ਮਜਬੂਰੀ ਅਤੇ ਮਾਨਸਿਕਤਾ ਕਾਰਨ ਅੰਬੇਡਕਰ ਤੇ ਦਰੋਣਾਚਾਰੀਆ ਦੇ ਵਿਚਾਲੇ ਭਟਕ ਰਹੀ ਭਾਜਪਾ - ਜਤਿੰਦਰ ਪਨੂੰ

ਪਿਛਲੇ ਦਿਨੀਂ ਸਮਾਜ ਸੇਵੀ ਸਵਾਮੀ ਅਗਨੀਵੇਸ਼ ਪੰਜਾਬ ਆਏ ਸਨ। ਉਨ੍ਹਾਂ ਬਾਰੇ ਅਸੀਂ ਕਦੇ ਉਲਾਰ ਹੋਣ ਦੀ ਗਲਤੀ ਨਹੀਂ ਕੀਤੀ ਤੇ ਜਦੋਂ ਕਦੀ ਉਨ੍ਹਾਂ ਨੇ ਕੋਈ ਕੁਚੱਜ ਕੀਤਾ ਹੈ, ਉਸ ਦਾ ਨੋਟਿਸ ਵੀ ਲੈਣ ਤੋਂ ਉੱਕਦੇ ਨਹੀ, ਪਰ ਜਦੋਂ ਕਦੀ ਉਹ ਕੋਈ ਚੱਜ ਦੀ ਗੱਲ ਕਹਿੰਦੇ ਹਨ, ਉਸ ਨੂੰ ਨੋਟ ਕਰਨੋਂ ਵੀ ਕੋਤਾਹੀ ਨਹੀਂ ਕੀਤੀ। ਇਸ ਵਾਰ ਪੰਜਾਬ ਦੇ ਗੇੜੇ ਲਈ ਆਏ ਹੋਏ ਸਵਾਮੀ ਅਗਨੀਵੇਸ਼ ਨੇ ਭਾਜਪਾ ਨੂੰ ਸਵਾਲ ਕੀਤਾ ਹੈ ਕਿ ਉਹ ਭਾਰਤ ਦੇ ਇਤਿਹਾਸ ਦੀਆਂ ਨੇਕ ਰਿਵਾਇਤਾਂ ਉੱਤੇ ਆਪਣਾ ਹੱਕ ਦੱਸਦੀ ਹੈ, ਸ਼ਹੀਦ ਭਗਤ ਸਿੰਘ ਨੂੰ ਵੀ ਆਪਣਾ ਬਣਾ ਤੁਰੀ ਹੈ, ਏਨੀ ਗੱਲ ਦੱਸ ਦੇਵੇ ਕਿ ਆਜ਼ਾਦੀ ਲਹਿਰ ਵੇਲੇ ਉਸ ਦਾ ਆਪਣਾ ਕੌਣ ਆਗੂ ਫਾਂਸੀ ਲੱਗਾ ਸੀ? ਬੜੇ ਵੱਡਾ ਕਿੰਤੂ ਵਾਲਾ ਇਹੋ ਸਵਾਲ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਪੱਤਰਕਾਰ ਆਸ਼ੂਤੋਸ਼ ਨੇ ਇੱਕ ਅਖਬਾਰੀ ਲੇਖ ਵਿੱਚ ਉਛਾਲਿਆ ਸੀ ਕਿ ਸ਼ਹੀਦ ਭਗਤ ਸਿੰਘ ਨੂੰ ਭਾਜਪਾ ਆਪਣਾ ਬਣਾਉਣ ਤੁਰ ਪਈ ਹੈ, ਇਹ ਵੀ ਦੱਸ ਦੇਵੇ ਕਿ ਇੱਕ ਵੀ ਗੱਲ ਉਹ ਕਿਹੜੀ ਹੈ, ਜਿਹੜੀ ਭਾਜਪਾ ਦੀ ਭਗਤ ਸਿੰਘ ਨਾਲ ਮਿਲਦੀ ਹੈ? ਉਸ ਨੇ ਇਤਿਹਾਸ ਦੇ ਪੰਨੇ ਖੋਲ੍ਹ ਕੇ ਸਪੱਸ਼ਟ ਕੀਤਾ ਸੀ ਕਿ ਭਗਤ ਸਿੰਘ ਤਾਂ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ ਇਨਕਲਾਬੀ ਸੀ ਤੇ ਉਸ ਦੇ ਸੰਗਰਾਮ ਸਾਥੀ ਵੀ ਕਿਸੇ ਇੱਕ ਧਰਮ ਦੀ ਰਾਜਨੀਤੀ ਦੇ ਖਿਲਾਫ ਸਨ। ਭਾਜਪਾ ਇਸ ਤੋਂ ਉਲਟ ਜਗ੍ਹਾ ਖੜੀ ਹੈ। ਕਿਸੇ ਪੈਂਤੜੇ ਕਾਰਨ ਵੀ ਉਹ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਨਾਲ ਖੜੇ ਹੋਣ ਜੋਗੀ ਨਹੀਂ।
ਇਤਿਹਾਸ ਦੱਸਦਾ ਹੈ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਸੀ ਤਾਂ ਉਹ 'ਇਨਕਲਾਬ ਜ਼ਿੰਦਾਬਾਦ, ਪ੍ਰੋਲੇਤਾਰੀ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਹੁੰਦੇ ਸਨ। 'ਪ੍ਰੋਲੇਤਾਰੀ' ਦਾ ਅਰਥ ਉਹ ਕਿਰਤੀ ਹੁੰਦਾ ਹੈ, ਜਿਸ ਦੇ ਪੱਲੇ ਕ੍ਰਿਤ ਦੇ ਸੰਦ ਵੀ ਆਪਣੇ ਨਹੀਂ ਹੁੰਦੇ ਤੇ ਇਹ ਨਾਅਰਾ ਸੰਸਾਰ ਭਰ ਵਿੱਚ ਲਾਲ ਝੰਡੇ ਵਾਲੇ ਲੋਕਾਂ ਦੇ ਮੁਜ਼ਾਹਰਿਆਂ ਵਿੱਚ ਗੂੰਜਦਾ ਹੈ, ਹੋਰ ਕਿਸੇ ਥਾਂ ਨਹੀਂ ਲੱਗਦਾ। ਭਗਤ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਅਦਾਲਤੀ ਕਾਰਵਾਈ ਵੇਲੇ ਪੰਜ ਮੌਕਿਆਂ ਉੱਤੇ ਵੱਖਰੇ ਜੋਸ਼ ਦਾ ਮੁਜ਼ਾਹਰਾ ਕੀਤਾ ਗਿਆ, ਜਿਨ੍ਹਾਂ ਵਿੱਚ ਕਾਕੋਰੀ ਕਾਂਡ, ਲੈਨਿਨ ਦਾ ਜਨਮ ਦਿਨ, ਕਿਰਤੀ ਲਹਿਰ ਦਾ 'ਮਈ ਦਿਵਸ', ਲਾਲਾ ਲਾਜਪਤ ਰਾਏ ਦਿਵਸ ਤੇ ਪੰਜਵਾਂ ਮੌਕਾ ਜੈਨੇਵਾ ਵਿੱਚ ਸ਼ਿਆਮਜੀ ਕ੍ਰਿਸ਼ਨ ਵਰਮਾ ਦੀ ਸ਼ਹੀਦੀ ਦਾ ਦਿਨ ਸੀ। ਲੈਨਿਨ ਦਾ ਜਨਮ ਦਿਨ ਤੇ ਮਈ ਦਿਨ ਮਨਾਉਣ ਵਾਲਾ ਭਗਤ ਸਿੰਘ ਕਦੇ ਵੀ ਭਾਜਪਾ ਵਾਲਿਆਂ ਦਾ ਮਾਰਗ-ਦਰਸ਼ਕ ਨਹੀਂ ਮੰਨਿਆ ਜਾ ਸਕਦਾ।
