ਡੰਗ ਤੇ ਚੋਭਾਂ - ਗੁਰਮੀਤ ਪਲਾਹੀ

ਸੇਵਾ ਪੰਥ ਦੀ ਕਰਾਂਗੇ ਹੋ ਮੂਹਰੇ, ਕਿਸੇ ਹੋਰ ਨੂੰ ਸੇਵਾ ਨਹੀਂ ਕਰਨ ਦੇਣੀ,

ਖ਼ਬਰ ਹੈ ਕਿ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿਚਕਾਰ ਟਕਰਾਅ ਇੱਕ ਵੇਰ ਫਿਰ ਵਧਣ ਲੱਗਾ ਹੈ। ਦੋਵੇਂ ਆਪਣੀ ਵਾਹ-ਵਾਹ ਕਰਾਉਣ 'ਚ ਲੱਗੇ ਹੋਏ ਹਨ। ਪੰਜਾਬ ਸਰਕਾਰ ਦੇ ਮੰਤਰੀ ਸ਼੍ਰੋਮਣੀ ਕਮੇਟੀ 'ਤੇ ਗੰਭੀਰ ਦੋਸ਼ ਲਗਾ ਰਹੇ ਹਨ ਕਿ ਕਮੇਟੀ ਸਰਕਾਰ ਨਾਲ ਮਿਲਕੇ ਪ੍ਰਬੰਧ ਕਰਨ ਦੀ ਥਾਂ ਆਪਣੇ ਪੱਧਰ 'ਤੇ ਹੀ ਕੰਮ ਕਰ ਰਹੀ ਹੈ ਅਤੇ ਸਰਕਾਰ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਐਸ.ਜੀ.ਪੀ.ਸੀ. ਤੇ ਪੰਜਾਬ ਸਰਕਾਰ ਵਿਚਾਲੇ ਪ੍ਰਕਾਸ਼ ਪੁਰਬ ਸਮਾਗਮਾਂ ਲਈ ਤਾਲਮੇਲ ਨਹੀਂ ਬੈਠ ਰਿਹਾ। ਸਰਕਾਰ ਦੇ ਇੱਕ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੀ ਬੈਠਕ ਤੋਂ ਬਾਅਦ ਸ਼੍ਰੋਮਣੀ  ਕਮੇਟੀ ਪ੍ਰਧਾਨ ਮੰਤਰੀ ਨੂੰ ਇੱਕਲੇ ਜਾ ਕੇ ਸੱਦਾ ਦਿੰਦੀ ਹੈ, ਜਿਸ ਤੋਂ ਐਸ.ਜੀ.ਪੀ.ਸੀ ਦੀ ਮਨਸ਼ਾ ਸਾਫ਼ ਨਜ਼ਰ ਆਉਂਦੀ ਹੈ।
ਡੰਗ ਮਾਰਾਂ ਕਿ ਚੋਭ? ਜਦ ਪੰਥ ਆਪਣਾ ਅਤੇ ਆਪਾਂ ਕਿਸੇ ਹੋਰ ਨੂੰ ਖੰਘਣ ਨਹੀਂ ਦੇਣਾ? ਹੈ ਕਿ ਨਾ? ਪੰਥ ਦੀ ਮੁੱਖ ਜੱਥੇਬੰਦੀ ਦਾ ਪ੍ਰਧਾਨ 'ਆਪਾਂ' ਪੰਥ ਦੇ ਦਰਦੀਆਂ, ਜੇਬ ਵਿਚੋਂ ਪਰਚੀ ਕੱਢਕੇ ਬਨਾਉਣਾ ਆ, ਜਿਹੜਾ ਕੌਮ ਦੀ ਨਹੀਂ, ਸਾਡੇ ਵਰਗੇ ਪੰਥ ਦਰਦੀਆਂ ਦੀ ਸੇਵਾ ਕਰੇ। ਹੇਠਲੀ, ਉਪਰਲੀ ਸਰਕਾਰ ਬਨਾਉਣ ਵੇਲੇ ਵੋਟਾਂ ਪੁਆਏ, ਸਾਡੇ ਗੱਫੇ ਲੁਆਏ, ਨਵਾਬੀਆਂ ਦੁਆਏ, ਕੁਰਸੀਆਂ ਪੱਲੇ ਪੁਆਏ ਤੇ ਉਪਰਲੀ 'ਇੱਕ ਭਾਸ਼ਾ ਇੱਕ ਦੇਸ਼', ਇੱਕ ਦੇਸ਼ ਇੱਕ ਟੈਕਸ'', ਇੱਕ ਦੇਸ਼ ਇਕੋਂ ਪਾਰਟੀ' ਵਾਲੀ ਸਰਕਾਰ ਦੇ ਅੱਖਾਂ ਮੀਟਕੇ ਗੁਣ ਗਾਏ। ਜਦ ਭਾਈ ਅਸੀਂ ਐਨਾ ਕੰਮ ਕਰਦੇ ਆਂ, ਚੰਡੀਗੜ੍ਹ ਕੇਂਦਰ ਨੂੰ ਦੇਕੇ, ਪੰਜਾਬੀ ਬੋਲਦੇ ਇਲਾਕੇ ਕੇਂਦਰ ਪੱਲੇ  ਪਾਕੇ, ਦਰਿਆਵਾਂ ਦੇ ਪਾਣੀ, ਆਪਣੇ ਗੁਆਕੇ ਦੂਜਿਆਂ ਨੂੰ ਦੇਣ ਦੀ ਭਾਵਨਾ ਰੱਖਦੇ ਆਂ, ਸਿਰਫ਼ ਆਪਣੇ ਲਈ ਕੁਰਸੀ ਲੈਕੇ ਤਾਂ ਫਿਰ ਭਾਈ ਕਿਸੇ ਹੋਰ ਨੂੰ ਸੇਵਾ ਦਾ ਮੌਕਾ ਕਿਉਂ ਦੇਈਏ! ਕਾਰਵਾਈ ਰਜਿਸਟਰ ਸਾਡੇ ਕੋਲ। ਗੂਠਾ ਲਾਉਣ ਵਾਸਤੇ ਸਾਡੇ ਕੋਲ। ਤਾਂ ਫਿਰ ਡਰ ਕਾਹੇ ਕਾ। ਤਦੇ ਤਾਂ ਕਵੀ ਅਨੁਸਾਰ ਗੱਜ ਵੱਜਕੇ ਇਹ ਚੌਧਰੀ ਆਂਹਦੇ ਆ, ''ਸੇਵਾ ਪੰਥ ਦੀ ਕਰਾਂਗੇ ਹੋ ਮੂਹਰੇ, ਕਿਸੇ ਹੋਰ ਨੂੰ ਸੇਵਾ ਨਹੀਂ ਕਰਨ ਦੇਣੀ, ਕਬਜ਼ਾ ਕਰਾਂਗੇ ਲੋਕੋ ਗੋਲਕਾਂ ਤੇ, ਕਿਸੇ ਹੋਰ ਨੂੰ ਜੇਬ ਨਹੀਂ ਭਰਨ ਦੇਣੀ''।
ਸਾਡਾ ਖੇਤ ਹੈ-ਮਾਲਕੀ ਰਹੂ ਸਾਡੀ
ਗਊ ਨਹੀਂ, ਗਰੀਬ ਦੀ ਚਰਨ ਦੇਣੀ
