ਲੋਕ ਸਮੱਸਿਆ ਤੋ ਲਾਪ੍ਰਵਾਹ, ਹੈਂਕੜਵਾਜ ਉਦਯੋਗ ਪ੍ਰਬੰਧਕ ਦਾ ਪ੍ਰਤੀਕਰਮ ਚਿੰਤਾਜਨਕ, ਟਰਾਈਡੈਂਟ ਉਦਯੋਗ ਨੂੰ ਨਹੀ ਕੋਈ ਪ੍ਰਵਾਹ ਅਖਬਾਰੀ ਖਬਰਾਂ ਦੀ

ਗੰਧਲੇ ਸਿਸਟਮ ਵਿੱਚ ਸੱਚਮੁੱਚ ਹੀ ਖਬਰਾਂ ਬੇਅਸਰ, ਲੋਕਾਂ ਦੀ ਲਾਮਬੰਦੀ ਹੀ ਮਸਲੇ ਦਾ ਸਹੀ ਹੱਲ

ਬਰਨਾਲਾ ਤੋਂ ਬਘੇਲ ਸਿੰਘ ਧਾਲੀਵਾਲ
99142-58142

ਪਿਛਲੇ ਦਿਨਾਂ ਚ ਟਰਾਈਡੈਂਟ ਉਦਯੋਗ ਵੱਲੋਂ ਬਰਨਾਲੇ ਦੀ ਸੈਕੜੇ ਏਕੜ ਜਰਖੇਜ਼ ਜਮੀਨ ਹਥਿਆ ਕੇ ਵੀ ਰੋਜਗਾਰ ਵਿੱਚ ਇਲਾਕੇ ਨੂੰ ਸਿਵਾਏ ਮਜਦੂਰੀ ਵਾਲੇ ਕੰਮਾਂ ਤੋ ਹੋਰ ਅਹਿਮ ਨੌਕਰੀਆਂ ਵਿੱਚ ਨਜ਼ਰਅੰਦਾਜ਼ ਕਰਕੇ ਗੈਰ ਇਲਾਕਾਈ ਲੋਕਾਂ ਅਤੇ ਗੈਰ ਪੰਜਾਬੀਆਂ ਨੂੰ ਪਹਿਲ ਦੇਣ ਸਬੰਧੀ, ਸਰਕਾਰ ਦੀ ਮਦਦ ਨਾਲ ਖੰਡ ਮਿੱਲ ਲਾਉਣ ਦਾ ਲਾਰਾ ਲਾਕੇ ਧੋਖੇ ਨਾਲ ਕਿਸਾਨਾਂ ਦੀ ਸੈਕੜੇ ਏਕੜ ਜਮੀਨ ਹੜੱਪਣ ਸਬੰਧੀ, ਉਦਯੋਗਪਤੀ ਵੱਲੋਂ ਅਪਣੀ ਕੇਂਦਰ ਤੱਕ ਪਹੁੰਚ ਦਾ ਪ੍ਰਭਾਵ ਵਰਤ ਕੇ ਨਿਯਮਾਂ ਦੀ ਉਲੰਘਣਾ ਕਰਕੇ ਸੂਬੇ ਦੇ ਯੋਜਨਾਬੋਰਡ  ਦੀ ਉੱਪ ਚੇਅਰਮੈਨੀ ਲੈਣ ਸਬੰਧੀ, ਟਰਾਈਡੈਂਟ ਉਦਯੋਗ ਦੀਆਂ ਅਪਣੇ ਨਿੱਜੀ ਲਾਭ ਲਈ ਸ਼ੁਰੂ ਕੀਤੀਆਂ ਲੋਕ ਮਾਰੂ ਗਤੀਵਿਧੀਆਂ ਅਤੇ ਬਰਨਾਲਾ ਤੇ ਧੌਲਾ ਉਦਯੋਗ ਦੇ ਨਾਲ ਲੱਗਦੇ ਸਰਕਾਰੀ ਥਾਂ ਤੇ ਕੀਤੇ ਨਜਾਇਜ ਕਬਜਿਆਂ ਸਬੰਧੀ ਸੱਚੀਆਂ ਖਬਰਾਂ ਪਰਮੁੱਖਤਾ ਨਾਲ ਲਗਾਤਾਰ ਛਪਦੀਆਂ ਰਹੀਆਂ ਹਨ,ਪਰ ਸਰਕਾਰ ਜਾਂ ਪ੍ਰਸ਼ਾਸ਼ਨ ਨੇ ਫਿਰ ਵੀ ਇਸ ਪਾਸੇ ਉੱਕਾ ਹੀ ਧਿਆਨ ਨਹੀ ਦਿੱਤਾ।ਇਸ ਤੋ ਸਿੱਧ ਹੁੰਦਾ ਹੈ ਕਿ ਹਕੂਮਤਾਂ ਕਦੇ ਵੀ ਆਮ ਲੋਕਾਂ ਦੀ ਜਾਨ ਮਾਲ਼ ਦੀ ਪ੍ਰਵਾਹ ਨਹੀ ਕਰਦੀਆਂ,ਜਦੋ ਕਿ ਸਾਰਾ ਧਿਆਨ ਸਰਮਾਏਦਾਰ ਜਮਾਤ ਦੇ ਹਿਤਾਂ ਦੀ ਰਾਖੀ ਤੇ ਕੇਂਦਰਿਤ ਰੱਖਦੀਆਂ ਹਨ, ਬੇਸ਼ੱਕ ਉਹਨਾਂ ਨੂੰ ਰਾਜਸੱਤਾ ਤੱਕ ਪਹੁੰਚਾਉਣ ਚ ਮੁੱਖ ਭੂਮਿਕਾ ਆਮ ਜਨਤਾ ਦੀ ਹੀ ਹੁੰਦੀ ਹੈ।ਨਾ ਹੀ ਟਰਾਈਡੈਂਟ ਦੇ ਨਜਾਇਜ ਕਬਜੇ ਹਟਾਏ ਗਏ ਹਨ ਅਤੇ ਨਾ ਹੀ ਜਹਿਰੀਲੇ ਪਾਣੀ ਦੀ ਰੋਕ ਥਾਮ ਹੀ ਕੀਤੀ ਗਈ, ਨਾਂ ਹੀ ਧੌਲਾ ਵਿਖੇ ਲੱਗਣ ਵਾਲੀ ਖੰਡ ਮਿੱਲ ਬਾਰੇ ਕੋਈ ਸਪੱਸਟੀਕਰਨ ਦਿੱਤਾ ਗਿਆ ਤੇ ਖੰਡ ਮਿੱਲ ਨਾ ਲੱਗਣ ਦੀ ਸੂਰਤ ਵਿੱਚ ਜਿਹੜੇ ਕਿਸਾਨਾਂ ਦੀ ਜਮੀਨ ਤੇ ਟਰਾਈਡੈਟ ਮਾਲਕ ਨੇ ਸਰਕਾਰ ਦੀ ਮਦਦ ਨਾਲ ਕਬਜੇ ਕੀਤੇ ਸਨ ਉਹਨਾਂ ਸਬੰਧਤ ਕਿਸਾਨਾਂ ਨੂੰ ਜਮੀਨ ਵਾਪਸ ਕਿਉਂ ਨਹੀ ਕੀਤੀ ? ਨਾ ਹੀ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ, ਬਲਕਿ ਬੀਤੇ ਦਿਨੀ ਇਹ ਜਰੂਰ ਸੁਨਣ ਵਿੱਚ ਆਇਆ ਹੈ ਕਿ ਟਰਾਈਡੈਂਟ ਦਾ ਇੱਕ ਜੁੰਮੇਵਾਰ ਅਧਿਕਾਰੀ ਪਹਿਰੇਦਾਰ ਅਖਬਾਰ ਵੱਲੋਂ ਚੁੱਕੇ ਗਏ ਇਹਨਾਂ ਲੋਕ ਪੱਖੀ ਕਦਮਾਂ ਤੋ ਜਿੱਥੇ ਬਹੁਤ ਖਫਾ ਹੈ, ਓਥੇ ਉਹ ਇਹ ਕਹਿੰਦਾ ਵੀ ਸੁਣਿਆ ਗਿਆ ਕਿ ਅਜਿਹੀਆਂ ਖਬਰਾਂ ਲੱਗਦੀਆਂ ਹੀ ਰਹਿੰਦੀਆਂ ਹਨ, ਇਹ ਸਾਡਾ ਕੁੱਝ ਨਹੀ ਬਿਗਾੜ ਸਕਦੀਆਂ।