ਮਸਲਾ-ਏ- ਅਵਾਮ : ਪੱਤਰਕਾਰੀ 'ਚ ਵਧ ਰਿਹਾ ਬਲੈਕਮੇਲਿੰਗ ਦਾ ਰੁਝਾਨ - ਬੁੱਧ ਸਿੰਘ ਨੀਲੋਂ

ਪੰਜਾਬੀ ਪੱਤਰਕਾਰੀ ਦਾ ਇਤਿਹਾਸ ਬਹੁਤ ਲੰਮਾ ਨਹੀਂ, ਪਰ ਮਾਣ ਮੱਤਾ ਤੇ ਇਤਿਹਾਸਕ ਮਹੱਤਤਾ ਵਾਲਾ ਹੈ, ਪਰ ਅਜੋਕੀ ਪੱਤਰਕਾਰੀ ਨੇ ਇਸ ਮਾਣਮੱਤੀ ਵਿਰਾਸਤ ਨੂੰ ਸੰਭਾਲਣ ਦੀ ਬਜਾਏ, ਆਪਣਾ ਹੀ 'ਇਤਿਹਾਸ' ਸਿਰਜਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਕਾਰਨ ਪੱਤਰਕਾਰੀ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ, ਇਸ ਆ ਰਹੇ ਨਿਘਾਰ ਨੂੰ ਪੰਜਾਬ ਵਿੱਚ ਪੱਤਰਕਾਰੀ ਨਾਲ ਜੁੜੀਆਂ ਜੱਥੇਬੰਦੀਆਂ ਨੇ ਇਸ ਨੂੰ ਠੱਲ੍ਹ ਪਾਉਣ ਦੀ ਬਜਾਏ, ਇਸ ਸੰਬੰਧੀ ਚੁੱਪ ਧਾਰ ਕੇ ਅੰਦਰੋਂ ਅੰਦਰੀ ਇਸ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਅੱਜ ਪੱਤਰਕਾਰੀ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ।
      ਪੱਤਰਕਾਰਾਂ ਨੇ ਪੱਤਰਕਾਰੀ ਦੀ ਆੜ ਹੇਠ ਆਪਣੇ ਅਜਿਹੇ ਗੈਰਕਾਨੂੰਨੀ ਕਾਰੋਬਾਰ ਸ਼ੁਰੂ ਕੀਤੇ ਹੋਏ ਹਨ। ਜਿਸ ਦਾ ਆਮ ਲੋਕਾਂ ਨੂੰ ਲਾਭ ਹੋਣ ਦੀ ਬਜਾਏ ਉਨਾਂ੍ਹ ਦੀਆਂ ਤਿਜੌਰੀਆਂ ਵਿੱਚ ਹੀ ਵਾਧਾ ਹੋ ਰਿਹਾ ਹੈ। ਇਸ ਸਮੁੱਚੇ ਵਰਤਾਰੇ ਵਿੱਚ ਭਾਵੇਂ ਕੁੱਝ ਹੀ 'ਭੇਂਡਾਂ' ਹਨ ਜਿਹੜੀਆਂ ਸਮੁੱਚੀ ਪੱਤਰਕਾਰੀ ਨੂੰ ਕਲੰਕਿਤ ਕਰ ਰਹੀਆਂ ਹਨ। ਜਿਨ੍ਹਾਂ ਨੂੰ ਠੱਲ੍ਹ ਪਾਉਣ ਦੀ ਵਜਾਏ ਸੱਤਾਧਾਰੀ ਲੀਡਰ, ਸਰਕਾਰੀ ਅਫਸਰਾਂ ਵਲੋਂ ਜਿਸ ਤਰਾਂ੍ਹ ਦੀ ਹੱਲਾ ਸ਼ੇਰੀ ਦਿੱਤੀ ਜਾਂਦੀ ਹੈ ਇਹ ਆਉਣ ਵਾਲੇ ਸਮੇਂ ਲਈ ਜਿੱਥੇ ਨੁਕਸਾਨਦੇਹ ਹੈ, ਉਥੇ ਇਹ ਅਜੋਕੇ ਦੌਰ ਵਿੱਚ ਬਹੁਤ ਹੀ ਮਾਰੂ ਸਥਿਤੀ ਨੂੰ ਉਭਾਰ ਰਹੀ ਹੈ।
     ਪੰਜਾਬੀ ਪੱਤਰਕਾਰੀ ਨੇ ਉਹ ਵੀ ਦੌਰ ਦੇਖਿਆ ਹੈ ਜਦੋਂ ਪੰਜਾਬ ਵਿੱਚ ਦੋ ਧਿਰਾਂ ਦਾ ਰਾਜ ਚੱਲ ਰਿਹਾ ਸੀ ਉਦੋਂ ਵੀ ਪੱਤਰਕਾਰੀ ਨੇ ਆਪਣਾ ਖਾਸਾ ਤੇ ਕਲਮ ਦੀ ਤਾਕਤ ਨਹੀਂ ਸੀ ਛੱਡੀ। ਭਾਵੇਂ ਚਾਰੇ ਪਾਸੇ ਗੋਲੀਆਂ ਦਾ ਬੋਲਬਾਲਾ ਸੀ ਪੰਜਾਬ ਦੇ ਪੱਤਰਕਾਰ ਹਰਬੀਰ ਸਿੰਘ ਭੰਵਰ ਨੇ ਅੰਮ੍ਰਿਤਸਰ ਵਿੱਚ ਯੂ.ਐਨ.ਆਈ ਏਜੰਸੀ ਦੀ ਪੱਤਰਕਾਰੀ ਕਰਦਿਆਂ ਜਿੱਥੇ ਝੂਠੇ ਪੁਲਸ ਮੁਕਾਬਲਿਆਂ ਦਾ ਪਰਦਾ-ਚਾਕ ਕੀਤਾ ਸੀ, ਉਥੇ ਉਨ੍ਹਾਂ ਇੱਕ ਸੱਚਮੁੱਚ ਹੋਏ ਪੁਲਸ ਮੁਕਾਬਲੇ ਦੀ ਪੁਲਸ ਦੀ ਪਿੱਠ ਵੀ ਥਾਪੜੀ ਸੀ ਪਰ ਹੁਣ ਪੱਤਰਕਾਰੀ ਦਾ ਜਿਸ ਤਰ੍ਹਾਂ ਦਾ ਰੁਝਾਨ ਚਲਦਾ ਹੈ, ਇਸ ਦਾ ਆਮ ਲੋਕਾਂ ਨੂੰ ਪੱਤਰਕਾਰਾਂ ਨਾਲਂਂ ਵਧੇਰੇ 'ਗਿਆਨ' ਹੈ। ਪਰ ਕੁਝ ਪੱਤਰਕਾਰ ਹਨ ਜਿਹੜੇ ਦੋਖਿਜ਼ ਭਰੇ ਕਾਰਜ ਕਰ ਰਹੇ ਹਨ। ਉਨ੍ਹਾਂ ਦੀ ਖੋਜ ਖਬਰਾਂ ਸਰਕਾਰਾਂ ਦੇ ਪਾਵੇ ਹਿਲਾ ਦੇਂਦੀਆਂ ਹਨ। ਪਰ ਖੋਜੀ ਪੱਤਰਕਾਰ ਗਿਣਤੀ ਦੇ ਹਨ। ਇਨ੍ਹਾਂ ਦੇ ਨਾਂ ਤੁਸੀਂ ਜਾਣਦੇ ਤੇ ਪਛਾਣਦੇ ਹੋ।
