ਕੌੜਤੁੰਮੇ ਵਰਗਾ "ਮਿੱਠਾ" ਸੱਚ - ਅਮਰ ਮੀਨੀਆਂ (ਗਲਾਸਗੋ)

ਖ਼ਬਰਦਾਰ! ਕਵਿਤਾ ਹੱਥਕੜੀ ਵੀ ਲੁਆ ਦਿੰਦੀ ਐ।

ਇੰਗਲੈਂਡ ਦੇ ਮਸ਼ਹੂਰ ਸ਼ਹਿਰ ਦਾ ਇੱਕ ਕਵੀ, ਜੋ ਆਪਣੇ ਆਪ ਨੂੰ ਮਿਰਜ਼ਾ ਗਾਲਿਬ ਹੀ ਸਮਝਦਾ ਸੀ। ਇੰਗਲੈਂਡ ਦੇ ਪੰਜਾਬੀ ਪੇਪਰਾਂ ਵਿੱਚ ਵੀ ਕਦੇ-ਕਦੇ ਉਹਦੀਆਂ ਕਵਿਤਾਵਾਂ ਛਪਦੀਆਂ। ਪੱਲਿਉਂ ਪੰਜ ਸੱਤ ਲੱਖ ਖਰਚ ਕੇ ਦੋ ਤਿੰਨ ਕਿਤਾਬਾਂ ਵੀ ਛਪਵਾਈਆਂ ਪਰ ਖਰੀਦੀਆਂ ਕਿਸੇ ਨੇ ਵੀ ਨਹੀਂ। ਵਿਚਾਰੇ ਨੇ ਆਪ ਹੀ "ਪ੍ਰੇਮ ਸਹਿਤ ਭੇਟ" ਤੇ ਥੱਲੇ ਆਪਣੇ ਦਸਤਖਤ ਕਰਕੇ ਲੋਕਾਂ ਨੂੰ ਧੱਕੇ ਨਾਲ ਮੁਫ਼ਤ ਵਿੱਚ ਵੰਡੀਆਂ। ਦੋ ਕਿਤਾਬਾਂ ਮੇਰੀ ਘਰੇਲੂ ਲਾਇਬਰੇਰੀ ਦਾ ਵੀ ਥਾਂ ਰੋਕੀ ਬੈਠੀਆਂ ਹਨ। ਕਵੀ ਸਾਹਿਬ ਨੇ ਇਹ ਕਿਤਾਬਾਂ ਚੰਡੀਗੜੀਏ ਮੋਹਰ ਸਿੰਘ ਨੂੰ ਦਿੱਤੀਆਂ ਸਨ। ਉਸਨੇ ਤਿੰਨ ਚਾਰ ਪੌਡ ਡਾਕ ਖਰਚਾ ਭਰਕੇ, ਸਾਊਥਾਲ ਤੋਂ ਗਲਾਸਗੋ ਪੋਸਟ ਕਰ ਦਿੱਤੀਆਂ। ਕਵੀ ਸਾਹਿਬ ਜਦੋਂ ਵੀ ਘਰੋਂ ਬਾਹਰ ਨਿਕਲਦੇ ਤਾਂ ਆਪਣੀ ਕਵਿਤਾਵਾਂ ਵਾਲੀ ਕਾਪੀ ਕਦੇ ਵੀ ਨਾ ਭੁੱਲਦੇ, ਕੋਟ ਦੀ ਅੰਦਰਲੀ ਜੇਬ ਵਿੱਚ ਕਾਪੀ ਹਮੇਸ਼ਾ ਪਾਈ ਹੁੰਦੀ। ਜਿਹੜਾ ਵੀ ਰਸਤੇ ਵਿੱਚ ਜਾਣਕਾਰ ਜਾਂ ਮੇਰੇ ਵਰਗਾ ਪਗੜੀਧਾਰੀ ਮਿਲ ਜਾਂਦਾ ਤਾਂ ਨਵੀਂ ਲਿਖੀ ਕਵਿਤਾ ਧੱਕੇ ਨਾਲ ਸੁਣਾਉਂਦੇ। ਇੱਕ ਕਵਿਤਾ ਖਤਮ ਹੋਣ 'ਤੇ ਜਦੋਂ ਤੁਸੀਂ ਵਾਹ ਵਾਹ ਕਿਹਾ ਤਾਂ ਨਾਲ ਹੀ ਅਗਲੀ ਸ਼ੁਰੂ ਹੋ ਜਾਂਦੀ। ਘੱਟੋ-ਘੱਟ ਚਾਰ ਪੰਜ ਕਵਿਤਾਵਾਂ ਸੁਣਨ ਤੋਂ ਬਿਨਾਂ ਖਹਿੜਾ ਛੁੱਟਣਾ ਮੁਸ਼ਕਿਲ ਸੀ। ਜਾਣਕਾਰ ਲੋਕ ਤਾਂ ਦੂਰੋਂ ਹੀ ਵੇਖ ਕੇ ਪਾਸੇ ਹੋ ਜਾਂਦੇ। ਇੱਥੋਂ ਦੀ ਤੇਜ ਤਰਾਰ ਜਿੰਦਗੀ ਵਿੱਚ ਵਿਹਲਾ ਵਕਤ ਹੁੰਦਾ ਹੀ ਨਹੀਂ। ਕਵੀ ਦੇ ਜਿਆਦਾਤਾਰ ਸ਼ਿਕਾਰ ਮੇਰੇ ਵਰਗੇ ਪੰਜਾਬ ਤੋਂ ਆਏ, ਕੰਮ ਦੇ ਭਾਲੂ ਹੁੰਦੇ ਜਾਂ ਗੁਰਦੁਆਰੇ ਦੇ ਭਾਈ ਬਣਦੇ। ਕਿਉਂਕਿ ਕਵੀ ਸਾਹਿਬ ਦਾ ਸਾਰੇ ਸ਼ਹਿਰ ਦੇ ਕੌਲੇ ਕੱਛਣ ਤੋਂ ਬਾਅਦ ਆਖਰੀ ਪੜਾਅ ਗੁਰੂ ਘਰ ਹੀ ਹੁੰਦਾ, ਚਾਹ ਪਾਣੀ ਲੰਗਰ ਵੀ ਛਕ ਲੈਂਦਾ ਤੇ ਆਪਣੀਆਂ ਕਵਿਤਾਵਾਂ ਸੁਣਾਉਣ ਦੀ ਲਲਕ ਵੀ ਪੂਰੀ ਕਰਦਾ। ਭਾਈਆਂ ਦੇ ਆਪਣੇ ਮਤਲਬ ਹੁੰਦੇ, ਨਿੱਕੇ ਮੋਟੇ ਕੰਮਾਂ ਕਾਰਾਂ ਵਿੱਚ ਇੰਗਲਿਸ਼ ਦੀ ਮੁਸ਼ਕਿਲ ਪੈਂਦੀ ਤਾਂ ਕਵੀ ਜੀ ਮੱਦਦ ਕਰਦੇ। ਦੂਰ ਨੇੜੇ ਆਉਣ ਜਾਣ ਵੇਲੇ ਕਵੀ ਜੀ ਗੱਡੀ 'ਤੇ ਲੈ ਜਾਂਦੇ। ਇਸ ਮਜ਼ਬੂਰੀ ਵੱਸ ਉਹ ਵਿਚਾਰੇ ਕਵਿਤਾਈ ਅੱਤਿਆਚਾਰ ਬਰਦਾਸ਼ਤ ਕਰਦੇ।
               ਗੁਰਦੁਆਰੇ ਅਖੰਡ ਪਾਠ ਚੱਲ ਰਿਹਾ ਸੀ ਤੇ ਭਾਈ ਕੇਵਲ ਸਿੰਘ ਨੇ ਬਾਰਾਂ ਵਜੇ ਰੌਲ 'ਤੇ ਬੈਠਣਾ ਸੀ। ਵੀਹ ਕੁ ਮਿੰਟ ਰਹਿੰਦੇ ਸੀ ਬਾਰਾਂ ਵੱਜਣ ਵਿੱਚ, ਇੰਡੀਆ ਫੋਨ ਕਰਨਾ ਸੀ ਪਰ ਇੰਟਰਨੈਸ਼ਨਲ ਕਾਲਿੰਗ ਕਾਰਡ ਖਤਮ ਹੋ ਗਿਆ। ਉਸਨੇ ਸੋਚਿਆ ਬਾਰਾਂ ਤੋਂ ਪਹਿਲਾਂ ਪਹਿਲਾਂ ਨੇੜੇ ਦੀ ਦੁਕਾਨ ਤੋਂ ਕਾਰਡ ਲੈ ਆਵਾਂ। ਉਹ ਪਰਨਾ ਲਪੇਟ ਕੇ ਤੁਰ ਪਿਆ। ਕਾਰਡ ਕਾਹਨੂੰ, ਉਹ ਤਾਂ ਮੁਸੀਬਤ ਖਰੀਦਣ ਤੁਰ ਪਿਆ ਸੀ। ਜਿਉਂ ਹੀ ਉਹ ਬਾਹਰ ਨਿਕਲਕੇ ਮੇਨ ਰੋਡ ਦੇ ਫੁੱਟਪਾਥ ਤੇ ਚੜਿਆ। ਤਾਂ ਦੂਰੋਂ ਉਹਦੇ ਵੱਲ ਨੂੰ ਕਵੀ ਤੁਰਿਆ ਆਵੇ। ਭਾਈ ਨੇ ਸੋਚਿਆ ਜੇ ਇਹਦੇ ਅੜਿੱਕੇ ਆ ਗਿਆ ਤਾਂ ਰੌਲ ਤੋਂ ਲੇਟ ਹੋਉਂ, ਇਸ ਲਈ ਬਚਾਉ ਵਿੱਚ ਹੀ ਬਚਾਓ ਆ। ਉਹ ਕੋਡਾ ਜਿਆ ਹੋ ਕੇ ਸ਼ੜਕ 'ਤੇ ਪਾਰਕ ਕੀਤੀਆਂ ਗੱਡੀਆਂ ਦੇ ਉਹਲੇ ਛੁਪ ਗਿਆ। ਜਿਵੇਂ ਜਿਵੇਂ ਕਵੀ ਤੁਰਿਆ ਜਾਵੇ ਉਹ ਕੋਡਾ ਕੋਡਾ ਅੱਗੇ ਹੋਈ ਜਾਵੇ। ਅਚਾਨਕ ਕਵੀ ਰੁੱਕ ਗਿਆ, ਜਿਵੇਂ ਕੋਈ ਚੀਜ਼ ਯਾਦ ਆਈ ਹੋਵੇ ਘੁੰਮਿਆ ਤੇ ਜਿੱਧਰੋਂ ਆ ਰਿਹਾ ਸੀ ਉਸੇ ਪਾਸੇ ਵਾਪਸ ਮੁੜ ਪਿਆ। ਉਧਰ ਭਾਈ ਨੇ ਵੀ ਗੱਡੀਆਂ ਦੇ ਹੈਂਡਲਾਂ ਨੂੰ ਫੜ ਫੜ ਕੇ ਕੋਡੇ ਢੂਹੀ ਬੈਕ ਗੇਅਰ ਪਾ ਲਿਆ। ਪਰ ਮਾੜੀ ਕਿਸਮਤ ਭਾਈ ਜੀ ਦੀ, ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇਸ ਇਲਾਕੇ ਵਿੱਚ ਗੱਡੀਆਂ ਚੋਰੀ ਦੀਆਂ ਬਹੁਤ ਵਾਰਦਾਤਾਂ ਹੋ ਚੁੱਕੀਆਂ ਸਨ। ਇਸ ਕਰਕੇ ਪੁਲਸ ਚੌਕਸੀ ਵਧਾ ਦਿੱਤੀ ਸੀ। ਭਾਈ ਕੇਵਲ ਸਿੰਘ ਦੀ ਹਰਕਤ ਨੂੰ ਦੂਰ ਖੜ੍ਹੀ ਪੁਲਿਸ ਵੇਖ ਰਹੀ ਸੀ। ਕਵੀ ਤਾਂ ਚਲਾ ਗਿਆ ਪਰ ਪੁਲਸ ਨੇ ਕੇਵਲ ਸਿੰਘ ਨੂੰ ਖੜ੍ਹਾ ਹੀ ਨਹੀਂ ਹੋਣ ਦਿੱਤਾ, ਮੂਧਾ ਪਾ ਕੇ ਹੱਥਕੜੀ ਠੋਕ ਦਿੱਤੀ। ਖੀਸੇ 'ਚ ਹੱਥ ਮਾਰਿਆ ਤਾਂ ਗੁਰਦੁਆਰੇ ਦੇ ਵੱਖ ਵੱਖ ਕਮਰਿਆਂ ਦੀਆਂ ਵੀਹ ਪੱਚੀ ਚਾਬੀਆਂ ਦਾ ਗੁੱਛਾ ਨਿੱਕਲ ਆਇਆ। ਪੁਲਸ ਦਾ ਸ਼ੱਕ ਯਕੀਨੀ ਬਣ ਗਿਆ। ਅੰਗਰੇਜ਼ੀ ਵੱਲੋਂ ਹੱਥ ਪੂਰਾ ਈ ਤੰਗ, ਪੁੱਛਣ 'ਤੇ ਜਵਾਬ ਬਣੇ ਹੀ ਨਾ, "ਮੀ ਗ੍ਰੰਥੀ, ਹੀ ਕਵੀ"ਆਖੀ ਜਾਵੇ। ਕਵਿਤਾ, ਕਵ,ੀ ਗ੍ਰੰਥੀ ਦਾ ਭੰਬਲਭੂਸਾ ਪੁਲਸ ਨੂੰ ਕੀ ਸਮਝ ਆਉਣਾ ਸੀ? ਉਹਨਾਂ ਨੇ ਠਾਣੇ ਲਿਜਾ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਦੋ ਕੁ ਘੰਟਿਆਂ ਬਾਅਦ ਪੰਜਾਬੀ ਇੰਟਰਪਰੇਟਰ ਆਇਆ। ਕੇਵਲ ਸਿੰਘ ਆਪਣੀ ਕਹਾਣੀ ਦੱਸੀ ਗਿਆ ਤੇ ਇੰਟਰਪਰੇਟਰ ਮੁਸਕੜੀਏਂ ਹੱਸੀ ਗਿਆ ਕਿਉਂਕਿ ਉਹ ਵੀ ਉਸੇ ਕਵੀ ਦੀ ਕਵਿਤਾ ਦਾ ਕਈ ਵਾਰ ਜ਼ੁਲਮ ਝੱਲ ਚੁੱਕਾ ਸੀ। ਪੁਲਿਸ ਅਫਸ਼ਰ ਨੇ ਭਾਈ ਜੀ ਤੋਂ ਮੁਆਫੀ ਮੰਗੀ ਤੇ ਪੁਲਸ ਕੇਵਲ ਸਿੰਘ ਨੂੰ ਗੁਰੂਦੁਆਰਾ ਸਾਹਿਬ ਵਾਪਸ ਛੱਡ ਕੇ ਗਈ। ਹੁਣ ਗੁਰੂ ਘਰ ਦੇ ਬਾਹਰ ਲੱਗੇ ਨਿਸ਼ਾਨ ਸਾਹਿਬ ਕੋਲ ਹੱਥ ਬੰਨ੍ਹ ਖੜਾ ਕੇਵਲ ਸਿੰਘ ਗਿਲਾ ਕਰ ਰਿਹਾ ਸੀ ਕਿ ਦਾਤਿਆ ਧੰਨ ਨੇ ਤੇਰੇ ਰੰਗ, ਪੰਜਾਬ ਵਿੱਚ ਮੈਂ ਤਾਂ ਕੀ ਮੇਰੇ ਪਿਉ ਦਾਦੇ ਨੇ ਕਦੇ ਠਾਣੇ ਦੀ ਦੇਹਲੀ ਨੀ ਸੀ ਟੱਪੀ ਤੇ ਵਲੈਤ ਆਕੇ ਹੱਥਕੜੀਆਂ ਵੀ ਲੱਗ ਗਈਆਂ ਤੇ ਹਵਾਲਾਤ ਵੀ ਵਿਖਾ ਤੀ। ਉਹ ਵੀ ਇਕ ਕਵਿਤਾ ਨੇ?