ਮਰੀ ਹੋਈ ਸਿੱਖ ਕੌਮ ਦੀਆਂ ਨਿਸ਼ਾਨੀਆਂ - ਗੁਰਚਰਨ ਸਿੰਘ ਜਿਉਣ ਵਾਲਾ

28-29 ਸਤੰਬਰ 2019 ਜਾਣੀ ਕੇ ਸਤੰਬਰ ਦੇ ਅਖੀਰਲੇ ਹਫਤੇ ਓਨਟੈਰੀਓ ਖਾਲਸਾ ਦਰਬਾਰ, ਡਿਕਸੀ ਰੋਡ ਗੁਰਦਵਾਰਾ ਮਿਸੀਸਾਉਗਾ ਵਿਖੇ,  ਵਰਲਡ ਸਿੱਖ ਓਰਗਾਨਾਈਜ਼ੇਸ਼ਨ ਵਲੋਂ, ਗੁਰੂ ਨਾਨਕ ਸਾਹਿਬ ਦੇ 550ਵੇਂ ਪੁਰਬ ਨੂੰ ਸਮ੍ਰਪਤ ਦੋ ਰੋਜ਼ਾ ਕਾਂਨਫ੍ਰੰਸ ਅਜੋਯਤ ਕੀਤੀ ਗਈ। ਦੂਰੋਂ ਦੂਰੋਂ ਬੁਲਾਰੇ ਬੁਲਾਏ ਗਏ ਪਰ ਸੁਣਨ ਲਈ ਨੇੜਿਓ ਉਠ ਕੇ ਵੀ ਸਰੋਤੇ ਨਹੀਂ ਆਏ। ਸੁਭਾ 10 ਵਜੇ ਸਮਾਗਮ ਦੀ ਸ਼ੁਰੂਆਤ ਸੀ ਪਰ ਗਿਆਰਾਂ ਵਜੇ ਤਕ, ਜ਼ਿਮਹਾਲ ਜੋ ਬਹੁਤ ਹੀ ਸੁੰਦਰ ਤਰੀਕੇ ਨਾਲ ਸ਼ਿਗਾਰਿਆ ਹੋਇਆ ਸੀ, ਨਕੋ ਨੱਕ ਭਰਿਆ ਨਹੀਂ ਸਗੋਂ ਬਿਲਕੁੱਲ ਖਾਲੀ ਸੀ। ਧੰਨਵਾਦੀ ਹਾਂ ਪ੍ਰਬੰਧਕੀ ਕਮੇਟੀ ਦਾ ਜਿਸਨੇ ਨੇ ਇਸ ਸਾਰੇ ਸਮਾਗਮ ਨੂੰ ਟੈਲੀਕਾਸਟ ਕਰਨ ਲਈ ਵਿਸ਼ੇਸੇ ਪ੍ਰਬੰਧ ਕੀਤਾ। ਵੱਖਰੀ ਵੱਖਰੀ ਨੁਕਰੇ ਚਾਰ-ਪੰਜ ਕੈਮਰੇ ਫਿਟ ਕੀਤੇ ਗਏ ਅਤੇ ਚਾਰ ਪੰਜ ਕੈਮਰਾ ਮੈਨ ਦੀ ਟੀਮ ਬਾਰ ਬਾਰ ਸਾਉਂਡ ਸਿਸਟਮ ਦੀ ਚੈਕਿੰਗ ਕਰ ਰਹੀ ਸੀ ਪਰ ਵੱਡੇ ਹਾਲ ਵਿਚ ਲੱਗੀਆਂ ਕੁਰਸੀਆਂ ਵਿਚੋਂ ਸਿਰਫ 60-70 ਕੁਰਸੀਆਂ ਤੇ ਲੋਕ ਬੈਠੇ ਸਨ ਬਾਕੀ ਖਾਲੀ ਪਈਆਂ ਕੁਰਸੀਆਂ ਸਿੱਖ ਕੌਮ ਨੂੰ ਮਿਹਣੇ ਮਾਰ ਰਹੀਆਂ ਸਨ। ਲੰਗਰ ਹਾਲ ਵਿਚ 12 ਵਜੇ ਤੋਂ ਲੈ ਕੇ 2 ਵਜੇ ਤਕ 200ਦੇ ਕਰੀਬ ਲੋਕ ਪ੍ਰਸ਼ਾਦਾ ਛੱਕਣ ਲਈ ਚੌਂਕੜੇ ਮਾਰੀ ਬੈਠੇ ਸਨ ਤੇ ਜਲਦੀ ਨਾਲ ਲੰਗਰ ਛੱਕ ਕੇ ਵਾਹ ਗੁਰੂ ਵਾਹ ਗੁਰੂ ਕਰਦੇ ਲੋਕ ਘਰਾਂ ਨੂੰ ਜਾ ਰਹੇ ਸਨ ਪਰ ਕਿਸੇ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ ਕੇ ਜ਼ਿਮਹਾਲ ਵਿਚ ਜਾ ਕੇ ਗੁਰੂ ਬਾਬੇ ਦੇ ਬਾਰੇ ਵੀ ਕੁੱਝ ਸੁਣ ਲਈਏ। ਪ੍ਰਬੰਧਕੀ ਕਮੇਟੀ ਦੇ ਸ਼ਲਾਘਾ ਯੋਗ ਉਦਮ ਦੇ ਬਾਵਜੂਦ, ਅਖਬਾਰਾਂ ਅਤੇ ਰੈਡੀਓ ਰਾਹੀਂ ਬਾਰ ਬਾਰ ਗੁਰੂ ਨਾਨਕ ਪਿਤਾ ਜੀ ਦੇ 550ਵੇਂ ਪੁਰਬ ਨੂੰ ਸਮ੍ਰਪਤ ਪ੍ਰੋਗਰਾਮ ਦੀ ਸੂਚਨਾ ਦੇਣ ਦੇ ਬਾਵਜੂਦ ਵੀ ਸਿੱਖ ਕੌਮ ਗਿਆਨ ਪ੍ਰਾਪਤ ਕਰਨ ਲਈ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਆਈ।
ਇਸੇ ਤਰ੍ਹਾਂ ਜਦੋਂ ਮੈਂ ਆਪਣੀ ਗੱਡੀ ਪਾਰਕ ਕਰਕੇ ਆਪਣੇ ਸੱਦੇ ਤੇ ਆਏ ਦੋਸਤਾਂ ਨੂੰ ਮਨ ਭਾਉਂਦੀਆਂ ਅਤੇ ਇੱਛਾ ਮੁਤਾਬਕ ਕਿਤਾਬਾਂ ਦੇ ਰਿਹਾ ਸਾਂ ਤਾਂ ਇਕ 50-55 ਕੁ ਸਾਲ ਦੀ ਔਰਤ ਆਪਣੀ ਨੂੰਹ ਨਾਲ ਗੱਡੀ ਵਿਚੋਂ ਉਤਰੀ ਤੇ ਮੈਨੂੰ ਕਹਿਣ ਲਗੀ ਕਿ ਵੀਰ ਜੀ ਕੀ ਵੰਡ ਰਹੇ ਹੋ। ਮੈਂ ਉਸ ਔਰਤ ਦੀ ਕਹੀ ਗੱਲ ਵਿਚੋਂ ‘ਵੰਡ’ ਲਫਜ਼ ਦੀ ਪਕੜ ਕਰਕੇ ਸਮਝ ਗਿਆ ਕਿ ਇਹ ਕਿਤਾਬਾਂ ਮੁਫਤ ਵਿਚ ਭਾਲਦੀ ਹੈ। ਮੈਂ ਫਟਾ ਫੱਟ ਜ਼ਵਾਬ ਦਿੱਤਾ ਕਿ ਭੈਣ ਜੀ ਇਹ ਕਿਤਾਬਾਂ ਸਿੱਖ ਧਰਮ ਬਾਰੇ ਹਨ ਤੇ ਇਕ ਇਕ ਕਿਤਾਬ ਪੰਜ ਪੰਜ ਡਾਲਰ ਦੀ ਹੈ। ਬੱਸ ਫਿਰ ਬਹੁਤੀ ਸਿੱਖ ਕੌਮ ਦੀ ਮਾਨਸਿਕਤਾ ਵਾਲੀ ਗੱਲ ਵਾਪਰੀ ਤੇ ਉਹ ਨੂੰਹ-ਸੱਸ ਦਬਾ ਦੱਬ ਚੱਲਦੀਆਂ ਬਣੀਆਂ। ਮੈਂ ਜ਼ਿਮਹਾਲ ਵਿਚੋਂ 12.15 ਤੇ ਬਾਹਰ ਆਇਆ ਕਿਉਂਕਿ 12.30 ਤੇ ਮੈਂ ‘ਦਿਲਾਂ ਦੀ ਸਾਂਝ’ ਪ੍ਰੋਗਰਾਮ ਵਿਚ ਭਾਈ ਬਾਲੇ ਵਾਲੀ ਸਾਖੀ ਤੇ ਚਰਚਾ ਕਰਨ ਵਿਚ ਭਾਗ ਲੈਣਾ ਸੀ। ਮੈਂ ਹਾਲੇ ਆਪਣੀ ਗੱਡੀ ਵਿਚ ਬੈਠ ਕੇ ਸਿਰਦਾਰ ਕੁਲਦੀਪ ਸਿੰਘ ਵੈਨਕੂਵਰ ਨੂੰ ਫੂੰਨ ਮਿਲਾ ਹੀ ਰਿਹਾ ਸੀ ਕਿ ਉਹ ਨੂੰਹ-ਸੱਸ ਲੰਗਰ ਵਿਚੋਂ ਪ੍ਰਸ਼ਾਦਿਆਂ ਨੂੰ ਰਗੜਾ ਲਾ ਕੇ ਆਪਣੀ ਗੱਡੀ ਵਿਚ ਬੈਠ ਕੇ ਚੱਲਦੀਆਂ ਬਣੀਆਂ।
