ਭਾਸ਼ਾ ਦੀ ਜਿਉਣ ਸ਼ਕਤੀ ਹੀ ਕੌਮ ਅਤੇ ਧਰਮ ਦੀ ਹੋਂਦ - ਸ. ਦਲਵਿੰਦਰ ਸਿੰਘ ਘੁੰਮਣ

ਦੁਨੀਆਂ ਦੀਆਂ ਭਾਸ਼ਾਵਾਂ ਮਨੁੱਖੀ ਜਨਮ ਕਾਲ ਤੋ ਵੱਖ ਵੱਖ ਖਿੱਤੇਆਂ ਵਿੱਚ ਭਗੋਲਿਕ ਪ੍ਰਸਥਿਤੀਆਂ ਅਨੁਸਾਰ ਬੋਲੀਆਂ ਜਾਂਦੀਆਂ ਰਹੀਆਂ ਹਨ। ਜਿਉਂ ਇਨਸਾਨ ਨੇ ਜੀਵਨ ਪ੍ਰਵਾਸ, ਵਿਉਪਾਰ ਅਤੇ ਸਾਧਨਾਂ ਨੂੰ ਇਕ ਥਾਂ ਤੋ ਦੂਜੀ ਥਾਂ ਤੇ ਤਬਦੀਲ ਕੀਤਾ ਤਾਂ ਭਾਸ਼ਾ ਦਾ ਪਸਾਰਾ ਵਧਿਆ। ਇਕ ਭਾਸ਼ਾਈ ਸਾਂਝ ਪੈਦਾ ਹੋਣ ਲੱਗੀ। ਜਦੋਂ ਵੀ ਕਿਸੇ ਨਾਲ ਸਬੰਧ ਜਾਂ ਨੇੜਤਾ ਹੁੰਦੀ ਹੈ ਤਾਂ ਭਾਸ਼ਾ ਹੀ ਗਲਬਾਤ ਦਾ ਅਧਾਰ ਬਣਦੀ ਹੈ ਅਹਿਸਤਾ ਅਹਿਸਤਾ ਕਬੀਲਿਆਂ ਵਿੱਚ ਵੰਡਿਆ ਮਨੁੱਖ ਆਪਣੀਆ ਸਰਹੱਦਾਂ ਬੰਨਣ ਲੱਗਾ। ਜਿਸ ਵਿੱਚ ਧਰਮਾ, ਨਸਲਾਂ, ਬੋਲੀਆਂ, ਜਾਤਾਂ ਦੀ ਪੈਦਾਇਸ਼ ਹੋਈ। ਮਨੁੱਖ ਜਿਥੇ ਵੀ ਗਿਆ ਉਥੇ ਹੀ ਇਸ ਸਭ ਦੇ ਪਸਾਰ ਲਈ ਯਤਨਸ਼ੀਲ ਰਿਹਾ। ਭਾਂਵੇ ਕਿ ਉਸ ਨੂੰ ਲੜਾਈਆਂ, ਜੰਗਾਂ ਵੀ ਲੜਨੀਆਂ ਪਈਆਂ। ਭਾਵ ਭਾਸ਼ਾ ਦਾ ਮਰਨਾ, ਕੌਮ ਧਰਮ ਦੇ ਮਰਨ ਤੁੱਲ ਹੈ।
ਅੱਜ ਦਾ ਭਾਰਤ ਬਹੁ ਭਾਂਤੀ, ਬਹੁ ਭਾਸ਼ੀ, ਬਹੁ ਧਰਮੀ, ਬਹੁ ਕੌਮੀ, ਬਹੁ ਨਸਲੀ, ਬਹੁ ਖੇਤਰੀ ਹੈ ਜਿਸ ਵਿੱਚ ਸੰਵਿਧਾਨਿਕ ਹੱਕਾਂ ਨਾਲ ਬਰਾਬਰਤਾ ਦੀ ਗੱਲ ਕਹੀ ਗਈ ਹੈ। ਜਿਆਦਾਤਰ ਕੌਮਾ ਦੇ ਧਰਮ ਅਤੇ ਬੋਲੀ ਦੇ ਆਧਾਰ ਹੀ ਵੰਡ ਦੇ ਕਾਰਨ ਹਨ। ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਲਿਆ ਗਿਆ ਹੈ ਜਾਂ ਕਿਹਾ ਜਾਵੇ ਕਿ 22 ਰਾਸ਼ਟਰਾਂ ਨੂੰ ਬੋਲੀ ਦਾ ਅਧਾਰ ਮੰਨਿਆ ਹੈ। ਜਿਸ ਕਰਕੇ ਪਾਰਲੀਮੈਂਟ ਲੋਕ ਸਭਾ ਅਤੇ ਰਾਜ ਸਭਾ ਵੀ ਬਹੁ ਭਾਸ਼ਾਈ ਹੈ। ਪੰਜਾਬੀ ਭਾਸ਼ਾ ਦੀ ਜਿਉਣ ਸ਼ਕਤੀ ਗੁਰੂਆਂ ਪੀਰਾਂ ਸੰਤਾਂ ਮਸੀਹਾਂ ਪੈਗੰਬਰਾ ਰਹਿਬਰਾਂ ਦੀ ਭਗਤੀ ਦੀ ਸ਼ਕਤੀ ਨਾਲ ਹੀ ਟੀਕਾਉ ਵਿੱਚ ਹੈ। ਨਹੀਂ ਤਾਂ ਜਦੋਂ ਜਦੋਂ ਵੀ ਸ਼ਾਸਕ ਤਬਦੀਲੀਆਂ ਹੋਈਆਂ ਤਾ ਸਹਿਜੇ ਹੀ ਭਾਸ਼ਾ ਦਾ ਆਧਾਰ ਖਤਮ ਹੋ ਸਕਦਾ ਸੀ। ਪੰਜਾਬੀ, ਗੁਰਮੁਖੀ ਭਾਸ਼ਾ ਸਿੱਖ ਧਰਮ ਦੇ ਜਨਮ ਨਾਲ ਮੰਨੀ ਗਈ ਹੈ। ਭਾਵੇ ਇਸ ਦੇ ਹੋਰ ਪੁਰਾਣੇ ਨੌਵੀਂ ਅਤੇ ਬਾਰਵੀਂ ਸਦੀ ਤੋ ਸੁਰੂ ਹੋਣ ਦੇ ਸਬੂਤ ਮਿਲਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸੁਰੂਆਤੀ ਸਫਰ ਨਾਲ ਹੀ ਗੁਰਮੁਖੀ ਭਾਸ਼ਾ ਦੀ ਪ੍ਰਫੁੱਲਤਾ ਸੁਰੂ ਹੋਈ। ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਭਾਸ਼ਾ ਨੂੰ ਸੋਧ ਕੇ ਪੈਂਤੀ ਅੱਖਰੀ ਬਣਾਇਆ। ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਦੁਨੀਆਂ ਵਿੱਚ ਪੰਦਰਾਂ ਕਰੋੜ ਦੇ ਕਰੀਬ ਲੋਕ ਹਨ। ਜੋ ਵੱਖ ਵੱਖ ਖਿੱਤੇਆਂ ਅਤੇ ਦੇਸ਼ਾ ਵਿੱਚ ਬੋਲੀ ਜਾਂਦੀ ਹੈ। ਪਰ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਇਸ ਦੇ ਕੇਂਦਰ ਬਿੰਦੂ ਹਨ। ਕਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਨਿਉਜੀਲੈਂਡ, ਇਟਲੀ ਵਿੱਚ ਬਹੁਤਾਤ ਵਿਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ। ਕਈ ਵਿਦੇਸ਼ੀ ਦੇਸ਼ਾ ਵਿੱਚ ਤੀਜੇ, ਚੌਥੇ ਦਰਜੇ ਦੀ ਮਾਨਤਾ ਪ੍ਰਾਪਤ ਬੋਲੀ ਹੈ। ਵਿਦੇਸ਼ੀ ਸਰਕਾਰਾਂ ਵਲੋਂ ਪੰਜਾਬੀਅਤ ਨੂੰ ਵੱਡਾ ਮਾਣ, ਸਤਿਕਾਰ ਦਿੱਤਾ ਜਾ ਰਿਹਾ ਹੈ। ਭਾਰਤ ਵਿੱਚ ਇਸ ਵੇਲੇ ਧਰਮੀ, ਨਸਲੀ, ਭਾਸ਼ਾਈ ਨਫਰਤ ਸਿਖਰਲੇ ਡੰਡੇ ਉਪਰ ਹੈ। ਸਰਕਾਰਾਂ ਨਫਰਤ ਨੂੰ ਰੋਕਣ ਦੀ ਬਜਾਏ ਇਸ ਦਾ ਹਿੱਸਾ ਬਣੀਆਂ ਨਜ਼ਰ ਆਉਂਦੀਆਂ ਹਨ। ਜਾਂ ਕਹਿ ਲਿਆ ਜਾਵੇ ਕਿ ਸਰਕਾਰੀ ਤੰਤਰ ਦੁਆਰਾ ਹੀ ਨਫਰਤ ਫੈਲਾਈ ਜਾ ਰਹੀ ਹੈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਭਾਸ਼ਾ ਦੀ ਵਕਾਲਤ ਕਰਦਿਆਂ " ਇਕ ਰਾਸ਼ਟਰ ਇਕ ਦੇਸ਼ " ਦਾ ਫਾਰਮੂਲਾ ਵਰਤਣ ਦੀ ਕੋਸ਼ਿਸ ਕੀਤੀ ਗਈ। ਉਸੇ ਪਹਿਰ ਦੱਖਣੀ ਰਾਜਾਂ, ਖਾਸ ਕਰ ਤਾਮਿਲ ਵਿੱਚ ਲੋਕਾਂ, ਐਕਟਰਾਂ, ਕਲਾਕਾਰਾ ਵਲੋਂ ਭਾਰੀ ਵਿਰੋਧਤਾਂ ਕੀਤੀ ਗਈ। ਹੁਣ ਹਰ ਜਗ੍ਹਾ ਵਿਰੋਧ ਹੋ ਰਿਹਾ। ਗ੍ਰਹਿ ਮੰਤਰੀ ਵਲੋਂ ਵੀ ਆਪਣੇ ਬਿਆਨ ਤੇ ਸਪੱਸ਼ਟੀਕਰਨ ਦਿੱਤਾ ਜਾ ਰਿਹਾ।  1937 ਵਿੱਚ ਵੀ ਕਾਂਗਰਸ ਵਲੋਂ ਸਾਰੇ ਭਾਰਤ ਵਿੱਚ ਜਬਰੀ ਹਿੰਦੀ ਲਾਗੂ ਕਰਨ ਤੇ ਤਾਮਿਲਾਂ ਦੇ ਭਾਰੀ ਵਿਰੋਧ ਸਾਹਮਣੇ ਸਰਕਾਰ ਗੋਡਨੇ ਭਾਰ ਆ ਗਈ ਅਤੇ ਬਿਲ ਵਾਪਸ ਲੈਣਾ ਪਿਆ ਸੀ। ਕੁਝ ਕੁ ਚੋਣਵੇਂ ਕਲਾਕਾਰਾਂ ਤੋ ਇਲਾਵਾ ਪੰਜਾਬ ਵਿੱਚ ਕਿਸੇ ਵੀ ਪਾਰਟੀ ਜਾ ਲੀਡਰ, ਲਿਖਾਰੀ ਦੁਆਰਾ ਇਸ ਦਾ ਵਿਰੋਧ ਨਜ਼ਰ ਨਹੀਂ ਆਇਆ। ਸ਼ੋਸਲ ਮੀਡੀਆ ਪੰਜਾਬੀ ਭਾਸ਼ਾ ਦਾ ਸਹਾਰਾ ਬਣਿਆਂ ਨਜ਼ਰ ਆਉਂਦਾ ਹੈ। ਭਾਸ਼ਾ ਵਿਭਾਗ ਪੰਜਾਬ ਵਿੱਚ ਚਲ ਰਹੇ ਪੰਜਾਬੀ ਸਬੰਧੀ ਸੈਮੀਨਾਰ ਵਿੱਚ ਪੰਜਾਬੀ ਵਿਰੋਧੀ ਸੋਚ ਨੰਗੀ ਹੋਈ ਹੈ ਕਿਵੇ ਪੰਜਾਬੀ ਵਿਰੋਧੀਆਂ ਦੁਆਰਾ ਪੰਜਾਬੀ ਭਾਸ਼ਾ ਨੂੰ ਅਗਲੇ ਦੋ ਸਾਲਾਂ ਵਿੱਚ ਖਤਮ ਕਰਨ ਦੀ ਧਮਕੀ ਦਿੱਤੀ ਗਈ। ਜਿਸ ਦਾ ਲਿਖਾਰੀ ਤੇਜਵੰਤ ਸਿੰਘ ਮਾਨ ਨੇ ਭਾਰੀ ਵਿਰੋਧ ਕੀਤਾ। ਪਰ ਇਸ ਦੇ ਉਲਟ ਲੋਕ ਗਾਇਕ ਗੁਰਦਾਸ ਮਾਨ ਨੇ ਪੰਜਾਬੀ ਵਿਰੋਧੀ ਅਤੇ ਹਿੰਦੀ ਪੱਖੀ ਬਿਆਨ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੀਆਂ ਭਾਸ਼ਾਵਾਂ ਵਿੱਚੋ ਸਬਦਾਂ ਦੇ ਸੁਮੇਲ ਦੀ ਇਕ ਭਾਸ਼ਾ ਹੋ ਜਾਵੇ ਤਾਂ ਕੋਈ ਹਰਜ ਨਹੀਂ। ਜਿਵੇਂ ਜਰਮਨ ਵਿੱਚ ਜਰਮਨੀ, ਫਰਾਂਸ ਵਿੱਚ ਫਰਾਂਸੀਸੀ ਭਾਸ਼ਾਵਾਂ ਬੋਲੀਆਂ ਜਾਦੀਆ ਹਨ। ਗੁਰਦਾਸ ਮਾਨ ਦਾ ਵਿਰੋਧ ਯਕੀਨਨ ਸੀ। ਇਹ ਇਕ ਤਰ੍ਹਾਂ ਨਾਲ ਇਹ ਕਹਿਣਾ ਕਿ ਬਾਗ ਵਿੱਚੋ ਸਾਰੇ ਫੁੱਲ ਪੁੱਟ ਦਿੱਤੇ ਜਾਣ, ਸਿਰਫ਼ ਇਕ ਤਰ੍ਹਾਂ ਦੇ ਫੁੱਲ ਨੂੰ ਹੀ ਰਖਿਆ ਜਾਵੇ। ਜਿਸ ਕਾਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਿਉਂਕਿ ਖੇਤਰੀ ਭਾਸ਼ਾਵਾਂ ਦੇ ਹਿੰਦੀ ਭਾਸ਼ਾ ਤੋ ਵੀ ਪੁਰਾਣੇ ਇਤਿਹਾਸ ਹਨ। ਹਰ ਭਾਸ਼ਾ ਦਾ ਆਪਣਾ ਅਧਾਰ ਹੈ। ਹਿੰਦੀ ਭਾਸ਼ਾ ਨੂੰ ਦੇਵਨਾਗਰੀ ਭਾਵ ਦੇਵਤਿਆਂ ਦੀ ਬੋਲੀ ਕਿਹਾ ਜਾਦਾ ਹੈ। ਜੋ ਭਾਰਤ ਦੇ ਕੇੇਂਦਰੀ ਰਾਜਾਂ ਵਿੱਚ ਹੀ ਬੋੋਲੀ ਜਾਂਦੀ ਹੈ ਭਾਵ ਅੱਧੇ ਭਾਰਤ ਵਿੱਚ ਕੇਵਲ ਖੇਤਰੀ ਭਾਸ਼ਾਵਾਂ ਦਾ ਹੀ ਬੋਲਬਾਲਾ ਹੈ। ਹਿੰਦੀ ਨਾਲੋ ਹੋਰ ਭਾਸ਼ਾਈ ਖੇਤਰ ਵੱੱਧ ਹਨ।  ਪੰਜਾਬੀ ਦੇ ਭਗੋਲਿਕ ਅਧਾਰ ਹਨ ਅਤੇ ਬਹੁ ਧਰਮੀ ਲੋੋਕਾਂ ਦੀ ਸਾਂਂਝੀ ਬੋੋਲੀ ਹੈ ਗੁੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਗੁੁਰਮੁਖੀ ਵਿੱਚ ਦਰਜ ਹੈ। ਟੈਗੋਰ ਦੇ ਭਾਰਤੀ ਰਾਸ਼ਟਰੀ ਗੀਤ ਵਿੱਚ ਵੀ ਭਾਰਤੀ ਬੋਲੀਆਂ ਵਿੱਚੋ ਪੰਜਾਬੀ ਨੂੰ ਪਹਿਲੀ ਥਾਂ " ਪੰਜਾਬ ਸਿੰਧ ਗੁਜਰਾਤ ਮਰਾਠਾ " ਤੇ ਰੱਖਿਆ ਗਿਆ ਹੈ।      ਕਿਸੇ ਵੀ ਬੋਲੀ ਦਾ ਮਰਨਾ ਕੌਮ, ਰਾਸ਼ਟਰ, ਦੁਨੀਆਂ ਦੇ ਹਿੱਤ ਨਹੀ ਬਲਕਿ ਉਸ ਦੇ ਪਸਾਰ ਲਈ ਜਰੂਰੀ ਉਚਿੱਤ ਕਦਮ ਚੁੱਕਣੇ ਚਾਹੀਦੇ ਹਨ। ਅੰਗਰੇਜ਼ਾਂ ਵਲੋਂ ਵੀ ਭਾਰਤੀ ਖੇਤਰੀ ਭਾਸ਼ਾਵਾਂ ਨੂੰ ਧਾਰਮਿਕ ਰੰਗਤ ਦਿੰਦਿਆਂ ਪੰਜਾਬੀ ਨੂੰ ਸਿੱਖਾ ਦੀ, ਉਰਦੂ ਨੂੰ ਮੁਸਲਮਾਨਾਂ ਦੀ ਅਤੇ ਹਿੰਦੀ ਨੂੰ ਹਿੰਦੂਆਂ ਦੀ ਭਾਸ਼ਾ ਕਹਿ ਕੇ ਵੰਡੀਆਂ ਪਾਈਆਂ ਗਈਆਂ ਅਤੇ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਲਾਗੂ ਕੀਤੀ ਸੀ। ਅੱਜ ਵੀ ਇਹੋ ਜਿਹਾ ਮਾਹੌਲ ਪੈੈਦਾ ਕੀਤਾ ਜਾ ਰਿਹਾ ਹੈ।  