ਕਰਮ-ਯੋਗੀ

ਕਬੀਲਦਾਰੀ ਦੀ ਪੰਡ,

ਤੇ ਬਾਲਿਆਂ ਦੀ ਛੱਤ ਥੱਲੇ,

ਪਹਾੜ ਵਰਗਾ ਮੋਢਾ ਧਰਦਿਆਂ।


ਸੁਨਹਿਰੀ ਸੁਪਨੇ,

ਅੱਧ-ਵੱਢੇ, ਮੂੰਹ-ਅੱਡੇ,

ਕੱਕੇ ਬੁੱਥਿਆਂ ਚੋਂ ਫੜਦਿਆਂ।


ਪੁੱਤ ਦੀ ਫ਼ੀਸਾਂ ਲਈ,

ਉਠਦੀਆਂ ਚੀਸਾਂ ਲਈ,

ਪੱਥਰ ਹੋ ਆਥੜੀਆਂ ਕਰਦਿਆਂ।


ਧੀ ਦੇ ਕਾਜ ਲਈ,

ਵਧਦੇ ਵਿਆਜ ਲਈ,

ਪਾਪੀ ਕਰਜ਼ੇ ਥੱਲੇ ਮਰਦਿਆਂ।


ਭੁੱਖੇ ਡੰਗਰਾਂ ਲਈ,

ਖੁੱਸੇ ਅੰਬਰਾਂ ਲਈ,

ਘਾਹ ਦੀ ਪੰਡ ਲਈ ਵੱਟਾਂ ਤੇ ਚੜਦਿਆਂ।


ਆਪਣੀ ਭੁੱਖ ਨੂੰ ਮਾਰ,

ਕੁਝ ਰੀਝਾਂ ਨੂੰ ਸਾੜ,

ਪੈਰੀਂ ਛਾਲੇ ਜਰਦਿਆਂ,


ਕਦੇ ਥੱਕਿਆ ਨਹੀਂ ਸੀ...

ਕਦੇ ਹਾਰਿਆ ਨਹੀਂ ਸੀ...

ਆਪਣੀ ਕਿਸਮਤ ਤੋ...

ਤੇ...

ਅੱਜ ਵੀ ਇਸ ਨੂੰ ਬਦਲਣ ਲਈ...

ਉਹ ਦਿ੍ਰੜ ਸੀ...

ਕਰਮ-ਯੋਗੀ ਸੀ...।

-ਗੁਰਬਾਜ ਸਿੰਘ

8837644027