ਕਲਾ ਦਾ ਕਾਰਜ - ਕੇਹਰ ਸ਼ਰੀਫ਼

ਕਲਾ ਸਮਾਜਿਕ ਤਬਦੀਲੀ ਖਾਤਰ ਵਧ ਰਹੀ ਲੋਕ ਚੇਤਨਾ ਨੂੰ ਸਹੀ ਸੇਧ ਦੇਣ ਤੇ ਉਸਦੀ ਤੋਰ ਨੂੰ ਤਿੱਖਿਆਂ ਕਰਨ ਵਾਲਾ ਹਥਿਆਰ ਹੈ ਅਤੇ ਇਸ ਹੀ ਨਿਸ਼ਾਨੇ ਵਲ ਵਧਦੀਆਂ/ਵਿਗਸਦੀਆਂ ਹੋਰ ਚੇਤਨਾਮਈ ਲਹਿਰਾਂ ਦਾ ਵੱਡਾ ਆਸਰਾ ਵੀ ਹੁੰਦੀ ਹੈ। ਉਹ ਲਹਿਰਾਂ ਜੋ ਇਤਿਹਾਸ-ਮਿਥਿਹਾਸ ਦਾ ਲੇਖਾ-ਜੋਖਾ ਕਰਦਿਆਂ ਪ੍ਰੰਪਰਾਵਾਦੀ, ਤਰਕ ਵਿਹੂਣੇ ਅਤੇ ਅੰਧਵਿਸ਼ਵਾਸੀ ਗਜ਼ ਵਰਤਣ ਦੀ ਥਾਵੇਂ ਉਨ੍ਹਾਂ ਨੂੰ ਰੱਦ ਕਰਦਿਆਂ ਜਾਂ ਨਕਾਰਦਿਆਂ ਸਮੇਂ, ਸਥਿਤੀ ਤੇ ਲੋਕ ਧਾਰਾਵਾਂ/ਲੋਕ ਮਨਾਂ ਨੂੰ ਤਰਕ ਅਧਾਰਤ ਵਿਗਿਆਨਕ ਦਲੀਲਾਂ ਦੇ ਆਸਰੇ ਕੁੱਲ ਲੋਕਾਈ ਦਾ ਭਲਾ ਕਰਨ ਵਾਲੀ ਖਰੀ ਸੋਚ ਦੀ ਕਸਵੱਟੀ ਨਾਲ ਪਰਖ ਕੇ ਭਵਿੱਖ ਦੀ ਕੁੱਖ ਵਿੱਚ ਝਾਕਦਿਆਂ ਆਸਵੰਦ ਹੋ ਕੇ ਅੱਗੇ ਵਧਦੀਆਂ ਹਨ। ਕਲਾ, ਸਮਾਜ ਦਾ ਮੂੰਹ-ਮੱਥਾ ਸਵਾਰਨ ਵਾਲੀ ਪਵਿੱਤਰ ਭਾਵਨਾ ਵੀ ਹੁੰਦੀ ਹੈ ਜਿਸ ਨਾਲ ਸਮਾਜ ਅੰਦਰ ਸਿਹਤਮੰਦ ਪ੍ਰਵਿਰਤੀਆਂ ਨੂੰ ਵੱਡਾ ਹੁਲਾਰਾ ਮਿਲਦਾ ਹੈ, ਜਿਸ ਰਾਹੀਂ ਸਿਰਜੇ ਗਏ ਵਿਰਸੇ ਉੱਤੇ ਆਉਣ ਵਾਲੀਆਂ ਪੀੜ੍ਹੀਆਂ ਸਦਾ ਹੀ ਮਾਣ ਕਰਦੀਆਂ ਹਨ। ਲੋਕ ਪੱਖੀ ਕਲਾ ਨੇ ਵਰਤਮਾਨ ਰਾਹੀਂ ਭਵਿੱਖ ਨੂੰ ਰੌਸ਼ਨ ਕਰਨਾ ਹੁੰਦਾ ਹੈ।
        ਮਨੁੱਖ ਸੋਚਵਾਨ ਹੋਣ ਕਰਕੇ ਆਪਣੇ ਆਲੇ-ਦੁਆਲੇ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਪ੍ਰਭਾਵਿਤ ਹੋ ਜਾਣ ਵਾਲੀ ਪ੍ਰਵਿਰਤੀ ਦਾ ਜ਼ਿੰਦਗੀ ਨਾਲ ਡੂੰਘਾ ਸਬੰਧ ਹੁੰਦਾ ਹੈ। ਇਥੋਂ ਹੀ ਜ਼ਿੰਦਗੀ ਦੀ ਤੋਰ ਨੇ ਅਗਲੇ ਰਾਹ ਫੜਨੇ ਹੁੰਦੇ ਹਨ। ਜੇ ਰਾਹ ਸਹੀ ਫੜਿਆ ਗਿਆ ਤਾਂ ਮਨੁੱਖੀ ਮਨ ਚੜ੍ਹਦੀ ਕਲਾ ਵਿਚ ਰਹਿੰਦਾ ਹੋਇਆ ਉਸਾਰੂ ਸੋਚ ਦੇ ਆਸਰੇ ਅੱਗੇ ਵਧਦਾ ਹੈ।  ਅੱਗੇ ਵਧਣ ਤੋਂ ਪਹਿਲਾਂ ਰਾਹ ਦੇ ਰੋੜੇ ਚੁਗਣੇ ਪੈਂਦੇ ਹਨ। ਤਿੱਖੀਆਂ ਸੂਲ਼ਾਂ ਵਲੋਂ ਦਿੱਤੇ ਜ਼ਖ਼ਮਾਂ ਕਰਕੇ ਆਪਣੇ-ਬੇਗਾਨਿਆਂ ਸਭ ਦੀ ਪੀੜ ਹੰਢਾਉਣੀ ਪੈਂਦੀ ਹੈ ਸਾਂਝ ਭਰੇ ਅਮਲਾਂ ਰਾਹੀਂ ਮਰਹੱਮ-ਪੱਟੀ ਦਾ ਜੁਗਾੜ ਕਰਨਾ ਪੈਂਦਾ ਹੈ। ਜਾਣੇ-ਅਣਜਾਣੇ ਕੁਰਾਹੇ ਪੈ ਜਾਣ ਨਾਲ ਠੋਕ੍ਹਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਰਾਹੇ ਪੈਣ ਨਾਲ ਬਹੁਤ ਸਾਰਾ ਕੀਮਤੀ ਸਮਾਂ ਬਰਬਾਦ ਹੀ ਨਹੀਂ ਹੁੰਦਾ ਸਗੋਂਂ ਕਈ ਵਾਰ ਤਾਂ ਸਮਾਂ ਅਣਵਰਤਿਆ ਹੀ ਰਹਿ ਜਾਂਦਾ ਹੈ। ਸਮੇਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਦੀ ਸਮਾਂ ਵੀ ਕਦਰ ਨਹੀਂ ਕਰਦਾ, ਇਹ ਸਚਾਈ ਹੈ।
          ਕੋਈ ਵੀ ਇਨਸਾਨ ਜਨਮ ਤੋਂ ਉਹੋ ਜਿਹਾ ਨਹੀਂ ਹੁੰਦਾ ਜਿਵੇਂ ਇੱਥੇ ਵਿਚਰਦਾ ਹੈ। ਹਰ ਵਿਅਕਤੀ ਨੂੰ ਸਮਾਜ ਪ੍ਰਭਾਵਿਤ ਕਰਦਾ ਹੈ। ਇਸ ਕਰਕੇ (ਸੋਝੀ ਦੀ ਘਾਟ ਕਰਕੇ) ਹੀ ਬਹੁਤ ਸਾਰੇ ਲੋਕ ਸਮਾਜ ਅੰਦਰ ਆਪੇ ਸਿਰਜੀ ਫੋਕੀ ਇੱਜਤ-ਮਾਣ ਅਤੇ ਸਸਤੀ ਸ਼ੋਹਰਤ ਵਾਲੀ ਭੇਡ ਚਾਲ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਹੀ ਸਮਾਜ ਨੂੰ ਨੀਵਾਣਾ ਵਲ ਲੈ ਜਾਣ ਵਾਲਾ ਰਾਹ ਹੁੰਦਾ ਹੈ। ਉਹ ਤਾਂ ਨਿਵੇਕਲੀਆਂ ਪ੍ਰਤਿਭਾਵਾਂ ਹੀ ਹੁੰਦੀਆਂ ਹਨ ਜੋ ਸਮਾਜ ਦੇ ਠਹਿਰੇ/ਖੜ੍ਹੇ ਪਾਣੀਆਂ, ਬੋਦੀ ਹੋ ਗਈ ਸੋਚ ਅੰਦਰ ਹਲਚਲ ਪੈਦਾ ਕਰਕੇ ਉਸਨੂੰ ਪ੍ਰਭਾਵਿਤ ਕਰਦਿਆਂ ਉਸ ਲਈ ਪ੍ਰੇਰਨਾ ਸ਼ਕਤੀ ਬਣਕੇ ਸਭ ਕਾਸੇ ਨੂੰ ਚੰਗੇ ਪਾਸੇ ਤੋਰਨ ਦਾ ਯਤਨ ਕਰਦੀਆਂ/ਕਰਨ ਦਾ ਸਬੱਬ ਬਣਦੀਆਂ ਹਨ। ਕਿਉਂਕਿ ਬੀਮਾਰ ਹੋ ਗਏ ਸਮਾਜ ਅਤੇ ਸੋਚ ਨੂੰ ਸਿਹਤਯਾਬ ਕਰਨ ਵਾਸਤੇ ਤਕੜੇ ਜੇਰੇ, ਜੁੱਸੇ ਦੀ ਅਤੇ ਸੱਚ ਦੇ ਲੜ ਲੱਗ ਸਹੀ ਸੇਧ ਨਾਲ, ਸਹੀ ਦਿਸ਼ਾ ਵਲ ਵਧਣ ਵਾਸਤੇ ਸ਼ਕਤੀਸ਼ਾਲੀ ਲੋਕ ਲਹਿਰਾਂ ਦੀ ਲੋੜ ਪੈਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਸ ਤਰਾਂ ਦੇ ਕਾਫੀ ਕੁਝ ਕਰਨ ਦੀ ਲੋੜ/ਸਾਰ ਤਾਂ ਮਹਿਸੂਸ ਹੁੰਦੀ ਹੈ, ਉਹ ਕੁੱਝ ਕੀਤਾ ਵੀ ਚਾਹੁੰਦੇ ਹਨ, ਪਰ ਕਿਸੇ ਵੀ ਪਾਸਿਉਂ ਕੋਈ ਸੇਧ /ਸੂਝ ਨਾ ਮਿਲਣ ਕਰਕੇ ਕੁਝ ਕਰ ਨਹੀਂ ਸਕਦੇ ਜਾਂ ਫੇਰ ਕੁਝ ਕਰਨੋ ਵਾਂਝੇ ਰਹਿ ਜਾਂਦੇ ਹਨ।
      ਲੋਕਾਂ ਦੀ ਜ਼ਿੰਦਗੀ ਦੇ ਯਥਾਰਥ ਨਾਲੋ ਟੁੱਟੀ ਕਲਾ ਐਵੇਂ ਹੀ ਕੰਧਾਂ ਨਾਲ ਕੁਵੇਲੇ ਟੱਕਰਾਂ ਮਾਰਨ ਦੇ ਬਰਾਬਰ ਹੁੰਦੀ ਹੈ। ਨਿੱਘਰਦੇ ਸਮਾਜ ਅੰਦਰ ਉਨ੍ਹਾਂ ਸਵਾਲਾਂ ਜੋ ਆਮ ਆਦਮੀ ਦੇ ਜੀਵਨ ਨੂੰ ਔਖਿਆਂ ਕਰਦੇ (ਜਾਂ ਔਖਿਆਂ ਕਰਨ ਦਾ ਸਬੱਬ ਬਣਦੇ) ਹਨ ਨਾਲ ਦੋ ਚਾਰ ਹੋਣਾ ਹੀ ਕਲਾ ਦਾ ਕਰਮ ਹੈ, ਤਾਂ ਕਿ ਹਨੇਰੇ ਵਲ ਵਧ ਰਹੀ ਜਿੰਦ ਉਧਰੋਂ ਮੁੱਖ ਮੋੜ ਰੌਸ਼ਨੀ ਵਲ ਮੂੰਹ ਕਰਕੇ ਜੀਊਣਾਂ ਸਿੱਖੇ। ਕਲਾ ਦਾ ਕਰਮ ਕੀਰਨੇ ਪਾਉਣੇ, ਰਊਂ-ਰਊਂ ਕਰਨਾ ਅਤੇ ਅੱਗੇ ਖੜੇ ਸਵਾਲਾਂ ਕੋਲ਼ੋਂ ਪਾਸਾ ਵੱਟਕੇ ਲੰਘ ਜਾਣਾ ਨਹੀ ਹੁੰਦਾ, ਜੇ ਕੋਈ ਇੰਝ ਕਰਦਾ ਹੈ ਤਾਂ ਉਹ ਸ਼ਾਇਦ ਆਪ ਤਾਂ ਸੌਖਾ ਰਹੇਗਾ ਪਰ ਕਲਾ ਦਾ ਦਾਅਵੇਦਾਰ ਹੋਣ ਦਾ ਆਪਣਾ ਹੱਕ ਗੁਆ ਬੈਠੇਗਾ। ਉਂਝ ਵੀ ਕਾਰਜ ਰਹਿਤ ਕਲਾ ਆਪਣੇ ਸੁੱਚੇ ਸੁਪਨਿਆਂ ਦੇ ਪੈਰੀਂ ਗਰਜਾਂ ਦੀ ਪੂਰਤੀ ਵਾਲੇ ਘੁੰਗਰੂ ਬੰਨ੍ਹ ਕੇ ਸ਼ੈਤਾਨ ਦੀ ਸੇਵਾ ਕਰਨ ਤੋਂ ਵੱਧ ਕੁਝ ਨਹੀਂ ਹੁੰਦੀ। ਜਾਗਦੇ ਸਿਰਾਂ ਵਾਲੇ ਲੋਕ ਹੀ ਸਾਂਝਾ ਭਰੇ ਕਿਰਤ ਦੇ ਸੱਭਿਆਚਾਰ ਦੇ ਰਾਖੇ ਹੁੰਦੇ ਹਨ। ਸਮਾਜ ਨੁੰ ਜਗਾਉਣ ਦਾ ਹੋਕਾ ਦੇਣ ਵਾਲੇ, ਸਰਬੱਤ ਦੇ ਭਲੇ ਦੀ ਸੋਚ ਲੜ ਬੰਨ੍ਹ ਕੇ ਮੈਦਾਨੇ ਨਿਤਰਨ ਵਾਲੇ ਇਹ ਜਾਗ੍ਰਤਿ ਲੋਕ ਹੀ ਸਾਡੇ ਰਾਹ ਦਸੇਰਾ ਹੁੰਦੇ ਹਨ।  ਸ਼ੈਤਾਨ ਕਦੇ ਵੀ ਜ਼ਿੰਦਗੀ ਦਾ ਹੀਰੋ ਨਹੀਂ ਹੋ ਸਕਦਾ। ਇਸ ਕਰਕੇ ਸ਼ੈਤਾਨੀ ਭਰੀ ਇਸ ਮ੍ਰਿਗ-ਤ੍ਰਿਸ਼ਨਾ ਤੋ ਬਚਣਾ ਬਹੁਤ ਹੀ ਜ਼ਰੂਰੀ ਹੈ। ਕਲਾ ਨਿਰਾ ਦਿਲ ਪ੍ਰਚਾਵਾ ਹੀ ਨਹੀਂ ਹੁੰਦੀ ਉਸ ਵਿਚ ਲੋਕਾਈ ਨੂੰ ਆਪਣਾ ਹੀਵਨ ਸਵਾਰਨ ਵਾਸਤੇ ਸੁਨੇਹਾ ਵੀ ਹੁੰਦਾ ਹੈ। ਕਲਾ, ਲੋਕਾਂ ਦੇ ਸੁਪਨਿਆਂ ਅਤੇ ਜ਼ਮੀਰ ਨੂੰ ਜਗਾਉਣ ਦਾ ਕਾਰਜ ਵੀ ਕਰਦੀ ਹੈ।
