ਆਸਥਾ ਤੇ ਸੱਤਾ ਦੀ ਸਾਂਝ - ਸਵਰਾਜਬੀਰ

ਉਹ ਤਿੰਨ ਵਾਰ ਲੋਕ ਸਭਾ ਦੀਆਂ ਚੋਣਾਂ ਜਿੱਤਿਆ ਅਤੇ ਦੇਸ਼ ਦਾ ਗ੍ਰਹਿ ਰਾਜ ਮੰਤਰੀ (ਯੂਨੀਅਨ ਮਿਨਿਸਟਰ ਆਫ਼ ਸਟੇਟ ਫਾਰ ਹੋਮ) ਬਣਿਆ। ਉਸ ਦਾ ਟਰੱਸਟ ਕਈ ਸਕੂਲ, ਕਾਲਜ ਅਤੇ ਆਸ਼ਰਮ ਚਲਾਉਂਦਾ ਹੈ ਜਿਨ੍ਹਾਂ ਵਿਚ ਹਜ਼ਾਰਾਂ ਬੱਚੇ ਪੜ੍ਹਦੇ ਤੇ ਰਹਿੰਦੇ ਹਨ। ਉਸ ਨੇ ਰਾਮ ਮੰਦਰ ਬਣਾਉਣ ਵਾਲੇ ਅੰਦੋਲਨ ਵਿਚ ਹਿੱਸਾ ਲਿਆ ਅਤੇ 1986 ਵਿਚ ਉਹ ਰਾਮ ਜਨਮ ਭੂਮੀ ਅੰਦੋਲਨ ਸੰਘਰਸ਼ ਸਮਿਤੀ ਦਾ ਜਨਰਲ ਸਕੱਤਰ ਬਣਿਆ। ਇਸ ਵੇਲ਼ੇ ਉਹ ਉੱਤਰ ਪ੍ਰਦੇਸ਼ ਵਿਚ ਮਮੁਕਸ਼ੂ ਆਸ਼ਰਮ ਸ਼ਾਹਜਹਾਂਪੁਰ ਦਾ ਮੁਖੀ ਹੈ ਅਤੇ ਹਰਿਦੁਆਰ ਤੇ ਰਿਸ਼ੀਕੇਸ਼ ਦੇ ਕਈ ਆਸ਼ਰਮ ਵੀ ਇਸ ਆਸ਼ਰਮ ਦੀ ਦੇਖ-ਰੇਖ ਵਿਚ ਆਉਂਦੇ ਹਨ। ਜਦ ਮਮੁਕਸ਼ੂ ਆਸ਼ਰਮ ਨੇ ਯੁਵਾ ਮਹਾਂਉਤਸਵ ਮਨਾਇਆ ਤਾਂ ਸੂਬੇ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਸ ਸਮਾਗਮ ਵਿਚ ਹਾਜ਼ਰ ਹੋਇਆ। ਉਸ ਸਮੇਂ ਇਕ ਵੀਡਿਓ ਵੀ ਵਾਇਰਲ ਹੋਈ ਜਿਸ ਵਿਚ ਜ਼ਿਲ੍ਹੇ ਦੇ ਕੁਝ ਪ੍ਰਸ਼ਾਸਨਿਕ ਅਧਿਕਾਰੀ ਇਸ ਵਿਅਕਤੀ ਦੀ ਆਰਤੀ ਉਤਾਰ ਰਹੇ ਸਨ। ਇਸ ਵਿਅਕਤੀ ਦਾ ਪੁਰਾਣਾ ਨਾਂ ਕ੍ਰਿਸ਼ਨ ਪਾਲ ਸਿੰਘ ਅਤੇ ਹੁਣ ਵਾਲਾ ਸਵਾਮੀ ਚਿਨਮਯਾਨੰਦ ਹੈ।
      ਕੁਝ ਸਮਾਂ ਪਹਿਲਾਂ ਇਸੇ ਸਵਾਮੀ ਦੁਆਰਾ ਚਲਾਏ ਜਾਂਦੇ ਕਾਨੂੰਨ ਦੇ ਕਾਲਜ ਵਿਚ ਪੜ੍ਹਦੀ 23 ਵਰ੍ਹਿਆਂ ਦੀ ਵਿਦਿਆਰਥਣ ਨੇ ਸਵਾਮੀ 'ਤੇ ਜਬਰ-ਜਨਾਹ ਕਰਨ ਦੇ ਦੋਸ਼ ਲਾਏ। ਉਸ 'ਤੇ ਇਹੋ ਜਿਹੇ ਦੋਸ਼ ਲਗਭਗ 8 ਸਾਲ ਪਹਿਲਾਂ ਇਕ ਸਾਧਵੀ ਨੇ ਵੀ ਲਗਾਏ ਸਨ। ਪਿਛਲੇ ਸਾਲ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਸਵਾਮੀ ਵਿਰੁੱਧ ਚਲਾਏ ਜਾ ਰਹੇ ਮਾਮਲੇ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਪਰ ਅਦਾਲਤ ਨੇ ਸਿਫ਼ਾਰਸ਼ ਸਵੀਕਾਰ ਨਹੀਂ ਕੀਤੀ। ਹੁਣ ਵਾਲੇ ਮਾਮਲੇ ਵਿਚ ਇਕ ਪਾਸੇ 23 ਵਰ੍ਹਿਆਂ ਦੀ ਵਿਦਿਆਰਥਣ ਹੈ ਅਤੇ ਦੂਸਰੇ ਪਾਸੇ ਆਸ਼ਰਮਾਂ, ਕਾਲਜਾਂ ਤੇ ਸਕੂਲਾਂ ਦਾ ਮੁਖੀ ਉਹ ਵਿਅਕਤੀ, ਜਿਸ ਦੇ ਸੱਤਾਧਾਰੀ ਪਾਰਟੀ ਨਾਲ ਗੂੜ੍ਹੇ ਸਬੰਧ ਹਨ। ਇਸ ਮੁਕੱਦਮੇ ਦੇ ਦੋਹਾਂ ਪੱਖਾਂ ਵੱਲ ਵੇਖਿਆ ਜਾਏ ਤਾਂ ਸਾਫ਼ ਦਿਖਾਈ ਦਿੰਦਾ ਹੈ ਕਿ ਕਿਹੜਾ ਪੱਖ ਤਾਕਤਵਰ ਤੇ ਸੱਤਾ ਨਾਲ ਜੁੜਿਆ ਹੈ ਅਤੇ ਕਿਹੜਾ ਪੱਖ ਸੱਤਾਹੀਣ ਅਤੇ ਤਾਕਤ ਤੋਂ ਮਹਿਰੂਮ ਹੈ। ਜਦ ਇਸ ਵਿਦਿਆਰਥਣ ਦੇ ਗਾਇਬ ਹੋ ਜਾਣ ਅਤੇ ਬਾਅਦ ਵਿਚ ਸਵਾਮੀ ਚਿਨਮਯਾਨੰਦ 'ਤੇ ਜਬਰ-ਜਨਾਹ ਦੇ ਦੋਸ਼ ਲਾਉਣ ਬਾਰੇ ਵੀਡਿਓਜ਼ ਵਾਇਰਲ ਹੋਈਆਂ ਤਾਂ ਸਵਾਮੀ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਨਾ ਤਾਂ ਪੁਲੀਸ ਨੇ ਉਸ ਦੀ ਪੁਲੀਸ ਹਿਰਾਸਤ ਲੈਣ ਲਈ ਕੋਈ ਯਤਨ ਕੀਤਾ ਅਤੇ ਨਾ ਹੀ ਉਸ ਉੱਤੇ ਹੁਣ ਜਬਰ-ਜਨਾਹ ਨਾਲ ਸਬੰਧਿਤ ਪੂਰੀਆਂ ਧਾਰਾਵਾਂ ਵਾਲਾ ਮੁਕੱਦਮਾ ਦਰਜ ਕੀਤਾ ਗਿਆ। ਦੂਸਰੇ ਪਾਸੇ ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ-ਸਿੱਟ) ਅਨੁਸਾਰ ਉਸ ਨੂੰ ਇਹੋ ਜਿਹੇ ਸਬੂਤ ਮਿਲੇ ਹਨ ਕਿ ਪੀੜਤ ਵਿਦਿਆਰਥਣ ਸਵਾਮੀ ਤੋਂ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
      ਕਾਨੂੰਨੀ ਮਾਹਿਰ ਇਹ ਸਵਾਲ ਪੁੱਛ ਰਹੇ ਹਨ ਕਿ ਕੀ ਇਕ 23 ਸਾਲਾ ਵਿਦਿਆਰਥਣ ਇਸ ਤਰ੍ਹਾਂ ਦੇ ਤਾਕਤਵਰ ਵਿਅਕਤੀ ਕੋਲੋਂ ਫ਼ਿਰੌਤੀ ਮੰਗ ਸਕਦੀ ਹੈ ਅਤੇ ਕੀ ਸੱਤਾ ਨਾਲ ਏਨੇ ਗੂੜ੍ਹੇ ਸਬੰਧ ਰੱਖਣ ਵਾਲਾ ਵਿਅਕਤੀ ਅੱਲ੍ਹੜ ਉਮਰ ਦੀ ਕੁੜੀ ਦੀਆਂ ਧਮਕੀਆਂ ਸੁਣ ਕੇ ਉਸ ਨੂੰ ਫ਼ਿਰੌਤੀ ਦੀ ਰਕਮ ਦੇ ਦੇਵੇਗਾ? ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਪੀੜਤਾ 'ਤੇ ਦਬਾਓ ਪਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸਵਾਮੀ ਦੇ ਵਿਰੁੱਧ ਦਰਜ ਕਰਾਇਆ ਗਿਆ ਕੇਸ ਵਾਪਸ ਲੈ ਲਵੇ। ਪੀੜਤਾ ਦੇ ਪਿਤਾ ਨੇ ਵੀ ਅਜਿਹੇ ਹੀ ਦੋਸ਼ ਲਗਾਏ ਹਨ।
      ਬਾਪੂ ਆਸਾ ਰਾਮ, ਗੁਰਮੀਤ ਰਾਮ ਰਹੀਮ ਸਿੰਘ ਅਤੇ ਹੋਰ ਅਜਿਹੇ ਲੋਕਾਂ, ਜਿਹੜੇ ਆਪਣੇ ਆਪ ਨੂੰ ਧਾਰਮਿਕ ਆਗੂ, ਸਾਧ, ਸੰਤ, ਫ਼ਕੀਰ ਆਦਿ ਅਖਵਾਉਂਦੇ ਹਨ ਪਰ ਅੱਜ ਜਬਰ-ਜਨਾਹ ਤੇ ਕਤਲ ਦੇ ਮੁਕੱਦਮਿਆਂ ਵਿਚ ਜੇਲ੍ਹ ਭੁਗਤ ਰਹੇ ਹਨ, ਦੀ ਫਹਿਰਿਸਤ ਬਹੁਤ ਲੰਮੀ ਹੈ। ਆਸਾ ਰਾਮ ਦੇ ਦੇਸ਼-ਵਿਦੇਸ਼ ਵਿਚ 400 ਆਸ਼ਰਮ ਹਨ ਅਤੇ ਚਾਰ ਕਰੋੜ ਲੋਕ ਉਸ ਨੂੰ ਰੂਹਾਨੀ ਆਗੂ ਮੰਨਦੇ ਸਨ/ਹਨ। ਚੋਟੀ ਦੇ ਸਿਆਸੀ ਆਗੂ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ, ਉਸ ਦੇ ਪ੍ਰਵਚਨ ਸੁਣਨ ਜਾਂਦੇ ਰਹੇ। ਜਦ ਉਸ ਨੇ ਗੁਜਰਾਤ ਵਿਚ ਸਾਬਰਮਤੀ ਦਰਿਆ ਦੇ ਕੰਢੇ 'ਤੇ ਪਹਿਲਾ ਆਸ਼ਰਮ ਬਣਾਇਆ ਤਾਂ ਪਹਿਲਾਂ ਉਸ ਨੂੰ ਕਾਂਗਰਸ ਸਰਕਾਰ ਨੇ ਜ਼ਮੀਨ ਦਿੱਤੀ, ਬਾਅਦ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ। 