ਉਕਤ ਅਧਿਕਾਰੀ ਵੱਲੋਂ ਅਜਿਹਾ ਲਾਪਰਵਾਹ ਤੇ ਹੈਂਕੜ ਭਰਿਆ ਪ੍ਰਤੀਕਰਮ ਸੁਣਕੇ ਇਹ ਸ਼ੱਕ ਯਕੀਨ ਵਿੱਚ ਬਦਲਣਾ ਸੁਭਾਵਿਕ ਹੈ ਕਿ ਸੱਚਮੁੱਚ ਹੀ ਅਜਿਹੀਆਂ ਖਬਰਾਂ ਇਹਨਾਂ ਲੋਕਾਂ ਦਾ ਓਨੀ ਦੇਰ ਕੁੱਝ ਵੀ ਨਹੀ ਬਿਗਾੜ ਸਕਣਗੀਆਂ, ਜਿੰਨੀ ਦੇਰ ਇਲਾਕੇ ਦੇ ਕਿਸਾਨ, ਮਜਦੂਰ ਅਤੇ ਉਹ ਸਮੁੱਚੇ ਲੋਕ ਇਕੱਠੇ ਹੋ ਕੇ ਇਸ ਉਦਯੋਗ ਦੀਆਂ ਮਨਮਾਨੀਆਂ ਦੇ ਖਿਲਾਫ ਕੋਈ ਫੈਸਲਾਕੁਨ ਸੰਘਰਸ਼ ਲੜਨ ਦਾ ਮਨ ਨਹੀ ਬਣਾਉਂਦੇ, ਜਿਹੜੇ ਇਸ ਉਦਯੋਗ ਤੋ ਕਿਸੇ ਨਾ ਕਸੇ ਰੂਪ ਵਿੱਚ ਪੀੜਤ ਹਨ।ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜਿਹੜੇ ਉਦਯੋਗਪਤੀ ਅਤੇ ਟਰਾਈਡੈਂਟ ਦਾ ਪ੍ਰਬੰਧ ਦੇਖ ਰਹੇ ਜੁੰਮੇਵਾਰ ਅਧਿਕਾਰੀ  ਖਬਰਾਂ ਦੀ ਪ੍ਰਵਾਹ ਨਾਂ ਕਰਨ ਦੀ ਗੱਲ ਕਰਦੇ ਹਨ,ਉਹਨਾਂ ਨੂੰ ਲੋਕ ਸੰਘਰਸ਼ ਗੋਡੇ ਟੇਕਣ ਲਈ ਮਜਬੂਰ ਕਰ ਦੇਵੇਗਾ।ਇਹ ਗੱਲ ਵੀ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜਿਹੜੀਆਂ ਖਬਰਾਂ ਦੀ ਪ੍ਰਵਾਹ ਨਾ ਕਰਨ ਦੀ ਗੱਲ ਟਰਾਈਡੈਂਟ ਵੱਲੋਂ ਕਹੀ ਜਾ ਰਹੀ ਹੈ, ਉਹ ਹੀ ਖਬਰਾਂ ਲੋਕ ਲਾਮਬੰਦੀ ਦਾ ਅਜਿਹਾ ਰਾਸਤਾ ਅਖਿਤਾਰ ਕਰ ਸਕਦੀਆਂ ਹਨ, ਜਿੰਨਾਂ ਦਾ ਅਹਿਸਾਸ ਸਾਇਦ ਟਰਾਈਡੈਂਟ ਮੈਨੇਜਮੈਟ ਨੂੰ ਨਹੀ ਹੈ।ਉਪਰੋਕਤ ਮਸਲੇ ਜਨਤਕ ਹੋ ਜਾਣ ਦੇ ਬਾਵਜੂਦ ਵੀ ਟਰਾਈਡੈਂਟ ਉਦਯੋਗ ਧੋਲਾ ਵੱਲੋ ਧਰਤੀ ਹੇਠ ਅਤੇ ਡਰੇਨ ਸਮੇਤ ਛੋਟੇ ਰਜਵਾਹਿਆਂ ਵਿੱਚ ਵੀ ਤੇਜਾਬੀ ਪਾਣੀ ਪਾ ਕੇ ਮਾਲਵੇ ਨੂੰ ਕੈਂਸਰ ਅਤੇ ਕਾਲੇ ਪੀਲੀਏ ਦਾ ਘਰ ਬਣਾਇਆ ਜਾ ਰਿਹਾ ਹੈ। ਡਰੇਨ ਅਤੇ ਧੋਲਾ ਫੈਕਟਰੀ ਦੇ ਆਲੇ ਦੁਆਲੇ ਦੇ 50 ਕਿਲੋਮੀਟਰ ਦੇ ਘੇਰੇ ਵਿਚਲੇ ਲੋਕਾਂ ਦੇ ਘਰ, ਘਰ ਭਿਆਨਕ ਬਿਮਾਰੀਆਂ ਨੇ ਆਣ ਦਸਤਕ ਦਿੱਤੀ ਹੈ। ਇਹ ਲੋਕ ਬਿਮਾਰੀਆਂ ਦੇ ਸ਼ਿਕਾਰ ਹੀ ਨਹੀ ਹੋਏ ਬਲਕਿ ਬਹੁਤ ਸਾਰੇ ਅਭਾਗੇ ਲੋਕ ਇਹਨਾਂ ਬਿਮਾਰੀਆਂ ਤੋ ਅਪਣੀ ਆਰਥਿਕਤਾ ਲੁਟਾ ਕੇ ਜਹਾਨ ਤੋ ਕੂਚ ਵੀ ਕਰ ਗਏ ਹਨ। ਕੁੱਝ ਸਮਾ ਪਹਿਲਾਂ ਇਸ ਗੰਭੀਰ ਮਾਮਲੇ ਸਬੰਧੀ ਇੱਕ ਸਮਾਜ ਸੇਵੀ ਸੰਸਥਾ  ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਚੇਅਰਮੈਨ ਨੂੰ ਇਕ ਖੁੱਲਾ ਪੱਤਰ ਲਿਖ ਕੇ ਉਦਯੋਗ ਦੀ ਸ਼ਿਕਾਇਤ ਵੀ ਭੇਜੀ ਸੀ ਕਿ ਟਰਾਈਡੈਂਟ ਉਦਯੋਗ ਧੋਲਾ ਜੋ ਅਪਣਾ ਲੱਖਾਂ ਲੀਟਰ ਤੇਜਾਬੀ ਪਾਣੀ ਡਰੇਨ ਵਿਚ ਪਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ, ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਿਕਰਯੋਗ ਹੈ ਕਿ  ਉਦਯੋਗ ਦਾ ਇੱਕ ਪਾਸੇ ਤੋ ਇੱਕ ਕਿਲੋਮੀਟਰ ਤੋ ਵੱਧ ਦਾ ਏਰੀਆ ਡਰੇਨ ਦੀ ਪਟੜੀ ਨਾਲ ਲਗਦਾ ਹੈ। ਜਿਸ ਕਰਕੇ ਉਦਯੋਗ ਦਾ ਤੇਜਾਬੀ ਅਤੇ ਗੰਧਲਾ ਪਾਣੀ ਡਰੇਨ ਵਿਚ ਸੁੱਟਣ ਲਈ ਕੋਈ ਮੁਸੱਕਤ ਵੀ ਨਹੀ ਕਰਨੀ ਪੈਂਦੀ, ਜਦੋਕਿ ਦੂਜੇ ਪਾਸੇ ਉਦਯੋਗ ਦਾ ਜਹਿਰੀਲਾ ਪਾਣੀ ਬਿਨਾਂ ਸੋਧੇ ਹੀ ਧਰਤੀ ਹੇਠ ਪਾਇਆ ਜਾ ਰਿਹਾ ਹੈ, ਜੋ ਆਲੇ ਦੁਆਲੇ ਦੀਆ ਫਸਲਾਂ ਅਤੇ ਲੋਕਾਂ ਲਈ ਕਹਿਰ ਬਣਿਆ ਹੋਇਆ ਹੈ। ਜਿਸ ਕਾਰਨ ਲੋਕ ਅਪਣੀ ਨਰਕ ਭਰੀ ਜਿੰਦਗੀ ਤੋ ਛੁਟਕਾਰਾ ਪਾਉਣ ਲਈ ਕਈ ਵਾਰ ਸਰਕਾਰੇ, ਦਰਬਾਰੇ ਅਰਜ ਕਰਦੇ ਹਨ ਪਰ ਉਦਯੋਗ ਦੇ ਸਿਰ ਉਪਰ ਸਰਕਾਰੀ ਹੱਥ ਹੋਣ ਕਰਕੇ ਲੋਕਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀ ਹੈ। ਡਰੇਨ ਵਿਚ ਤੇਜਾਬੀ ਪਾਣੀ ਛੱਡਣ ਦਾ ਪ੍ਰਭਾਵ ਮਨੁੱਖੀ ਸ਼ਰੀਰ ਉਪਰ ਹੀ ਨਹੀ ਬਲਕਿ ਬੇਜੁਬਾਨ ਜਾਨਵਰਾਂ ਉਪਰ ਵੀ ਪੈ ਰਿਹਾ ਹੈ, ਜਿਸ ਕਰਕੇ ਇਲਾਕੇ ਦੇ ਪਸ਼ੂ ਪਾਲਕਾਂ ਦੇ ਕੀਮਤੀ ਪਾਲਤੂ ਪਸ਼ੂ ਅਣਆਈ ਮੌਤ ਮਰ ਰਹੇ ਹਨ।ਜਿਕਰਯੋਗ ਇਹ ਵੀ ਹੈ ਕਿ ਉਦਯੋਗ ਦੇ ਮਾਲਿਕ ਵੱਲੋ ਕੇਂਦਰ ਵਿੱਚ ਬੈਠੇ ਅਪਣੇ ਆਕਾਵਾਂ ਦੇ ਪ੍ਰਭਾਵ ਦੀ ਵਰਤੋਂ ਕਰਕੇ ਸੂਬਾ ਸਰਕਾਰ ਅੰਦਰ ਯੋਜਨਾ ਬੋਰਡ ਦੀ ਉੱਪ ਚੇਅਰਮੈਨੀ ਦਾ ਅਹਿਮ ਬਕਾਰੀ ਆਹੁਦਾ ਹਥਿਆ ਲੈਣ ਤੋ ਬਾਅਦ ਕਿਸੇ ਪ੍ਰਦੂਸਨ ਕੰਟਰੋਲ ਬੋਰਡ ਜਾਂ ਟ੍ਰਿਬਿਊਨਲ ਦੀ ਹਿੰਮਤ ਹੀ ਨਹੀ ਪਈ ਕਿ ਉਹ ਉਦਯੋਗ ਖਿਲਾਫ ਕੋਈ ਕਾਰਵਾਈ ਕਰ ਸਕੇ।ਸੋ ਜਦੋ ਟਰਾਈਡੈਂਟ ਦਾ ਪ੍ਰਬੰਧਕ ਠੋਕ ਬਜਾ ਕੇ ਇਹ ਕਹਿ ਰਿਹਾ ਹੈ ਕਿ ਅਖਬਾਰਾਂ ਦੀਆਂ ਖਬਰਾਂ ਸਾਡਾ ਕੁੱਝ ਨਹੀ ਬਿਗਾੜ ਸਕਦੀਆਂ ਤਾਂ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਹੋਕੇ ਸੰਘਰਸ਼ ਵਿੱਢਣਾ ਹੋਵੇਗਾ,ਤਾਂਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਉਦਯੋਗ ਦੀਆਂ ਮਨਮਾਨੀਆਂ ਅਤੇ ਬੇਨਿਯਮੀਆਂ ਦੀ ਨਿਰਪੱਖਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਮਜਬੂਰ ਕੀਤਾ ਜਾ ਸਕੇ।