          ਜਿਹੜੇ ਆਪਣੀ ਜ਼ਿਹਨੀ ਅੱਯਾਸ਼ੀ ਦੀ ਪੂਰਤੀ ਖਾਤਰ ਕਲਾ ਦੇ ਪੈਰੀਂ ਘੁੰਗਰੂ ਪਾ ਕੇ, ਧਾੜਵੀਆਂ, ਲੁਟੇਰਿਆਂ ਅਤੇ ਲੁਟੇਰੀਆਂ ਜਮਾਤਾਂ ਦੀ ਚਾਕਰੀ ਕਰਕੇ ਰੋਅਬਦਾਰ ਜ਼ਿੰਦਗੀ ਜੀਊਣ ਵਾਸਤੇ ਚਾਰ ਦਮੜੇ ਇਕੱਠੇ ਕੀਤੇ ਚਾਹੁੰਦੇ ਹਨ, ਅਜਿਹੇ ਜੀਊੜਿਆਂ ਅਤੇ ਉਨ੍ਹਾ ਦੀ ਮੌਕਪ੍ਰਸਤ ਕਲਾ ਨੂੰ ਸਮਾਜ ਵਿਚ ਨੰਗਿਆਂ ਕਰਨਾ ਬਹੁਤ ਜਰੂਰੀ ਹੈ। ਸਮਾਜ ਵਿਚ ਦੋ ਹੀ ਜਮਾਤਾਂ ਹਨ, ਲੁੱਟਣ ਵਾਲੀਆਂ ਅਤੇ ਲੁੱਟੀਆਂ ਜਾਣ ਵਾਲੀਆਂ। ਕਲਾ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਪਹਿਲਾਂ ਫੈਸਲਾ ਇਹ ਕਰਨਾ ਪਵੇਗਾ ਕਿ ਉਹ ਲੋਕ ਪੱਖੀ ਹਨ ਕਿ ਜੋਕ (ਲੁੱਟ) ਪੱਖੀ, ਸੇਧ ਤਾਂ ਫੇਰ ਹੀ ਨਿਰਧਾਰਤ ਹੋਵੇਗੀ। ਇਸ ਮਾਮਲੇ ਤੇ ਆਪਣੇ ਆਪ ਨੂੰ ਨਿਰਪੱਖ ਆਖਣ/ਅਖਵਾਉਣ ਵਾਲੇ ਕਮੀਨਗੀ ਦਾ ਸਿਰਾ ਹੁੰਦੇ ਹਨ। ਝੂਠ ਉੱਤੇ ਸੱਚ ਦੀ ਨਕਲੀ ਲੇਪ ਕਰਨ ਵਰਗਾ ਭਰਮ ਪਾਲਣਾ ਆਪਣੇ ਆਪ ਅਤੇ ਕਲਾ ਦੋਹਾਂ ਨਾਲ ਹੀ ਧੋਖਾ ਹੁੰਦਾ ਹੈ। ਕੋਈ ਕਲਾਕਾਰ ਇਹ ਕੁਝ ਕਰ ਹੀ ਨਹੀ ਸਕਦਾ। ਇਹ ਤਾਂ ਸਿਰਫ ਕੋਈ ਧੋਖੇਬਾਜ਼ ਹੀ ਕਰ ਸਕਦਾ ਹੈ। ਕਲਾ ਨੂੰ ਪ੍ਰਣਾਇਆਂ ਕੋਈ ਵੀ ਲੋਕ ਦਰਦੀ ਅਜਿਹਾ ਕੁਕਰਮ ਕਰਨ ਤੋ ਪਹਿਲਾਂ ਹਜ਼ਾਰ ਵਾਰ ਸੋਚੇਗਾ-ਹਜ਼ਾਰ ਵਾਰ। ਆਪਣੇ ਸਮਾਜ ਅੰਦਰ ਪਲ਼ ਰਹੀ ਪੀੜ ਨੂੰ ਸਮਝਣ ਵਾਲਾ ਹੀ ਇਸ ਦਰਦ ਦੇ ਸਫਾਏ ਦਾ ਹੋਕਾ ਦਿੰਦਾ ਹੈ। ਇਹ ਇੰਨਾ ਸੌਖਾ ਨਹੀਂ ਹੁੰਦਾ ਕਿਉਂਕਿ ਕਲਾ ਤੋਂ ਮੁਨਾਫਿਆਂ ਦੀ ਝਾਕ ਰੱਖਣ ਵਾਲੇ ਹਮੇਸ਼ਾਂ ਲੋਕ ਪੀੜਾ ਤੋਂ ਸੱਖਣੀਆਂ ਹਕੂਮਤਾਂ ਦੀ "ਗੋਦ'' ਦਾ ਆਸਰਾ ਲੈਂਦੇ ਹਨ, ਜਿਸ ਨਾਲ ਕਿਸੇ ਵੀ ਸੱਭਿਆਚਾਰ ਅੰਦਰ ਇਖਲਾਕੀ ਵਿਗਾੜ ਪੈਦਾ ਹੋ ਜਾਂਦੇ ਹਨ।
          ਕਲਾ ਦੇ ਕਾਰਜ ਖੇਤਰ ਦੀ ਗੱਲ ਕਰੀਏ ਤਾਂ ਸਾਫ ਹੈ ਕਿ ਸਮਾਜ ਅੰਦਰ ਕੋਈ ਵੀ ਮੁਸੀਬਤ ਆਵੇ ਤਾਂ ਕਲਾ ਨੂੰ ਪ੍ਰਣਾਏ ਲੋਕ ਹਰ ਤਰਾਂ ਦੇ ਬੰਨੇ-ਬਸੀਵੇਂ ਟੱਪ ਕੇ ਦੁਖੀਆਂ ਦੀ ਪੀੜ ਹਰਨ ਕਰਨ ਵਾਸਤੇ ਪਹੁੰਚਦੇ ਹਨ, ਰੋਂਦਿਆਂ ਦੇ ਹੰਝੂ ਪੂੰਝਦੇ ਹਨ। ਬੱਚਿਆਂ ਦੇ ਚਿਹਰਿਆਂ ਦੇ ਹਾਸੇ ਗੁਆਚ ਨਾ ਜਾਣ ਅਤੇ ਭਵਿੱਖ ਹਨੇਰੇ ਵਰਗਾ ਨਾ ਹੋ ਜਾਵੇ ਇਸ ਵਾਸਤੇ ਆਪਣੀ ਕਲਾ ਦੇ ਆਸਰੇ ਅਹੁੜ-ਪਹੁੜ ਕਰਦੇ ਹਨ। ਇਤਿਹਾਸ ਮਿਸਾਲਾਂ ਨਾਲ ਭਰਿਆ ਪਿਆ ਹੈ। ਕਾਫੀ ਸਮਾਂ ਪਹਿਲਾਂ ਜਦੋਂ ( ਇਹ 1941-42 ਦੀ ਗੱਲ ਹੈ) ਬੰਗਾਲ ਵਿਚ ਕਾਲ਼ ਪਿਆ ਸੀ ਉਦੋਂ ਬੰਗਾਲ ਦੇ ਕਾਲ ਪੀੜਤਾਂ ਵਾਸਤੇ ਕਲਾ ਨਾਲ ਜੁੜੇ ਲੋਕ ਦਰਦੀ ਪੰਜਾਬੀ ਕਲਾਕਾਰਾਂ ਨੇ ਇਪਟਾ ਦਾ ਝੰਡਾ ਚੁੱਕ ਕੇ ਘਰ ਘਰ ਤੱਕ ਪਹੁੰਚ ਕਰਕੇ ਆਪਣੀ ਸਮਰਥਾ ਤੋਂ ਵੀ ਵੱਧ ਜਤਨ ਜੁਟਾਏ ਸਨ ਅਤੇ ਬਣਦੀ-ਸਰਦੀ ਮੱਦਦ ਕਰਕੇ ਆਪਣੇ ਬੰਗਾਲੀ ਭੈਣ-ਭਰਾਵਾਂ ਨੂੰ ਡੋਲਣੋਂ ਬਚਾਇਆ ਸੀ। ਇਸਤੋਂ ਵੱਡੀ ਮਨੁੱਖਤਾ ਦੀ ਸੇਵਾ ਹੋਰ ਕੋਈ ਹੋ ਹੀ ਨਹੀਂ ਸਕਦੀ। ਹੋਰ ਵੀ ਬਹੁਤ ਸਾਰੇ ਮੌਕੇ ਚੇਤੇ ਕੀਤੇ ਜਾ ਸਕਦੇ ਹਨ। ਪਿਛਲੇ ਨੇੜਲੇ ਸਮੇਂ ਦੀ ਗੱਲ ਕਰਨੀ ਹੋਵੇ ਤਾਂ ਮਿਸਾਲ ਵਜੋਂ ਜਦੋਂ ਦੁਨੀਆਂ ਦੇ ਬੰਬਧਾਰੀ ਜਰਵਾਣੇ ਇਕੱਠੇ ਹੋ ਕੇ ਕੋਸੋਵੋ ਉੱਤੇ ਬੰਬਾਂ ਦੀ ਵਰਖਾ ਕਰਦੇ ਹਨ ਤਾਂ ਦੁਨੀਆਂ ਦੇ ਵੱਡੇ ਨਾਂਵਾਂ ਵਾਲੇ ਸੰਗੀਤ ਨਾਲ ਜੁੜੇ ਕਲਾਕਾਰ ਧੱਕੇਸ਼ਾਹਾਂ ਵਲੋ ਬੰਬਾਂ ਦੇ ਨਾਲ ਸਤਾਏ ਅਤੇ ਸਹਿਮੇ ਹੋਏ ਕੋਸੋਵੋ ਵਾਸੀਆਂ ਦਾ ਦੁੱਖ ਹਰਨ ਲਈ ਉੱਥੇ ਪਹੁੰਚਦੇ ਹਨ - ਆਪਣੀ ਕਲਾ ਨੂੰ ਲੋਕਾਂ ਦੇ ਗੁਆਚੇ ਹਾਸੇ ਵਾਪਸ ਲਿਆਉਣ ਲਈ ਪੇਸ਼ ਕਰਦੇ ਹਨ। ਆਪਣੀ ਕਲਾ ਨੂੰ ਬੰਬਧਾਰੀ ਜਰਵਾਣਿਆਂ ਅਤੇ ਜੰਗ ਦੇ ਖਿਲਾਫ ਪੇਸ਼ ਕਰਕੇ ਲੋਕਾਂ ਅੰਦਰ ਫੇਰ ਤੋ ਜੀਊਣ ਦਾ ਹੌਸਲਾ ਪੈਦਾ ਕਰਦੇ ਹਨ। ਇਹ ਸਾਹਸ ਤਾਂ ਉਹ ਹੀ ਕਰ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਪੀੜਤ ਲੋਕਾਈ ਦਾ ਹਮਦਰਦ ਜਾਂ ਅੰਗ ਜਾਣੇ ਅਤੇ ਉਨ੍ਹਾਂ ਦੇ ਦਰਦ/ਪੀੜ ਨੂੰ ਆਪਣੇ ਸੀਨੇ ਹੰਢਉਣ ਦਾ ਜੇਰਾ ਕਰ ਸਕਦਾ ਹੋਵੇ। ਲੋਕਾਂ ਦੇ ਦੁੱਖ ਦਰਦ, ਪੀੜ ਨੂੰ ਉਨ੍ਹਾਂ ਦਾ ਅੰਗ ਬਣਕੇ ਹੰਢਾਉਣ ਵਾਲਾ ਹੀ ਲੋਕ ਕਲਾਕਾਰ ਅਖਵਾ ਸਕਦਾ ਹੈ। ਪੀੜਤਾਂ ਵੱਲ ਬੇ-ਗਰਜ ਹੋ ਕੇ ਖੜ੍ਹੇ ਹੋਣ ਵਾਲਾ ਹੀ ਕਲਾ ਦਾ ਅਸਲੀ ਕਾਰਜ ਨਿਭਾਉਂਦਾ ਹੈ।
          ਕਲਾ ਨੂੰ ਕਈ ਰੋਜ਼ੀ-ਰੋਟੀ ਦਾ ਸਾਧਨ ਸਮਝਦੇ ਹਨ, ਪਰ ਇਸਦੀ ਪੇਸ਼ਕਾਰੀ ਉਹ ਲੋਕ ਕਲਿਆਣ ਵਾਸਤੇ ਹੀ ਕਰਦੇ ਹਨ। ਉਹ ਸਾਫ ਦਿਲ ਲੋਕ ਕਲਾਕਾਰ (ਭੰਡ-ਮਰਾਸੀ ਆਦਿ) ਸਿਰਫ ਆਪਣੀਆਂ ਗਰਜਾਂ ਦੀ ਪੂਰਤੀ ਕਰਨ ਵਾਲੇ ਉਨ੍ਹਾਂ ਅਖੌਤੀ ਬੁਧੀਜੀਵੀਆਂ / ਮਹਿੰਗੇ "ਕਲਾਕਾਰਾਂ'' ਤੋਂ ਲੱਖ ਦਰਜ਼ੇ ਚੰਗੇ ਹਨ ਜਿਹੜੇ ਮੌਕਾਪ੍ਰਸਤੀ ਵਾਲੇ ਵੰਝ ਤੇ ਚੜ੍ਹਕੇ ਆਪਣੀ ਅਕਲ ( ਤੇ ਜ਼ਮੀਰ) ਵੇਚਣ ਲੱਗਿਆਂ ਮਿੰਟ ਵੀ ਨਹੀਂ ਲਾਉਂਦੇ। ਅਸੀਂ ਪੇਡੂ ਸਮਾਜ ਵਲ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਭੰਡ-ਮਰਾਸੀ ਆਪਣੀ ਕਲਾ ਨਾਲ ਜਿੱਥੇ ਲੋਕ ਮਨਾਂ ਦਾ ਮਨੋਰੰਜਨ ਕਰਦੇ ਹਨ ਉਥੇ ਹੀ ਲੋਕ ਕਲਿਆਣ ਖਾਤਰ ਸਮਾਜ ਅੰਦਰ ਪਲਦੇ ਹਰ ਕਿਸਮ ਦੇ ਭੈੜਾਂ / ਕੋਝ੍ਹਾਂ ਦੇ ਖਿਲਾਫ ਲੋਕ ਹਿਤੂ ਟਿੱਪਣੀਆਂ ਵੀ ਕਰਦੇ ਹਨ। ਜਿਨ੍ਹਾਂ ਨਾਲ ਉਹ ਲੋਕ ਮਨਾਂ ਨੂੰ ਹੁੱਝਾਂ ਮਾਰਕੇ ਸੁਚੇਤ ਕਰਦੇ ਹਨ, ਕੁੱਝ ਕਰਨ ਵਾਸਤੇ ਲੋਕਾਂ ਨੂੰ ਜਗਾ ਜਾਂਦੇ ਹਨ। ਸਮਾਜ ਵਲੋਂ ਉਨ੍ਹਾਂ ਅਸਲੀ ਲੋਕ ਕਲਾਕਾਰਾਂ ਅਤੇ ਉਨ੍ਹਾਂ ਦੀ ਲੋਕ ਪੱਖੀ ਕਲਾ ਨੂੰ ਸਾਂਭਣ, ਉਨ੍ਹਾਂ ਦੀਆਂ ਕਹੀਆਂ ਗੱਲਾਂ ਨੂੰ ਸਮਝਣ ਅਤੇ ਉਨ੍ਹਾਂ ਤੋ ਸਿੱਖਣ ਦੀ ਬਹੁਤ ਲੋੜ ਹੈ।
