ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

18 Sep. 2018

ਵੱਡੇ ਕਰਜ਼ਾ ਚੋਰਾਂ ਦੀ ਸੂਚੀ ਪ੍ਰਧਾਨ ਮੰਤਰੀ ਨੂੰ ਭੇਜੀ ਸੀ ਪਤਾ ਨਹੀਂ ਕੀ ਬਣਿਆਂ?- ਰਾਜਨ
ਇੱਲਾਂ ਦੇ ਆਹਲਣੇ 'ਚੋਂ ਮਾਸ ਭਾਲ਼ਦੇ ਹੋ।

ਵਧੀਆਂ ਤੇਲ ਕੀਮਤਾਂ ਤੋਂ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਕਿਉਂਕਿ ਮੈਂ ਮੰਤਰੀ ਹਾਂ-ਪੈਟਰੌਲ ਮੰਤਰੀ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ।

ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਚ ਕੋਈ ਕਸਰ ਨਹੀਂ ਛੱਡਾਂਗੇ- ਕੈਪਟਨ
ਕੈਪਟਨ ਸਾਹਿਬ ਪੰਜਾਬ 'ਚ ਹਰ ਪਾਸੇ ਪੰਜਾਬੀ ਲਾਗੂ ਕਰਕੇ ਬਾਬੇ ਦੀਆਂ ਖ਼ੁਸ਼ੀਆਂ ਲਉ।

ਡੋਨਾਲਡ ਟਰੰਪ ਹੋਣਗੇ ਗਣਤੰਤਰ ਦਿਹਾੜੇ ਮੌਕੇ ਮੁੱਖ ਮਹਿਮਾਨ- ਇਕ ਖ਼ਬਰ
ਲੌਢੇ ਵੇਲੇ ਮਾਹੀਏ ਆਉੇਣਾ ਮੰਨ ਪਕਾਵਾਂ ਕਣਕ ਦਾ,
ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ।

ਭਾਜਪਾ ਨੇ ਅਕਾਲੀ ਦਲ ਤੋਂ ਬਣਾਈ ਦੂਰੀ ਪਰ ਸਿਆਸੀ ਗੱਠਜੋੜ ਕਾਇਮ- ਇਕ ਖ਼ਬਰ
ਯਾਰੀ ਹੱਟੀ 'ਤੇ ਲਿਖਾ ਕੇ ਲਾਈਏ, ਦਗ਼ੇਬਾਜ਼ ਹੋ ਗਈ ਦੁਨੀਆਂ।

ਪੰਜਾਬ ਸਰਕਾਰ ਤੇ ਅਕਾਲੀ ਦਲ ਪੋਲ ਖੋਲ੍ਹ ਰੈਲੀ ਨੂੰ ਲੈ ਕੇ ਹੋਏ ਆਹਮੋ-ਸਾਹਮਣੇ-ਇਕ ਖ਼ਬਰ
ਕੁੰਢੀਆਂ ਦੇ ਸਿੰਗ ਫ਼ਸ ਗਏ, ਕੋਈ ਨਿੱਤਰੂ ਵੜੇਂਵੇ ਖਾਣੀ।

ਬਾਦਲਾਂ ਨੂੰ ਪੰਥ 'ਚੋਂ ਛੇਕਣ ਲਈ ਸਿੱਧੂ ਨੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ- ਇਕ ਖ਼ਬਰ
ਸਿੱਧੂ ਸਾਹਿਬ ਤੇਰੇ ਦਫ਼ਤਰ ਦਾ ਚਪੜਾਸੀ ਕੀ ਤੇਰੀ ਵਜ਼ੀਰੀ ਖੋਹ ਸਕਦਾ?

ਭੂੰਦੜ ਨੂੰ ਛੇਤੀ ਹੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ- ਇਕ ਖ਼ਬਰ
ਤੈਥੋਂ ਤਪ ਨਈਂ ਬਾਲਕਾ ਹੋਣਾ, ਜੰਗਲਾਂ 'ਚ ਸ਼ੇਰ ਬੁੱਕਦੇ।

ਆਪਣੇ 'ਤੇ ਲੱਗੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਸਪਸ਼ਟੀਕਰਣ ਨਹੀਂ ਦੇ ਰਹੇ-ਇਕ ਸਵਾਲ
ਕੀ ਗ਼ਮ ਖਾ ਗਿਆ ਮਿੱਤਰਾ, ਰੰਗ ਹੋ ਗਿਆ ਤੋਰੀ ਦੇ ਫੁੱਲ ਵਰਗਾ।

ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ' ਕਿਸਾਨਾਂ ਦੀ ਦੁਸ਼ਮਣ ਜਮਾਤ' ਕਰਾਰ- ਇਕ ਖ਼ਬਰ
ਉਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।

ਦੋ ਸਾਲਾਂ ਵਿਚ ਹੀ ਬਣਾਈਆਂ ਹੋਈਆਂ ਗਲ਼ੀਆਂ ਟੁੱਟਣ ਲੱਗ ਪਈਆਂ- ਇਕ ਖ਼ਬਰ
ਫੇਰ ਗਰਾਂਟਾਂ ਆਉਣਗੀਆਂ, ਬਾਂਦਰ ਰੋਟੀ ਵੰਡਣਗੇ।

ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲ਼ਿਆ ਸੀ- ਵਿਜੈ ਮਾਲਿਆ
ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ।

ਕੈਪਟਨ-ਬਾਦਲ ਇਕੋ ਸਿੱਕੇ ਦੇ ਦੋ ਪਾਸੇ- ਭਗਵੰਤ ਮਾਨ
ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।

'ਆਪ' ਨੂੰ ਹੁਣ ਛੋਟੇ ਪੁਰ ਤੋਂ ਵੱਡੀਆਂ ਆਸਾਂ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਬਠਿੰਡਾ ਕਨਵੈਂਨਸ਼ਨ ਦੇ ਮਤਿਆਂ ਤੋਂ ਪਿੱਛੇ ਨਹੀਂ ਹਟਾਂਗੇ- ਖਹਿਰਾ
ਵਾਰਸ ਸ਼ਾਹ ਨਾ ਮੁੜਾ ਰੰਝੇਟੜੇ ਤੋਂ, ਭਾਵੇਂ ਬਾਪ ਦਾ ਬਾਪ ਦਾ ਬਾਪ ਆਵੇ।