ਇਕ ਨੌਜਵਾਨ ਬੁਲਾਰੇ, ਮਨਪ੍ਰੀਤ ਸਿੰਘ ਨੇ ਸਲਾਈਡਜ਼ ਸ਼ੋ ਰਾਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਗਿਆਨ ਤੋਂ ਸੇਧ ਲੈ ਕੇ ਰਾਜ-ਭਾਗ ਪ੍ਰਾਪਤ ਕਰਨ ਦੀਆਂ ਬਹੁਤ ਸਾਰੀਆਂ ਪੰਗਤੀਆਂ ਗੁਰੂ ਜੀ ਦੀ ਬਾਣੀ ਵਿਚੋਂ ਲੈ ਕੇ ਆਪਣਾ ਪਰਚਾ ਪੜਿਆ। ਜਿਵੇਂ: ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥ ਪੰਨਾ 74॥ ਇਸ ਰਾਜ ਨੂੰ ਪਾਉਣ ਵਾਸਤੇ ਸਲੋਕ ਵਾਰਾਂ ਤੇ ਵਧੀਕ ਵਿਚੋਂ ਅਗਲਾ ਸਲੋਕ: ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਪੰਨਾ 1412} ਲਿਆ ਗਿਆ। ਇਸ ਵਕਤਾ ਦਾ ਹੋਰ ਸਾਰਾ ਪਰਚਾ ਦਰੁਸਤ ਸੀ ਸਿਰਫ ਇਕ ਦੋ ਗਲਤੀਆਂ ਨੂੰ ਛੱਡ ਕੇ। ਜਿਵੇਂ: ਭਾਈ ਗੁਰਦਾਸ ਜੀ ਦੀਆ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ ਕੁੰਜੀ ਦੱਸਣਾ ਜਦੋਂ ਕਿ ਪਹਿਲੀ ਵਾਰ ਦੀ 48ਵੀਂ ਪਉੜੀ ਹੀ ਗੁਰੂ ਅਰਜਨ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਤੇ ਛੇਵੇਂ ਪਾਤਸ਼ਾਹ ਦੇ ਗੁਰ ਗੱਦੀ ਤੇ ਬੈਠਣ ਦਾ ਜ਼ਿਕਰ ਕਰਦੀ ਹੈ। ਜਿਵੇ: ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਵਿਚੋਂ ਘੱਟ ਤੋਂ ਘੱਟ 16 ਇਤਲਾਹਾਂ ਹੋਰ ਮਿਲ ਜਾਂਦੀਆਂ ਹਨ ਜਿੱਥੇ ਹਰਿਗੋਬਿੰਦ ਜੀ ਦਾ ਜ਼ਿਕਰ ਹੋ ਰਿਹਾ ਹੁੰਦਾ ਹੈ। ਇਸਦਾ ਮਤਲਬ ਇਹ ਕੇ ਵਾਰਾਂ ਗੁਰੂ ਅਰਜਨ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਹੀ ਲਿਖੀਆਂ ਗਈਆਂ। ਸੈਦਪੁਰ ਜਾਂ ਐਮਨਾਬਾਅਦ ਵਿਚ ਗੁਰੂ ਨਾਨਕ ਪਿਤਾ ਦਾ ਬਾਬਰ ਨਾਲ ਮੇਲ, ਬਾਬਰ ਨੂੰ ਜਾਬਰ ਕਹਿਣਾ, ਅਤੇ ਬਾਬਰ ਦੀ ਜੇਲ੍ਹ ਵਿਚ ਜਾਣਾ, ਚੱਕੀਆਂ ਦਾ ਆਪੇ ਚੱਲੀ ਜਾਣਾ, ਗੁਰੂ ਨਾਨਕ ਪਾਤਸ਼ਾਹ ਦਾ ਸੱਤ ਮੁੱਠਾਂ ਭੰਗ ਦੀਆਂ ਬਦਲੇ ਬਾਬਰ ਨੂੰ ਸੱਤ ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਇਹ ਸੱਭ ਕੂੜ-ਕਬਾੜ ਹੈ, ਗਲਤ ਹੈ। ਜਦੋਂ ਕੇ ਗੁਰਬਾਣੀ ਵਰ ਤੇ ਸਰਾਪ ਨੂੰ ਮੰਨਦੀ ਹੀ ਨਹੀਂ ਅਤੇ ਗੁਰੂ ਬਾਬਾ ਜੀ ਆਪਣੇ ਸਲੋਕ ਰਾਹੀਂ ਭੰਗ ਬਾਰੇ ਕੀ ਫੁਰਮਾਉਂਦੇ ਹਨ: ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਪੰਨਾ 721॥ ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ।੧।
ਰਾਜਵਿੰਦਰ ਸਿੰਘ ਰਾਹੀ ਹੋਰਾਂ ਬੜੇ ਸੁਚੱਜੇ ਢੰਗ ਨਾਲ ਸੰਤਾਂ ਮਹਾਂਪੁਰਖਾਂ ਤੇ ਟਿਪਣੀਆਂ ਕੀਤੀਆਂ। ਇਹ ਵੀ ਦੱਸਿਆ ਕਿ ਸਿੱਖਾਂ ਦੀਆਂ ਕੁਬਾਨੀਆਂ ਨੂੰ ਕਿਵੇਂ ਲਕੋ ਕੇ ਪੇਸ਼ ਕੀਤਾ ਜਾਂਦਾ ਹੈ। ਸਿੱਖ ਇਨਕਲਾਬ ਕੁਰਾਹੇ ਕਿਵੇਂ ਪਿਆ ਦੀ ਗੱਲ ਵੀ ਕੀਤੀ ਅਤੇ ‘ਸਿੱਖ ਇਨਕਕਲਾਬ ਦੇ ਮੋਢੀ ਗੁਰੂ ਨਾਨਕ’ ਪ੍ਰੋ. ਕਿਸ਼ਨ ਸਿੰਘ ਦੀ ਕਿਤਾਬ ਦਾ ਜ਼ਿਕਰ ਵੀ ਕੀਤਾ ‘ਸਿੱਖਾਂ’ ਲਫਜ਼ ਨੂੰ ਛੱਡ ਕੇ ਭਾਰਤੀ ਇਨਕਲਾਬੀ ਕਹਿ ਕੇ ਗੱਲ ਕਰਨੀ ਜਾਂ ਭਾਰਤੀ ਅਜ਼ਾਦੀ ਦੇ ਯੋਧੇ ਕਹਿਣਾ ਠੀਕ ਨਹੀਂ ਕਿਉਂਕਿ 114-115 ਫਾਸੀ ਦੇ ਰੱਸੇ ਚੁੰਮਣ ਵਾਲਿਆਂ ਵਿਚੋਂ 82 ਸਿੱਖ ਸਨ ਤੇ ਬਾਕੀ ਦੂਜੀਆਂ ਕੌਮਾਂ ਦੇ। ਰਾਹੀ ਜੀ ਨੇ ਇਹ ਵੀ ਦੱਸਿਆ ਕਿ ਇਲਿਮੀਨੇਸ਼ਨ ਅਤੇ ਅਸਿਮੀਲੇਸਨ ਕਿਵੇਂ ਕੀਤਾ ਜਾਂਦਾ ਹੈ। ਅਗਲੇ ਦਿਨ ਭਾਰਤ ਦੀ ਅਜ਼ਾਦੀ ਦਾ ਜ਼ਿਕਰ ਇਨ੍ਹਾਂ ਨੇ ਬੜੇ ਵਿਸਥਾਰ ਵਿਚ ਕੀਤਾ ਜਿਸਦੀ ਸ਼ਲਾਘਾ ਓਟੈਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਲ ਨੇ ਕੀਤੀ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਵੈਨਕੂਵਰ ਤੋਂ ਵਰਲਡ ਸਿੱਖ ਓਰਗਾਨਾਈਜੇਸ਼ਨ ਦੇ ਸੱਦੇ ਤੇ ਦਰਸ਼ਨ ਦੇਣ ਆਏ ਅਤੇ ਬੜੀਆਂ ਜੋਸ਼ੀਲੀਆਂ ਤਕਰੀਰਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦਾ ਵਿਸਥਾਰ ਪੂਰਵਕ ਵਰਨਣ ਕੀਤਾ।  