਕਿਸ ਨੇ ਕਰਨੀਆਂ?
ਕੋਈ ਵੇਲਾ ਹੁੰਦਾ ਸੀ, ਸ਼ਾਮ ਪੈਣ ਵੇਲੇ ਜੇ ਲਾਲ ਹਨੇਰੀ ਚੜ੍ਹਨੀ ਤਾਂ ਬਜੁਰਗਾਂ ਨੇ ਆਖਣਾ ਕਿ ਅੱਜ ਖੈਰ ਸੁਖ ਨਹੀਂ ਹੈ, ਜਰੂਰ ਕਿਸੇ ਨੌਜੁਆਨ ਗੱਭਰੂ ਦਾ ਕਤਲ ਹੋ ਗਿਆ ਹੈ। ਤੇ ਹੁਣ ਬਿਨਾਂ ਲਾਲ ਹਨੇਰੀ ਚੜ੍ਹੇ ਤੋਂ ਹੀ ਚਿੱਟੇ ਦਿਨ ਪੰਜਾਬ ਵਿਚ ਗੁੱਭਰੂਆਂ ਦੇ ਅੰਨੇਵਾਹ ਕਤਲ ਹੋ ਰਹੇ ਨੇ ਤੇ ਲਾਸ਼ਾ ਦੇ ਢੇਰ ਲੱਗ ਰਹੇ ਨੇ। ਕੋਈ ਮਾਂ ਨੂੰ ਵੱਢ ਰਿਹੈ। ਕੋਈ ਪਤਨੀ ਨੂੰ, ਕੋਈ ਪੁੱਤ ਨੂੰ, ਕੋਈ ਧੀ ਨੂੰ ਤੇ ਕੋਈ ਜਾਲਿਮ ਪੁੱਤ ਪਿਓ ਨੂੰ ਟੁਕੜੇ ਟੁਕੜੇ ਕਰ ਰਿਹਾ ਹੈ। ਬੀਤੇ ਦਿਨ ਮੋਗਾ ਦੇ ਪਿੰਡ ਨੱਥੂਵਾਲ ਗਰਬੀ ਵਿਚ ਇਕੋ ਪਰਿਵਾਰ ਦੇ ਜੀਆਂ ਦੇ ਇੱਕਠੇ ਕਤਲ ਨੇ ਪੰਜਾਬੀਆਂ ਦੇ ਸੀਨੇ ਸੱਲ ਦਿੱਤੇ। ਇਸ ਤੋਂ ਪਹਿਲਾਂ ਮਜੀਠਾ ਜਿਲੇ ਵਿਚ ਇਸ਼ਕ ਵਿਚ ਅੰਨੇ ਇੱਕ  ਬੰਦੇ ਨੇ ਘਰ ਦੇ ਸਾਰੇ ਜੀਅ ਨਹਿਰ ਵਿਚ ਰੋੜ੍ਹ ਦਿੱਤੇ। ਬੋਰੀਆਂ ਵਿਚੋ ਲਾਸ਼ਾਂ ਮਿਲੀਆਂ। ਐ ਪੰਜਾਬ, ਕਿਹੋ ਜਿਹੀ ਮਾਨਸਿਕਤਾ ਹੋ ਗਈ ਹੈ ਤੇਰੇ ਪੁੱਤਾਂ ਦੀ?