ਫਿਰ ਵੀ ਭਾਜਪਾ ਲੀਡਰਸ਼ਿਪ ਨੂੰ ਭਗਤ ਸਿੰਘ ਚਾਹੀਦਾ ਹੈ ਤੇ ਓਦਾਂ ਹੀ ਚਾਹੀਦਾ ਹੈ, ਜਿਵੇਂ ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਨੂੰ ਪੰਜਾਹ ਸਾਲ ਵਡਿਆਉਣ ਪਿੱਛੋਂ ਗਾਂਧੀ ਨੂੰ ਆਪਣਾ ਬਾਪੂ ਮੰਨਣ ਤੇ ਬਾਪੂ ਦੇ ਕਤਲ ਪਿੱਛੋਂ ਆਰ ਐੱਸ ਐੱਸ ਉੱਤੇ ਪਾਬੰਦੀ ਲਾਉਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਨੂੰ ਚੁੱਕ ਤੁਰੀ ਹੈ। ਇਤਿਹਾਸ ਬੜਾ ਸਪੱਸ਼ਟ ਹੈ ਕਿ ਵੱਲਭ ਭਾਈ ਪਟੇਲ ਦਾ ਭਾਜਪਾਈ ਸੋਚਣੀ ਨਾਲ ਕੋਈ ਸੰਬੰਧ ਨਹੀਂ ਸੀ। ਮਹਾਰਾਸ਼ਟਰ ਵਿੱਚ ਜਦੋਂ ਪਹਿਲੀ ਵਾਰ ਸ਼ਿਵ ਸੈਨਾ ਅਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ ਤਾਂ ਗਾਂਧੀ ਕਤਲ ਕੇਸ ਵਿੱਚ ਫਾਂਸੀ ਲੱਗੇ ਨਾਥੂ ਰਾਮ ਗੌਡਸੇ ਦੇ ਉਮਰ ਕੈਦ ਕੱਟ ਚੁੱਕੇ ਭਰਾ ਗੋਪਾਲ ਗੌਡਸੇ ਦਾ ਜਨਤਕ ਸਨਮਾਨ ਕੀਤਾ ਗਿਆ ਸੀ। ਗਾਂਧੀ ਦੀ ਲੋੜ ਉਨ੍ਹਾਂ ਨੂੰ ਓਦੋਂ ਪਈ ਸੀ, ਜਦੋਂ ਗੁਜਰਾਤ ਵਿੱਚ ਆਪਣੇ ਪਾਪਾਂ ਨਾਲ ਬਦਨਾਮ ਹੋ ਚੁੱਕੀ ਕਾਂਗਰਸ ਪਾਰਟੀ ਨੂੰ ਜੜ੍ਹਾਂ ਤੋਂ ਕੱਢਣ ਲਈ ਓਥੋਂ ਦੇ ਲੋਕਾਂ ਵਿੱਚ ਬਣੇ ਹੋਏ ਮਹਾਤਮਾ ਗਾਂਧੀ ਦੇ ਅਕਸ ਦਾ ਲਾਭ ਲੈਣਾ ਸੀ।
ਇਸ ਹਫਤੇ ਭਾਜਪਾ ਨੇ ਇਹੋ ਜਿਹੇ ਦੋ ਕਦਮ ਹੋਰ ਅੱਗੜ-ਪਿੱਛੜ ਚੁੱਕੇ ਹਨ, ਜਿਹੜੇ ਇਸ ਦੀ ਮਾਨਸਿਕਤਾ ਵੀ ਜ਼ਾਹਰ ਕਰਦੇ ਹਨ ਤੇ ਮਜਬੂਰੀ ਵੀ। ਇੱਕ ਪਾਸੇ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਸਤਿਕਾਰ ਦੇਣ ਦਾ ਵਿਖਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਕਿਹਾ ਹੈ ਕਿ ਅੰਬੇਡਕਰ ਨੂੰ ਬਣਦਾ ਥਾਂ ਨਹੀਂ ਦਿੱਤਾ ਗਿਆ ਅਤੇ ਅਸੀਂ ਦੇਵਾਂਗੇ। ਦੂਸਰੇ ਪਾਸੇ ਇਸੇ ਹਫਤੇ ਦੌਰਾਨ ਹਰਿਆਣੇ ਦੀ ਭਾਜਪਾ ਸਰਕਾਰ, ਜਿਸ ਦੀ ਅਗਵਾਈ ਇੱਕ ਸੋਇਮ ਸੇਵਕ ਦੇ ਹੱਥ ਹੈ, ਨੇ ਇਹ ਫੈਸਲਾ ਕਰ ਦਿੱਤਾ ਹੈ ਕਿ ਗੁੜਗਾਉਂ ਸ਼ਹਿਰ ਦਾ ਨਵਾਂ ਨਾਂਅ 'ਗੁਰੂ ਗ੍ਰਾਮ' ਹੋਵੇਗਾ। ਡਾਕਟਰ ਅੰਬੇਡਕਰ ਨੂੰ ਸਤਿਕਾਰ ਦੇਣਾ ਰਾਜਨੀਤਕ ਮਜਬੂਰੀ ਹੈ ਤੇ 'ਗੁਰੂ ਗ੍ਰਾਮ' ਭਾਜਪਾ ਦੀ ਮਾਨਸਿਕਤਾ ਨੂੰ ਜ਼ਾਹਰ ਕਰਦਾ ਹੈ।
ਪਹਿਲੀ ਗੱਲ ਇਹ ਕਿ ਡਾਕਟਰ ਅੰਬੇਡਕਰ ਉਨ੍ਹਾਂ ਦਲਿਤਾਂ ਦੇ ਮਸੀਹਾ ਕਹਾਉਂਦੇ ਸਨ, ਜਿਨ੍ਹਾਂ ਦਾ ਭਾਜਪਾ ਨੂੰ ਕੋਈ ਦਰਦ ਨਹੀਂ। ਅੰਬੇਡਕਰ ਨੇ ਸੰਵਿਧਾਨ ਵਿੱਚ ਇਹ ਵੀ ਲਿਖਣਾ ਚਾਹਿਆ ਸੀ ਕਿ ਔਰਤ ਨੂੰ ਮਰਦ ਦੇ ਬਰਾਬਰੀ ਵਾਲੇ ਹੱਕ ਹੋਣਗੇ, ਪਰ ਭਾਜਪਾ ਲੀਡਰਸ਼ਿਪ ਅੱਜ ਤੱਕ ਕਈ ਥਾਂਈਂ ਮੰਦਰਾਂ ਵਿੱਚ ਔਰਤਾਂ ਦੇ ਜਾਣ ਦਾ ਵਿਰੋਧ ਕਰਦੇ ਲੋਕਾਂ ਨਾਲ ਓਦੋਂ ਤੱਕ ਖੜੀ ਰਹਿੰਦੀ ਹੈ, ਜਦੋਂ ਤੱਕ ਅਦਾਲਤਾਂ ਸਖਤੀ ਨਹੀਂ ਕਰਦੀਆਂ। ਹੈਦਰਾਬਾਦ ਯੂਨੀਵਰਸਿਟੀ ਦੇ ਰੋਹਿਤ ਵੇਮੁਲਾ ਦੇ ਦਲਿਤ ਹੋਣ ਦਾ ਰਿਜ਼ਰਵੇਸ਼ਨ ਦਾ ਹੱਕ ਤਾਂ ਕੀ ਮੰਨਣਾ ਸੀ, ਉਸ ਨੂੰ ਯੋਗਤਾ ਨਾਲ ਬਾਕੀਆਂ ਤੋਂ ਅੱਗੇ ਲੰਘਦਾ ਵੇਖ ਕੇ ਵੀ ਜਰਿਆ ਨਹੀਂ ਗਿਆ ਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਤੇ ਦੋ ਕੇਂਦਰੀ ਮੰਤਰੀਆਂ ਨੇ ਏਦਾਂ ਦੇ ਹਾਲਾਤ ਪੈਦਾ ਕੀਤੇ ਕਿ ਉਹ ਖੁਦਕੁਸ਼ੀ ਕਰ ਗਿਆ। ਹੁਣ ਉਸ ਦਾ ਭਰਾ ਅਤੇ ਮਾਂ ਹਿੰਦੂ ਧਰਮ ਛੱਡ ਕੇ ਓਦਾਂ ਹੀ ਬੁੱਧ ਧਰਮ ਵਿੱਚ ਚਲੇ ਗਏ ਹਨ, ਜਿਵੇਂ ਕਦੇ ਡਾਕਟਰ ਅੰਬੇਡਕਰ ਨੇ ਕੀਤਾ ਸੀ। ਭਾਜਪਾ ਨੇ ਮਾਂ-ਪੁੱਤਰ ਦੇ ਬੁੱਧ ਧਰਮ ਵਿੱਚ ਜਾਣ ਦਾ ਵਿਰੋਧ ਕਰਨ ਦੀ ਥਾਂ ਇਹ ਕਿਹਾ ਹੈ ਕਿ 'ਧਰਮ ਬਦਲਣਾ ਕਿਸੇ ਦਾ ਨਿੱਜੀ ਮਾਮਲਾ ਹੈ', ਪਰ ਇਹ ਉਨ੍ਹਾਂ ਲੋਕਾਂ ਦਾ ਵੀ ਨਿੱਜੀ ਮਾਮਲਾ ਸੀ, ਜਿਹੜੇ ਪਿਛਲੇ ਸਾਲਾਂ ਵਿੱਚ ਮੁਸਲਿਮ ਬਣਦੇ ਵੇਖ ਕੇ ਭਾਜਪਾ ਦੇ ਛੋਟੇ-ਵੱਡੇ ਸਾਰੇ ਆਗੂ ਤੜਫੀ ਜਾਂਦੇ ਸਨ। ਅਸਲ ਵਿੱਚ ਨਿੱਜੀ ਮਸਲਾ ਕਹਿ ਕੇ ਭਾਜਪਾ ਦੇ ਆਗੂ ਸ਼ਰਮਿੰਦਗੀ ਲੁਕਾਉਣਾ ਚਾਹੁੰਦੇ ਹਨ, ਕਿਉਂਕਿ ਇਸ ਧਰਮ ਪਰਿਵਰਤਨ ਦੀ ਦੀਕਸ਼ਾ ਓਸੇ ਡਾਕਟਰ ਅੰਬੇਡਕਰ ਦੇ ਪੋਤੇ ਪ੍ਰਕਾਸ਼ ਅੰਬੇਡਕਰ ਨੇ ਦਿੱਤੀ ਹੈ, ਜਿਸ ਅੰਬੇਡਕਰ ਨੂੰ ਉਹ ਚੁੱਕਣਾ ਚਾਹੁੰਦੇ ਹਨ। ਇਹ ਹਾਲਾਤ ਭਾਜਪਾ ਨੇ ਆਪ ਪੈਦਾ ਕੀਤੇ ਹੋਏ ਹਨ। ਦਲਿਤਾਂ ਦਾ ਅਪਮਾਨ ਕਰ ਕੇ ਭਾਜਪਾ ਜਦੋਂ ਅੰਬੇਡਕਰ ਦਾ ਸਨਮਾਨ ਕਰਦੀ ਹੈ ਤਾਂ ਇਹ ਰਾਜਨੀਤਕ ਮਜਬੂਰੀ ਹੈ।
ਅਸਲੀ ਮਾਨਸਿਕਤਾ ਉਹ ਹੈ, ਜਿਹੜੀ ਹਰਿਆਣਾ ਵਿੱਚ ਆਰ ਐੱਸ ਐੱਸ ਦੇ ਸੋਇਮ ਸੇਵਕ ਮੁੱਖ ਮੰਤਰੀ ਨੇ ਜ਼ਾਹਰ ਕੀਤੀ ਹੈ। ਉਸ ਨੇ ਪਹਿਲਾਂ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਬਜਾਏ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਓਥੋਂ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਆਰ ਐੱਸ ਐੱਸ ਵਰਕਰ ਰਹਿ ਚੁੱਕੇ ਮੰਗਲ ਸੈਨ ਦੇ ਨਾਂਅ ਉੱਤੇ ਰੱਖਣ ਦੀ ਬੜੀ ਦੇਰ ਤੱਕ ਜ਼ਿੱਦ ਕਰੀ ਛੱਡੀ। ਪਿਛਲੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਸ਼ਹੀਦ ਭਗਤ ਸਿੰਘ ਦਾ ਨਾਂਅ ਇਸ ਭਾਜਪਾ ਮੁੱਖ ਮੰਤਰੀ ਨੂੰ ਪਸੰਦ ਨਾ ਆਉਣਾ ਇਸ ਮਾਨਸਿਕਤਾ ਦਾ ਪਹਿਲਾ ਪ੍ਰਗਟਾਵਾ ਸੀ। ਦੂਸਰਾ ਹੁਣ ਗੁੜਗਾਉਂ ਦਾ ਨਾਂਅ ਬਦਲ ਕੇ 'ਗੁਰੂ ਗ੍ਰਾਮ' ਕਰਨ ਨਾਲ ਪੇਸ਼ ਹੋ ਗਿਆ ਹੈ। ਭਾਜਪਾ ਦੀ ਦਲੀਲ ਹੈ ਕਿ ਗੁਰੂ ਦਰੋਣਾਚਾਰੀਆ ਦਾ ਆਸ਼ਰਮ ਏਥੇ ਹੁੰਦਾ ਸੀ, ਜਿਸ ਵਿੱਚ ਕੌਰਵਾਂ ਤੇ ਪਾਂਡਵਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਮਹਾਂਭਾਰਤ ਤੇ ਰਾਮਾਇਣ ਦੇ ਨਾਲ ਜੁੜਦੇ ਬਹੁਤ ਸਾਰੇ ਪ੍ਰਤੀਕਾਂ ਨੂੰ ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਚੁੱਕ ਕੇ ਵਡਿਆਇਆ ਜਾਂਦਾ ਹੈ ਤੇ ਹੁਣ ਗੁਰੂ ਦਰੋਣਾਚਾਰੀਆ ਦੀ ਮਹਿਮਾ ਗਾਉਣ ਵਾਸਤੇ ਸ਼ਹਿਰ ਦਾ ਨਾਂਅ ਗੁੜਗਾਉਂ ਤੋਂ ਬਦਲ ਕੇ 'ਗੁਰੂ ਗ੍ਰਾਮ' ਕਰਨਾ ਵੀ ਓਸੇ ਮਾਨਸਿਕਤਾ ਦਾ ਹਿੱਸਾ ਹੈ। ਇਹ ਕਦਮ ਹਿੰਦੂਤੱਵ ਦੀ ਰਾਜਨੀਤੀ ਦੇ ਚੌਖਟੇ ਵਿੱਚ ਫਿੱਟ ਬੈਠਦਾ ਹੈ।