ਇਹ ਵੀ ਜ਼ਿਕਰ ਕਰਨਾ ਬਣਾਦਾ ਹੈ ਕਿ ਇਨ੍ਹਾਂ ਨੇ ਇੰਦੂ ਭੂਸ਼ਨ ਬੈਨਰਜੀ ਦੀ ਕਿਤਾਬ “ਖਾਲਸੇ ਦੀ ਉਤਪਤੀ, ਹਰੀ ਰਾਮ ਗੁਪਤਾ ਅਤੇ ਗੋਕਲ ਚੰਦ ਨਾਰੰਗ ਦੀਆਂ ਲਿਖਤਾਂ ਦਾ ਜ਼ਿਕਰ ਵੀ ਕੀਤਾ।  ਹਰੀਰਾਮ ਗੁਪਤਾ ਤਾਂ ਆਪਣੀਆਂ ਲਿਖਤਾਂ ਵਿਚ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋਬਿੰਦ ਦਾਸ ਹੀ ਲਿਖਦਾ ਹੈ। ਲਾਲਾ ਦੌਲਤ ਰਾਇ, ਜੋ ਆਰੀਆਸਮਾਜੀ ਹੈ, ਦੀ ਕਿਤਾਬ ਸਾਹਿਬੇ ਕਮਾਲ ਦਾ ਵੀ ਵਿਸਥਾਰ ਵਿਚ ਜਾ ਕੇ ਜ਼ਿਕਰ ਕੀਤਾ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਮਾਨ ਜਨਕ ਟਿਪਣੀਆਂ ਦਾ ਵੀ ਪੋਲ ਖੋਲਿਆ ਗਿਆ। ਅੰਤ ਵਿਚ ਬਲਦੇਵ ਸਿੰਘ ਸੜਕਨਾਮੇ ਦੀ ਨਵੀ ਕਿਤਾਬ, “ ਸੂਰਜ ਦੀ ਅੱਖ” ਜਿਸ ਨੂੰ ਵੈਨਕੂਵਰ ਦੇ ਇਕ ਗਰੁਪ ਨੇ 25 ਹਜ਼ਾਰ ਡਾਲਰ ਦੇ ਇਨਾਮ ਨਾਲ ਨਿਵਾਜਿਆ, ਦੇ ਬਹੁਤ ਸਾਰੇ ਪੰਨਿਆਂ ਦਾ ਹਵਾਲਾ ਦੇ ਕੇ ਦੱਸਿਆ ਕਿ ਇਹ ਕਿਤਾਬ ਵਿਚ ਖਾਲਸਾ ਰਾਜ ਬਾਰੇ ਕੀ ਕੂੜ-ਕਬਾੜ ਲਿਖਿਆ ਗਿਆ ਹੈ। ਅੰਤ ਵਿਚ ਸਰੋਤਾ ਜਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਫਤਿਹ ਬੁਲਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਕਿਸੇ ਗੁਰਦਵਾਰਾ ਦੀ ਕਮੇਟੀ ਨੇ ਦੋ ਦਿਨ ਪੂਰਾ ਪ੍ਰੋਗਰਾਮ ਸੁਣਿਆ ਹੋਵੇ ਇਹ ਮੈਂ ਆਪਣੀਆਂ ਅੱਖਾਂ ਨਾਲ ਪਹਿਲੀ ਵਾਰ ਦੇਖਿਆ ਹੈ ਅਤੇ ਸ਼ਲਾਘਾ ਕਰਨੀ ਬਣਦੀ ਹੈ।
ਮੈਂ ਫਿਰ ਇਕਵਾਰ ਸਿੱਖ ਸੰਗਤਾਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਹਾਂ ਕਿ  ਜਦੋਂ ਕਦੇ ਵੀ ਐਸੇ ਮੌਕੇ ਆਉਂਦੇ ਹਨ ਜਿੱਥੇ ਕੁੱਝ ਸਿੱਖਣ ਨੂੰ ਮਿਲੇ ਜਰੂਰ ਜਾਓ। ਜੇਕਰ ਆਪਾਂ ਕੁੱਝ ਸਿੱਖਾਂਗੇ ਨਹੀਂ ਤਾਂ ਅੱਜ ਵੀ ਮਰੇ ਤੇ ਕੱਲ੍ਹ ਵੀ ਮਰੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079.