      ਆਮ ਜਹੀ ਮਿਸਾਲ ਕਿ ਹਰ ਕੋਈ ਆਪਣੇ ਘਰ ਦੀ ਸਫਾਈ ਕਰਦਾ ਹੈ ਤਾਂ ਕਿ ਕਿਧਰੇ ਗੰਦ ਪਿਆ ਨਾ ਰਹਿ ਜਾਵੇ ਨਹੀਂ ਤਾਂ ਘਰ ਵਿੱਚੋਂ ਬਦਬੋ ਆਵੇਗੀ। ਕੀ ਕਾਰਨ ਹੈ ਕਿ ਸਮਾਜ (ਜਿਸਦੇ ਅਸੀਂ ਅੰਗ ਹਾਂ) ਵਿਚ ਇੰਨੇ ਪਏ ਗੰਦ ਦੇ ਬਾਵਜੂਦ ਸਫਾਈ ਵਲ ਸਾਡਾ ਧਿਆਨ ਹੀ ਨਹੀਂ ਜਾਂਦਾ? (ਜਾਂ ਫੇਰ ਸਾਨੂੰ ਮੁਸ਼ਕ ਤੋਂ ਮੁਸ਼ਕ ਹੀ ਨਹੀਂ ਆਉਂਦਾ?)।  ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਸਿਰੇ ਦੇ ਹਰਾਮੀਆਂ/ਬਦਮਾਸ਼ਾਂ, ਸਮਗਲਰਾਂ ਦਾ ਸਿਆਸਤ ਵਿਚ ਦਾਖਲਾ, ਵਿਕਾਊ ਸਿਆਸਤ ਦਾ ਅਪਰਾਧੀਕਰਨ, ਕੁਨਬਾ-ਪ੍ਰਵਰੀ, ਕਿਰਤ ਦੀ ਲੁੱਟ, ਸਿਆਸੀ ਮਨਸੂਬਿਆਂ ਖਾਤਰ ਧਰਮ ਦਾ ਸੋਸ਼ਣ, ਅੰਨ-ਦਾਤੇ ਨੂੰ ਮੰਗਤਾ ਬਣਾਉਂਦਾ ਜਾਂ ਖੁਦਕਸ਼ੀਆਂ ਤੱਕ ਅਪੜਾਂਉਦਾ ਸਿਸਟਮ, ਗਰੀਬ-ਗੁਰਬੇ ਉਤੇ ਹਰ ਕਿਸਮ ਦਾ (ਸਮਾਜੀ, ਆਰਥਿਕ, ਰਾਜਨੀਤਿਕ, ਸੱਭਿਆਚਾਰਕ ਆਦਿ) ਅੱਤਿਆਚਾਰ ਹੁੰਦਾ ਦੇਖ ਕੇ ਵੀ ਸਾਡਾ ਮਨ ਬਗਾਵਤ ਦੇ ਰਾਹ ਨਹੀਂ ਪੈਂਦਾ। ਕੀ ਸਮਾਜ ਵਿਚ ਪਿਆ ਇਹ ਗੰਦ ਉਪਰੋਂ ਆ ਕੇ ਕੋਈ ਫਰਿਸ਼ਤਾ ਸਾਫ ਕਰੂ? ਜਿਹੜਾ ਵੀ ਕਲਾ ਨਾਲ ਜੁੜਿਆ, ਸਮਾਜ ਅੰਦਰ ਫੈਲਰੇ ਇਸ ਘਿਨਾਉਣੇ ਗੰਦ ਨੂੰ ਸਾਫ ਕਰਨ ਵਲ ਲੋਕਾਂ ਨੂੰ ਖ਼ੁਦ ਉਨ੍ਹਾਂ ਦਾ ਅੰਗ ਬਣਕੇ ਪ੍ਰੇਰਤ ਨਹੀਂ ਕਰਦਾ ਉਹ ਖੁਦ ਵੀ ਕਲਾ ਦੇ ਨਾਂ ਤੇ ਧੱਬਾ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹੋ ਜਹੇ ਧੱਬਿਆਂ ਦਾ ਕਦੇ ਵੀ ਇਤਿਹਾਸ ਨੇ ਹਾਂਅ-ਪੱਖੀ ਮੁੱਲ ਨਹੀਂ ਪਾਇਆ, ਇਹ ਧੱਬੇ ਸਦਾ ਨਕਾਰੇ ਹੀ ਜਾਂਦੇ ਰਹੇ ਹਨ ਅਤੇ ਅੱਗੋਂ ਵੀ ਨਕਾਰੇ ਹੀ ਜਾਂਦੇ ਰਹਿਣਗੇ। ਲਿਖਣ ਵਾਲੀਆਂ ਜਿਹੜੀਆਂ ਕਲਮਾਂ (ਜਾਂ ਕਲਾ ਦੇ ਹੋਰ ਖੇਤਰਾਂ ਵਾਲੇ) ਲੋਕਾਂ ਦੀ ਪੀੜ, ਉਨ੍ਹਾਂ ਦੇ ਮੂੰਹ ਤੋਂ ਗੁਆਚੇ ਹਾਸੇ ਦਾ ਦਰਦ ਮਹਿਸੂਸ ਨਾ ਕਰਨ ਉਨ੍ਹਾਂ ਕਲਮਾਂ ਨੂੰ ਸਮਾਂ ਬਾਂਝ ਕਲਮਾਂ ਜਾਂ ਕੰਜਰ ਕਲਮਾਂ ਕੁੱਝ ਵੀ ਆਖ ਸਕਦਾ ਹੈ।
       ਜਿਸ ਕਲਾ-ਕ੍ਰਿਤੀ ਵਿਚ ਲੋਕਾਈ ਦਾ ਦਰਦ ਨਹੀਂ, ਨਿਤਾਣੇ ਦੀ ਹੂਕ-ਉਸਦੇ ਹੰਝੂਆਂ ਵਿੱਚੋਂ ਉਠਦਾ ਰੋਹ ਨਹੀਂ, ਭੁੱਖ ਨਾਲ ਵਿਲਕਦੇ ਕਿਸੇ ਮਾਸੂਮ ਬੱਚੇ ਦੀ ਸੀਨਾ ਚੀਰਵੀਂ ਆਹ ਨਹੀਂ, ਜਿਸ ਵਿਚ ਲੋਕ ਮਨਾਂ ਅੰਦਰ ਪੈਦਾ ਕੀਤੀ ਜਾ ਰਹੀ ਬੇਚਾਰਗੀ ਕਿ ਅਜਿਹਾ ਸਭ ਕਿਉਂ ਹੋ ਰਿਹਾ ਹੈ? ਵਰਗੇ ਸਵਾਲ ਪੇਸ਼ ਕਰਕੇ ਹਲਚਲ ਪੈਦਾ ਕਰਨ ਦਾ ਜਤਨ ਜਾਂ ਜੇਰਾ ਨਹੀਂ, ਉਹ ਕਲਾ ਨਹੀ - ਉਹ ਸਭ ਕੂੜਾ ਹੈ। ਕਿਉਂਕਿ ਉਸ ਵਿਚੋਂ ਇਨਸਾਨੀ ਦਰਦ ਨਾਲੀ ਫਿਤਰਤ  ਗੈਰ-ਹਾਜ਼ਰ ਹੈ। ਉਹ ਕਲਾ ਦੇ ਨਾਂ 'ਤੇ ਧੋਖਾ ਹੈ।
     ਸਿਰਫ ਮਨ ਪ੍ਰਚਾਵੇ ਖਾਤਰ-ਭੁੱਖ ਨੂੰ ਠੱਠੇ ਕਰਦੀ ਕਲਾ ਹਨੇਰੇ ਦੀਆਂ ਚੀਕਾਂ ਹੀ ਸਮਝੀਆਂ ਜਾਣੀਆਂ ਚਾਹੀਦੀਆਂ ਹਨ। ਹਰ ਕਿਸੇ ਨੂੰ ਸਮਾਜ ਦੇ ਭਲੇ ਵਾਸਤੇ ਹਨੇਰੇ ਅਤੇ ਉਸਦੀਆਂ ਹਮਾਇਤੀ ਸ਼ਕਤੀਆਂ ਨਾਲ ਜੂਝਦਿਆਂ ਸੋਚ/ਸੂਝ ਨੂੰ ਪ੍ਰਚੰਡ ਕਰਦਿਆਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਲਾ ਦੁਨੀਆਂ ਦਾ ਸੁਹਜ ਭਰਿਆਂ ਸੁਹੱਪਣ ਤੇ ਸਮਾਜੀ ਕੋਹਝਾਂ/ਕੋਹੜਾਂ ਦੇ ਖਿਲਾਫ ਨਰੋਏ, ਲੋਕ ਪੱਖੀ/ਲੋਕ ਮੁਖੀ ਸਮਾਜ ਦੀ ਸਥਾਪਨਾ ਵਾਸਤੇ ਲੜਨ ਵਾਲੀ ਸੱਭਿਅਕ ਸ਼ਕਤੀ ਹੈ। ਕਲਾ ਰਾਹੀਂ ਮਾਸੂਮੀਅਤ ਨੂੰ ਸਮਾਜ ਅੰਦਰ ਆਪਣੇ ਸਿਦਕ/ਸਿਰੜ ਤੇ ਮਨੁੱਖਵਾਦੀ ਸੋਚ ਦੇ ਆਸਰੇ ਸੁਹਜ ਪੈਦਾ ਕਰਨ ਵਾਲੀ ਧਿਰ ਬਣਾਇਆ ਜਾਣਾ ਚਾਹੀਦਾ ਹੈ - ਸੰਸਾਰ ਨੂੰ ਖੂਬਸੂਰਤ ਦੇਖਣ ਦਾ ਸੁਪਨਾ ਸਿਰਜ ਕੇ ਉਸਨੂੰ ਸਾਕਾਰ ਕਰਨ ਦੀ ਤਮੰਨਾ ਰੱਖਣ ਵਾਲਿਆਂ ਨੂੰ ਇਸ ਰਾਹੇ ਤੁਰਨਾ ਹੀ ਪੈਂਦਾ ਹੈ।

2019-09-22