ਹੁਣ ਕੋਈ ਵੀ ਸਥਾਨਕ ਲੀਡਰ ਆਪਣੀ ਬੱਲੇ ਬੱਲੇ ਕਰਵਾਉਣ ਲਈ ਪੱਤਰਕਾਰਾਂ ਨੂੰ ਖੁਸ਼ ਕਰਕੇ ਆਪਣੀ ਮਰਜ਼ੀ ਨਾਲ ਕੁੱਝ ਵੀ ਛਪਵਾ ਸਕਦਾ ਹੈ। ਪੱਤਰਕਾਰ ਨੇ ਉਸ ਵਿਅਕਤੀ ਦੀ ਸਮਾਜ ਨੂੰ ਦੇਣ ਜਾਂ ਉਸ ਖਬਰ ਛਪਣ ਦੇ ਨਾਲ ਸਮਾਜ 'ਚ ਹੋਣ ਵਾਲੇ ਸੁਧਾਰ ਬਾਰੇ ਕਦੇ ਵੀ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ । ਇਸ ਵਿੱਚ ਭਾਂਵੇਂ ਬਹੁਤਾ ਤੇ ਗੰਭੀਰ ਕਸੂਰ ਉਨ੍ਹਾਂ ਅਖਬਾਰਾਂ ਦਾ ਬਣ ਗਿਆ ਹੈ ਜਿਨ੍ਹਾਂ ਨੇ ਹਰ ਸ਼ਹਿਰ ਦਾ ਵੱਖਰਾ ਵੱਖਰਾ ਐਡੀਸ਼ਨ ਕੱਢਣਾ ਸ਼ੁਰੂ ਕਰ ਦਿੱਤਾ। ਅਖਬਾਰ ਨੂੰ ਇਹ ਐਡੀਸ਼ਨ ਨਿੱਤ ਪੂਰਾ ਕਰਨ ਲਈ ਰੋਜ਼ਾਨਾ ਹੀ ਅਜਿਹੀਆਂ ਖਬਰਾਂ ਛਾਪਣੀਆਂ ਪੈਦੀਆਂ ਹਨ ਜਿਨ੍ਹਾਂ ਦਾ ਕੋਈ ਵੀ ਸਮਾਜਿਕ ਸਰੋਕਾਰ ਨਹੀਂ ਹੁੰਦਾ। ਇਸ ਨਾਲ ਸਿਰਫ ਅਖਬਾਰੀ ਅਦਾਰੇ, ਪੱਤਰਕਾਰ ਤੇ ਉਸ ਆਗੂ ਨੂੰ ਫਾਇਦਾ ਹੁੰਦਾ ਹੈ ਜਾਂ ਫਿਰ ਅਖਬਾਰ ਵਲੋਂ ਕੱਢੇ ਜਾਣ ਵਾਲੇ ਸਪਲੀਮੈਂਟ ਵਿੱਚ ਪੱਤਰਕਾਰ ਨੂੰ ਇਸ਼ਤਿਹਾਰ ਮਿਲ ਜਾਂਦਾ ਹੈ ਤੇ ਪੱਤਰਕਾਰ ਨੂੰ ਕਮਿਸ਼ਨ, ਪਾਠਕਾਂ ਨੂੰ ਮੁਫਤ 'ਚ ਉਸ ਦੀਆਂ ਬੇਤੁਕੀਆਂ ਨਸੀਹਤਾਂ ਪੜ੍ਹਨੀਆਂ ਪੈਦੀਆਂ ਹਨ।
       ਪੱਤਰਕਾਰੀ ਦੇ ਦਿਨੋ ਦਿਨ ਡਿਗ ਰਹੇ ਮਿਆਰ ਵਿੱਚ ਸਾਡੀਆਂ ਰਾਜਸੀ ਪਾਰਟੀਆਂ ਤੇ ਸੱਤਾਧਾਰੀ ਪਾਰਟੀ ਵਧੇਰੇ ਯੋਗਦਾਨ ਪਾ ਰਹੀਆਂ ਹਨ। ਇਹ ਧਿਰਾਂ ਇੱਕ ਦੂਜੇ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ। ਜਿਸ ਦਾ ਜਿਥੇ ਵੀ ਦਾਅ ਲੱਗਦਾ ਉਹ ਲਾਈ ਜਾਂਦਾ ਹੈ। ਸੱਤਾਧਾਰੀ ਆਗੂ ਪੱਤਰਕਾਰਾਂ ਨੂੰ ਤੇ ਪੱਤਰਕਾਰ ਸੱਤਾਧਾਰੀਆਂ ਨੂੰ ਵਰਤੀ ਜਾਂਦੇ ਹਨ। ਜਿਸ ਕਾਰਨ ਅਖਬਾਰਾਂ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਹਾਸ਼ੀਏ ਤੇ ਚਲੇ ਜਾਂਦੀਆਂ ਹਨ ਉਨ੍ਹਾਂ ਨੂੰ ਕਿਸੇ ਵੀ ਅਖਬਾਰ ਵਿੱਚ 'ਸਿੰਗਲ ਸਪੇਸ' ਵੀ ਨਹੀ ਮਿਲਦੀ । ਪੱਤਰਕਾਰ ਸੱਤਾਧਾਰੀ ਪਾਰਟੀ ਤੇ ਜਾਂ ਫਿਰ ਆਪਣੇ ਚਹੇਤੇ ਲੀਡਰਾਂ ਦੇ ਸੋਹਲੇ ਗਾਈ ਜਾਂਦੇ ਹਨ ਜਿਸ ਕਾਰਨ ਅਜੋਕੀ ਪੱਤਰਕਾਰੀ ਤੋਂ ਆਮ ਲੋਕਾਂ ਦਾ ਵਿਸ਼ਵਾਸ ਉਠ ਰਿਹਾ ਹੈ ਅਸਲ ਵਿੱਚ ਪੱਤਰਕਾਰ ਖੁਦ ਹੀ ਆਪਣੇ ਆਪ ਪੈਰੀਂ ਕੁਹਾੜਾ ਮਾਰ ਰਹੇ ਹਨ।
       ਕਈ ਅਖਬਾਰਾਂ ਵਲੋਂ ਇੱਕ ਹੀ ਹਲਕੇ ਵਿੱਚ ਇੱਕ ਤੋਂ ਵੱਧ ਰੱਖੇ ਦਰਜਨਾਂ ਪੱਤਰਕਾਰ ਆਮ ਲੋਕਾਂ ਲਈ ਕੋਈ ਫਾਇਦਾ ਪਹੁੰਚਾਉਣ ਦੀ ਵਜਾਏ ਨੁਕਸਾਨ ਕਰ ਰਹੇ ਹਨ। ਜਿਸ ਦੇ ਕਾਰਨ ਕਈ ਵਾਰ ਸਮਾਗਮ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
        ਪੱਤਰਕਾਰੀ ਦੀ ਆੜ ਹੇਠ ਹੋ ਰਹੇ ਗੈਰ-ਕਾਨੂੰਨੀ ਧੰਦਿਆਂ ਨੂੰ ਠੱਲ ਪਾਉਣ ਲਈ ਅਕਸਰ ਹੀ ਪੁਲਸ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ 'ਪ੍ਰੈਸ ਵਾਲੀ ਗੱਡੀ' ਵਿੱਚ ਅਜਿਹੀਆਂ ਵਸਤੂਆਂ ਮਿਲਦੀਆਂ ਹਨ, ਜਿਹੜੀਆਂ ਗੈਰ-ਕਾਨੂੰਨੀ ਹੁੰਦੀਆਂ ਹਨ। ਬਹੁਤ ਸਾਰੇ ਅਖੌਤੀ ਪੱਤਰਕਾਰਾਂ ਵਲੋਂ ਲੋਕਾਂ ਨੂੰ ਬਲੈਕਮੈਲ ਕਰਨ ਦੀਆਂ ਖਬਰਾਂ ਅਕਸਰ ਹੀ ਅਖਬਾਰਾਂ ਵਿੱਚ ਛਪਦੀਆਂ ਹਨ ਜਿਹੜੀਆਂ ਗੰਭੀਰ ਤੇ ਸੰਜੀਦਾ ਤੇ ਪ੍ਰਤੀ ਵੱਧ ਪੱਤਰਕਾਰਾਂ ਦਾ ਸਿਰ ਸ਼ਰਮ ਨਾਲ ਝੁਕਾਅ ਦਿੰਦੀਆਂ ਹਨ।