2013 ਵਿਚ ਇਕ 16 ਸਾਲ ਦੀ ਕੁੜੀ ਨੇ ਉਸ ਉੱਤੇ ਜੋਧਪੁਰ ਦੇ ਆਸ਼ਰਮ ਵਿਚ ਜਬਰ-ਜਨਾਹ ਦੇ ਇਲਜ਼ਾਮ ਲਾਏ ਅਤੇ ਇਸ ਕੇਸ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ। ਉਸ ਦੇ ਸ਼ਰਧਾਲੂ ਅਜਿਹੇ ਦੋਸ਼ਾਂ ਨੂੰ ਨਕਾਰਦੇ ਰਹੇ ਹਨ ਅਤੇ ਕਹਿੰਦੇ ਰਹੇ ਹਨ ਕਿ ਕੁੜੀ ਨਾਲ ਜਬਰ-ਜਨਾਹ ਨਹੀਂ ਕੀਤਾ ਗਿਆ, ਕੁੜੀ ਨੇ 'ਸਮਰਪਣ' ਕੀਤਾ ਸੀ। ਗੁਰਮੀਤ ਰਾਮ ਰਹੀਮ ਸਿੰਘ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਉਹ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਅਤੇ ਜਬਰ-ਜਨਾਹ ਦੇ ਕੇਸਾਂ ਵਿਚ ਸਜ਼ਾ ਭੁਗਤ ਰਿਹਾ ਹੈ। ਪੰਜਾਬ ਤੇ ਹਰਿਆਣਾ ਦੀ ਸਿਆਸਤ 'ਤੇ ਉਸ ਦਾ ਅਸਰ ਡੂੰਘਾ ਰਿਹਾ ਹੈ।
       ਸਾਡੇ ਦੇਸ਼ ਵਿਚ ਲੱਖਾਂ ਆਸ਼ਰਮ, ਡੇਰੇ ਅਤੇ ਅਜਿਹੇ ਹੋਰ ਧਾਰਮਿਕ ਸਥਾਨ ਹਨ। ਅਸੀਂ ਡੇਰਾਵਾਦ ਨੂੰ ਖੁਰਾਫਾਤੀ ਲੋਕਾਂ ਦੁਆਰਾ ਆਮ ਲੋਕਾਂ ਨੂੰ ਭਰਮ-ਭੁਲੇਖਿਆਂ ਵਿਚ ਪਾ ਕੇ ਰੱਖਣ ਦੇ ਵਰਤਾਰੇ ਵਜੋਂ ਨਹੀਂ ਨਕਾਰ ਸਕਦੇ। ਇਨ੍ਹਾਂ ਵਿਚੋਂ ਬਹੁਤ ਸਾਰੇ ਸਥਾਨ ਅਜਿਹੇ ਹੋਣਗੇ ਜਿੱਥੇ ਜਾ ਕੇ ਲੋਕਾਂ ਨੂੰ ਕੁਝ ਅਜਿਹਾ ਮਿਲਦਾ ਹੋਵੇਗਾ ਜਿਹੜਾ ਰਵਾਇਤੀ ਅਤੇ ਸੰਸਥਾਤਮਕ ਧਾਰਮਿਕ ਸਥਾਨਾਂ 'ਤੇ ਨਹੀਂ ਮਿਲਦਾ, ਇਹ ਸ਼ਾਇਦ ਕਿਸੇ 'ਧਾਰਮਿਕ ਗੁਰੂ' ਦੇ ਮਿਲਣ 'ਤੇ ਕਿਸੇ ਅਜਿਹੀ ਧਾਰਮਿਕ 'ਪ੍ਰਾਪਤੀ' ਦੀ 'ਭਾਵਨਾ' ਹੋ ਸਕਦੀ ਹੈ ਜੋ ਸ਼ਰਧਾਲੂ ਨੂੰ ਪ੍ਰਾਪਤ ਹੋਈ ਹੈ ਤੇ ਸ਼ਰਧਾਲੂਆਂ ਦੀ ਸਮਝ ਅਨੁਸਾਰ ਉਨ੍ਹਾਂ ਨੂੰ ਨਹੀਂ ਮਿਲਦੀ, ਜੋ ਸ਼ਰਧਾਲੂ ਨਹੀਂ ਹੁੰਦੇ, ਵੱਖਰੇ ਤੇ ਅਨੋਖੇ ਹੋਣ ਦੀ ਭਾਵਨਾ ਜਾਂ ਇਕ ਨਵੀਂ ਰੂਹਾਨੀ ਧਾਰਮਿਕ ਬਿਰਾਦਰੀ/ਭਾਈਚਾਰੇ ਦਾ ਹਿੱਸਾ/ਭਾਈਵਾਲ ਹੋਣ ਦੀ ਭਾਵਨਾ। ਲੱਖਾਂ ਡੇਰਿਆਂ ਦਾ ਹੋਣਾ ਇਹ ਦੱਸਦਾ ਹੈ ਕਿ ਡੇਰਾਵਾਦ ਵਿਆਪਕ ਵਰਤਾਰਾ ਹੈ। ਇਸ ਦੇ ਸਮਾਜਿਕ ਆਧਾਰ ਤੇ ਭੌਤਿਕ ਬਿਸਾਤ ਨੂੰ ਪਛਾਣਨ ਦੀ ਜ਼ਰੂਰਤ ਹੈ।