ਹਿੰਦੂਤੱਵ ਦੀ ਰਾਜਨੀਤੀ ਦੇ ਚੌਖਟੇ ਵਿੱਚ ਫਿੱਟ ਬੈਠਦਾ 'ਗੁਰੂ ਗ੍ਰਾਮ' ਵਾਲਾ ਕੰਮ ਵੀ ਉਸ ਹਫਤੇ ਵਿੱਚ ਕੀਤਾ ਗਿਆ ਹੈ, ਜਿਸ ਹਫਤੇ ਵਿੱਚ ਦਲਿਤਾਂ ਦੇ ਮਸੀਹਾ ਕਹੇ ਜਾਂਦੇ ਡਾਕਟਰ ਅੰਬੇਡਕਰ ਦਾ ਦਿਨ ਸੀ। ਗੁੜਗਾਉਂ ਦੇ ਲੋਕ ਇਸ ਸ਼ਹਿਰ ਨੂੰ ਜਦੋਂ ਗੁਰੂ ਦਰੋਣਾਚਾਰੀਆ ਦਾ ਨਾਂਅ ਉੱਤੇ 'ਗੁਰੂ ਗ੍ਰਾਮ' ਕਹਿਣਗੇ ਤਾਂ ਸਿਰਫ ਦਰੋਣਾਚਾਰੀਆ ਯਾਦ ਨਹੀਂ ਆਉਣਾ, ਉਸ ਦੇ ਨਾਲ ਏਕਲਵਿਆ ਨਾਂਅ ਦਾ ਦਲਿਤ ਵੀ ਯਾਦ ਆਇਆ ਕਰੇਗਾ। ਦਲਿਤ ਬੱਚਾ ਏਕਲਵਿਆ ਵੀ ਦਰੋਣਾਚਾਰੀਆ ਨੂੰ ਤਰਲਾ ਮਾਰਨ ਗਿਆ ਸੀ ਕਿ ਉਸ ਨੂੰ ਕੁਝ ਸਿਖਾ ਦਿੱਤਾ ਕਰੇ, ਪਰ ਦਰੋਣਾਚਾਰੀਆ ਨੇ ਦਲਿਤ ਹੋਣ ਕਾਰਨ ਭਜਾ ਦਿੱਤਾ ਸੀ। ਜਦੋਂ ਕੌਰਵਾਂ ਤੇ ਪਾਂਡਵਾਂ ਨੂੰ ਪੜ੍ਹਾ ਕੇ ਦਰੋਣਾਚਾਰੀਆ ਤੁਰ ਗਿਆ, ਏਕਲਵਿਆ ਉਸ ਦੇ ਪੈਰਾਂ ਦੇ ਨਿਸ਼ਾਨ ਵਾਲੀ ਮਿੱਟੀ ਦਾ ਦਰੋਣਾਚਾਰੀਆ ਬਣਾ ਕੇ ਉਸ ਨੂੰ ਗੁਰੂ ਮੰਨ ਕੇ ਕਿਸੇ ਲੁਕਵੇਂ ਥਾਂ ਖੜੋ ਕੇ ਉਸ ਨੂੰ ਟਰੇਨਿੰਗ ਦੇਂਦੇ ਨੂੰ ਰੋਜ਼ ਵੇਖ ਕੇ ਆਪਣੇ-ਆਪ ਸਿੱਖਦਾ ਰਿਹਾ ਸੀ। ਇੱਕ ਦਿਨ ਅਰਜਨ ਵਾਲੀ ਕਮਾਲ ਨਾਲ ਲਾਏ ਗਏ ਉਸ ਦੇ ਨਿਸ਼ਾਨੇ ਨੂੰ ਵੇਖ ਕੇ ਜਦੋਂ ਦਰੋਣਾਚਾਰੀਆ ਨੇ ਪੁੱਛਿਆ ਕਿ ਉਸ ਦਾ ਗੁਰੂ ਕੌਣ ਹੈ ਤਾਂ ਉਸ ਨੇ ਦੱਸਿਆ ਕਿ ਬਾਹਰ ਬੈਠਾ ਵੀ ਉਹ ਦਰੋਣਾਚਾਰੀਆ ਨੂੰ ਗੁਰੂ ਮੰਨ ਕੇ ਸਿੱਖਦਾ ਰਿਹਾ ਸੀ। ਦਰੋਣਾਚਾਰੀਆ ਨੇ ਉਸ ਗਰੀਬ ਨੂੰ ਗੁਰੂ-ਦਕਸ਼ਿਣਾ ਦੇਣ ਨੂੰ ਕਿਹਾ। ਗਰੀਬ ਬੱਚੇ ਨੇ ਪੁੱਛਿਆ ਕਿ ਕੀ ਦੇਵਾਂ, ਤਾਂ ਦਰੋਣਾਚਾਰੀਆ ਨੇ ਗੁਰੂ-ਦਕਸ਼ਿਣਾ ਵਿੱਚ ਉਸ ਦਾ ਅੰਗੂਠਾ ਮੰਗ ਲਿਆ ਸੀ ਅਤੇ ਉਸ ਨੇ ਵੱਢ ਕੇ ਫੜਾ ਦਿੱਤਾ। ਏਕਲਵਿਆ ਤਾਂ ਸੇਵਕ ਦੇ ਸਿਦਕ ਉੱਤੇ ਪੂਰਾ ਉੱਤਰਿਆ, ਪਰ ਗੁਰੂ ਦਰੋਣਾਚਾਰੀਆ ਨੇ ਗਰੀਬ ਬੱਚੇ ਨੂੰ ਤੀਰ ਚਲਾਉਣ ਤੋਂ ਵਾਂਝਾ ਕਰਨ ਦੀ ਬਦਨੀਤੀ ਨਾਲ ਉਸ ਦਾ ਅੰਗੂਠਾ ਮੰਗ ਕੇ ਗੁਰੂ-ਪ੍ਰੰਪਰਾ ਵੀ ਕਲੰਕਤ ਕਰ ਦਿੱਤੀ। ਡਾਕਟਰ ਅੰਬੇਡਕਰ ਦੇ ਸਤਿਕਾਰ ਦਾ ਪਾਠ ਪੜ੍ਹਾਉਣ ਪਿੱਛੋਂ ਓਸੇ ਹਫਤੇ ਵਿੱਚ ਦਲਿਤਾਂ ਨਾਲ ਜ਼ਿਆਦਤੀ ਦੇ ਮੁੱਢਲੇ ਪ੍ਰਤੀਕ ਕਹੇ ਜਾ ਸਕਦੇ ਗੁਰੂ ਦਰੋਣਾਚਾਰੀਆ ਦੀ ਏਨੀ ਵਡਿਆਈ ਕਰ ਕੇ ਭਾਜਪਾ ਨੇ ਦੱਸ ਦਿੱਤਾ ਹੈ ਕਿ ਉਸ ਲਈ ਦਰੋਣਾਚਾਰੀਆ ਅਤੇ ਅਰਜਨ ਹੋਰ ਹਨ ਤੇ ਏਕਲਵਿਆ ਹੋਰ। ਏਸੇ ਕਾਰਨ ਅੱਜ ਦੀ ਭਾਜਪਾ ਲਈ ਗੌਤਮ ਅਡਾਨੀ ਹੋਰ ਹਨ ਤੇ ਦੇਸ਼ ਵਿੱਚ ਦੋ ਡੰਗ ਦੀ ਰੋਟੀ ਨੂੰ ਤਰਸਦੇ ਆਮ ਲੋਕ ਕਿਸੇ ਹੋਰ ਖਾਨੇ ਵਿੱਚ ਰੱਖਣ ਅਤੇ ਤੋਲਣ ਦੀ ਆਈਟਮ ਗਿਣੇ ਜਾ ਰਹੇ ਹਨ।
ਜਿੱਦਾਂ ਕਿਸੇ ਧਾਤੂ ਉੱਤੇ ਮੁਲੰਮਾ ਚੜ੍ਹਿਆ ਇੱਕ ਨਾ ਇੱਕ ਮੌਕੇ ਲੱਥ ਜਾਂਦਾ ਅਤੇ ਅਸਲੀਅਤ ਜ਼ਾਹਰ ਹੋ ਜਾਂਦੀ ਹੈ, ਉਵੇਂ ਹੀ ਕਈ ਪਰਦੇ ਪਾਉਣ ਦੇ ਬਾਵਜੂਦ ਭਾਜਪਾ ਦੀ ਮਾਨਸਿਕਤਾ ਲੁਕੀ ਨਹੀਂ ਰਹਿ ਸਕੀ। ਅਸਲ ਮਾਨਸਿਕਤਾ ਤੇ ਰਾਜਨੀਤਕ ਮਜਬੂਰੀਆਂ ਦੇ ਵਿਚਾਲੇ ਲਟਕਦੀ ਭਾਜਪਾ ਲੀਡਰਸ਼ਿਪ ਪੁਰਾਣੇ ਸਮੇਂ ਦੀ ਕਿਸੇ ਕੰਧ ਵਾਲੀ ਘੜੀ ਹੇਠਾਂ ਲਟਕਦੇ ਪੈਂਡਲਮ ਵਾਂਗ ਅੰਬੇਡਕਰ ਤੇ ਗੁੜਗਾਉਂ ਦੇ ਵਿਚਾਲੇ ਏਸੇ ਲਈ ਏਧਰ-ਓਧਰ ਝੂਲਦੀ ਫਿਰਦੀ ਹੈ।

17 April 2016