ਚੋਣਾਂ ਦੌਰਾਨ ਤਾਂ ਪੱਤਰਕਾਰਾਂ ਦੀਆਂ ਪੰਜੇ ਉਗਲਾਂ ਘਿਓ ਵਿੱਚ ਹੁੰਦੀਆਂ ਹਨ। ਅਖਬਾਰਾਂ ਨੇ ਇਨ੍ਹਾਂ ਦਿਨਾਂ ਵਿੱਚ ਪੂਰੇ ਦੇ ਪੂਰੇ ਪੇਜ ਰਾਜਸੀ ਪਾਰਟੀਆਂ ਨੂੰ ਅਗਾਂਹੂ ਵੇਚੇ ਹੁੰਦੇ ਹਨ। ਹਰ ਰਾਜਸੀ ਪਾਰਟੀ ਦੇ ਦਫਤਰੋਂ ਪੱਤਰਕਾਰ ਦੇ ਦਫਤਰ ਸਿੱਧੀ ਖਬਰ ਜਾਂਦੀ ਹੈ ਜਿਸ ਦੇ ਉਪਰ 'ਕੋਡ' ਲਿਖਿਆ ਹੁੰਦਾ ਹੈ। ਪੱਤਰਕਾਰ ਆਪਣਾ ਨਾਂ ਪਾ ਕੇ ਖਬਰ ਅੱਗੋ ਮੁੱਖ ਦਫਤਰ ਨੂੰ ਭੇਜ ਦਿੰਦਾ ਹੈ। ਇੱਕੋ ਪੱਤਰਕਾਰ ਇੱਕੋ ਦਿਨ ਇੱਕੋ ਪੇਜ ਤੇ ਵੱਖ ਵੱਖ ਉਮੀਦਵਾਰਾਂ ਨੂੰ ਜਿਤਾਉਂਦਾ ਹੈ।
      ਜਦੋਂ ਪਾਠਕ ਇਹ ਖਬਰਾਂ ਪੜ੍ਹਦਾ ਹੈ ਤਾਂ ਉਸਦੇ ਸਾਹਮਣੇ ਸਵਾਲ ਖੜ੍ਹਾ ਹੁੰਦਾ ਹੈ ਕਿ ਅਸਲ ਸੱਚ ਕੀ ਹੈ? ਇਸ ਤਰ੍ਹਾਂ ਦੀਆਂ ਖਬਰਾਂ ਪੰਚਾਇਤੀ, ਨਗਰ ਨਿਗਮ, ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਅਕਸਰ ਵੇਖਣ ਨੂੰ ਮਿਲਦੀਆਂ ਹਨ। ਜੇ ਇਸੇ ਤਰ੍ਹਾਂ ਪੱਤਰਕਾਰ ਤੇ ਅਖਬਾਰੀ ਅਦਾਰੇ ਕਰਦੇ ਰਹਿਣਗੇ ਤੇ ਅੰਦਰਲਾ ਸੱਚ ਲੁਕੋਂਦੇ ਰਹਿਣਗੇ ਤਾਂ ਨੁਕਸਾਨ ਪਾਠਕਾਂ ਦਾ ਘੱਟ ਪੱਤਰਕਾਰਾਂ ਤੇ ਅਦਾਰਿਆਂ ਦਾ ਵਧੇਰੇ ਹੋਣਾ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿਸ ਤਰ੍ਹਾਂ ਦੀ ਪੱਤਰਕਾਰੀ ਨੇ 'ਮੀਲ ਪੱਥਰ' ਗੱਡੇ ਹਨ। ਇਹ ਨੈਸ਼ਨਲ ਪੱਤਰਕਾਰੀ ਵਿੱਚ ਸਦਾ ਯਾਦ ਰਹਿਣਗੇ।