ਗਾਇਕ, ਕਲਾਕਾਰ ਪੰਜਾਬੀ ਦੀ ਸੇਵਾ ਦੇ ਨਾਂ ਹੇਠ ਅਨੇਕਾਂ ਤਰ੍ਹਾਂ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ ਤੋ ਲੱਖਾ ਰੁਪਏ ਕਮਾ ਕੇ ਘਾਣ ਵੀ ਕਰਦੇ ਨਜ਼ਰ ਆਉਂਦੇ ਹਨ। ਬਹੁਤ ਘੱਟ ਕਲਾਕਾਰ, ਲਿਖਾਰੀ ਹਨ ਜੋ ਅਸਲ ਵਿੱਚ ਪੰਜਾਬੀ ਹਿਤੈਸ਼ੀ ਹਨ। ਜੋ ਚੰਗਾ ਗਾਉਂਦੇ ਅਤੇ ਲਿਖਦੇ ਹੋਏ ਨਰੋਏ ਸਮਾਜ ਦੀ ਸਿਰਜਣਾ ਕਰਦੇ ਹਨ। ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਜਿਹੇ ਗਾਇਕਾ ਨੇ ਨੌਜਵਾਨੀ ਵਿੱਚ ਸੂਲਫੇ, ਸਿਗਰਟਾਂ, ਭੰਗੀ, ਅਫੀਮਚੀ, ਮਸਤੀ, ਫਕੀਰੀ ਮਗਰ ਲਾ ਕੇ ਆਪ ਪੈਸਿਆਂ ਦੇ ਬੋਰੇ ਭਰਦੇ ਰਹੇ ਹਨ। ਪਰ ਨੌਜਵਾਨੀ ਨਸ਼ੇਆਂ ਨਾਲ ਸੜਕਾਂ ਉਪਰ ਲਿਟਦੀ ਨਜ਼ਰ ਆ ਰਹੀ ਹੈ। ਗੈਂਂਗਸਟਰ ਕਲਚਰ ਉਭਾਰ ਵਿੱਚ ਆਇਆ। ਅਜੇ ਕੁਝ ਦਿਨ ਪਹਿਲਾਂ ਹੀ ਗਾਇਕ ਮੂਸੇ ਵਾਲਾ ਨੇ ਇਕ ਗੀਤ ਵਿੱਚ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਮਾਤਾ ਭਾਗ ਕੌਰ ਦੇ ਪ੍ਰਤੀ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਜਿਸ ਨੂੰ ਮੁਆਫ਼ੀ ਯੋਗ ਨਹੀਂ ਕਿਹਾ ਜਾ ਸਕਦਾ। ਕਿਉਂਕਿ ਮਾਰਕੀਟਿੰਗ ਲਈ ਧਾਰਮਿਕ ਜ਼ਜਬਾਤਾ ਨਾਲ ਖੇਡਿਆ ਜਾਂਦਾ ਹੈ। ਸਿੱਖ ਸੰਘਰਸ਼ ਦੌਰਾਨ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਸਾਥਨ ਨੇ ਪੰਜਾਬ ਦੇ ਪਰਿਵਾਰਕ ਰਿਸ਼ਤਿਆਂ ਨੂੰ ਗਲਤ ਰੰਗਤ ਦੇ ਕੇ ਮਾੜੇ ਕਲਚਰ ਨੂੰ ਉਤਸ਼ਾਹਿਤ ਕੀਤਾ। ਜਿਸ ਕਰਕੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।  