      ਇਹ ਦਲੀਲ ਦਿੱਤੀ ਜਾਂਦੀ ਹੈ ਕਿ ਬਹੁਤ ਸਾਰੇ ਰਵਾਇਤੀ ਧਾਰਮਿਕ ਅਸਥਾਨ ਜਾਤੀ, ਜਮਾਤੀ ਅਤੇ ਮਰਦ-ਔਰਤ ਵਿਚਲੇ ਵਿਤਕਰਿਆਂ ਅਤੇ ਦਰਜਾਬੰਦੀ ਤੋਂ ਮੁਕਤ ਨਹੀਂ ਹੋ ਸਕੇ। ਉਦਾਹਰਨ ਦੇ ਤੌਰ 'ਤੇ ਕਿਸੇ ਵੀ ਪਿੰਡ ਦੇ ਸਥਾਨਕ ਧਾਰਮਿਕ ਅਸਥਾਨ ਬਾਰੇ ਲੋਕ ਜਾਣਦੇ ਹਨ ਕਿ ਪਿੰਡ ਦਾ ਸਰਪੰਚ ਅਤੇ ਸਰਦਾਰ ਮੂਹਰਲੀਆਂ ਸਫ਼ਾਂ ਵਿਚ ਬੈਠਣਗੇ ਅਤੇ ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਬਹਿਣ ਲਈ ਕਿਤੇ ਪਿੱਛੇ ਥਾਂ ਤਲਾਸ਼ ਕਰਨੀ ਪਵੇਗੀ; ਤਥਾ-ਕਥਿਤ ਉੱਚੀਆਂ ਜਾਤਾਂ ਨਾਲ ਸਬੰਧਿਤ ਔਰਤਾਂ ਕਿੱਥੇ ਬੈਠਣਗੀਆਂ ਤੇ ਤਥਾ-ਕਥਿਤ ਨੀਵੀਆਂ ਦੱਸੀਆਂ ਜਾਤਾਂ ਨਾਲ ਸਬੰਧਿਤ ਔਰਤਾਂ ਕਿੱਥੇ ਬਹਿਣਗੀਆਂ। ਰਵਾਇਤੀ ਧਾਰਮਿਕ ਅਸਥਾਨਾਂ 'ਤੇ ਹੁੰਦਾ ਅਜਿਹਾ ਵਿਤਕਰਾ ਅਤੇ ਬੇਗ਼ਾਨਗੀ ਦਾ ਅਹਿਸਾਸ ਲੋਕਾਂ ਨੂੰ ਡੇਰਿਆਂ ਤੇ ਆਸ਼ਰਮਾਂ ਵੱਲ ਧੱਕਦਾ ਹੈ। ਲੋਕਾਂ ਨੂੰ ਧਾਰਮਿਕ ਅਸਥਾਨਾਂ ਤੋਂ ਬਾਹਰ ਵੀ ਸਮਾਜਿਕ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਰਕਾਰੀ ਦਫ਼ਤਰਾਂ, ਅਦਾਰਿਆਂ, ਪੁਲੀਸ ਸਟੇਸ਼ਨਾਂ, ਹਸਪਤਾਲਾਂ, ਸਕੂਲਾਂ, ਕਾਲਜਾਂ ਵਿਚ ਉਨ੍ਹਾਂ ਨੂੰ ਹੀਣਤਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਬੇਰੁਜ਼ਗਾਰੀ ਤੇ ਰਿਸ਼ਵਤਖੋਰੀ ਉਨ੍ਹਾਂ ਨੂੰ ਝੰਬਦੀ ਹੈ, ਜ਼ਿੰਦਗੀ ਤੋਂ ਖਿਝੇ ਤੇ ਹੰਭੇ ਹੋਏ ਲੋਕ ਰਾਹਤ ਦੀ ਤਲਾਸ਼ ਕਰਦੇ ਹਨ। ਇਨ੍ਹਾਂ ਡੇਰਿਆਂ ਦੇ ਬਹੁਤ ਸਾਰੇ ਆਗੂ ਲੋਕਾਂ ਦੀ ਖਿਝ ਤੇ ਪ੍ਰੇਸ਼ਾਨੀ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਅਸਥਾਈ ਰਾਹਤ ਤਾਂ ਦਿੰਦੇ ਹਨ, ਪਰ ਨਾਲ ਨਾਲ ਉਨ੍ਹਾਂ ਦੀ ਜ਼ਿੰਦਗੀ ਤੇ ਸੋਚਣ ਸਮਝਣ ਦੇ ਅਮਲ 'ਤੇ ਵੀ ਕਾਬਜ਼ ਹੋ ਜਾਂਦੇ ਹਨ।
       ਜਦ ਕਿਸੇ ਆਸ਼ਰਮ ਜਾਂ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ਵਧਦੀ ਹੈ ਤਾਂ ਸਿਆਸੀ ਆਗੂ ਇਨ੍ਹਾਂ 'ਬਾਬਿਆਂ' ਜਾਂ 'ਸੰਤਾਂ' ਦੇ ਸ਼ਰਧਾਲੂਆਂ ਨੂੰ ਆਪਣੀ ਸਿਆਸੀ ਤਾਕਤ ਵਧਾਉਣ ਤੇ ਚੋਣਾਂ ਜਿੱਤਣ ਲਈ ਵਰਤਣਾ ਚਾਹੁੰਦੇ ਹਨ। ਇਸ ਤਰ੍ਹਾਂ ਇਨ੍ਹਾਂ ਸਵਾਮੀਆਂ ਅਤੇ ਸਿਆਸੀ ਆਗੂਆਂ ਵਿਚਕਾਰ ਆਪਸੀ ਲੈਣ-ਦੇਣ ਦਾ ਰਿਸ਼ਤਾ ਸ਼ੁਰੂ ਹੋ ਜਾਂਦਾ ਹੈ। ਜਦ ਸਿਆਸੀ ਆਗੂ ਕਿਸੇ ਡੇਰੇ 'ਤੇ ਜਾ ਕੇ ਸਿਰ ਝੁਕਾਉਂਦੇ ਹਨ ਤਾਂ ਡੇਰੇ ਦੀ ਇੱਜ਼ਤ ਤੇ ਪ੍ਰਭਾਵ ਵਧਦੇ ਹਨ ਅਤੇ ਸਿਆਸੀ ਆਗੂ ਦਾ ਪ੍ਰਭਾਵ ਵੀ ਵਧਦਾ ਹੈ। ਇਹ ਮੇਲ-ਜੋਲ ਤਾਕਤ, ਹਉਮੈਂ ਤੇ ਪੈਸੇ ਦਾ ਅਜਿਹਾ ਜ਼ਹਿਰੀਲਾ ਸ਼ਰਬਤ/ਕਾਕਟੇਲ ਤਿਆਰ ਕਰਦਾ ਹੈ ਜੋ ਡੇਰੇ ਤੇ ਡੇਰੇ ਨਾਲ ਜੁੜੇ ਲੋਕਾਂ ਨੂੰ ਅਜਿਹੀ ਅੰਨ੍ਹੀ ਗਲੀ ਵਿਚ ਧੱਕ ਦਿੰਦਾ ਹੈ ਜਿਸ ਤੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੁੰਦਾ। ਜਦ ਤਕ ਸਤਾਏ ਹੋਏ ਲੋਕ ਆਵਾਜ਼ ਉਠਾਉਂਦੇ ਹਨ, ਤਦ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਬਹੁਤ ਵਾਰ ਅਜਿਹੇ ਸਵਾਮੀ ਆਪਣੀ ਤਾਕਤ ਅਤੇ ਆਪਣੇ ਸਿਆਸੀ ਪ੍ਰਭੂਆਂ ਤੇ ਸਾਂਝੀਦਾਰਾਂ ਦੀ ਸਹਾਇਤਾ ਨਾਲ ਕਾਨੂੰਨ ਦੀ ਜ਼ੱਦ ਵਿਚ ਆਉਣ ਤੋਂ ਬਚ ਜਾਂਦੇ ਹਨ।