      ਇਸ ਸਮੇਂ ਜਿਥੇ ਪੰਜਾਬੀ ਪੱਤਰਕਾਰੀ ਵਿੱਚ ਬਹੁਤ ਕੁਝ ਵਧੀਆ ਹੋ ਰਿਹਾ ਹੈ ਉਥੇ ਬਹੁਤ ਕੁੱਝ ਅਜਿਹਾ ਵੀ ਹੋਣਾ ਚਾਹੀਦਾ ਹੈ ਜਿਸ ਨਾਲ ਪੱਤਰਕਾਰੀ ਵਿੱਚ ਆ ਰਹੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ। ਪੰਜਾਬੀ ਵਿੱਚ ਬਹੁਤੀ ਪੱਤਰਕਾਰੀ ਕਿੱਤੇ ਵਜੋਂ ਨਹੀ ਸਗੋਂ 'ਸਟੇਟਸ' ਵਜੋਂ ਅਪਣਾਈ ਜਾ ਰਹੀ ਹੈ। ਪੰਜਾਬੀ ਵਿੱਚ ਪੱਤਰਕਾਰੀ ਨੂੰ ਸਮਰਪਿਤ ਪ੍ਰਤੀਬੱਧ ਪੱਤਰਕਾਰਾਂ ਦੀ ਘਾਟ ਵਧੇਰੇ ਹੈ। ਪ੍ਰਤੀਬੱਧ, ਸੁਹਿਰਦ ਤੇ ਸਮਾਜ ਲਈ ਜੁਆਬਦੇਹ ਪੱਤਰਕਾਰਾਂ ਦੀ ਘਾਟ ਕਾਰਨ ਹੀ ਹੁਣ ਪੱਤਰਕਾਰ ਬਲੈਕਮੇਲਰ ਤੋਂ ਵਧੇਰੇ ਕੁੱਝ ਨਹੀਂ ਸਮਝਿਆ ਜਾਂਦਾ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਪੰਜਾਬੀ ਦੀਆਂ ਅਖਬਾਰਾਂ ਨੇ ਪੱਤਰਕਾਰਾਂ ਨੂੰ ਪੱਤਰਕਾਰ ਦਾ ਬਣਦਾ ਮੁਆਵਜਾ ਨਹੀ ਦਿੱਤਾ ਹੈ। ਉਨ੍ਹਾਂ ਦੀ ਯੋਗਤਾ ਕੀ ਹੈ, ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਅਦਾਰਾ ਕੀ ਕਰਦਾ ਹੈ? ਇਸ ਸੰਬੰਧੀ ਕੁੱਝ ਵੀ ਹੁੰਦਾ ਨਹੀਂ। ਬਗੈਰ ਤਨਖਾਹ ਤੋਂ ਸਾਰੀ ਦਿਹਾੜੀ ਅਖਬਾਰ ਲਈ ਕੰਮ ਕਰਨ ਵਾਲਾ ਪੱਤਰਕਾਰ ਆਪਣਾ ਤੇ ਪਰਿਵਾਰ ਦਾ ਪੇਟ ਕਿੱਥੋਂ ਪਾਲੇ। ਉਸਨੂੰ ਪਰਿਵਾਰ ਪਾਲਣ ਲਈ ਜੁਗਾੜਬੰਦੀ ਕਰਨੀ ਹੀ ਪੈਂਦੀ ਹੈ।