ਗਾਇਕ ਨਛੱਤਰ ਗਿੱਲ ਤੇ ਇਕ ਲੜਕੀ ਨੂੰ ਮਾਡਲ ਬਣਾ ਦੇਣ ਦੇ ਲਾਰੇ ਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਦੇ ਇਲਜਾਮ ਲਗਦੇ ਰਹੇ ਹਨ। ਐਲੀ ਮਾਗਟ, ਰੰਧਾਵਾ ਭਰਾ ਆਦਿ ਗਾਇਕਾਂ ਨੇ ਨੌੌਜਵਾਨਾਂ ਨੂੰ ਆਪਣੀ ਲੜਾਈ, ਹਿਮਾਇਤ ਲਈ ਇਕ ਦੂਜੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ ਬਦਮਾਸ਼ੀ ਕਲਚਰ ਨੂੰ ਗਾਉਦੇ ਗਾਉਂਦੇ ਖੁਦ ਇਹੀ ਕੁੱਝ ਕਰਨ ਲੱਗੇ ਹਨ। ਆਏ ਦਿਨ ਮੈਰਿਜ ਪੈਲੇਸਾ ਵਿੱਚ ਮਾੜਾ, ਹਿੰਸਕ ਕਲਚਰ ਨੂੰ ਪੇਸ਼ ਕਰਕੇ ਬੰਦੁਕਾਂ ਨਾਲ ਬੇਕਸੂਰੇ ਲੋਕ ਮਾਰੇ ਜਾ ਰਹੇ ਹਨ। ਜਿਥੇ ਪੰਜਾਬੀ ਗਾਇਕੀ ਆਪਣੇ ਫਰਜ਼ਾਂ ਤੋ ਅਸਵੇਲੀ ਹੋਈ ਹੈ। ਉਥੇ ਪੰਜਾਬੀ ਵਿਦਵਾਨਾਂ, ਲਿਖਾਰੀਆਂ, ਫਿਲਮੀ ਲੋਕਾਂ ਨੇ ਪੰਜਾਬੀ ਦੇ ਹੱਕ ਵਿੱਚ ਬਣਦਾ, ਹਾਅ ਦਾ ਨਾਹਰਾ ਨਹੀ ਮਾਰਿਆ। ਪੈਸੇ ਦੀ ਦੌੜ ਵਿੱਚ ਆਪਣੇ ਭਵਿੱਖ ਨੂੰ ਮੁੱਖ ਰੱਖਿਆ ਜਾ ਰਿਹਾ। ਸਰਕਾਰਾਂ ਦੀ ਬੇਰੁਖ਼ੀ ਨੇ ਜੁਬਾਨ ਦੇ ਲਾਜ਼ਮੀ ਹੋਣ ਦੇ ਬਾਵਜੂਦ ਇਸ ਨੂੰ ਲਾਗੂ ਨਾ ਕਰਨ ਦੀ ਕੋਈ ਸ਼ਜਾ ਮੁਕੱਰਰ ਨਹੀਂ ਕੀਤੀ। ਪੰਜਾਬੀ ਲੋਕ ਪਿਆਰ ਦੀ ਕਦਰ ਕਰਦੇ ਹਨ। ਅਣਖ, ਗੈਰਤ ਨਾਲ ਜਿਉਣਾ ਇਹਨਾਂ ਦਾ ਇਤਿਹਾਸ ਹੈ। ਪੰਜਾਬੀ ਭਾਸ਼ਾ ਨੇ ਪੰਜਾਬੀਆਂ ਵਿੱਚ ਆਪਣੀ ਹੋਂਦ ਨੂੰ ਕਦੇ ਮਰਨ ਨਹੀ ਦਿੱਤਾ। ਪੰਜਾਬੀ ਨੂੰ ਜਿਉਦੇ ਰੱਖਣ ਲਈ ਚੇਤੰਨ ਹੋਣਾ ਜਰੂਰੀ। ਅਸਵੇਲਤਾ ਆਈ ਤਾਂ ਇਸ ਤੋ ਬਿਨਾਂ ਅਸੀ ਆਪਣੇ ਇਤਿਹਾਸ ਨਾਲੋ ਕੱਟੇ ਜਾਵਾਗੇ।   
  
ਸ. ਦਲਵਿੰਦਰ ਸਿੰਘ ਘੁੰਮਣ
+33630073111