ਖ਼ਬਰ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਕਹਿਣਾ ਹੈ ਕਿ ਸ਼ਕਤੀਸ਼ਾਲੀ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਅਲੋਚਨਾ ਸਹਿਣ ਕਰਨੀ ਚਾਹੀਦੀ ਹੈ। ਉਹਨਾ ਇੱਕ ਬਲਾਗ ਵਿੱਚ ਖ਼ਬਰਦਾਰ ਕੀਤਾ ਹੈ ਕਿ ਅਲੋਚਨਾਵਾਂ ਨੂੰ ਦਬਾਉਂਦੇ ਰਹਿਣ ਨਾਲ ਨੀਤੀਗਤ ਗਲਤੀਆਂ ਸ਼ਰਤੀਆਂ ਹੋਣਗੀਆਂ। ਉਹਨਾ ਕਿਹਾ ਕਿ ਅਲੋਚਨਾ ਹੀ ਉਹ ਰਾਹ ਹੈ, ਜਿਸ ਨਾਲ ਸਰਕਾਰ ਸੁਧਾਰਤਮਕ ਪਾਲਿਸੀ ਫੈਸਲੇ ਲੈਂਦੀ ਹੈ ਉਹਨਾ ਕਿਹਾ ਕਿ ਸ਼ਕਤੀਸ਼ਾਲੀ ਆਹੁਦਿਆਂ 'ਤੇ ਬੈਠੇ ਲੋਕਾਂ ਦੇ ਸੁਰ ਨਹੀਂ ਦਬਾਉਂਣੇ ਚਾਹੀਦੇ, ਜਿਹੜੀਆਂ ਸਰਕਾਰਾਂ ਅਲੋਚਨਾ ਦੇ ਸੁਰ ਦਬਾਉਂਦੀਆਂ ਹਨ, ਉਹ ਆਪਣਾ ਹੀ ਭਾਰੀ ਨੁਕਸਾਨ ਕਰਦੀਆਂ ਹਨ।
ਪਤਾ ਨਹੀਂ ਕਿਉਂ ਸਿਆਣੇ ਬੰਦੇ ਇਹ ਗੱਲ ਭੁੱਲ ਜਾਂਦੇ ਹਨ ਕਿ ਜਿਸ ਦੀ ਲਾਠੀ, ਉਸਦੀ ਭੈਂਸ। ਜੇਕਰ ਉਹ ਯਾਦ ਰੱਖਣ ਤਾਂ ਹਿੰਦੋਸਤਾਨ ਦੀ  ਸਿਆਸਤ ਉਹਨਾ ਨੂੰ ਸਮਝ ਲਗ ਜਾਏ, ਜਿਥੇ ਸਾਮ, ਦਾਮ, ਦੰਡ ਦਾ ਦਾਅ ਮਾਰਕੇ ਵੋਟ ਵੀ ਖਰੀਦੀ ਜਾਂਦੀ ਆ ਅਤੇ ਅਕਲ ਵੀ। ਵੈਸੇ ਮਸ਼ਹੂਰ ਤਾਂ ਇਹ ਵੀ ਆ ਭਾਈ ਕਿ ਜਿਸਦੇ ਪੱਲੇ ਦਾਣੇ ਉਹਦੇ ਕਮਲੇ ਵੀ ਸਿਆਣੇ ਅਤੇ ਇਹੋ ਜਿਹੇ ਸਿਆਣੇ ਅੱਜ ਕਲ ਦੇਸ਼ ਚਲਾ ਰਹੇ ਆ। ਲੋਕਾਂ ਨੂੰ ਸਬਜ਼ਬਾਗ ਦਿਖਾ ਰਹੇ ਆ, ਉਹਨਾ ਦੇ, ਉਹਦੇ ਪੱਲੇ ਜੋ ਕੁਝ ਵੀ ਆ, ਆਪਣੇ ਪੱਲੇ ਪਾ ਰਹੇ ਆ। ''ਸਿਆਣੀ ਨੋਟ ਬੰਦੀ'' ਕੀਤੀ ਲੋਕਾਂ ਦਾ ਭੱਠਾ ਬੈਠਾ ਦਿੱਤਾ। ਇੱਕ ਦੇਸ਼-ਇੱਕ ਕਰ, ਜੀਐਸਟੀ, ਲਾਗੂ ਕਰਕੇ ਕਾਰਖਾਨੇ, ਵਪਾਰਕ ਅਦਾਰੇ ਬੰਦ ਕਰਵਾ ਤੇ, ਉਹਨਾ ਦੇ ਤਸਲੇ ਮੂਧੇ ਕਰਵਾ ਤੇ। ਹੁਣ ਦੇ ਇਹ ਸਿਆਣੇ, ਹੁਣ ਦੇ ਇਹ ਹਾਕਮ, ਹੁਣ ਦੇ ਇਹ ਮਾਲਕ, ਲੋਕਾਂ ਨੂੰ ਨਪੀੜ ਰਹੇ ਆ, ਵੱਡਿਆਂ ਦੀਆਂ ਝੋਲੀਆਂ ਭਰ ਰਹੇ ਆ। ਜਨ-ਧਨ ਨਾਲ ਲੋਕਾਂ ਦਾ ਧਨ ਜਮ੍ਹਾ ਕਰਵਾ ਰਹੇ ਆ, ਮੇਕ ਇਨ ਇੰਡੀਆ ਦੇ ਨਾਲ ਚੀਨੋ-ਜਪਾਨੋ ਸਮਾਨ ਮੰਗਵਾ ਰਹੇ ਆ, ਆਯੁਸ਼ਮਾਨ ਬੀਮਾ ਯੋਜਨਾ ਦੇ ਨਾਂ ਤੇ ਹਸਪਤਾਲ ਵਾਲਿਆਂ ਨੂੰ ਗੱਫੇ ਲੁਆ ਰਹੇ  ਆ। ਤੇ ਪੂਰੀ ਅਕੜ ਨਾਲ ਆਂਹਦੇ ਆ, ਸਾਡਾ ਖੇਤ ਆ-ਮਾਲਕੀ ਰਹੂ ਸਾਡੀ, ਗਊ ਨਹੀਂ ਗਰੀਬ ਦੀ ਚਰਨ ਦੇਈ।
ਵਿੱਚ ਹੜ੍ਹਾਂ ਦੇ ਡੁੱਬ ਗਈ ਚੀਜ਼ ਹਰ ਇੱਕ ਤਰਦੀ ਕਵੀਆ ਰਹੀ ਪਰ ਰਾਜਨੀਤੀ।
ਖ਼ਬਰ ਹੈ ਕਿ ਕੇਂਦਰੀ ਟੀਮ ਨੇ ਪੰਜਾਬ ਦਾ ਦੌਰਾ ਕਰਕੇ ਹੜ੍ਹ 'ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਟੀਮ ਨੂੰ ਸੂਬਾ  ਪੰਜਾਬ ਸਰਕਾਰ ਨੇ 1219.23 ਕਰੋੜ ਦੇ ਨੁਕਸਾਨ ਦੀ ਰਿਪੋਰਟ ਸੌਂਪੀ ਹੈ। ਇਹ ਨੁਕਸਾਨ ਸਤਲੁਜ, ਬਿਆਸ, ਰਾਵੀ ਦੇ ਕੰਢਿਆਂ ਨਾਲ ਵਸੇ ਜ਼ਿਲਿਆਂ ਨਵਾਂ ਸ਼ਹਿਰ, ਰੋਪੜ, ਜਲੰਧਰ, ਕਪੂਰਥਲਾ, ਰਿਰੋਜ਼ਪੁਰ, ਲੁਧਿਆਣਾ, ਮੋਗਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਵੱਡੀ ਪੱਧਰ ਤੇ ਹੋਇਆ। ਇਸ ਨੁਕਸਾਨ ਵਿੱਚ ਅਧਿਕਾਰੀਆਂ ਨੇ ਟੁੱਟ ਗਈਆਂ ਸੜਕਾਂ, ਸਰਕਾਰੀ ਇਮਾਰਤਾਂ, ਫ਼ਸਲਾਂ, ਘਰਾਂ, ਪਸ਼ੂ ਧਨ ਆਦਿ ਹੋਏ ਨੁਕਸਾਨ ਦਾ ਵੇਰਵਾ ਇੱਕਠਾ ਕੀਤਾ। ਕੇਂਦਰੀ ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਮਾਪ ਦੰਡਾਂ ਅਨੁਸਾਰ ਮੁਆਵਜ਼ਾ ਮਿਲੇਗਾ। ਪਰ ਆਮ ਲੋਕ ਕੇਂਦਰੀ ਟੀਮ ਦੀ ਕਾਰਜਗੁਜਾਰੀ ਤੋਂ ਪ੍ਰਭਾਵਤ ਨਹੀਂ ਹੋਏ। ਲੋਕਾਂ ਕਿਹਾ ਕਿ ਟੀਮ ਨੇ ਗੱਲਾਂ ਤਾਂ ਸੁਣੀਆਂ ਹਨ, ਪਰ ਸਾਡੇ ਹੋਏ ਨੁਕਸਾਨ ਨੂੰ ਉਹਨਾ ਅੱਖੋ ਪਰੋਖੇ ਕੀਤਾ।
ਜਦੋਂ ਦਾ ਮੈਂ ਜੰਮਿਆਂ, ਇਸ ਧਰਤੀ ਤੇ ਆਇਆਂ, ਅੱਖਾਂ ਪੁਟੀਆਂ, ਬਚਪਨ ਹੰਢਾਇਆ ਅਤੇ ਮੁੜ ਜਵਾਨੀ 'ਚ ਪੈਰ ਪਾਇਆ ਤਾਂ ਇਕੋ ਗੱਲ ਵੇਖੀ। ਉਹ ਕਿਹੜੀ? ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਵੱਢ ਟੁੱਕ ਕੇ ਢਾਈ ਦਰਿਆਵਾਂ ਦੀ ਧਰਤੀ ਬਣਾ ਤਾ ਕੇਂਦਰ ਵਾਲਿਆਂ। ਮਾੜਾ ਮੋਟਾ ਜੀਊਂਦਾ ਸੀ, ਉਹਦੇ ਮੋਛੇ ਪਾ ਤੇ ਅਤੇ ਪੰਜਾਬ, ਪੰਜਾਬੀ ਸੂਬਾ ਬਣਾ ਤਾ, ਕੇਂਦਰ ਵਾਲਿਆਂ ਨੇ। ਨਾ ਇਸਦੀ ਆਪਣੀ ਰਾਜਧਾਨੀ। ਨਾ ਇਸਦੇ ਦਰਿਆਵਾਂ ਦਾ ਆਪਣਾ ਪਾਣੀ ਅਤੇ ਪੰਜਾਬ ਬੋਲਦੇ ਇਲਾਕੇ ਪੰਜਾਬੋਂ ਬਾਹਰ। ਇਹ ਕਿਰਪਾ ਸਭ ਕੇਂਦਰ ਵਾਲਿਆਂ ਦੀ। ਜਦੋਂ ਪੰਜਾਬੀਆਂ ਹੱਕ ਮੰਗੇ। ਚੱਲ ਜੇਲ੍ਹ। ਜਦੋਂ ਪੰਜਾਬੀਆਂ  ਚੂੰ-ਚਰਾਂ ਕੀਤੀ, ਚੱਲ ਉਪਰ। ਜਦੋਂ ਪੰਜਾਬੀਆਂ ਰਤਾ ਆਕੜ ਵਿਖਾਈ, ਤਾਂ ਤਰਕੀਬਾਂ ਹੀ ਇਹੋ ਜਿਹੀਆਂ ਬਣਾਈਆਂ,  ਪੰਜਾਬੀਓ ਚਲੋ ਪੰਜਾਬੋਂ ਬਾਹਰ, ਇਥੇ ਵਸਣ ਲਈ ਹੋਰ ਬਥੇਰੇ। ਹੁਣ ਜਦੋਂ ਭੀੜ ਪਈ ਹੜ੍ਹਾਂ ਦੀ ਪੰਜਾਬ 'ਤੇ ਨਾ ਕੇਂਦਰ ਬੋਲਿਆ ਤੇ ਨਾ ਸੂਬਾ ਸਰਕਾਰ ਬਹੁੜੀ। ਦੋਹਾਂ ਇੱਕ ਦੂਜੇ ਵਿਰੁੱਧ ਸਿਆਸਤ ਕੀਤੀ। ਉਹਨਾ ਕਿਹਾ ਪੰਜਾਬ 'ਚ ਕਿਹੜੇ ਹੜ੍ਹ ਆਏ ਆ? ਭਾਖੜੇ ਦਾ ਪਾਣੀ ਰਤਾ ਕੁ ਛੱਡਿਆ ਤਾਂ ਪੰਜਾਬ ਅੱਧਾ ਕੁ ਪਾਣੀ ਨਾਲ ਭਰ ਗਿਆ। ਉਂਜ ਭਾਈ ਦੋ ਚਾਰ ਫੁਟ ਹੋਰ ਪਾਣੀ ਭਾਖੜਿਓ ਛੱਡਾਂਗੇ, ਤਾਂ ਪੰਜਾਬ ਦਾ ਨਾਮੋ ਨਿਸ਼ਾਨ ਮਿਟ ਜਾਊ। ਪੰਜਾਬ ਦੇ ਹਰ ਮਸਲੇ ਤੇ ਰਾਜਨੀਤੀ ਹਰ ਮਸਲੇ ਤੇ ਰੌਲਾ ਤੇ ਇਹ ਇਹੋ ਜਿਹੀ ਰਾਜਨੀਤੀ ਤੇ ਕਵੀ ਕਹਿੰਦਾ ਆ, ''ਭਾਰੀ ਵਿੱਚ ਪੰਜਾਬ ਦੇ ਹੜ੍ਹ ਆਏ ਵੇਖੀ ਸੁਣੀ ਹੈ ਤੁਸਾਂ ਸਭ ਹੋਈ ਬੀਤੀ। ਵਿੱਚ ਹੜ੍ਹਾਂ ਦੇ ਡੁੱਬ ਗਈ ਚੀਜ਼ ਹਰ ਇੱਕ ਤਰਦੀ ਕਵੀਆ ਰਹੀ ਪਰ ਰਾਜਨੀਤੀ''।
ਨਹੀਂ ਰੀਸਾਂ ਦੇਸ਼ ਮਹਾਨ  ਦੀਆਂ
ਪ੍ਰਾਇਮਰੀ ਸਿੱਖਿਆ ਦੇ ਪੱਧਰ 'ਤੇ ਭਾਰਤ ਵਿੱਚ 50.7ਫੀਸਦੀ ਔਰਤ ਅਧਿਆਪਕਾਵਾਂ ਹਨ, ਜਦਕਿ ਰੂਸ ਵਿੱਚ 98.9 ਫੀਸਦੀ, ਚੀਨ ਵਿੱਚ 64 ਫੀਸਦੀ, ਬਰਤਾਨੀਆਂ 'ਚ 84.7 ਫੀਸਦੀ ਔਰਤ ਅਧਿਆਪਕਾਵਾਂ ਹਨ।
ਇੱਕ ਵਿਚਾਰ
ਹਰ ਕੋਈ ਦੁਨੀਆ ਬਦਲਣਾ ਚਾਹੁੰਦਾ ਹੈ, ਲੇਕਿਨ ਕੋਈ ਖ਼ੁਦ ਨੂੰ ਬਦਲਣ ਬਾਰੇ ਨਹੀਂ ਸੋਚਦਾ।
................ਲਿਓ ਟਾਲਸਟਾਏ

ਗੁਰਮੀਤ ਸਿੰਘ ਪਲਾਹੀ
9815802070