      ਜਦੋਂ ਵੀ ਕਿਸੇ ਅਖਬਾਰੀ ਅਦਾਰੇ ਵਲੋਂ ਪੱਤਰਕਾਰ ਨੂੰ ਨਿਯੁਕਤੀ ਪੱਤਰ ਦਿੱਤਾ ਜਾਂਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ 'ਆਪਣੀ ਰੋਟੀ ਖਾ ਕੇ ਆਉਣੀ ਤੇ ਸਾਡੇ ਲਈ ਲੈ ਕੇ ਆਵੀਂ।' ਜਦੋਂ ਕਰੋੜਾਂ ਕਮਾਉਣ ਵਾਲੇ ਅਦਾਰੇ ਅਜਿਹੀ ਸੋਚ ਅਪਣਾਉਣਗੇ ਤਾਂ ਇੱਕ ਸਧਾਰਨ ਪੱਤਰਕਾਰ ਕੀ ਕਰੇਗਾ? ਇਸ ਸਭ ਕਾਸੇ ਨੂੰ ਰੋਕਣ ਲਈ ਜਿੱਥੇ ਪੱਤਰਕਾਰਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਪਵੇਗਾ, ਉਥੇ ਅਖਬਾਰੀ ਅਦਾਰਿਆਂ ਨੂੰ ਆਪਣੀ ਪਾਲਿਸੀ ਵਿੱਚ ਬਦਲਾਓ ਲਿਆਉਣਾ ਪਵੇਗਾ। ਅਖਬਾਰਾਂ ਵਲੋਂ ਪੱਤਰਕਾਰਾਂ ਨੂੰ ਏਨੀਆਂ ਤਨਖਾਹਾਂ ਦੇਣੀਆਂ ਪੈਣਗੀਆਂ ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਚੱਲ ਸਕੇ ਤੇ ਉਹ ਆਮ ਲੋਕਾਂ ਤੋਂ ਖਬਰ ਦੇ ਨਾਂ ਉਤੇ ਉਗਰਾਹੀ ਨਾ ਕਰਨ। ਜਦੋਂ ਤੱਕ ਇਹ ਸਭ ਕੁੱਝ ਨਹੀਂ ਕੀਤਾ ਜਾਂਦਾ ਤਾਂ ਉਦੋਂ ਤੱਕ ਪੰਜਾਬੀ ਪੱਤਰਕਾਰੀ ਦਾ ਰੱਬ ਹੀ ਰਾਖਾ ਹੈ ਪਰ ਜਿਸ ਤਰ੍ਹਾਂ ਪੱਤਰਕਾਰੀ ਨੀਵਾਣਾਂ ਵੱਲ ਵਧ ਰਹੀ ਹੈ, ਉਹ ਬਹੁਤ ਗੰਭੀਰ ਸਮੱਸਿਆ ਹੈ ਤੇ ਇਸਨੂੰ ਹੱਲ ਕਰਨ ਲਈ ਸਿਰਜੋੜ ਕੇ ਸੋਚਣ ਦੀ ਲੋੜ ਹੈ । ਜਿਸ ਤਰ੍ਹਾਂ ਇਸ ਤੋਂ ਪਹਿਲਾਂ ਹੀ ਲੋਕਤੰਤਰ ਦੇ ਤਿੰਨੇ ਥੰਮ੍ਹ ਭ੍ਰਿਸ਼ਟਾਚਾਰ ਕਾਰਨ ਬਦਨਾਮ ਹੋ ਚੁੱਕੇ ਹਨ ਤੇ ਲੋਕਾਂ ਦਾ ਇਨ੍ਹਾਂ ਥੰਮ੍ਹਾਂ ਤੋ ਵਿਸ਼ਵਾਸ ਉਠ ਚੁੱਕਾ ਹੈ ਜੇਕਰ ਚੌਥਾ ਥੰਮ੍ਹ ਪੱਤਰਕਾਰੀ ਦਾ ਵੀ ਬਦਨਾਮ ਹੋ ਗਿਆ ਤਾਂ ਕੀ ਬਣੂੰਗਾ-ਲੋਕਤੰਤਰ ਦਾ ?

ਸੰਪਰਕ : 94643-70823

19 Sep. 2018