ਸਮਾਜ ਵਿਚ ਤਰਕਸ਼ੀਲ ਵਿਚਾਰਾਂ ਅਤੇ ਭਰਮ-ਭੁਲੇਖਿਆਂ ਵਿਚ ਪਾਉਣ ਵਾਲੀ ਸੋਚ ਵਿਚਕਾਰ ਘੋਲ਼ ਹੁੰਦਾ ਰਹਿੰਦਾ ਹੈ। ਜਦ ਤਕ ਅਸਾਵੇਂ ਸਮਾਜਿਕ ਅਤੇ ਆਰਥਿਕ ਰਿਸ਼ਤੇ ਕਾਇਮ ਰਹਿਣਗੇ, ਉਦੋਂ ਤਕ ਲੋਕ-ਭਰਮਾਊ ਸੋਚ ਦਾ ਵੀ ਬੋਲਬਾਲਾ ਰਹੇਗਾ। ਅਜਿਹੀ ਸੋਚ ਸਮਾਜਿਕ ਨਾਬਰਾਬਰੀ, ਜਾਤ-ਪਾਤ ਅਤੇ ਮਰਦ-ਔਰਤ ਵਿਚਲੇ ਵਿਤਕਰਿਆਂ ਨੂੰ ਸਮਾਜ ਦੁਆਰਾ ਸਵੀਕਾਰ ਕੀਤੇ ਜਾਣ ਕਾਰਨ ਜਿਊਂਦੀ ਹੈ। ਭਗਤ ਸਿੰਘ ਨੇ ਸਿਆਸੀ ਇਨਕਲਾਬ ਤੋਂ ਪਹਿਲਾਂ ਸਮਾਜਿਕ ਇਨਕਲਾਬ ਲਿਆਉਣ ਦੇ ਮਹੱਤਵ ਨੂੰ ਪਛਾਣਿਆ ਸੀ। ਅਜਿਹੇ ਸਮਾਜਿਕ ਇਨਕਲਾਬ ਲਈ ਜਮਹੂਰੀ ਤਾਕਤਾਂ ਨੂੰ ਲੰਮੀ ਲੜਾਈ ਲੜਨੀ ਪਵੇਗੀ; ਜਾਤ-ਪਾਤ ਤੇ ਔਰਤ-ਮਰਦ ਵਿਚਲੇ ਵਖਰੇਵਿਆਂ ਵਿਰੁੱਧ, ਭੁਲੇਖਿਆਂ ਵਿਚ ਪਾਉਣ ਵਾਲੀ ਧਾਰਮਿਕ ਦਿਖਾਈ ਦਿੰਦੀ ਸੋਚ ਵਿਰੁੱਧ, ਅਸਾਵੇਂ ਆਰਥਿਕ ਰਿਸ਼ਤਿਆਂ ਵਿਰੁੱਧ। ਇਹ ਸਾਰੀਆਂ ਲੜਾਈਆਂ ਅੰਤਰ-ਸਬੰਧਿਤ ਹਨ।
      ਸਵਾਮੀ ਚਿਨਮਯਾਨੰਦ ਵੀ ਧਾਰਮਿਕ ਰਾਹ-ਰਸਤੇ ਅਖ਼ਤਿਆਰ ਕਰਕੇ ਸੱਤਾ ਦੇ ਗਲਿਆਰਿਆਂ ਤਕ ਪਹੁੰਚਣ ਵਾਲਾ ਵਿਅਕਤੀ ਹੈ। ਉਸ ਕੋਲ ਪੈਸੇ ਅਤੇ ਤਾਕਤ ਦੇ ਜ਼ੋਰ ਨਾਲ ਮਿਲਦੇ ਮਾਣ-ਸਨਮਾਨ ਦੇ ਨਾਲ ਨਾਲ ਆਪਣੇ ਆਪ ਨੂੰ ਬਚਾਉਣ ਦੇ ਹੋਰ ਹਜ਼ਾਰਾਂ ਵਸੀਲੇ ਹਨ। ਸਾਰੀਆਂ ਸਿਆਸੀ ਪਾਰਟੀਆਂ, ਜਮਹੂਰੀ ਤਾਕਤਾਂ ਅਤੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਕਾਨੂੰਨਦਾਨਾਂ ਨੂੰ ਇਸ ਵਿਦਿਆਰਥਣ ਦੀ ਹਮਾਇਤ ਵਿਚ ਅੱਗੇ ਆਉਣਾ ਚਾਹੀਦਾ ਹੈ ਜਿਸ ਨੇ ਇਹੋ ਜਿਹੇ ਸ਼ਕਤੀਸ਼ਾਲੀ ਵਿਅਕਤੀ ਵਿਰੁੱਧ ਆਵਾਜ਼ ਉਠਾਉਣ ਦੀ ਦਲੇਰੀ ਵਿਖਾਈ ਹੈ।