ਮੋਬਾਇਲ ਫੋਨ ਰਿਸ਼ਤਿਆਂ ਵਿਚ ਪਿਆਰ ਵਧਾਉਣ ਦੀ ਬਜਾਏ ਬਣ ਰਹੇ ਹਨ ਪੁਆੜੇ ਦੀ ਜੜ੍ਹ - ਸਵਰਨਜੀਤ ਸਿੰਘ ਘੋਤੜਾ

ਮੋਬਾਇਲ ਫੋਨ ਜਿਸ ਬਾਰੇ ਮੇੈਂ ਪਹਿਲਾਂ ਵੀ ਲਿਖ ਚੁਕਿਆ ਹਾਂ ਕਿ ਇਹ ਫੋਨ ਜੋ ਕਿ ਕਿਸੇ ਸਮੇਂ ਜਰੂਰਤ ਸਮਝਿਆ ਜਾਂਦਾ ਸੀ, ਪਰ ਹੁਣ ਜਿਥੇ ਮੋਬਾਇਲ ਫੋਨ ਇੱਕ ਫੈਸ਼ਨ ਬਣ ਗਿਆ ਹੈ ਉਸ ਦੇ ਨਾਲ ਨਾਲ ਇਸ ਵਿਚ ਇੰਨੇ ਕੁ ਫੀਚਰ ਬਣ ਗਏ ਹਨ ਕਿ ਜੇਕਰ ਕੋਈ ਸਾਰਾ ਦਿਨ ਵੀ ਫੋਨ ਚਲਾਉਂਦਾ ਰਹੇ, ਉਹ ਸਾਰੇ ਫੀਚਰ ਫਿਰ ਵੀ ਨਹੀਂ ਦੇਖ ਸਕਦਾ, ਪਹਿਲੇ ਪਹਿਲ ਮੋਬਾਇਲ  ਫੋਨ ਸਿਰਫ ਗੱਲਬਾਤ ਦਾ ਸਾਧਨ ਸਨ, ਪਰ ਫੋਨ ਵਿਚ ਇੰਟਰਨੈੱਟ ਆਉਣ ਕਾਰਨ ਸਾਰਾ ਮਾਹੌਲ ਹੀ ਬਦਲ ਗਿਆ ਹੈ,  ਪਹਿਲਾਂ ਕੰਪਿਊਟਰ ਜਾਂ ਲੈਪ-ਟਾਪ ਵਿਚ ਹੀ ਇੰਟਰਨੈਟ ਚੱਲਦਾ ਸੀ ਤੇ ਲੋਕ ਕੰਪਿਊਟਰ ਬਾਰੇ ਜਾਣਕਾਰੀ ਲੈਣਾ ਅਤਿ ਜਰੂਰੀ ਸਮਝਦੇ ਸੀ ਤੇ ਕੰਪਿਊਟਰ ਮਹਿੰਗਾ ਤੇ ਭਾਰੀ ਹੋਣ ਕਾਰਨ ਕਿਤੇ ਵੀ ਲੈ ਕੇ ਜਾਣਾ ਐਡਾ ਸੌਖਾ ਨਹੀਂ ਸੀ ਤੇ ਕੇਵਲ ਘਰ ਵਿਚ ਹੀ ਉਸ ਦੀ ਵਰਤੋਂ ਕੀਤੀ ਜਾ ਸਕਦੀ ਸੀ, ਲੈਪ ਟਾਪ ਆਉਣ ਨਾਲ ਇਹ ਆਣ ਜਾਣ ਲਈ ਵਰਤਿਆ ਜਾਣ ਲੱਗ ਪਿਆ ਸੀ, ਪਰ ਜਦੋਂ ਦੇ ਇੰਟਰਨੈੱਟ ਵਾਲੇ ਮੋਬਾਇਲ ਫੋਨ ਆਏ ਹਨ ਇਨ੍ਹਾਂ ਨੇ ਸਾਰੀ ਦੁਨੀਆਂ ਹੀ ਬਦਲ ਕੇ ਰੱਖ ਦਿੱਤੀ ਹੈ, ਇੰਟਰਨੈੱਟ ਦੀ ਪਹੁੰਚ ਸੋੌਖੀ ਹੋਣ ਕਾਰਨ ਤੇ ਮੋਬਾਇਲ ਫੋਨ ਸਸਤੇ ਹੋਣ ਕਾਰਨ ਹਰ ਐਰੇ ਗੈਰੇ ਕੋਲ ਇਹ ਫੋਨ ਪਹੁੰਚ ਗਏ, ਤੇ ਨੈੱਟ ਪੈਕ ਵੀ ਸਸਤੀ ਹੋਣ ਕਾਰਨ ਲੋਕ ਜਿਆਦਾ ਇੰਨਾ ਫੋਨਾਂ ਨਾਲ ਜੁੜਣ ਲੱਗ ਪਏ, ਵਾਈ-ਫਾਈ ਨੇ ਤੇ ਹੋਰ ਵੀ ਲੋਕਾਂ ਨੂੰ ਸਹੂਲਤ ਦੇ ਦਿੱਤੀ ਜਿਸ ਨਾਲ ਕਿ ਘਰ ਵਿਚ ਇੱਕ ਇੰਟਰਨੈੱਟ ਕੁਨੈਕਸ਼ਨ ਹੋਣ ਨਾਲ ਵੀ ਇੱਕ ਤੋਂ ਵਧੇਰੇ ਫੋਨਾਂ ਤੇ ਨੈੱਟ ਵਰਤੀ ਜਾ ਸਕਦੀ ਹੈ, ਇਸ ਨਾਲ ਜਿਥੇ ਵਪਾਰੀ ਵਰਗ ਨੂੰ ਫਾਇਦਾ ਹੋਇਆ ਉਸ ਦੇ ਨਾਲ ਨਾਲ ਹੀ ਆਸ਼ਕੀ ਕਰਨ ਵਾਲਿਆਂ ਦੇ ਵੀ ਵਾਰੇ ਨਿਆਰੇ ਹੋ ਗਏ। ਪਹਿਲਾਂ ਪਹਿਲ ਕੇਵਲ ਗੂਗਲ ਮੈਸੇਂਜਰ ਤੇ ਹੀ ਚੈਟਿੰਗ ਜਾਂ ਕਾਲ ਦੀ ਸਹੂਲਤ ਸੀ, ਤੇ ਫਿਰ ਜਦੋਂ ਦਾ ਵੱਟਸ-ਐਪ,ਫੇਸਬੁੱਕ, ਟਵਿੱਟਰ, ਟਿੱਕ-ਟਾਕ, ਸਨੈਪ-ਚੈੱਟ ਵਰਗੇ ਫੀਚਰ ਆ ਗਏ, ਫਿਰ ਤੇ ਦੁਨੀਆਂ ਜਿਵੇਂ ਫੋਨਾਂ ਦੀ ਪਾਗਲ ਹੀ ਹੋ ਗਈ, ਹਰ ਕੰਮ ਫੋਨ ਤੇ, ਗੀਤ-ਸੰਗੀਤ, ਯੂ.ਟਿਊਬ, ਖਬਰਾਂ , ਗੁਰਬਾਣੀ , ਫੋਟੋ ਤੇ ਵੀਡੀਓ ਸ਼ੇਅਰ ਕਰਨਾ, ਮਸ਼ਹੂਰੀ ਤੇ ਵਪਾਰ ਤੇ ਹੋਰ ਅਜਿਹੀ ਸਮੱਗਰੀ ਫੋਨ ਤੇ ਹੀ ਉਪਲਬੱਧ ਹੋ ਗਈ, ਹਰ ਪਾਸੇ ਫੋਨ ਹੀ ਫੋਨ ਹੋ ਗਏ, ਕੀ ਘਰ, ਕੀ ਬੱਸਾਂ, ਕੀ ਗੱਡੀਆਂ,,,ਹਰ ਪਾਸੇ, ਹਰ ਵਿਅਕਤੀ ਫੋਨਾਂ ਤੇ ਵਿਅਸਤ ਦਿਸਣ ਲੱਗ ਪਿਆ, ਬਹੁਤੀ ਮੌਜ ਉਨ੍ਹਾਂ ਲੋਕਾਂ ਲਈ ਹੋ ਗਈ ਜਿਹੜੇ ਕਿ ਚੋਰੀ ਚੋਰੀ ਆਸ਼ਕੀਆਂ ਕਰਨ ਵਾਲੇ ਹੁੰਦੇ ਨੇ, ਫੇਸਬੁੱਕੀਆਂ ਲਈ ਮੌਜਾਂ ਹੋ ਗਈਆਂ, ਆਈ-ਡੀ ਕਿਸੇ ਹੋਰ ਤੇ ਨਾਮ ਕਿਸੇ ਹੋਰ ਦਾ , ਤੇ ਚਲਾਉਣ ਵਾਲਾ ਕੋਈ ਹੋਰ, ਬੱਸ ਇਸ ਕਾਰਨ ਹੀ ਦੁਨੀਆਂ ਵਿਚ ਤਰਥੱਲੀ ਮੱਚ ਗਈ, ਵਿਆਹ-ਸ਼ਾਦੀਆਂ ਤੋਂ ਬਾਦ ਧੜਾ-ਧੜ ਤਲਾਕਾਂ ਦੀ ਗਿਣਤੀ ਵੱਧਣ ਲੱਗੀ, ਕਿਸੇ ਦੀ ਕੁੜੀ, ਕਿਸੇ ਦੀ ਘਰ ਵਾਲੀ, ਕਿਸੇ ਹੋਰ ਨਾਲ ਭੱਜ ਗਈ, ਕਿਸੇ ਔਰਤ ਨੇ  ਜਾਂ ਕਿਸੇ ਮਰਦ ਨੇ ਆਪਣੀ ਆਸ਼ਕੀ ਦੀ ਖਾਤਿਰ ਆਪਣੇ ਪ੍ਰੀਵਾਰ ਦੇ ਜੀਅ ਮਾਰ ਦਿੱਤੇ, ਜਾਂ ਖੁਦ ਹੀ ਮਰ ਗਏ, ਹੁਣ ਤਾਂ ਅਜਿਹੀਆਂ ਖਬਰਾਂ ਨਾਲ ਹੀ ਅਖਬਾਰ ਭਰੇ ਹੋਏ ਮਿਲਦੇ ਹਨ, ਫੇਸਬੁੱਕਾਂ ਤੇ ਲਾਇਵ ਹੋਣਾ ਜਿਥੇ ਬਹੁਤ ਹੀ ਵਧੀਆ ਅਸਰਦਾਰ ਢੰਗ ਦਾ ਪ੍ਰਚਾਰ ਸਾਬਿਤ ਹੋ ਰਿਹਾ ਹੈ, ਉਸ ਦੇ ਨਾਲ ਹੀ ਫੋਨਾਂ ਤੇ ਵੀਡੀਓ ਕਾਲ ਨੇ  ਜਿਥੇ ਦੇਸ-ਪ੍ਰਦੇਸ ਵਿਚ ਬੈਠੇ ਪ੍ਰੀਵਾਰਾਂ ਨੂੰ ਇੱਕ ਦੂਜੇ ਨਾਲ  ਆਹਮੋ-ਸਾਹਮਣੇ ਗੱਲਬਾਤ ਕਰਨ ਦੀ ਸਹੂਲਤ ਪ੍ਰਾਪਤ ਹੋਈ , ਪਰ ਇਸ ਦੇ ਨਾਲ ਹੀ ਆਸ਼ਕਾਂ  ਨੂੰ  ਇਸ ਸਹੂਲਤ ਨੇ ਹੋਰ ਵੀ ਵੱਧ  ਆਸ਼ਕੀ ਵਿਚ ਗਰਕ ਕਰਨ ਦੀ ਪ੍ਰੇਰਨਾ ਦਿੱਤੀ। ਇੱਕ ਹੋਰ ਫੀਚਰ ਜੋ ਆਸ਼ਕਾਂ ਲਈ ਵੱਧ ਮੱਦਦਗਾਰ ਹੋ ਰਿਹਾ ਹੈ, ਉਹ ਹੈ ਮੈਸੇਜ ਕਰਨ ਤੋਂ ਬਾਦ ਉਸਨੂੰ ਡੀਲੀਟ ਕਰ ਦੇਣਾ, ਕਾਲ ਕਰਨ ਤੋਂ  ਬਾਦ ਉਸ ਨੂੰ ਡੀਲੀਟ ਕਰ ਦੇਣਾ, ਤਾਂ ਕਿ ਉਸਦੇ ਕੀਤੇ ਮੈਸੇਜ, ਜਾਂ ਕਾਲ ਨੂੰ ਕੋਈ ਹੋਰ ਨਾ ਵੇਖ ਸਕੇ। ਇਹ ਸਹੂਲਤ ਹੀ ਲੋਕਾਂ ਦਾ ਵੱਧ ਬੇੜਾ ਗਰਕ ਕਰ ਰਹੀ ਹੈ, ਕਿਉਂਕਿ ਜਦੋਂ ਵੀ ਕੋਈ ਆਸ਼ਕੀ ਮਾਰਨ ਵਾਲਾ  ਅਜਿਹਾ ਕਰਦਾ ਹੈ ਤੇ ਉਹ ਸਮਝ ਲੈਂਦਾ ਹੈ ਕਿ ਮੇਰੇ ਤੋਂ ਵੱਧ ਕੋਈ ਸਿਆਣਾ ਨਹੀਂ ਹੈ, ਕਿਉਂਕਿ ਮੈਂ  ਹਰ ਕੰਮ ਬੜੀ ਸਮਝ ਨਾਲ ਕਰ ਰਿਹਾ ਹਾਂ, ਪਰ ਗੁਰਬਾਣੀ ਦਾ ਫੁਰਮਾਣ ਹੈ, 'ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ' ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਪਰ ਸਿਆਣੇ ਪਰੇ ਤੋਂ ਪਰੇ ਬੈਠੇ ਹਨ, ਹਰ ਕੋਈ ਗਲਤੀ ਕਰਨ ਵਾਲਾ ਇਹੀ ਸਮਝਦਾ ਹੈ ਕਿ ਉਸ ਨੂੰ ਕਿਹੜਾ ਕੋਈ ਵੇਖਦਾ ਹੇੈ, ਪਰ ਉਸਦੀਆਂ ਆਪਣੀਆਂ ਹਰਕਤਾਂ ਹੀ ਉਸ ਬਾਰੇ ਬਹੁਤ ਕੁਝ ਬਿਆਨ ਕਰ ਜਾਂਦੀਆਂ ਹਨ, ਤੇ ਉਸਦੀਆਂ ਕੀਤੀਆਂ ਚੋਰੀਆਂ ਆਖਿਰ ਇੱਕ ਦਿਨ ਉਸ ਨੂੰ ਫਸਾ ਹੀ ਦਿੰਦੀਆਂ ਹਨ। ਤੇ ਫਿਰ ਉਹ ਫਸਿਆ ਬੰਦਾ ਜਾਂ ਔਰਤ ਆਪਣੀਆਂ ਗਲਤੀਆਂ ਨੂੰ ਛੁਪਾਉਣ ਖਾਤਿਰ ਕਈ ਹੋਰ ਵੱਡੀਆਂ ਗਲਤੀਆਂ ਕਰ ਬੈਠਦਾ ਹੈ। ਇਥੋਂ ਤੱਕ ਕਿ ਉਹ ਡਰਿਆ ਹੋਇਆ ਕਿਸੇ ਨੂੰ ਮਾਰਨਾ ਜਾਂ ਖੁਦ ਆਪਣੇ ਆਪ ਨੂੰ ਵੀ ਮਾਰ ਲੈਣ ਦੀ ਹਿੰਮਤ ਕਰ ਬੈਠਦਾ ਹੈ। ਤੇ ਇਹੋ ਹੀ ਗੁਨਾਹ ਬਹੁਤ ਸਾਰੇ ਲੋਕ ਕਰ ਰਹੇ ਹਨ। ਅੱਜ ਸਾਨੂੰ ਇਸ ਬਾਰੇ ਸੋਚਣ ਦੀ ਬਹੁਤ ਲੋੜ ਹੈ, ਫੋਨ ਦੀ ਵਰਤੋਂ ਚੰਗੇ ਕੰਮਾ ਲਈ ਕੀਤੀ ਜਾਵੇ, ਫਜੂਲ ਦੀਆਂ ਆਸ਼ਿਕੀਆਂ ਤੋਂ ਬਚਿਆ ਜਾਵੇ। ਨਹੀਂ ਤਾਂ ਫਿਰ ਤੁਹਾਡੀ ਖੈਰ ਨਹੀਂ૴ ਕਿਉਂਕਿ ਜਿਸ ਫੋਨ ਨੇ ਤੁਹਾਨੂੰ ਸਹੂਲਤਾਂ ਦੀ ਦਿੱਤੀਆਂ ਹਨ, ਇਸ ਫੋਨ ਕਰਕੇ ਹੀ ਤੁਹਾਡੀ ਕੁੱਤੇਖਾਣੀ ਵੀ ਵੱਧ ਕੇ ਹੋਣੀ ਹੈ, ਤੁਹਾਡੀ ਇੱਕ ਛੋਟੀ ਜਿਹੀ  ਗਲਤੀ ਵੀ  ਮਿੰਟਾਂ ਵਿਚ ਹੀ ਪੂਰੀ ਦੁਨੀਆਂ ਵਿਚ ਫੈਲ ਸਕਦੀ ਹੈ, ਤੁਹਾਡਾ ਘਰ ਪ੍ਰੀਵਾਰ ਉਜੜ ਸਕਦਾ ਹੈ, ਤੁਹਾਡੀ ਇੱਜਤ ਜਿਸ ਨੂੰ ਬਣਾਉਣ ਲਈ ਉਮਰ ਲੱਗ ਜਾਂਦੀ ਹੈ, ਇੱਕ ਪਲ ਵਿਚ ਤੁਹਾਡਾ ਜਲੂਸ ਕਢਾ ਸਕਦੀ ਹੈ। ਸੋ ਕ੍ਰਿਪਾ ਕਰਕੇ ਇਸ ਗੱਲ ਦਾ ਬਹੁਤ ਹੀ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਇਸ ਫੋਨ ਦਾ ਗਲਤ ਉਪਯੋਗ ਕਰੋਗੇ ਤੇ ਤੁਹਾਡੀ ਬਰਬਾਦੀ ਵੀ ਨਿਸ਼ਚਿੰਤ ਹੋਵੇਗੀ। ਇੱਕ ਨਾ ਇੱਕ ਦਿਨ ਆ ਹੀ ਜਾਵੇਗਾ ਕਿ ਜੇਕਰ ਤੁਸੀ ਕਿਸੇ ਵੀ ਗੱਲ ਦਾ ਝੂਠ ਮਾਰ ਰਹੇ ਹੋ ਤੇ ਉਹ ਝੂਠ ਤੁਹਾਡਾ ਬੇੜਾ ਗਰਕ  ਕਰ ਦੇਵੇਗਾ। ਸੋ ਧਿਆਨ ਨਾਲ ਅਤੇ ਸਮਝਦਾਰੀ ਨਾਲ ਹੀ ਮੋਬਾਇਲ ਫੋਨ ਦੀ ਵਰਤੋਂ ਕਰੋ।